ਭ੍ਰਿਸ਼ਟਾਚਾਰ ’ਤੇ ਨੱਥ ਕੱਸਣੀ ਹੈ ਤਾਂ ਹੋਰ ਸਖਤ ਕਦਮ ਚੁੱਕਣੇ ਹੋਣਗੇ

09/16/2021 3:16:42 AM

ਕੇਂਦਰ ਅਤੇ ਸੂਬਾ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਕਿੰਨੇ ਹੀ ਦਾਅਵੇ ਕਿਉਂ ਨਾ ਕਰਨ, ਤੱਥ ਇਹ ਹੈ ਕਿ ਭ੍ਰਿਸ਼ਟਾਚਾਰ ’ਤੇ ਪੂਰੀ ਤਰ੍ਹਾਂ ਨੱਥ ਕੱਸਣੀ ਅਜੇ ਮੁਸ਼ਕਲ ਨਜ਼ਰ ਆਉਂਦਾ ਹੈ। ਇਹ ਬੁਰਾਈ ਇੰਨੀ ਵਧ ਚੁੱਕੀ ਹੈ ਕਿ ਇਸ ’ਚ ਪਿੰਡ ਦੇ ਸਰਪੰਚ ਤੋਂ ਲੈ ਕੇ ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀ ਤੱਕ ਸ਼ਾਮਲ ਪਾਏ ਜਾ ਰਹੇ ਹਨ, ਜੋ ਪਿਛਲੇ 15 ਦਿਨਾਂ ਦੀਆਂ ਹੇਠਾਂ ਕੁਝ ਕੁ ਉਦਾਹਰਣਾਂ ਤੋਂ ਸਪੱਸ਼ਟ ਹੈ :

* 1 ਸਤੰਬਰ ਨੂੰ ਵਿਜੀਲੈਂਸ ਵਿਭਾਗ ਨੇ ਕੁਪਵਾੜਾ ਦੇ ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀ, 2 ਮੋਟਰ ਵਾਹਨ ਇੰਸਪੈਕਟਰਾਂ ਅਤੇ ਇਕ ਏਜੰਟ ਦੇ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 15 ਲੱਖ ਰੁਪਏ ਬਰਾਮਦ ਕੀਤੇ।

* 1 ਸਤੰਬਰ ਨੂੰ ਰੀਵਾ ਜ਼ਿਲੇ ਦੇ ਬੈਜਨਾਥ ਪਿੰਡ ਦੀ ਮਹਿਲਾ ਸਰਪੰਚ ਦੇ ਇੱਥੇ ਛਾਪੇਮਾਰੀ ’ਚ 11 ਕਰੋੜ ਰੁਪਏ ਤੋਂ ਵਧ ਦੀ ਨਾਜਾਇਜ਼ ਜਾਇਦਾਦ ਦਾ ਪਤਾ ਲੱਗਾ।

* 2 ਸਤੰਬਰ ਨੂੰ ਬਾਘਾਪੁਰਾਣਾ ’ਚ ਤਾਇਨਾਤ ਏ.ਐੱਸ.ਆਈ. ਜਗਨਦੀਪ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ।

* 4 ਸਤੰਬਰ ਨੂੰ ਬਿਹਾਰ ’ਚ ਆਰਾ ਦੇ ਮੁਅੱਤਲ ਡੀ.ਐੱਸ.ਪੀ. ਪੰਕਜ ਰਾਵਤ ਦੇ ਪਟਨਾ ਅਤੇ ਨਾਲੰਦਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਕਰੋੜਾਂ ਰੁਪਏ ਦੀ ਚਲ ਤੇ ਅਚੱਲ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ।

* 11 ਸਤੰਬਰ ਨੂੰ ਸ਼੍ਰੀਗੰਗਾਨਗਰ ’ਚ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਇਕ ਸਰਕਾਰੀ ਸਕੂਲ ਦੇ ਅਧਿਆਪਕ ਤੋਂ ਰਿਸ਼ਵਤ ਦੇ 1.5 ਲੱਖ ਰੁਪਏ ਬਰਾਮਦ ਕੀਤੇ ਗਏ।

* 13 ਸਤੰਬਰ ਨੂੰ ਮਾਨਸਾ ’ਚ ਪਾਵਰਕਾਮ ਦੇ ਇਕ ਸਹਾਇਕ ਲਾਈਨਮੈਨ ਨੂੰ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ ਗਿਆ।

* 14 ਸਤੰਬਰ ਨੂੰ ਪੰਜਾਬ ਵਿਜੀਲੈਂਸ ਬਿਊਰ ਨੇ ਨਵਾਂਸ਼ਹਿਰ ’ਚ ਤਾਇਨਾਤ ਕਾਨੂੰਨਗੋ ਨੂੰ 5000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* 14 ਸਤੰਬਰ ਨੂੰ ਸੜਕ ਨਿਰਮਾਣ ਵਿਭਾਗ ਪਟਨਾ ਸਿਟੀ ਡਿਵੀਜ਼ਨ ਦੇ ਐਗਜ਼ੀਕਿਊਟਿਵ ਇੰਜੀਨੀਅਰ ਦੇ ਅਪਾਰਟਮੈਂਟ ਤੋਂ 15.50 ਲੱਖ ਰੁਪਏ ਨਕਦ, 33.75 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ, ਫਲੈਟਾਂ ਅਤੇ ਜ਼ਮੀਨ ਦੀ ਮਾਲਕੀ ਦੇ 4 ਦਸਤਾਵੇਜ਼, 8 ਬੈਂਕ ਖਾਤਿਆਂ ਅਤੇ 31 ਪਾਲਿਸੀਆਂ ਦੇ ਦਸਤਾਵੇਜ਼ ਜ਼ਬਤ ਕੀਤੇ।

* 15 ਸਤੰਬਰ ਨੂੰ ਸੀਕਰ ਜ਼ਿਲੇ ’ਚ ਲੋਕ ਨਿਰਮਾਣ ਵਿਭਾਗ ਦੇ ਵਧੀਕ ਪ੍ਰਸ਼ਾਸਨਿਕ ਅਧਿਕਾਰੀ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

* 15 ਸਤੰਬਰ ਨੂੰ ਜੱਬਲਪੁਰ ਦੇ ਲੋਕਾਯੁਕਤ ਨੇ ਸ਼ਾਹਪੁਰਾ ਇਲਾਕੇ ’ਚ ਖਰੀਦ ਕੇਂਦਰ ਦੇ ਸੇਲਜ਼ਮੈਨ ਨੂੰ 14,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ।

ਉਪਰੋਕਤ ਕੁਝ ਕੁ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਾਰੇ ਪੱਧਰਾਂ ’ਤੇ ਨੌਕਰਸ਼ਾਹੀ ਕਿੰਨੀ ਜ਼ਿਅਾਦਾ ਭ੍ਰਿਸ਼ਟ ਹੋ ਚੁੱਕੀ ਹੈ। ਲਿਹਾਜ਼ਾ ਦੇਸ਼ ’ਚ ਸਾਰੇ ਪੱਧਰਾਂ ’ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਹੋਰ ਸਖਤ ਕਾਰਵਾਈ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News