ਨੈਂਸੀ ਪੇਲੋਸੀ ਦੀ ਤਾਈਪੇ ਯਾਤਰਾ ਅਮਰੀਕਾ ਖੁੱਲ੍ਹ ਕੇ ਆਇਆ ਤਾਈਵਾਨ ਦੇ ਸਮਰਥਨ ’ਚ

Thursday, Aug 04, 2022 - 02:15 AM (IST)

ਨੈਂਸੀ ਪੇਲੋਸੀ ਦੀ ਤਾਈਪੇ ਯਾਤਰਾ ਅਮਰੀਕਾ ਖੁੱਲ੍ਹ ਕੇ ਆਇਆ ਤਾਈਵਾਨ ਦੇ ਸਮਰਥਨ ’ਚ

ਦੱਖਣ-ਪੂਰਬੀ ਚੀਨ ਦੇ ਕੰਢੇ ਦੇ ਨੇੜੇ ਤਾਈਵਾਨ ਇਕ ਟਾਪੂ ਦੇਸ਼ ਹੈ, ਜਿਸ ਨੂੰ ਵੈਟੀਕਨ ਦੇ ਇਲਾਵਾ ਅਜੇ ਤੱਕ ਸਿਰਫ 13 ਦੇਸ਼ਾਂ ਨੇ ਹੀ ਇਕ ਖੁਦਮੁਖਤਾਰ ਦੇਸ਼ ਦੇ ਰੂਪ ’ਚ ਮਾਨਤਾ ਦਿੱਤੀ ਹੈ। ਚੀਨ ਦੂਜੇ ਦੇਸ਼ਾਂ ’ਤੇ ਇਸ ਨੂੰ ਮਾਨਤਾ ਨਾ ਦੇਣ ਲਈ ਭਾਰੀ ਦਬਾਅ ਪਾਉਂਦਾ ਆ ਰਿਹਾ ਹੈ ਅਤੇ ਉਸ ਦਾ ਸਾਥ ਦੇਣ ਵਾਲਿਆਂ ਨੂੰ ਆਪਣਾ ਦੁਸ਼ਮਣ ਮੰਨਦਾ ਹੈ।ਇੱਥੋਂ ਦੇ ਲੋਕਾਂ ਦੀ ਸੱਭਿਆਚਾਰ ਪਛਾਣ ਚੀਨ ਤੋਂ ਕਾਫੀ ਵੱਖਰੀ ਹੈ। ਚੀਨ ’ਚ 1644 ’ਚ ਸੱਤਾ  ’ਚ ਆਏ ਚਿੰਗ ਵੰਸ਼ ਨੇ ਇਸ ਨੂੰ ਜਾਪਾਨੀ ਸਾਮਰਾਜ ਨੂੰ ਸੌਂਪ ਦਿੱਤਾ ਸੀ ਪਰ 1911 ’ਚ ‘ਚਿਨਹਾਇਕ ਕ੍ਰਾਂਤੀ’ ਦੇ ਬਾਅਦ ਚੀਨ ’ਚ ‘ਕਾਮਿੰਗਤਾਂਗ’ ਦੀ ਸਰਕਾਰ ਬਣਨ ’ਤੇ ਚਿੰਗ ਰਾਜਵੰਸ਼ ਦੇ ਅਧੀਨ ਵਾਲੇ ਇਲਾਕੇ ਕਾਮਿੰਗਤਾਂਗ  ਨੂੰ ਮਿਲ ਗਏ।ਤਾਈਵਾਨ ਦਾ ਅਸਲੀ ਨਾਂ ‘ਰਿਪਬਲਿਕ ਆਫ ਚਾਈਨਾ’ ਹੈ। ਇਹ ਕਿਰਿਆਤਮਕ ਤੌਰ ’ਤੇ 1950 ਤੋਂ ਹੀ ਆਜ਼ਾਦ ਰਿਹਾ ਹੈ ਪਰ ਚੀਨ  ਇਸ ਨੂੰ ਆਪਣਾ ਬਾਗੀ ਸੂਬਾ ਮੰਨਦੇ ਹੋਏ ਉਦੋਂ ਤੋਂ ਇਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ।

ਇਹੀ ਕਾਰਨ ਹੈ ਕਿ ਅਮਰੀਕਾ ਦੇ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੀ ਏਸ਼ੀਆ ਯਾਤਰਾ ਦੌਰਾਨ ਉਨ੍ਹਾਂ ਦੀ ਤਜਵੀਜ਼ਤ ਤਾਈਵਾਨ ਯਾਤਰਾ ਦੀਆਂ ਵੀ ਅਟਕਲਾਂ ਸੁਣਾਈ ਦਿੰਦੇ ਹੀ ਚੀਨ ਭੜਕ ਉਠਿਆ ਹੈ। ਚੀਨ ਦੀਆਂ  ਧਮਕੀਆਂ ਦੀ ਅਣਦੇਖੀ ਕਰਕੇ ਨੈਂਸੀ ਪੇਲੋਸੀ 2 ਅਗਸਤ ਨੂੰ 25 ਲੜਾਕੂ ਜਹਾਜ਼ਾਂ ਦੀ ਨਿਗਰਾਨੀ ’ਚ ਤਾਈਵਾਨ ਦੀ ਰਾਜਧਾਨੀ ਤਾਈਪੇ ਪਹੁੰਚੀ, ਜਦਕਿ ਚੀਨ ਨੇ ਵੀ ਆਪਣੀ ਪ੍ਰਭੂਸੱਤਾ ਲਈ ਸਾਰੇ  ਜ਼ਰੂਰੀ ਕਦਮ ਚੁੱਕਣ ਦੀ ਚਿਤਾਵਨੀ ਦੇ ਕੇ ਆਪਣੇ 21 ਫਾਈਟਰ ਜੈੱਟ ਤਾਈਵਾਨ ਦੀ ਸਰਹੱਦ ਦੇ ਨੇੜੇ ਭੇਜ ਦਿੱਤੇ ਅਤੇ ਚੀਨੀ ਫੌਜ ਨੇ ਤਾਈਵਾਨ ਦੇ ਚਾਰੇ ਪਾਸੇ 6  ਥਾਵਾਂ ’ਤੇ  ਲਾਈਵ ਫਾਇਰ  ਡ੍ਰਿਲ ਸ਼ੁਰੂ ਕਰ ਦਿੱਤੀ। ਜਿਸ ਤਰ੍ਹਾਂ ਦੇ ਮਜ਼ਬੂਤ ਸੁਰੱਖਿਆ ਕਵਚ ਦੇ ਨਾਲ ਨੈਂਸੀ ਪੇਲੋਸੀ ਤਾਈਵਾਨ ਦੀ ਯਾਤਰਾ ’ਤੇ ਪਹੁੰਚੀ, ਉਸ ਤੋਂ ਇਹ ਗੱਲ ਬਿਲਕੁਲ ਸਾਫ ਹੋ ਗਈ ਕਿ ਅਮਰੀਕਾ ਖੁੱਲ੍ਹ ਕੇ ਕਥਨੀ ਅਤੇ ਕਰਨੀ ਦੋਵਾਂ ਹੀ ਰੂਪਾਂ ’ਚ ਤਾਈਵਾਨ ਦੇ ਪੱਖ ’ਚ ਆਉਣ ਲਈ ਤਿਆਰ ਹੈ। ਹਾਲਾਂਕਿ ਕੂਟਨੀਤਕ ਨਜ਼ਰੀਏ ਤੋਂ ਅਮਰੀਕਾ ਫਿਲਹਾਲ ‘ਇਕ ਚੀਨ’ ਨੀਤੀ ’ਤੇ ਕਾਇਮ ਹੈ, ਜੋ ਸਿਰਫ ਇਕ ਹੀ ਸਰਕਾਰ (ਬੀਜਿੰਗ) ਨੂੰ ਮਾਨਤਾ ਦਿੰਦਾ ਹੈ ਪਰ ਇਸੇ ਸਾਲ ਮਈ ’ਚ ਫੌਜੀ ਨਜ਼ਰੀਏ ਤੋਂ ਤਾਈਵਾਨ ਦੀ ਰੱਖਿਆ ਕਰਨ ਦੀ ਗੱਲ ਕਹਿ ਚੁੱਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ  ਨਹੀਂ ਚਾਹੁੰਦੇ ਸਨ ਕਿ ਨੈਂਸੀ ਪੇਲੋਸੀ ਇਸ ਸਮੇਂ ਤਾਈਵਾਨ ਜਾਵੇ ਪਰ ਨੈਂਸੀ ਪੇਲੋਸੀ ਰਾਸ਼ਟਰਪਤੀ ਦੀ ਸਲਾਹ ਮੰਨਣ ਨੂੰ  ਪਾਬੰਦ ਨਹੀਂ ਹੈ ਅਤੇ ਅਮਰੀਕੀ ਕਾਂਗਰਸ ਦੀ ਸਪੀਕਰ ਹੋਣ ਦੇ ਨਾਤੇ ਉਸ ਦੀ ਸੋਚ ਵੱਖਰੀ ਹੈ।  

ਅਜਿਹੇ ਪਿਛੋਕੜ ’ਚ ਨੈਂਸੀ ਪੇਲੋਸੀ ਨੇ ਤਾਈਵਾਨ ਦੀ ਸੰਸਦ ’ਚ ਐਲਾਨ ਕੀਤਾ ਕਿ ਅਮਰੀਕਾ ਕਦੀ ਵੀ ਤਾਈਵਾਨ ਨੂੰ ਇਕੱਲਾ ਨਹੀਂ ਛੱਡੇਗਾ ਜਦਕਿ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਕਿਹਾ ਕਿ ਅਸੀਂ ਧਮਕੀਆਂ ਅੱਗੇ ਝੁਕਾਂਗੇ ਨਹੀਂ।ਨੈਂਸੀ ਦਾ ਇਹ ਚੀਨ ਵਿਰੋਧ ਨਵਾਂ ਨਹੀਂ ਹੈ। ਉਨ੍ਹਾਂ ਨੇ ਪਹਿਲੀ ਵਾਰ 1991 ’ਚ ਬੀਜਿੰਗ ’ਚ ਤਿਨਾਨਮਿਨ ਚੌਕ ਕਤਲੇਆਮ ਦੇ ਬਾਅਦ ਉੱਥੇ ਪਹੁੰਚ ਕੇ ਬੈਨਰ ਲਹਿਰਾਇਆ ਸੀ, ਜਿਸ ’ਤੇ ਲਿਖਿਆ ਸੀ,‘‘ਟੂ ਦੋਜ਼ ਹੂ ਡਾਈਨ ਫਾਰ ਡੈਮੋਕ੍ਰੇਸੀ ਇਨ ਚਾਈਨਾ।’’ਇਸ ਦੇ ਬਾਅਦ 2008 ’ਚ 9 ਸੰਸਦ ਮੈਂਬਰਾਂ ਦੇ ਨਾਲ ਭਾਰਤ ਦੌਰੇ ’ਤੇ ਆਈ ਨੈਂਸੀ ਪੇਲੋਸੀ ਨੇ ਤਿੱਬਤ ’ਚ ਧਰਮਗੁਰੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੂੰ ਚੀਨ ਆਪਣਾ ਦੁਸ਼ਮਣ ਮੰਨਦਾ ਹੈ ਅਤੇ ਉਸ ਦੇ ਬਾਅਦ 2017 ’ਚ ਵੀ ਨੈਂਸੀ ਪੇਲੋਸੀ ਨੇ ਆਪਣੀ ਦੂਜੀ ਭਾਰਤ ਯਾਤਰਾ ਦੇ ਸਮੇਂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਸੀ।ਉਨ੍ਹਾਂ ਦੀ ਪਿਛਲੀ ਚੀਨ ਯਾਤਰਾ ਦੀ ਤੁਲਨਾ ’ਚ ਇਸ ਸਮੇਂ ਸਥਿਤੀ ਕਾਫੀ ਬਦਲੀ ਹੋਈ ਹੈ। ਉਨ੍ਹਾਂ ਦੀ ਤਿਨਾਨਮਿਨ ਯਾਤਰਾ ਦੇ  ਦੌਰਾਨ ਚੀਨ ਦੇ ਸਰਵਉੱਚ ਨੇਤਾ ਡੇਂਗ ਸ਼ਿਆਓਪਿੰਗ ਉਦਾਰਵਾਦੀ ਵਿਚਾਰਧਾਰਾ ਦੇ ਸਨ, ਜਦਕਿ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਉਨ੍ਹਾਂ ਤੋਂ ਵੱਖ ਹਨ, ਜੋ ਕੋਵਿਡ ਨਾਲ ਪੈਦਾ ਸਮੱਸਿਆਵਾਂ ਦੇ ਇਲਾਵਾ ਆਪਣੇ ਦੇਸ਼ ’ਚ ਆਪਣੇ ਵਿਰੁੱਧ ਵਧੇ ਹੋਏ ਲੋਕਾਂ  ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਦੇ ਵੱਲੋਂ ਲੋਕਾਂ ਦਾ ਧਿਆਨ ਵੰਡਾਉਣ ਦੇ ਲਈ ਉਹ ਜੰਗ ਛੇੜਣ ਵਰਗੀ ਕਰਤੂਤ ਵੀ ਕਰ ਸਕਦੇ ਹਨ।

ਫਿਲਹਾਲ, ਤਾਈਵਾਨ ਪਹੁੰਚੀ ਨੈਂਸੀ ਦਾ ਤਾਈਵਾਨ ਦੀ ਸਰਜਮੀਂ ’ਤੇ ਉਤਰਨਾ ਚੀਨ ਸਰਕਾਰ ਲਈ ਇਕ ਵੱਡੀ ਚੁਣੌਤੀ ਹੈ। ਉਨ੍ਹਾਂ ਦੀ 18 ਘੰਟੇ ਦੀ ਤਾਈਵਾਨ ਯਾਤਰਾ ਕਾਰਨ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਵੱਲ ਵਿਸ਼ਵ ਦਾ ਧਿਆਨ ਗਿਆ ਹੈ ਕਿਉਂਕਿ  ਹਾਂਗਕਾਂਗ ਦੇ ਬਾਅਦ ਇਸ ਦੇ ਹਾਕਮਾਂ ਨੇ ਤਾਈਵਾਨ ਨੂੰ ਆਪਣੇ ਕਬਜ਼ੇ ’ਚ ਲੈਣ ਲਈ ਪੂਰਾ ਜ਼ੋਰ ਲਾ ਰੱਖਿਆ ਹੈ।ਚੀਨ ਸਿਰਫ ਤਾਈਵਾਨ ’ਤੇ ਕਬਜ਼ਾ ਕਰ ਕੇ ਹੀ ਨਹੀਂ ਰੁਕੇਗਾ ਸਗੋਂ ਹੋਰ ਨੇੜਲੇ ਟਾਪੂ ਦੇਸ਼ਾਂ ’ਤੇ ਵੀ ਕਬਜ਼ਾ ਕਰਨ ਦੇ ਬਾਅਦ ਦੱਖਣੀ ਚੀਨ ਸਾਗਰ ’ਚ ਜਿੱਤ ਹਾਸਲ ਕਰ ਕੇ ਹਿੰਦ ਮਹਾਸਾਗਰ ’ਚ ਆਉਣਾ ਚਾਹੁੰਦਾ ਹੈ ਜੋ ਭਾਰਤ ਲਈ ਵੱਡਾ ਖਤਰਾ ਸਿੱਧ ਹੋ ਸਕਦਾ ਹੈ। ਇਸ ਨਾਲ ਵਿਸ਼ਵ ਦੇ ਸਾਹਮਣੇ ਇਹ ਗੱਲ ਉਜਾਗਰ ਹੁੰਦੀ ਹੈ ਕਿ ਚੀਨ ਦੇ ਇਨ੍ਹਾਂ ਹੱਥਕੰਢਿਆਂ ਦਾ ਮੁਕਾਬਲਾ ਕਰਨ ਦੇ ਲਈ ਇਕ ਹੋਣ ਦੀ ਕਿੰਨੀ ਵੱਧ ਲੋੜ ਹੈ।   ਓਧਰ ਰੂਸ  ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ  ਦੇ ਕਾਰਨ ਯੂਰਪ ਪਹਿਲਾਂ ਹੀ ਹਿੱਲਿਆ ਹੋਇਆ ਹੈ ਅਤੇ ਉਹ ਅਮਰੀਕਾ ਅਤੇ ਚੀਨ ਜਾਂ ਚੀਨ ਅਤੇ ਤਾਈਵਾਨ ਦਰਮਿਆਨ ਜੰਗ ਨਹੀਂ ਚਾਹੁੰਦੇ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਆਧਾਰਿਤ ਕਵਾਡ ਦੇਸ਼ ਵੀ ਇਹੀ ਚਾਹੁੰਦੇ ਹਨ ਕਿ ਹਾਲਾਤ ਨੂੰ ਕਿਸੇ ਵੀ ਤੌਰ ’ਤੇ ਵਿਗੜਣ ਨਹੀਂ ਦੇਣਾ ਅਤੇ ਉਹ ਤਾਈਵਾਨ ਦੇ ਨਾਲ ਹਨ। 


author

Karan Kumar

Content Editor

Related News