ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਦੀ ਚੋਣ ਹਲਚਲ

11/02/2018 6:44:32 AM

ਛੇਤੀ ਹੀ ਹੋਣ ਜਾ ਰਹੀਅਾਂ 5 ਸੂਬਿਅਾਂ ਦੀਅਾਂ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਸੂਬਿਅਾਂ ’ਚ ਸਿਆਸੀ ਹਲਚਲ ਜ਼ੋਰਾਂ ’ਤੇ ਹੈ। ਇਨ੍ਹਾਂ ’ਚੋਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਦੀਅਾਂ ਚੋਣਾਂ ਦੀਅਾਂ ਕੁਝ ਦਿਲਚਸਪ ਗੱਲਾਂ ਇਥੇ ਦਰਜ ਕੀਤੀਅਾਂ ਜਾ ਰਹੀਅਾਂ ਹਨ :
* ਮੱਧ ਪ੍ਰਦੇਸ਼ ਦੀਅਾਂ ਵਿਧਾਨ ਸਭਾ ਚੋਣਾਂ ’ਚ ਭੋਪਾਲ ਗੈਸ ਤ੍ਰਾਸਦੀ ਚੋਣ ਮੁੱਦਾ ਬਣ ਗਈ ਹੈ। ਭੋਪਾਲ ’ਚ 1984 ’ਚ ਹੋਏ ਗੈਸ ਕਾਂਡ ਦੇ ਪੀੜਤਾਂ ਨੇ ਮੁਆਵਜ਼ੇ ਦੀ ਮੰਗ ਕਰਦਿਅਾਂ ਆਪਣੇ ਮਕਾਨਾਂ ਦੇ ਬਾਹਰ ਪੋਸਟਰ ਟੰਗ ਦਿੱਤੇ ਹਨ। 
ਪੋਸਟਰਾਂ ’ਚ ਲਿਖਿਆ ਹੈ ਕਿ ਸੂਬੇ ’ਚ ਜੋ ਵੀ ਵੋਟਾਂ ਮੰਗਣ ਆਵੇਗਾ, ਉਹ ਉਸ ਨੂੰ ਆਪਣਾ ਅਸ਼ਟਾਮ ਪੇਪਰ ਦੇਣਗੇ, ਜਿਸ ’ਤੇ ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਦਾ ਲਿਖਤੀ ਵਾਅਦਾ ਕਰਨ ’ਤੇ ਹੀ ਵੋਟ ਦਿੱਤੀ ਜਾਵੇਗੀ। ਗੈਸ ਕਾਂਡ ਦੇ ਪੀੜਤਾਂ ਦਾ ਦੋਸ਼ ਹੈ ਕਿ ਹਾਦਸੇ ਦੇ 33 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਹੈ। 
* ਸ਼ਿਵਰਾਜ  ਚੌਹਾਨ ਸਰਕਾਰ ਵਲੋਂ ਦਿੱਤਾ ਗਆ ਰਾਜ ਮੰਤਰੀ ਦਾ ਦਰਜਾ ਠੁਕਰਾਉਣ ਤੋਂ ਬਾਅਦ ਕੰਪਿਊਟਰ ਬਾਬਾ ਨੇ ਇਸ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਹੁਣ ਉਹ ਆਪਣੇ ‘ਮਨ ਕੀ ਬਾਤ’ ਦੇ ਜ਼ਰੀਏ ਸਰਕਾਰ ’ਤੇ ਨਿਸ਼ਾਨਾ ਲਾ ਰਹੇ ਹਨ ਅਤੇ ਸਰਕਾਰ ਵਿਰੁੱਧ ਲਗਾਤਾਰ ਬਿਆਨ ਦੇ ਰਹੇ ਹਨ, ਜਿਸ ਨੂੰ ਦੇਖਦਿਅਾਂ ਸਰਕਾਰ ਉਨ੍ਹਾਂ ਨੂੰ ਮਨਾਉਣ ਦੇ ਯਤਨਾਂ ’ਚ ਜੁਟ ਗਈ ਹੈ। 
* ਇਨ੍ਹੀਂ ਦਿਨੀਂ ਕਾਂਗਰਸੀ ਵਿਧਾਇਕ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੀਤੂ ਪਟਵਾਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਵੋਟਰਾਂ ਨੂੰ ਕਹਿ ਰਹੇ ਹਨ ਕਿ ‘‘ਤੁਸੀਂ ਤਾਂ ਮੇਰੀ ਇੱਜ਼ਤ ਤੇ ਲਾਜ ਰੱਖੋ, ਪਾਰਟੀ ਗਈ ਤੇਲ ਲੈਣ।’’
* ਮੱਧ ਪ੍ਰਦੇਸ਼ ਦੀਅਾਂ ਇਨ੍ਹਾਂ ਚੋਣਾਂ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਹੁਣ ਤਕ ਤਾਂ ਕਾਂਗਰਸ ਅਤੇ ਭਾਜਪਾ ਦੇ ਜ਼ਿਆਦਾਤਰ ਨੇਤਾ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਆਏ ਸਨ ਅਤੇ ਕੁਝ ਤਾਂ ਆਪਣੇ ਕੋਲ ਸਮਾਰਟ ਫੋਨ ਤਕ ਨਹੀਂ ਰੱਖਦੇ ਸਨ ਅਤੇ ਕੁਝ ਨੇ ਆਪਣਾ ਫੋਨ ਫੜਨ ਤਕ ਲਈ ‘ਹੈਲਪਰ’ ਰੱਖਿਆ ਹੋਇਆ ਸੀ। 
ਜਦੋਂ ਤੋਂ ਦੋਹਾਂ ਪਾਰਟੀਅਾਂ ਦੀ ਹਾਈਕਮਾਨ ਨੇ ਚੋਣਾਂ ’ਚ ਸੋਸ਼ਲ ਮੀਡੀਆ ਦੀ ਉਪਯੋਗਤਾ ਦੀ ਗੱਲ ਕਹੀ ਹੈ, ਉਨ੍ਹਾਂ ਨੇ ਜਨ ਸੰਪਰਕ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਫੇਸਬੁੱਕ ’ਤੇ ਦਿਲਚਸਪ ‘ਪੋਸਟਾਂ’ ਪਾ ਰਹੇ ਹਨ। 
* ਜੇਲ ’ਚ ਰਹਿ ਕੇ ਕੈਦੀਅਾਂ ਨੂੰ ਚੋਣ ਲੜਨ ਦਾ ਅਧਿਕਾਰ ਤਾਂ ਹੈ ਪਰ ਵੋਟ ਪਾਉਣ ਦਾ ਨਹੀਂ। ਕੁਝ ਅਜਿਹੀਅਾਂ ਬੰਦਿਸ਼ਾਂ ਹਨ, ਜਿਨ੍ਹਾਂ ਦੀ ਵਜ੍ਹਾ ਕਰਕੇ ਹਰ ਵਾਰ ਵਾਂਗ ਇਸ ਵਾਰ ਵੀ ਮੱਧ ਪ੍ਰਦੇਸ਼ ਦੀਅਾਂ ਜੇਲਾਂ ’ਚ ਬੰਦ 42 ਹਜ਼ਾਰ ਵਿਚਾਰਅਧੀਨ ਅਤੇ ਸਜ਼ਾ-ਯਾਫਤਾ ਕੈਦੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕਣਗੇ। 
* 23 ਅਕਤੂਬਰ ਨੂੰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜਦੋਂ ਰਾਏਪੁਰ ਪਹੁੰਚੇ ਤਾਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ, ਉਨ੍ਹਾਂ ਦੀ ਪਤਨੀ ਤੇ ਬੇਟੇ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ, ਉਨ੍ਹਾਂ ਦੀ ਆਰਤੀ ਉਤਾਰੀ ਤੇ ਉਨ੍ਹਾਂ ਦੇ ਗਲ ’ਚ ਮਾਲਾ ਪਹਿਨਾਈ। ਇਸ ਤੋਂ ਬਾਅਦ ਰਮਨ ਸਿੰਘ ਨੇ ਕਾਫਿਲੇ ਨਾਲ ਜਾ ਕੇ ਨਾਮਜ਼ਦਗੀ ਪੱਤਰ ਭਰਿਆ।
* ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਤੋਂ ਹਰ ਕੋਈ ਹੈਰਾਨ ਹੈ ਕਿਉਂਕਿ ਜ਼ਿਆਦਾਤਰ ਸੀਟਾਂ ’ਤੇ ਪਾਰਟੀ ਨੇ ਉਨ੍ਹਾਂ ਚਿਹਰਿਅਾਂ ’ਤੇ ਦਾਅ ਲਗਾਇਆ ਹੈ, ਜਿਨ੍ਹਾਂ ਨੂੰ ਪਿਛਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ’ਚ ਸਾਬਕਾ ਗ੍ਰਹਿ ਮੰਤਰੀ ਨਨਕੀ ਰਾਮ ਕੰਵਰ, ਸਾਬਕਾ ਮਹਿਲਾ ਬਾਲ ਵਿਕਾਸ ਮੰਤਰੀ ਲਤਾ ਉਸੇਡੀ, ਸਾਬਕਾ ਸਿਹਤ ਮੰਤਰੀ ਕ੍ਰਿਸ਼ਨਾਮੂਰਤੀ ਬਾਂਧੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਧਰਮਪਾਲ ਕੌਸ਼ਿਕ ਆਦਿ ਸ਼ਾਮਿਲ ਹਨ। 
* ਰਾਜਸਥਾਨ ’ਚ ਭਾਜਪਾ ਸਰਕਾਰ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਤਾਂ ਪਹਿਲਾਂ ਹੀ ਕਰਨਾ ਪੈ ਰਿਹਾ ਹੈ, ਹੁਣ ਇਸ ਦੀਅਾਂ ਮੁਸ਼ਕਿਲਾਂ ਨੂੰ ਕੁਝ ਹੋਰ ਵਧਾਉਂਦਿਅਾਂ ਜਿੱਥੇ ਭਾਜਪਾ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ, ਉਥੇ ਹੀ ਇਕ ਹੋਰ ਸਾਬਕਾ ਭਾਜਪਾ ਨੇਤਾ ਹਨੂਮਾਨ ਬੇਨੀਵਾਲ ਨੇ ‘ਰਾਸ਼ਟਰੀ ਲੋਕਤੰਤਰਿਕ ਪਾਰਟੀ’ ਬਣਾ ਕੇ ਚੋਣਾਂ ਲੜਨ ਤੇ ਭਾਜਪਾ ਨੂੰ ਹਰਾਉਣ ਲਈ ਹਮਖਿਆਲੀ ਪਾਰਟੀਅਾਂ ਨਾਲ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ। 
* ਤੇਲੰਗਾਨਾ ’ਚ 7 ਦਸੰਬਰ ਨੂੰ ਹੋਣ ਵਾਲੀਅਾਂ ਵਿਧਾਨ ਸਭਾ ਚੋਣਾਂ ’ਚ ਰਜਿੰਦਰ ਨਗਰ ਵਿਧਾਨ ਸਭਾ ਸੀਟ ’ਤੇ ਮਜਲਿਸ-ਏ-ਇਤੇਹਾਦੁਲ-ਮੁਸਲਮੀਨ (ਐੱਮ. ਆਈ. ਐੱਮ.) ਨੇ ਮਿਰਜ਼ਾ ਰਹਿਮਤ ਬੇਗ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜੋ ਕਿਸੇ ਸਮੇਂ ਐੱਮ. ਆਈ. ਐੱਮ. ਦੇ ਸਾਬਕਾ ਵਿਧਾਇਕ ਸਈਦ ਸੱਜਾਦ ਦੀ ਕਾਰ ਦਾ ਡਰਾਈਵਰ ਹੁੰਦਾ ਸੀ। ਸਈਦ ਸੱਜਾਦ ਤੋਂ ਬਾਅਦ ਉਹ ਵਿਧਾਇਕ ਅਹਿਮਦ ਪਾਸ਼ਾ ਕਾਦਰੀ ਦਾ ਵੀ ਡਰਾਈਵਰ ਰਿਹਾ। 2014 ਦੀਅਾਂ ਚੋਣਾਂ ’ਚ ਉਸ ਨੂੰ ਕਾਦਰੀ ਦਾ ਨਿੱਜੀ ਸਹਾਇਕ (ਪੀ. ਏ.) ਬਣਾ ਦਿੱਤਾ ਗਿਆ ਸੀ। 
ਹੁਣ ਤਕ ਇਨ੍ਹਾਂ ਚੋਣਾਂ ਦੇ ਸਿਲਸਿਲੇ ’ਚ ਕੁਝ ਅਜਿਹੇ ਹੀ ਰੰਗ ਦੇਖਣ ਨੂੰ ਮਿਲੇ ਹਨ ਪਰ ਚੋਣਾਂ ਨੇੜੇ ਆਉਣ ਦੇ ਨਾਲ-ਨਾਲ ਇਨ੍ਹਾਂ ’ਚ ਕੁਝ ਹੋਰ ਰੰਗ ਵੀ ਜੁੜਨਗੇ, ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰਦੇ ਰਹਾਂਗੇ।  –ਵਿਜੇ ਕੁਮਾਰ


Related News