ਮੰਤਰੀ ਦਾ ਗੁੱਸਾ, ਚੋਣ ਅਖਾੜੇ ’ਚੋਂ ਡਾਕੂ ਗਾਇਬ, ਪਤਨੀ ਪੀੜਤ ਵੀ ਮੈਦਾਨ ’ਚ

Sunday, Nov 18, 2018 - 06:31 AM (IST)

ਜਿਵੇਂ-ਜਿਵੇਂ ਵੋਟਾਂ ਪੈਣ ਦੇ ਦਿਨ ਨੇੜੇ ਆ ਰਹੇ ਹਨ, ਚੋਣਾਂ ਵਾਲੇ ਸੂਬਿਅਾਂ ’ਚ ਸਰਗਰਮੀਅਾਂ ਤੇਜ਼ ਹੁੰਦੀਅਾਂ ਜਾ ਰਹੀਅਾਂ ਹਨ ਤੇ ਇਸ ਦੌਰਾਨ ਕਈ ਦਿਲਚਸਪ ਗੱਲਾਂ ਵੀ ਦੇਖਣ ਨੂੰ ਮਿਲ ਰਹੀਅਾਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* ਕੇਂਦਰੀ ਭਾਰੀ ਉਦਯੋਗ ਰਾਜ ਮੰਤਰੀ ਬਾਬੁਲ ਸੁਪ੍ਰਿਓ ਬੀਤੇ ਦਿਨੀਂ ਜਦੋਂ ਛੱਤੀਸਗੜ੍ਹ ’ਚ ਰਾਏਪੁਰ ਦੇ ਕਾਲੀਬਾੜੀ ’ਚ ਭਾਸ਼ਣ ਦੇਣ ਪਹੁੰਚੇ ਤਾਂ ਸਭਾ ’ਚੋਂ ਗਾਇਬ ਭੀੜ ਅਤੇ ਖਾਲੀ ਕੁਰਸੀਅਾਂ ਦੇਖ ਕੇ ਭੜਕ ਉੱਠੇ। ਭਾਜਪਾ ਉਮੀਦਵਾਰ ਅਤੇ 6 ਵਾਰ ਦੇ ਵਿਧਾਇਕ ਬ੍ਰਿਜਮੋਹਨ ਅਗਰਵਾਲ ਨੇ ਇਸ ਸਬੰਧ ’ਚ ਸਫਾਈ ਦਿੱਤੀ ਪਰ ਸੁਪ੍ਰਿਓ ਨਹੀਂ ਮੰਨੇ। 
ਉਹ ਬਿਨਾਂ ਭਾਸ਼ਣ ਦਿੱਤਿਅਾਂ ਅਤੇ ਇਹ ਵਿਅੰਗ ਕੱਸਦੇ ਹੋਏ ਚਲੇ ਗਏ ਕਿ ‘‘ਇਹ ਭਾਈ ਸਾਹਿਬ ਕਈ ਸਾਲਾਂ ਤੋਂ ਜਿੱਤ ਰਹੇ ਹਨ। ਮਾਹੌਲ ਦੇਖਦਿਅਾਂ ਇਨ੍ਹਾਂ ਦਾ ਜਿੱਤਣਾ ਤੈਅ ਹੈ। ਫਿਰ ਲੋਕਾਂ ਨੇ ਭਾਸ਼ਣ ਤੋਂ ਕੀ ਲੈਣਾ, ਕੋਈ ਨਵੀਂ ਗੱਲ ਕਹਿਣ ਦੀ ਲੋੜ ਨਹੀਂ ਹੈ।’’
* ਛੱਤੀਸਗੜ੍ਹ ’ਚ 20 ਨਵੰਬਰ ਨੂੰ ਪੋਲਿੰਗ ਦੇ ਦੂਜੇ ਗੇੜ ’ਚ ਹਿੱਸਾ ਲੈਣ ਵਾਲੇ 1079 ਉਮੀਦਵਾਰਾਂ ’ਚੋਂ 130 ਦੇ ਵਿਰੁੱਧ ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ’ਚੋਂ 90 ਉਮੀਦਵਾਰ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਅਪਰਾਧਾਂ ’ਚ ਸ਼ਾਮਿਲ ਹਨ। 
* ਛੱਤੀਸਗੜ੍ਹ ’ਚ ਇਕ ਪੋਲਿੰਗ ਬੂਥ ਭਰਤਪੁਰ-ਸੋਨਹਾਟ ਦੇ ਜੰਗਲਾਂ ’ਚ ਸਥਿਤ ‘ਸ਼ੇਰਨਢਾਂਢ’ ਪਿੰਡ ’ਚ ਹੈ, ਜਿੱਥੇ ਸਿਰਫ 4 ਵੋਟਰ ਹਨ। ਇਥੇ 20 ਨਵੰਬਰ ਨੂੰ ਵੋਟਿੰਗ ਕਰਵਾਉਣ ਲਈ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਦੇ ਮੁਲਾਜ਼ਮ ਪਹਾੜਾਂ ’ਚ 5-6 ਮੀਲ ਪੈਦਲ ਚੱਲ ਕੇ ਪਹੁੰਚਣਗੇ। 
* 1980 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਮੱਧ ਪ੍ਰਦੇਸ਼ ’ਚ ਇਸ ਵਾਰ ਡਾਕੂ ਤੇ ਸਾਬਕਾ ਡਾਕੂ ਨਾ ਚੋਣਾਂ ਲੜ ਰਹੇ ਹਨ, ਨਾ ਕਿਸੇ ਉਮੀਦਵਾਰ  ਦੀ ਚੋਣ ਮੁਹਿੰਮ ’ਚ ਹਿੱਸਾ ਲੈ ਰਹੇ ਹਨ ਤੇ ਨਾ ਹੀ ਕਿਸੇ ਉਮੀਦਵਾਰ ਦਾ ਸਮਰਥਨ ਕਰ ਰਹੇ ਹਨ। 
ਇਥੇ ਚੋਣ ਜਿੱਤਣ ਵਾਲਾ ਆਖਰੀ ਸਾਬਕਾ ਡਾਕੂ ਪ੍ਰੇਮ ਸਿੰਘ ਸੀ, ਜਿਸ ਨੇ 2013 ’ਚ ਕਾਂਗਰਸ ਦੀ ਟਿਕਟ ’ਤੇ ਚਿਤਰਕੂਟ ਤੋਂ ਚੋਣ ਜਿੱਤੀ ਸੀ। ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ‘ਸਟ੍ਰਾਂਗਮੈਨ’ ਅਰਜੁਨ ਸਿੰਘ ਦਾ ਸਮਰਥਕ ਸੀ, ਜੋ ਪੰਜਾਬ ਦੇ ਰਾਜਪਾਲ ਵੀ ਰਹੇ। 
2014 ਦੀਅਾਂ ਲੋਕ ਸਭਾ ਚੋਣਾਂ ’ਚ ਸਾਬਕਾ ਡਾਕੂਅਾਂ ਮਲਖਾਨ ਸਿੰਘ ਅਤੇ ਮੋਹਰ ਸਿੰਘ ਗੁੁੱਜਰ ਨੇ ਭਾਜਪਾ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ ਸੀ। 
* ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਜਾਇਦਾਦ 2013 ’ਚ 1 ਕਰੋੜ 65 ਲੱਖ ਰੁਪਏ ਸੀ, ਜੋ ਹੁੁਣ ਵਧ ਕੇ 2 ਕਰੋੜ 83 ਲੱਖ 50 ਹਜ਼ਾਰ ਰੁਪਏ ਹੋ ਗਈ ਹੈ, ਜਦਕਿ ਸਾਧਨਾ ਸਿੰਘ ਦੀ ਜਾਇਦਾਦ 2013 ’ਚ 3 ਕਰੋੜ 57 ਲੱਖ ਰੁਪਏ ਸੀ, ਜੋ ਹੁਣ ਘਟ ਕੇ 3 ਕਰੋੜ 52 ਲੱਖ ਰੁਪਏ ਰਹਿ ਗਈ ਹੈ। 
* ਸਾਧਨਾ ਸਿੰਘ ਬੀਤੇ ਦਿਨੀਂ ਰੇਹਟੀ ’ਚ ਜਦੋਂ ਸ਼ਿਵਰਾਜ ਸਿੰਘ ਚੌਹਾਨ ਲਈ ਚੋਣ ਪ੍ਰਚਾਰ ਕਰਨ ਗਈ ਤਾਂ ਉਸ ਨੂੰ ਲੋਕਾਂ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ’ਤੇ ਕਾਂਗਰਸ ਦੇ ਸੂਬਾ ਪ੍ਰਧਾਨ ਕਮਲਨਾਥ ਨੇ ਟਵੀਟ ਕੀਤਾ ਹੈ ਕਿ ‘‘ਮਾਮਾ ਜੀ, ਤੁਸੀਂ ਸੂੂਬੇ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ ਪਰ ਕੀ ਤੁਸੀਂ ਆਪਣੇ ਖੁਦ ਦੇ ਪਿੰਡ ਦਾ ਵੀ ਧਿਆਨ ਨਹੀਂ ਰੱਖ ਸਕਦੇ ਸੀ? ਸਾਧਨਾ ਭਾਬੀ ਨੂੰ ਰੇਹਟੀ ਦੇ ਲੋਕਾਂ ਦੇ ਕਿੰਨੇ ਤਾਅਨਿਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’
* ਟੀ. ਆਰ. ਐੱਸ. ਦੇ ਮੁਖੀ ਤੇ ਤੇਲੰਗਾਨਾ ਦੇ ਪਹਿਲੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਕਾਫੀ ਅਮੀਰ ਕਿਸਾਨ ਹਨ ਤੇ ਚੋਣ ਹਲਫ਼ਨਾਮੇ ’ਚ ਉਨ੍ਹਾਂ ਨੇ ਆਪਣੀ ਜਾਇਦਾਦ 22 ਕਰੋੜ ਰੁਪਏ ਦੱਸੀ ਹੈ। ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਤਾਂ ‘ਕਾਰ’ ਹੈ ਪਰ ਉਨ੍ਹਾਂ ਕੋਲ ਆਪਣੀ ਕਾਰ ਨਹੀਂ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ 2014 ’ਚ ਉਨ੍ਹਾਂ ਨੇ ਇਕ ਜੋਤਿਸ਼ੀ ਦੀ ਸਲਾਹ ਨਾਲ ਆਪਣੇ ਕਾਫਲੇ ਦੀਅਾਂ 6 ਕਾਰਾਂ ’ਚੋਂ 3 ਦਾ ਰੰਗ ਕਾਲੇ ਤੋਂ ਬਦਲ ਕੇ ਚਿੱਟਾ ਕਰਵਾ ਦਿੱਤਾ ਸੀ। 
* ‘ਤੇਲੰਗਾਨਾ ਪਤਨੀ ਪੀੜਤ ਸੰਘ’ ਦਾ ਸੂਬਾ ਪ੍ਰਧਾਨ ‘ਬਾਂਦੀ ਸ਼੍ਰੀਨਿਵਾਸ’ ਨਾਮੀ ਇਕ ਪਤਨੀ ਪੀੜਤ ਵੀ ਕਰੀਮਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਤੌਰ ’ਤੇ ਚੋਣ ਲੜ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਕਾਨੂੰਨ ਦੀਅਾਂ ਵੱਖ-ਵੱਖ ਧਾਰਾਵਾਂ ਦੀ ਦੁਰਵਰਤੋਂ ਰੋਕਣ, ਇਸ ਕਾਨੂੰਨ ਨੂੰ ਖਤਮ ਕਰਨ ਤੇ ਲਿੰਗਿਕ ਬਰਾਬਰੀ ਲਈ ਸੰਘਰਸ਼ ਕਰਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ। 
ਬਾਂਦੀ ਸ਼੍ਰੀਨਿਵਾਸ ਦਾ ਦੋਸ਼ ਹੈ ਕਿ ਕੁਝ ਔਰਤਾਂ ਆਪਣੇ ਮਾਂ-ਪਿਓ ਦੀ ਸਹਾਇਤਾ ਨਾਲ ਕਾਨੂੰਨ ਦੀ ਦੁਰਵਰਤੋਂ ਕਰ ਕੇ ਮਰਦਾਂ ਵਿਰੁੱਧ ਝੂਠੇ ਕੇਸ ਦਰਜ ਕਰਵਾ ਕੇ ਆਪਣੇ ਪਤੀਅਾਂ ਨੂੰ ਪ੍ਰੇਸ਼ਾਨ ਕਰਦੀਅਾਂ ਹਨ। 
* ਤੇਲੰਗਾਨਾ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਹੁਣ ਤਕ ਵੋਟਰਾਂ ’ਚ ਵੰਡਣ ਲਈ ਰੱਖੀ ਗਈ 70 ਕਰੋੜ ਰੁਪਏ ਦੀ ਨਾਜਾਇਜ਼ ਰਕਮ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 6.70 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ ਵੀ ਫੜੀ ਗਈ।
ਪਿਛਲੇ ਕੁਝ ਦਿਨਾਂ ਦੌਰਾਨ ਚੋਣਾਂ ਵਾਲੇ ਸੂਬਿਅਾਂ ਦਾ ਦ੍ਰਿਸ਼ ਕੁਝ ਅਜਿਹਾ ਬਣਿਆ ਹੈ। ਅਜੇ ਪੋਲਿੰਗ ਮੁਕੰਮਲ ਹੋਣ ’ਚ ਕੁਝ ਦਿਨ ਹੋਰ ਬਾਕੀ ਹਨ, ਲਿਹਾਜ਼ਾ ਆਉਣ ਵਾਲੇ ਦਿਨਾਂ ’ਚ ਕੁਝ ਹੋਰ ਦਿਲਚਸਪ ਗੱਲਾਂ ਦੇਖਣ ਨੂੰ ਮਿਲਣਗੀਅਾਂ।        

 –ਵਿਜੇ ਕੁਮਾਰ


Related News