ਜਨ ਸ਼ਕਤੀ ''ਤੇ ਧਨ ਸ਼ਕਤੀ ਦਾ ਹਾਵੀ ਹੋਣਾ ਸੱਚਮੁਚ ਚਿੰਤਾਜਨਕ : ਉਪ-ਰਾਸ਼ਟਰਪਤੀ

01/11/2020 1:22:35 AM

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਵੱਖ-ਵੱਖ ਸਿਆਸੀ ਦਲ ਵੋਟਰਾਂ ਨੂੰ ਲੁਭਾਉਣ ਲਈ ਆਪਣੇ ਚੋਣ ਐਲਾਨ ਪੱਤਰਾਂ 'ਚ ਲੰਮੇ-ਚੌੜੇ ਵਾਅਦੇ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰਨ ਲੱਗਦੇ ਹਨ, ਜਿਨ੍ਹਾਂ ਨੂੰ ਪੂਰਾ ਕਰ ਸਕਣਾ ਸਾਧਨਾਂ ਦੀ ਕਮੀ ਕਾਰਣ ਆਮ ਤੌਰ 'ਤੇ ਸੰਭਵ ਨਹੀਂ ਹੁੰਦਾ। ਸਿਆਸੀ ਦਲਾਂ ਵਿਚ ਵਧ ਰਹੇ ਇਸ ਰੁਝਾਨ 'ਤੇ ਟਿੱਪਣੀ ਕਰਦੇ ਹੋਏ ਉਪ-ਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਨੇ ਅਜਿਹੇ ਵਾਅਦਿਆਂ 'ਤੇ ਰੋਕ ਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਹੈਦਰਾਬਾਦ ਵਿਚ 'ਫਾਊਂਡੇਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' ਵਲੋਂ 'ਰਾਜਨੀਤੀ ਵਿਚ ਧਨ ਸ਼ਕਤੀ' ਵਿਸ਼ੇ ਉੱਤੇ ਆਯੋਜਿਤ ਸਮਾਰੋਹ ਵਿਚ ਜਨ ਸ਼ਕਤੀ ਦੇ ਮੁਕਾਬਲੇ ਧਨ ਸ਼ਕਤੀ ਦੇ ਵਧਦੇ ਪ੍ਰਭਾਵ ਉੱਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ :
''ਸਿਆਸੀ ਪਾਰਟੀਆਂ ਵਲੋਂ ਲੰਮੇ-ਚੌੜੇ ਅਤੇ ਗੈਰ-ਵਿਵਹਾਰਿਕ ਲੋਕ-ਲੁਭਾਊ ਵਾਅਦੇ ਕਰਨ 'ਤੇ ਰੋਕ ਲਾਉਣ ਲਈ ਕੋਈ ਕਾਨੂੰਨ ਬਣਾਉਣ ਦੀ ਲੋੜ ਹੈ ਕਿਉਂਕਿ ਅਜਿਹੇ ਵਾਅਦੇ ਗਰੀਬ ਅਤੇ ਦਰਮਿਆਨੇ ਵਰਗ ਦੇ ਲੋਕਾਂ ਨੂੰ ਹਾਨੀ ਪਹੁੰਚਾਉਂਦੇ ਹਨ।''
''ਹੁਣ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦਾ ਸਮਾਂ ਆ ਗਿਆ ਹੈ ਕਿਉਂਕਿ ਇਹ ਇਕ ਅਸਲੀਅਤ ਹੈ ਕਿ ਇਕ ਕਰੋੜਪਤੀ ਕੋਲ ਧਨ ਸ਼ਕਤੀ ਦੇ ਬਲ 'ਤੇ ਸੰਸਦ ਮੈਂਬਰ ਜਾਂ ਵਿਧਾਇਕ ਚੁਣੇ ਜਾਣ ਦੇ ਉਨ੍ਹਾਂ ਲੋਕਾਂ ਦੀ ਤੁਲਨਾ ਵਿਚ ਬਿਹਤਰ ਮੌਕੇ ਹਨ, ਜਿਨ੍ਹਾਂ ਕੋਲ ਉਨ੍ਹਾਂ ਤੋਂ ਜ਼ਿਆਦਾ ਯੋਗਤਾ ਤਾਂ ਹੈ ਪਰ ਧਨ ਨਹੀਂ ਹੈ।''
''ਧਨ ਸ਼ਕਤੀ ਅਜਿਹੇ ਪਾਤਰ ਲੋਕਾਂ ਦੇ ਰਾਜਨੀਤੀ ਵਿਚ ਦਾਖਲੇ 'ਚ ਅੜਿੱਕਾ ਬਣ ਰਹੀ ਹੈ। ਤ੍ਰਾਸਦੀ ਹੈ ਕਿ ਗਰੀਬ ਭਾਰਤ ਦੇ 80 ਫੀਸਦੀ ਲੋਕ ਸਭਾ ਮੈਂਬਰ ਕਰੋੜਪਤੀ ਹਨ, ਜਿਸ ਕਾਰਣ ਦੇਸ਼ ਦੀ ਰਾਜਨੀਤੀ ਵਿਚ ਧਨ ਸ਼ਕਤੀ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਚਿੰਤਾਜਨਕ ਸਥਿਤੀ ਪੈਦਾ ਹੋ ਰਹੀ ਹੈ।''
ਉਨ੍ਹਾਂ ਨੇ ਇਹ ਵੀ ਕਿਹਾ ਕਿ ''ਧਨ ਸ਼ਕਤੀ ਚੋਣ ਪ੍ਰਕਿਰਿਆ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਦੇਸ਼ ਵਿਚ ਲੋਕਤੰਤਰ ਨੂੰ ਖੋਰਾ ਲੱਗ ਰਿਹਾ ਹੈ। ਭਾਰਤੀ ਰਾਜਨੀਤੀ ਦੀਆਂ ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਹੀ ਗਿਰਾਵਟ ਨੇ ਧਨ ਸ਼ਕਤੀ ਨਾਲ ਸੰਪੰਨ ਲੋਕਾਂ ਨੂੰ ਅਣਉਚਿਤ ਲਾਭ ਉਠਾਉਣ ਦਾ ਮੌਕਾ ਦੇ ਦਿੱਤਾ ਹੈ।''
ਇਸੇ ਸਮਾਰੋਹ ਵਿਚ ਸੁਪਰੀਮ ਕੋਰਟ ਦੇ ਜੱਜ ਜੇ. ਚੇਲਾਮੇਸ਼ਵਰ ਨੇ ਕਿਹਾ, ''ਜੇਕਰ ਮੰਨ ਵੀ ਲਿਆ ਜਾਵੇ ਕਿ ਕਿਸੇ ਉਮੀਦਵਾਰ ਨੇ ਆਪਣੀ ਜੱਦੀ ਜਾਇਦਾਦ ਵੇਚ ਕੇ ਚੋਣ ਲੜਨ ਲਈ ਧਨ ਜੁਟਾਇਆ ਹੈ ਤਾਂ ਫਿਰ ਉਹ ਅਗਲੀ ਚੋਣ ਲੜਨ ਲਈ ਧਨ ਕਿੱਥੋਂ ਲਿਆਏਗਾ, ਜਿਸ 'ਤੇ ਅੰਦਾਜ਼ਨ 50 ਕਰੋੜ ਰੁਪਏ ਖਰਚ ਹੋਣੇ ਹਨ?''
ਬਿਨਾਂ ਸ਼ੱਕ ਉਪ-ਰਾਸ਼ਟਰਪਤੀ ਅਤੇ ਜਸਟਿਸ ਚੇਲਾਮੇਸ਼ਵਰ ਨੇ ਰਾਜਨੀਤੀ ਵਿਚ ਧਨ ਸ਼ਕਤੀ ਦੇ ਵਧਦੇ ਪ੍ਰਭਾਵ ਤੋਂ ਪੈਦਾ ਹੋਈ ਚਿੰਤਾਜਨਕ ਸਥਿਤੀ ਵੱਲ ਦੇਸ਼ ਦੇ ਕਰਣਧਾਰਾਂ ਦਾ ਧਿਆਨ ਦਿਵਾਇਆ ਹੈ, ਜਿਸ 'ਤੇ ਜੇਕਰ ਵਿਚਾਰ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਮੌਜੂਦਾ ਰਾਜਨੀਤੀ ਸੇਵਾ ਨਾ ਰਹਿ ਕੇ ਇਕ ਸ਼ੁੱਧ ਵਪਾਰ ਬਣ ਕੇ ਰਹਿ ਜਾਵੇਗੀ ਅਤੇ ਇਸ ਦਾ ਨਤੀਜਾ ਧਨਪਤੀਆਂ ਦੀ ਜੈ-ਜੈਕਾਰ ਅਤੇ ਗਰੀਬਾਂ ਦੀ ਹਾਹਾਕਾਰ ਦੇ ਰੂਪ ਵਿਚ ਹੀ ਨਿਕਲੇਗਾ।

                                                                                                 —ਵਿਜੇ ਕੁਮਾਰ


KamalJeet Singh

Content Editor

Related News