ਹੁਣ ਬੰਦ ਹੋਵੇ ਇਹ ਖੂਨੀ ਖੇਡ- ‘ਜੱਲੀਕੱਟੂ’ ਰਾਹੀਂ ਚੁਣੇ ਜਾਂਦੇ ਸਨ ਕਦੀ ਲੜਕੀਆਂ ਲਈ ਲਾੜੇ

Friday, Jan 19, 2024 - 06:07 AM (IST)

ਤਮਿਲਨਾਡੂ ਦੇ ਦਿਹਾਤੀ ਇਲਾਕਿਆਂ ’ਚ ਸੂਬੇ ਦੇ ਸੱਭਿਆਚਾਰ ਦਾ ਪ੍ਰਤੀਕ ਮੰਨੀ ਜਾਣ ਵਾਲੀ ‘ਜੱਲੀਕੱਟੂ’ ਲਗਭਗ 2000 ਸਾਲ ਪੁਰਾਣੀ ਰਵਾਇਤੀ ਖੇਡ ਹੈ, ਜਿਸ ’ਚ ਸਾਨ੍ਹਾਂ ਦੀ ਇਨਸਾਨਾਂ ਨਾਲ ਲੜਾਈ ਹੁੰਦੀ ਹੈ।

ਸ਼ੁਰੂ ’ਚ ਲੜਕੀਆਂ ਲਈ ਸਹੀ ਲਾੜੇ ਦੀ ਚੋਣ ਕਰਨ ਦੇ ਮਾਧਿਅਮ ਵਜੋਂ ਆਯੋਜਿਤ ਹੋਣ ਵਾਲੀ ਇਸ ਖੇਡ ’ਚ ਬੇ-ਲਗਾਮ ਦੌੜ ਰਹੇ ਸਾਨ੍ਹਾਂ ਨੂੰ ‘ਬੁਲ ਟੇਮਰ’ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ।

‘ਬੁਲ ਟੇਮਰ’ ਨੂੰ ਸਾਨ੍ਹ ਦੀ ਪਿੱਠ ਜਾਂ ਕੁੁੱਬ ’ਤੇ ਲਟਕ ਕੇ ਇਕ ਖਾਸ ਦੂਰੀ ਤੈਅ ਕਰਨੀ ਹੁੰਦੀ ਹੈ। ਇਸ ਦੌਰਾਨ ਕਈ ਲੋਕਾਂ ਦੀ ਮੌਤ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਂਦੇ ਹਨ ਅਤੇ ਫੈਸਲਾ ਇਸ ਗੱਲ ਤੋਂ ਹੁੰਦਾ ਹੈ ਕਿ ਕੋਈ ‘ਬੁਲ ਟੇਮਰ’ ਸਾਨ੍ਹ ਦੇ ਕੁੱਬ ’ਤੇ ਕਿੰਨੇ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ।

ਇਸ ’ਚ ਜੇਤੂ ਨੂੰ ਬੇਹੱਦ ਬਹਾਦਰ ਅਤੇ ਹਰ ਮੁਸੀਬਤ ਨਾਲ ਲੜਨ ਵਾਲਾ ਮੰਨਿਆ ਜਾਂਦਾ ਹੈ। ਉਸ ਨੂੰ ‘ਨਾਇਕ’ ਦੀ ਉਪਾਧੀ ਤੇ ਪੁਰਸਕਾਰ ’ਚ ਵੱਡੀ ਰਕਮ ਦਿੱਤੀ ਜਾਂਦੀ ਹੈ।

ਇਹ ਖੇਡ ਆਮ ਤੌਰ ’ਤੇ ਤਮਿਲਨਾਡੂ ’ਚ ‘ਮੱਟੂ ਪੋਂਗਲ’ ਅਖਵਾਉਣ ਵਾਲੇ 4 ਦਿਨਾ ਫਸਲ ਉਤਸਵ ਦੇ ਇਕ ਹਿੱਸੇ ਦੇ ਰੂਪ ’ਚ ਤੀਜੇ ਦਿਨ ਆਯੋਜਿਤ ਕੀਤੀ ਜਾਂਦੀ ਹੈ। ਤਮਿਲ ਸ਼ਬਦ ‘ਮੱਟੂ’ ਦਾ ਅਰਥ ਹੈ ‘ਸਾਨ੍ਹ’ ਅਤੇ ਪੋਂਗਲ ਦਾ ਤੀਜਾ ਦਿਨ ਖੇਤੀਬਾੜੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪਸ਼ੂਆਂ ਨੂੰ ਸਮਰਪਿਤ ਹੁੰਦਾ ਹੈ।

ਪ੍ਰਾਚੀਨ ਤਮਿਲ ਸੰਗਮ ਸਾਹਿਤ ‘ਕਲਿਤਾਕਮ’ ’ਚ ਇਕ ਗੀਤ ਦੇ ਬੋਲ ਹਨ-‘ਕੋਲੇਟੂ ਕੋਡੁ ਅੰਜੁਵਨਈ ਮਾਰੂਮੈਯੁਮ...ਪੁੱਲੇ ਆਯਾ ਮੈਗਲ’ (ਭਾਵ ਉਹ ਮਰਦ ਜੋ ਸਾਨ੍ਹ ਨਾਲ ਲੜਨ ’ਚ ਡਰ ਰਿਹਾ ਹੈ, ਉਹ ਅਗਲੇ ਜਨਮ ’ਚ ਵੀ ਇਕ ਤਮਿਲ ਕੁੜੀ ਨਾਲ ਵਿਆਹ ਨਹੀਂ ਕਰ ਸਕੇਗਾ।)

* 2008 ਤੋਂ 2014 ਤੱਕ ਇਸ ਖੇਡ ’ਚ 43 ਲੋਕਾਂ ਤੇ 4 ਸਾਨ੍ਹਾਂ ਨੇ ਜਾਨ ਗੁਆਈ।

* 2017 ’ਚ 23 ਲੋਕਾਂ ਦੀ ਮੌਤ, 2500 ਲੋਕ ਤੇ ਕਈ ਸਾਨ੍ਹ ਜ਼ਖਮੀ ਹੋਏ।

* 14 ਜਨਵਰੀ, 2018 ਨੂੰ ਮਦੁਰੈ ’ਚ ‘ਜੱਲੀਕੱਟੂ’ ਦੇਖ ਰਹੇ ਇਕ ਨੌਜਵਾਨ ’ਤੇ ਗੁੱਸੇ ’ਚ ਆਏ ਸਾਨ੍ਹ ਦੇ ਛਾਲ ਮਾਰਨ ਨਾਲ ਉਸ ਦੀ ਮੌਤ ਹੋ ਗਈ ਅਤੇ 29 ਲੋਕ ਜ਼ਖਮੀ ਹੋਏ।

* 2020 ’ਚ ‘ਜੱਲੀਕੱਟੂ’ ਦੀ ਖੇਡ ’ਚ 5 ਲੋਕਾਂ ਨੇ ਜਾਨ ਗਵਾਈ।

* 14 ਜਨਵਰੀ, 2021 ਨੂੰ ਮਦੁਰੈ ’ਚ ਸਾਨ੍ਹਾਂ ਦੇ ਹਮਲੇ ’ਚ 58 ਲੋਕ ਜ਼ਖਮੀ ਹੋਏ।

* 16 ਜਨਵਰੀ, 2023 ਨੂੰ ਤਮਿਲਨਾਡੂ ’ਚ ਇਕ ‘ਬੁਲ ਟੇਮਰ’ ਸਮੇਤ 2 ਲੋਕ ਮਾਰੇ ਗਏ ਅਤੇ ਘੱਟ ਤੋਂ ਘੱਟ 75 ਲੋਕ ਜ਼ਖਮੀ ਹੋਏ। ਮ੍ਰਿਤ ‘ਬੁਲ ਟੇਮਰਾਂ’ ’ਚ 9 ਸਾਨ੍ਹਾਂ ਨੂੰ ਕਾਬੂ ਕਰਨ ’ਚ ਸਫਲ ਰਹਿਣ ਵਾਲਾ ਅਰਵਿੰਦ ਰਾਜ ਵੀ ਸ਼ਾਮਲ ਸੀ, ਜਿਸ ਨੂੰ ਇਕ ਸਾਨ੍ਹ ਨੇ ਸਿੰਙਾਂ ’ਚ ਫਸਾ ਕੇ ਉਛਾਲ ਦਿੱਤਾ ਸੀ।

* ਅਤੇ ਹੁਣ 17 ਜਨਵਰੀ, 2024 ਨੂੰ ਸ਼ਿਵਗੰਗਾ ਦੇ ‘ਸਿਰਵਾਇਲ’ ਕਸਬੇ ’ਚ ‘ਜੱਲੀਕੱਟੂ’ ਦੇ ਦੌਰਾਨ ਇਕ ਲੜਕੇ ਅਤੇ 30 ਸਾਲਾ ਵਿਅਕਤੀ ਦੀ ਮੌਤ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਇਸੇ ਕਾਰਨ ਇਸ ਖੇਡ ’ਚ ਆਯੋਜਕਾਂ ’ਤੇ ਪਸ਼ੂਆਂ ’ਤੇ ਜ਼ਾਲਮਾਨਾ ਦਾ ਦੋਸ਼ ਵੀ ਲੱਗਦਾ ਹੈ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਇਸ ਖੇਡ ਬਾਰੇ 2017 ’ਚ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਅਨੁਸਾਰ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਸਾਨ੍ਹਾਂ ਨੂੰ ਸ਼ਰਾਬ ਪਿਆਉਣ ਅਤੇ ਕੁੱਟਣ ਕਾਰਨ ਮੁਕਾਬਲਾ ਸ਼ੁਰੂ ਹੋਣ ’ਤੇ ਉਹ ਗੁੱਸੇ ’ਚ ਬੇਤਹਾਸ਼ਾ ਦੌੜਦੇ ਹਨ।

ਵੀਡੀਓ ਵਾਇਰਲ ਹੋਣ ਪਿੱਛੋਂ ‘ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ’, ‘ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼’ (ਪੇਟਾ) ਅਤੇ ਬੈਂਗਲੁਰੂ ਦੇ ਇਕ ਐੱਨ. ਜੀ. ਓ. ਨੇ ਇਸ ਦੌੜ ਨੂੰ ਰੋਕਣ ਲਈ ਪਟੀਸ਼ਨ ਵੀ ਦਾਇਰ ਕੀਤੀ ਸੀ।

ਸੁਪਰੀਮ ਕੋਰਟ ਨੇ ਬੀਤੇ ਸਾਲ ਮਈ ’ਚ ਤਮਿਲਨਾਡੂ ਦੇ ਉਸ ਕਾਨੂੰਨ ਨੂੰ ਸਹੀ ਕਰਾਰ ਦਿੱਤਾ ਸੀ, ਜਿਸ ’ਚ ‘ਜੱਲੀਕੱਟੂ’ ਨੂੰ ਇਕ ਖੇਡ ਵਜੋਂ ਮਾਨਤਾ ਦਿੱਤੀ ਗਈ ਹੈ।

ਅਦਾਲਤ ਨੇ ਕਿਹਾ, ‘‘ਤਮਿਲਨਾਡੂ ਦਾ ਜਾਨਵਰਾਂ ਪ੍ਰਤੀ ਜ਼ਾਲਮ ਕਾਨੂੰਨ (ਸੋਧ) 2017 ਜਾਨਵਰਾਂ ਨੂੰ ਹੋਣ ਵਾਲੀ ਪੀੜਾ ਅਤੇ ਦਰਦ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦਾ ਹੈ।’’ ਤਮਿਲਨਾਡੂ ਦੇ ਕਾਨੂੰਨ ਮੰਤਰੀ ਐੱਸ. ਰਘੂਪਤੀ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਇਤਿਹਾਸਕ ਦੱਸਦੇ ਹੋਏ ਕਿਹਾ ਸੀ ਕਿ ‘‘ਸਾਡੀਆਂ ਪ੍ਰੰਪਰਾਵਾਂ ਦੀ ਰੱਖਿਆ ਹੋਈ ਹੈ।’’

ਸਾਡੇ ਵਿਚਾਰ ’ਚ ‘ਜੱਲੀਕੱਟੂ’ ’ਚ ਜਿੱਥੇ ਜਾਨਵਰਾਂ ਨਾਲ ਜ਼ਾਲਮਾਨਾ ਵਿਹਾਰ ਹੋ ਰਿਹਾ ਹੈ ਉੱਥੇ ਇਸ ਖੇਡ ’ਚ ‘ਬੁਲ ਟੇਮਰਾਂ’ ਦੇ ਪ੍ਰਾਣ ਵੀ ਜਾ ਰਹੇ ਹਨ।

ਭਾਵੇਂ ਹੀ ਸੁਪਰੀਮ ਕੋਰਟ ਨੇ ਤਮਿਲਨਾਡੂ ਸਰਕਾਰ ਵੱਲੋਂ ਜਾਨਵਰਾਂ ਪ੍ਰਤੀ ਜ਼ਾਲਮ ਕਾਨੂੰਨ (ਸੋਧ) 2017 ਨੂੰ ਪ੍ਰਵਾਨ ਕਰ ਕੇ ਉਸ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ ਪਰ ਇਸ ਖੇਡ ’ਚ ਤਾਂ ਸਾਨ੍ਹ ਅਤੇ ਮਨੁੱਖ ਦੋਵੇਂ ਹੀ ਇਕ-ਦੂਜੇ ਵੱਲੋਂ ਪੀੜਤ ਹੋ ਰਹੇ ਹਨ। ਇਸ ਲਈ ਸੁਪਰੀਮ ਕੋਰਟ ਨੂੰ ਇਸ ਮਾਮਲੇ ’ਚ ਖੁਦ ਨੋਟਿਸ ਲੈ ਕੇ ਇਸ ਖੇਡ ’ਤੇ ਪਾਬੰਦੀ ਲਾਉਣ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। 

- ਵਿਜੇ ਕੁਮਾਰ


Anmol Tagra

Content Editor

Related News