ਇਸ ਦੀਵਾਲੀ ’ਤੇ ਮਦਦ ਦਾ ਦੀਵਾ ਜਗਾਓ
Monday, Oct 24, 2022 - 03:55 AM (IST)
ਦੀਵਾਲੀ ਦਾ ਤਿਉਹਾਰ ਕਦੀ ਮਿੱਟੀ ਦੇ ਦੀਵੇ ਜਗਾਉਣ ਅਤੇ ਪਿਆਰਿਆਂ ਦੇ ਨਾਲ ਸਮਾਂ ਬਿਤਾਉਣ ਦੇ ਬਾਰੇ ’ਚ ਸੀ, ਅੱਜ ਇਹ ਚਮਕਦਾਰ ਰੌਸ਼ਨੀ ਅਤੇ ਤੇਜ਼ ਪਟਾਕਿਆਂ ਦੇ ਤਿਉਹਾਰ ’ਚ ਬਦਲ ਗਿਆ ਹੈ। ਹੁਣ ਦੀਵਾਲੀ ਦੇ ਬਾਅਦ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ, ਪਸ਼ੂ ਡਰ ਜਾਂਦੇ ਹਨ। ਕਈ ਲੋਕ, ਖਾਸ ਕਰ ਕੇ ਬੱਚੇ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਪਿਛੋਕੜ ’ਚ ਸੁਪਰੀਮ ਕੋਰਟ ਨੇ 20 ਅਕਤੂਬਰ ਨੂੰ ਪਟਾਕਿਆਂ ’ਤੇ ਪਾਬੰਦੀ ਦੇ ਬਾਰੇ ’ਚ ਕਿਹਾ ਕਿ ‘‘ਤਿਉਹਾਰ ਮਨਾਉਣ ਦੇ ਹੋਰ ਵੀ ਢੰਗ ਹਨ। ਆਪਣਾ ਪੈਸਾ ਮਠਿਆਈਆਂ ’ਤੇ ਖਰਚ ਕਰੋ ਅਤੇ ਲੋਕਾਂ ਨੂੰ ਸਾਫ਼-ਸੁਥਰੀ ਹਵਾ ’ਚ ਸਾਹ ਲੈਣ ਦਿਓ ਕਿਉਂਕਿ ਪਟਾਕਿਆਂ ਨੂੰ ਨਾ ਚਲਾਉਣਾ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਹੈ।’’
ਸੁਪਰੀਮ ਕੋਰਟ ਦੀ ਉਕਤ ਟਿੱਪਣੀ ਦੇ ਸੰਦਰਭ ’ਚ ਰਵਾਇਤੀ ਢੰਗ ਨਾਲ ਆਪਣੇ ਘਰ ਨੂੰ ਮਿੱਟੀ ਦੇ ਦੀਵਿਆਂ, ਲਾਲਟੈਣ ਅਤੇ ਮੋਮਬੱਤੀਆਂ ਨਾਲ ਸਜਾਓ। ਇਸ ਨਾਲ ਦੀਵੇ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਰੋਜ਼ੀ-ਰੋਟੀ ਵੀ ਮਿਲੇਗੀ। ਅਸੀਂ ਸੋਲਰ ਲਾਈਟਾਂ ਅਤੇ ਐੱਲ. ਈ. ਡੀ. ਲਾਈਟਾਂ ਵੀ ਵਰਤ ਸਕਦੇ ਹਾਂ, ਜਿਸ ਨਾਲ ਬਿਜਲੀ ਦੀ ਵੀ ਬੱਚਤ ਹੋਵੇਗੀ। ਅਜਿਹਾ ਮੰਨਿਆ ਜਾਂਦਾ ਹੈ ਕਿ ਪਟਾਕੇ ਦੀਵਾਲੀ ਦੇ ਪਰਮ ਆਨੰਦ ਦਾ ਅਨਿੱਖੜਵਾਂ ਅੰਗ ਹਨ ਪਰ ਇਨ੍ਹਾਂ ’ਚੋਂ ਨਿਕਲਣ ਵਾਲੀ ਜ਼ਹਿਰੀਲੀ ਬੈਰੀਅਮ ਗੈਸ ਪ੍ਰਦੂਸ਼ਣ ਵਧਾਉਂਦੀ ਹੈ, ਇਸ ਲਈ ਵਾਤਾਵਰਣ ਅਨੁਕੂਲ ਪਟਾਕੇ ਭਾਵ ਗ੍ਰੀਨ ਕ੍ਰੈਕਰਸ ਦੀ ਹੀ ਵਰਤੋਂ ਕਰੋ।
ਹਾਲਾਂਕਿ ਇਸ ਸਾਲ ਵੀ ਦਿੱਲੀ ਸਮੇਤ ਕਈ ਸੂਬਿਆਂ ’ਚ ਗ੍ਰੀਨ ਪਟਾਕਿਆਂ ਦੇ ਸਿਵਾਏ ਹੋਰਨਾਂ ਪਟਾਕਿਆਂ ’ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਨਾਜਾਇਜ਼ ਪਟਾਕਾ ਫੈਕਟਰੀਆਂ ’ਚ ਪਟਾਕੇ ਬਣਾ ਕੇ ਦਿੱਲੀ ਅਤੇ ਹੋਰਨਾਂ ਥਾਵਾਂ ’ਤੇ ਸਮੱਗਲ ਕੀਤੇ ਜਾ ਰਹੇ ਹਨ। ਦੀਵਾਲੀ ਤੋਂ ਪਹਿਲਾਂ ਹੀ ਇਥੇ ਹਵਾ ਦੀ ਗੁਣਵੱਤਾ 50 ਦੇ ਸੁਰੱਖਿਅਤ ਪੱਧਰ ਤੋਂ ਵਧ ਕੇ 300 ’ਤੇ ਚਲੀ ਗਈ ਹੈ, ਜਦਕਿ ਦੀਵਾਲੀ ਦੇ ਦਿਨ ਤਾਂ ਇਹ ਹੋਰ ਵੀ ਵਧ ਜਾਵੇਗੀ। ਈਕੋ ਫ੍ਰੈਂਡਲੀ ਦੀਵਾਲੀ ਮਨਾਉਣ ਦਾ ਮੁੱਖ ਮਕਸਦ ਸਾਡੇ ਉਪਗ੍ਰਹਿ ਅਤੇ ਮਾਂ ਧਰਤੀ ਦੀ ਰਖਵਾਲੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਦੀਵਾਲੀ ’ਤੇ ਹਰ ਕਿਸਮ ਦੇ ਪਲਾਸਟਿਕ ਦੀ ਵਰਤੋਂ ਤੋਂ ਬਚੋ।
ਹਾਲ ਹੀ ’ਚ ਜਾਰੀ ‘ਏਡਲਗੀਵ ਹੁਰੂਨ ਇੰਡੀਆ ਪਰੋਪਕਾਰ ਸੂਚੀ-2022’ ਜਾਰੀ ਕੀਤੀ ਹੈ, ਜਿਸ ਦੇ ਅਨੁਸਾਰ ਇਸ ਸਾਲ ਆਈ. ਟੀ. ਕੰਪਨੀ ਐੱਚ. ਸੀ. ਐੱਲ. ਦੇ ਸੰਸਥਾਪਕ ਸ਼ਿਵ ਨਾਡਰ ਨੇ ਸਭ ਤੋਂ ਵੱਧ 1,162 ਕਰੋੜ ਰੁਪਏ, ਅਜ਼ੀਮ ਪ੍ਰੇਮਜੀ ਨੇ 484 ਕਰੋੜ ਰੁਪਏ ਅਤੇ ਮੁਕੇਸ਼ ਅੰਬਾਨੀ ਨੇ 411 ਕਰੋੜ ਰੁਪਏ ਦਾਨ ਕੀਤੇ ਹਨ। ਭਾਰਤੀ ਅਮੀਰਾਂ ਨੇ ਸਾਲ 2021-22 ’ਚ ਦਾਨ ਦੇ ਰੂਪ ’ਚ 5,666 ਕਰੋੜ ਰੁਪਏ ਦਿੱਤੇ ਹਨ, ਜਿਨ੍ਹਾਂ ’ਚੋਂ 15 ਅਮੀਰਾਂ ਨੇ 100 ਕਰੋੜ ਰੁਪਏ ਤੋਂ ਵੱਧ ਦਾਨ ਦਿੱਤਾ ਹੈ ਪਰ ਇਹ ਰਕਮ ਉਨ੍ਹਾਂ ਦੀ ਅਪਾਰ ਆਮਦਨ ਦੇ ਸਾਹਮਣੇ ਕੁਝ ਵੀ ਨਹੀਂ ਹੈ।
ਆਪਣੇ ਪਾਠਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦੇਣ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਪਟਾਕਿਆਂ ਆਦਿ ’ਤੇ ਖਰਚ ਕੀਤੀ ਜਾਣ ਵਾਲੀ ਰਕਮ ਲੋੜਵੰਦਾਂ ਦੀ ਭਲਾਈ ’ਤੇ ਖਰਚ ਕੀਤੀ ਜਾਏ। ਦੇਸ਼ ਵਿਚ ਸਾਰੇ ਲੋਕ ਸਮਾਜ ਦੇ ਵਾਂਝੇ ਵਰਗ ਦੀ ਮਦਦ ਦੇ ਲਈ ਅੱਗੇ ਆ ਕੇ ਦੇਸ਼ ਵਿਚ ਖੁਸ਼ੀ ਦੇ ਦੀਵੇ ਜਗਾਉਣ।