‘ਕਮਿਸ਼ਨਖੋਰੀ ਦੇ ਚੱਕਰਵਿਊ ’ਚ ਫਸੀ ਮਮਤਾ ਬੈਨਰਜੀ ਦੀ ‘ਤ੍ਰਿਣਮੂਲ ਕਾਂਗਰਸ’

07/09/2019 6:49:59 AM

ਬੰਗਾਲ ’ਚ ਕਈ ਸਾਲਾਂ ਤੋਂ ਚੱਲੀ ਆ ਰਹੀ ‘ਕਟ ਮਨੀ’ ਦੀ ਖੇਡ ਖਤਮ ਹ ੋ ਗਈ ਹੈ। ਬੰਗਾਲ ’ਚ ‘ਕਟ ਮਨੀ’ ਉਸ ਕਮਿਸ਼ਨ ਨੂੰ ਕਿਹਾ ਜਾਂਦਾ ਹੈ, ਜੋ ਸੱਤਾਧਾਰੀ ਦਲ ਦੇ ਨੇਤਾ ਸਥਾਨਕ ਖੇਤਰ ਦੀਆਂ ਕਲਿਆਣਕਾਰੀ ਯੋਜਨਾਵਾਂ ਲਈ ਮਨਜ਼ੂਰਸ਼ੁਦਾ ਧਨ ਰਾਸ਼ੀ ’ਚੋਂ ਗੈਰ-ਰਸਮੀ ਕਮਿਸ਼ਨ ਦੇ ਰੂਪ ’ਚ ਲਾਭਪਾਤਰੀਆਂ ਤੋਂ ਲੈਂਦੇ ਸਨ। ਇਹ ਰਾਸ਼ੀ ਕਈ ਮਾਮਲਿਆਂ ’ਚ ਯੋਜਨਾਵਾਂ ਦੀ ਲਾਗਤ ਦਾ 25 ਫੀਸਦੀ ਤਕ ਹੁੰਦੀ ਸੀ, ਜੋ ਹੇਠਾਂ ਤੋਂ ਲੈ ਕੇ ਉਪਰ ਤਕ ਦੇ ਸੀਨੀਅਰ ਨੇਤਾਵਾਂ ਵਿਚਾਲੇ ਵੰਡੀ ਜਾਂਦੀ ਸੀ। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ (ਹੁਣ ਗ੍ਰਹਿ ਮੰਤਰੀ) ਅਮਿਤ ਸ਼ਾਹ ਨੇ ਬੰਗਾਲ ’ਚ ਇਹ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੀ ਮਿੱਟੀ ਵਿਚ ਮਿਲਦੀ ਦਿੱਖ ਨੂੰ ਬਚਾਉਣ ਦੇ ਯਤਨ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਤੋਂ ਲਈ ਗਈ ‘ਕਟ ਮਨੀ’ ਦੀ ਰਾਸ਼ੀ ਉਨ੍ਹਾਂ ਨੂੰ ਵਾਪਿਸ ਦੇਣ ਲਈ ਕਿਹਾ। ਮਮਤਾ ਦਾ ਇਹ ਦਾਅਵਾ ਉਲਟਾ ਪਿਆ। ਇਸ ਨਾਲ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਵਲੋਂ ਕੀਤੀ ਜਾਣ ਵਾਲੀ ਜਬਰੀ ਵਸੂਲੀ ਦਾ ਪਰਦਾਫਾਸ਼ ਹੋ ਗਿਆ। ਵਿਰੋਧੀ ਦਲਾਂ ਨੂੰ ਮਮਤਾ ਬੈਨਰਜੀ ਵਿਰੁੱਧ ਵਰਤੋਂ ਲਈ ਇਕ ਸਿਆਸੀ ਹਥਿਆਰ ਮਿਲ ਗਿਆ ਅਤੇ ਭਾਜਪਾ ਨੇ ਇਸ ਦੇ ਵਿਰੁੱਧ ਅੰਦੋਲਨ ਛੇੜ ਦਿੱਤਾ। ਇਥੋਂ ਤਕ ਕਿ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਵਲੋਂ ਵੱਖ-ਵੱਖ ਸਹੂਲਤਾਂ ਦੇ ਬਦਲੇ ’ਚ ਲਈ ਜਾਣ ਵਾਲੀ ਫੀਸ ਦੀ ‘ਰੇਟ ਲਿਸਟ’ ਵੀ ਸਾਹਮਣੇ ਆ ਗਈ ਹੈ, ਜਿਸ ਦੇ ਅਨੁਸਾਰ ਅੰਤਿਮ ਸੰਸਕਾਰ ਤਕ ਲਈ 200 ਰੁਪਏ ਕਮਿਸ਼ਨ ਲਈ ਜਾਂਦੀ ਸੀ।

ਹੁਣ ਆਮ ਜਨਤਾ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਤੋਂ ਆਪਣੇ ਪੈਸੇ ਵਾਪਿਸ ਮੰਗ ਰਹੀ ਹੈ। ਸੂਬੇ ਭਰ ’ਚ ਗ੍ਰਾਮੀਣ ਭੂਮੀਹੀਣ ਕਿਸਾਨਾਂ ਤੋਂ ਲੈ ਕੇ ਸ਼ਹਿਰਾਂ ਦੇ ਵਪਾਰੀ ਤਕ ਤ੍ਰਿਣਮੂਲ ਕਾਂਗਰਸ ਦੇ ਲੋਕਾਂ ਵਲੋਂ ਲਈ ਗਈ ਜਬਰੀ ਵਸੂਲੀ ਦੀ ਪੋਲ ਖੋਲ੍ਹ ਰਹੇ ਹਨ ਅਤੇ ਨਿੱਤ ਨਵੇਂ ਇੰਕਸ਼ਾਫ ਹੋ ਰਹੇ ਹਨ। ਹੁਗਲੀ ਦੇ ‘ਧਨੀਆਖਾਲੀ’ ਪਿੰਡ ਦੇ ਲੋਕਾਂ ਨੇ ‘ਕਟ ਮਨੀ’ ਲੈਣ ਦੇ ਦੋਸ਼ ’ਚ ਤ੍ਰਿਣਮੂਲ ਕਾਂਗਰਸ ਦੇ ਦੋ ਨੇਤਾਵਾਂ ’ਤੇ 2 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ‘ਧਨੀਆਖਾਲੀ’ ਗ੍ਰਾਮ ਪੰਚਾਇਤ ਦੇ ਪ੍ਰਧਾਨ ਅਤੇ ਤ੍ਰਿਣਮੂਲ ਕਾਂਗਰਸ ਦੀ ਸਥਾਨਕ ਕਮੇਟੀ ਦੇ ਪ੍ਰਧਾਨ ਨੇ ਗਰੀਬਾਂ ਲਈ ਆਵਾਸ ਯੋਜਨਾ ਦੇ ਸੈਂਕੜੇ ਲਾਭਪਾਤਰੀਆਂ ਤੋਂ 15000 ਤੋਂ ਲੈ ਕੇ 30 ਹਜ਼ਾਰ ਰੁਪਏ ਤਕ ਦੀ ‘ਕਟ ਮਨੀ’ ਵਸੂਲ ਕੀਤੀ ਸੀ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ ਉਸ ਦੀ ਪਾਰਟੀ ਦੇ ਸਾਰੇ ਨੇਤਾਵਾਂ ’ਚੋਂ ਸਿਰਫ 0.1 ਫੀਸਦੀ ਨੇਤਾ ਹੀ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਹਨ ਪਰ ਸੱਚ ਕੀ ਹੈ, ਇਹ ਤਾਂ ਇਸ ਬਾਰੇ ਵਿਸਤਾਰਪੂਰਵਕ ਅਤੇ ਨਿਰਪੱਖ ਜਾਂਚ ਤੋਂ ਹੀ ਸਾਹਮਣੇ ਆ ਸਕਦਾ ਹੈ।

–ਵਿਜੇ ਕੁਮਾਰ
 


Bharat Thapa

Content Editor

Related News