ਜੀਵਨ ਦੀ ਸੰਧਿਆ ''ਚ ਪੁੱਤਾਂ ਤੇ ਨੂੰਹਾਂ ਹੱਥੋਂ ਪੀੜਤ ਇਕ ਬਜ਼ੁਰਗ ਦੀ ਦੁੱਖ ਭਰੀ ਦਾਸਤਾਨ

04/22/2017 7:01:47 AM

ਸਾਡੇ ਦੇਸ਼ ''ਚ ਬਜ਼ੁਰਗਾਂ ਪ੍ਰਤੀ ਉਨ੍ਹਾਂ ਦੀਆਂ ਆਪਣੀਆਂ ਹੀ ਔਲਾਦਾਂ ਦਾ ਅਣਦੇਖੀ ਵਾਲਾ ਰਵੱਈਆ ਪਿਛਲੇ ਕੁਝ ਦਹਾਕਿਆਂ ''ਚ ਤੇਜ਼ੀ ਨਾਲ ਵਧਿਆ ਹੈ ਅਤੇ ਅੱਜ ਬਜ਼ੁਰਗਾਂ ਦੀ ਵੱਡੀ ਗਿਣਤੀ ਆਪਣੀਆਂ ਹੀ ਔਲਾਦਾਂ ਹੱਥੋਂ ਤ੍ਰਿਸਕਾਰ ਤੇ ਤਸ਼ੱਦਦ ਝੱਲ ਰਹੀ ਹੈ।
ਬਜ਼ੁਰਗਾਂ ਤੋਂ ਉਨ੍ਹਾਂ ਦੀ ਜ਼ਮੀਨ-ਜਾਇਦਾਦ ''ਖੋਹ'' ਲੈਣ ਤੋਂ ਬਾਅਦ ਤਾਂ ਬੱਚਿਆਂ ਤੇ ਹੋਰ ਰਿਸ਼ਤੇਦਾਰਾਂ ਦਾ ਉਨ੍ਹਾਂ ਨਾਲ ਮਾੜਾ ਰਵੱਈਆ ਜ਼ਿਆਦਾ ਵਧ ਜਾਂਦਾ ਹੈ ਅਤੇ ਉਨ੍ਹਾਂ ਦੀ ਆਰਥਿਕ ਤੇ ਸਿਹਤ ਸੰਬੰਧੀ ਹਾਲਤ ਪਹਿਲਾਂ ਨਾਲੋਂ ਵੀ ਤਰਸਯੋਗ ਹੋ ਜਾਂਦੀ ਹੈ।
ਕੁਝ ਸਮਾਂ ਪਹਿਲਾਂ ਦੇਸ਼ ਭਰ ਤੋਂ ਪੰਜ ਹਜ਼ਾਰ ਬਜ਼ੁਰਗਾਂ ਦੀ ਹੱਡ-ਬੀਤੀ ਸੁਣ ਕੇ ''ਹਿਊਮਨ ਰਾਈਟਸ ਆਫ ਐਲਡਰਲੀ ਇਨ ਇੰਡੀਆ—ਏ ਕ੍ਰਿਟੀਕਲ ਰਿਫਲੈਕਸ਼ਨ ਆਨ ਸੋਸ਼ਲ ਡਿਵੈੱਲਪਮੈਂਟ'' ਸਿਰਲੇਖ ਨਾਲ ਆਈ ਰਿਪੋਰਟ ''ਚ ਦੱਸਿਆ ਗਿਆ ਕਿ ''''ਸਾਡੇ ਇਥੇ 90 ਫੀਸਦੀ ਬਜ਼ੁਰਗਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਵੀ ਪਰਿਵਾਰਕ ਮੈਂਬਰਾਂ ਤੋਂ ਪੈਸੇ ਮੰਗਣ ''ਤੇ ਮਾੜੇ ਸਲੂਕ ਤੇ ਅਪਮਾਨ ਦਾ ਸ਼ਿਕਾਰ ਹੋਣਾ ਪੈਂਦਾ ਹੈ।''''
ਇਸੇ ਨੂੰ ਦੇਖ ਕੇ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ''ਜੀਵਨ ਕੀ ਸੰਧਿਆ'' ਸਿਰਲੇਖ ਨਾਲ ਇਕ ਲੰਬੀ ਲੇਖ ਮਾਲਾ ''ਚ ਔਲਾਦਾਂ ਹੱਥੋਂ ਤੰਗ-ਪ੍ਰੇਸ਼ਾਨ ਬਜ਼ੁਰਗਾਂ ਦੀ ਤਰਸਯੋਗ ਸਥਿਤੀ ਦੀ ਤਸਵੀਰ ਪੇਸ਼ ਕੀਤੀ ਸੀ ਅਤੇ ਉਨ੍ਹਾਂ ਦੀ ਪ੍ਰੇਰਣਾ ਨਾਲ ਦੇਸ਼ ''ਚ ਵੱਖ-ਵੱਖ ਸੰਸਥਾਵਾਂ ਨੇ ਕਈ ਬਿਰਧ ਆਸ਼ਰਮ ਖੋਲ੍ਹੇ, ਜਿਥੇ ਅੱਜ ਵੀ ਵੱਡੀ ਗਿਣਤੀ ''ਚ ਔਲਾਦਾਂ ਵਲੋਂ ਅਣਗੌਲੇ ਬਜ਼ੁਰਗਾਂ ਨੂੰ ਆਸਰਾ ਮਿਲਿਆ ਹੋਇਆ ਹੈ।
ਅਕਸਰ ਮੇਰੇ ਕੋਲ ਵੀ ਔਲਾਦਾਂ ਵਲੋਂ ਅਣਗੌਲੇ ਅਤੇ ਦੁਖੀ ਬਜ਼ੁਰਗ ਮਾਂ-ਪਿਓ ਆਉਂਦੇ ਰਹਿੰਦੇ ਹਨ। ਮੈਂ ਅਜਿਹੀਆਂ ਹੀ ਦੋ ਦੁਖੀ ਭੈਣਾਂ ਦੀ ਪੀੜਾ 31 ਮਾਰਚ ਨੂੰ ਇਨ੍ਹਾਂ ਕਾਲਮਾਂ ''ਚ ਪੇਸ਼ ਕੀਤੀ ਸੀ ਅਤੇ ਅੱਜ ਮੈਂ 73 ਸਾਲਾ ਬਜ਼ੁਰਗ ਸ਼੍ਰੀ ਨੰਦ ਲਾਲ (ਬਦਲਿਆ ਹੋਇਆ ਨਾਂ) ਦੀ ਪੀੜਾ ਨਾਲ ਪਾਠਕਾਂ ਨੂੰ ਰੂ-ਬ-ਰੂ ਕਰਵਾ ਰਿਹਾ ਹਾਂ। 
ਆਪਣੀ ਇਕ ਧੀ ਤੇ ਤਿੰਨ ਪੁੱਤਾਂ ਨੂੰ ਇਨ੍ਹਾਂ ਨੇ ਬਹੁਤ ਅਰਮਾਨਾਂ ਨਾਲ ਪਾਲ਼-ਪੋਸ ਕੇ, ਪੜ੍ਹਾ-ਲਿਖਾ ਕੇ ਯੋਗ ਬਣਾਇਆ, ਸਾਰੀਆਂ ਸਹੂਲਤਾਂ ਦਿਵਾਈਆਂ, ਕਦੇ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਪਰ ਬੁਢਾਪੇ ''ਚ ਜਦੋਂ ਇਨ੍ਹਾਂ ਨੂੰ ਆਪਣੀ ਔਲਾਦ ਦੇ ਸਹਾਰੇ ਦੀ ਲੋੜ ਪਈ ਤਾਂ ਸਾਰਿਆਂ ਨੇ ਇਨ੍ਹਾਂ ਤੋਂ ਮੂੰਹ ਫੇਰ ਲਿਆ।
ਇਨ੍ਹਾਂ ਦੀ ਹੱਸਦੀ-ਖੇਡਦੀ ਜ਼ਿੰਦਗੀ ''ਚ ਦੁੱਖਾਂ ਦਾ ਪਹਿਲਾ ਬੁੱਲਾ ਉਦੋਂ ਆਇਆ, ਜਦੋਂ ਅੱਤਵਾਦ ਦੇ ਕਾਲੇ ਦੌਰ ''ਚ ਇਨ੍ਹਾਂ ਦਾ ਸਭ ਕੁਝ ਲੁੱਟਿਆ ਗਿਆ ਤੇ ਫਿਰ ਆਪਣੀ ਪਤਨੀ ਦੀ ਵੀ ਮੌਤ ਹੋਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਇਕੱਲੇ ਅਤੇ ਬੱਚਿਆਂ ''ਤੇ ਨਿਰਭਰ ਹੋ ਗਏ।
ਨੰਦ ਲਾਲ ਜੀ ਨੂੰ ਜ਼ਿੰਦਗੀ ''ਚ ਤੀਜਾ ਜ਼ਖ਼ਮ ਉਦੋਂ ਮਿਲਿਆ, ਜਦੋਂ ਇਨ੍ਹਾਂ ਦੀਆਂ ਔਲਾਦਾਂ ਨੇ ਇਨ੍ਹਾਂ ਦੀ ਜ਼ਮੀਨ-ਜਾਇਦਾਦ ਆਦਿ ਆਪਣੇ ਨਾਂ ਕਰਵਾ ਲੈਣ ਤੋਂ ਬਾਅਦ ਇਨ੍ਹਾਂ ਨੂੰ ਇਨ੍ਹਾਂ ਦੇ ਹਾਲ ''ਤੇ ਬੇਸਹਾਰਾ ਛੱਡ ਦਿੱਤਾ। 
ਹੁਣ ਇਨ੍ਹਾਂ ਦੇ ਪੁੱਤ ਨਾ ਇਨ੍ਹਾਂ ਨੂੰ ਖਰਚਾ ਦਿੰਦੇ ਹਨ ਤੇ ਨਾ ਹੀ ਇੱਜ਼ਤ ਨਾਲ ਰੋਟੀ। ਇਨ੍ਹਾਂ ਨੂੰ ਸਿਰਫ 20-25 ਰੁਪਏ ਰੋਜ਼ਾਨਾ ਜੇਬ ਖਰਚ  ਲਈ ਵੀ ਆਪਣੇ ਬੱਚਿਆਂ ਅੱਗੇ ਹੱਥ ਅੱਡਣੇ ਪੈਂਦੇ ਹਨ ਤੇ ਉਸ ''ਚ ਵੀ ਕਈ ਵਾਰ ਨਿਰਾਸ਼ਾ ਹੀ ਹੱਥ ਲੱਗਦੀ ਹੈ।
ਕਹਿਣ ਨੂੰ ਤਾਂ ਇਨ੍ਹਾਂ ਦੇ ਛੋਟੇ ਬੇਟੇ ਨੇ ਇਨ੍ਹਾਂ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ ਪਰ ਉਹ ਵੀ ਰੋਜ਼ ਕਿਸੇ ਨਾ ਕਿਸੇ ਗੱਲ ''ਤੇ ਇਨ੍ਹਾਂ ਦੀ ਬੇਇੱਜ਼ਤੀ ਕਰਦਾ ਹੈ।
ਨੰਦ ਲਾਲ ਜੀ ਨੇ ਦੱਸਿਆ ਕਿ ਨੂੰਹ, ਪੁੱਤ ਅਤੇ ਪੋਤੇ-ਪੋਤੀਆਂ ਤੋਂ ਉਨ੍ਹਾਂ ਨੂੰ ਰੋਟੀ ਘੱਟ ਤੇ ਗਾਲ੍ਹਾਂ ਜ਼ਿਆਦਾ ਖਾਣ ਨੂੰ ਮਿਲਦੀਆਂ ਹਨ। ਰੋਟੀ ਵੀ ਉਨ੍ਹਾਂ ਨੂੰ ਕਿਸੇ ਨਿਸ਼ਚਿਤ ਸਮੇਂ ''ਤੇ ਨਹੀਂ, ਜਦੋਂ ਨੂੰਹ ਦੇ ਮਨ ''ਚ ਰਹਿਮ ਆ ਜਾਵੇ, ਉਦੋਂ ਮਿਲਦੀ ਹੈ। 
ਅੱਜ ਵੀ ਜਦੋਂ ਉਨ੍ਹਾਂ ਨੇ ਨੂੰਹ ਤੋਂ ਨਾਸ਼ਤਾ ਮੰਗਿਆ ਤਾਂ ਨੂੰਹ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਅਪਸ਼ਬਦ ਕਹੇ ਤੇ ਉਸ ਤੋਂ ਬਾਅਦ ਹੀ ਖਾਣ ਲਈ ਕੁਝ ਦਿੱਤਾ। ਇਹ ਕੋਈ ਇਕ ਦਿਨ ਦੀ ਗੱਲ ਨਹੀਂ, ਨਿੱਤ ਦੀ ਕਹਾਣੀ ਹੈ। 
ਲੱਗਭਗ 10 ਮਹੀਨੇ ਪਹਿਲਾਂ ਜਲੰਧਰ ਦੇ ਇਕ ਸੀਨੀਅਰ ਭਾਜਪਾ ਆਗੂ ਨੇ ਉਨ੍ਹਾਂ ਤੋਂ ਬੁਢਾਪਾ ਪੈਨਸ਼ਨ ਦੇ ਫਾਰਮ ਭਰਵਾਏ ਸਨ ਪਰ ਅਜੇ ਤਕ ਉਨ੍ਹਾਂ ਦੀ ਪੈਨਸ਼ਨ ਲੱਗੀ ਨਹੀਂ।
ਸ਼੍ਰੀ ਨੰਦ ਲਾਲ ਜੀ ਨੂੰ ਨਜ਼ਰ ਵੀ ਘੱਟ ਆਉਂਦਾ ਹੈ ਅਤੇ ਉਨ੍ਹਾਂ ਕੋਲ ਨਜ਼ਰ ਦੀ ਐਨਕ ਵੀ ਨਹੀਂ ਹੈ। ਜਾਂਦੇ-ਜਾਂਦੇ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਹਾਰੇ ਦੇ ਚੱਲਣ-ਫਿਰਨ ''ਚ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਇਸ ਲਈ ਮੈਂ ਆਪਣੇ ਕਿਸੇ ਮੁਲਾਜ਼ਮ ਨੂੰ ਕਹਿ ਕੇ ਉਨ੍ਹਾਂ ਨੂੰ ਘਰ ਤੋਂ ਬਾਹਰ ਤਕ ਛੁਡਵਾ ਦਿਆਂ। 
ਆਪਣੀ ਪੀੜਾ ਸੁਣਾਉਂਦਿਆਂ ਉਹ ਇੰਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੇ ਦਿਲ ਦੀ ਪੀੜਾ ਹੰਝੂ ਬਣ ਕੇ ਉਨ੍ਹਾਂ ਦੀਆਂ ਅੱਖਾਂ ਦੇ ਰਸਤੇ ਵਗ ਤੁਰੀ।
ਜੀਵਨ ਸਾਥੀ ਦੀ ਗ਼ੈਰ-ਮੌਜੂਦਗੀ ''ਚ ਤਿੰਨ-ਤਿੰਨ ਪੁੱਤਾਂ ਅਤੇ ਧੀ ਦੇ ਹੁੰਦੇ ਹੋਏ ਉਹ ਇਕਲਾਪੇ, ਅਪਮਾਨ ਤੇ ਭੁੱਖ ਦਾ ਸੰਤਾਪ ਝੱਲਣ ਲਈ ਮਜਬੂਰ ਹਨ। ਇਹ ਕਿਸੇ ਇਕ ਨੰਦ ਲਾਲ ਦੀ ਕਹਾਣੀ ਨਹੀਂ, ਅਜਿਹੇ ਪਤਾ ਨਹੀਂ ਕਿੰਨੇ ਬਜ਼ੁਰਗ ਆਪਣੀਆਂ ਔਲਾਦਾਂ ਹੱਥੋਂ ਤਸ਼ੱਦਦ ਦਾ ਸੰਤਾਪ ਝੱਲ ਰਹੇ ਹਨ।
ਜਿਵੇਂ ਕਿ ਮੈਂ ਪਹਿਲਾਂ ਵੀ ਲਿਖਦਾ ਰਿਹਾ ਹਾਂ ਕਿ ਸਾਡੇ ਲਈ ਇਹ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਕਿ ਇਕ ਦਿਨ ਅਸੀਂ ਵੀ ਬੁੱਢੇ ਹੋਵਾਂਗੇ ਤੇ ਉਦੋਂ ਸਾਡੇ ਨਾਲ ਸਾਡੇ ਬੱਚੇ ਵੀ ਉਹੋ ਜਿਹਾ ਹੀ ਸਲੂਕ ਕਰਨਗੇ, ਜੋ ਅਸੀਂ ਆਪਣੇ ਬਜ਼ੁਰਗਾਂ ਨਾਲ ਕਰ ਰਹੇ ਹਾਂ। ਇਸ ਲਈ ਜਿੰਨੀ ਛੇਤੀ ਅਸੀਂ ਆਪਣੇ ਅੰਦਰ ਬਜ਼ੁਰਗਾਂ ਪ੍ਰਤੀ ਸਨਮਾਨ ਦੇ ਸੰਸਕਾਰ ਪੈਦਾ ਕਰ ਲਵਾਂਗੇ, ਓਨਾ ਹੀ ਚੰਗਾ ਹੋਵੇਗਾ।                         
—ਵਿਜੇ ਕੁਮਾਰ


Vijay Kumar Chopra

Chief Editor

Related News