ਵਿਦਿਆਰਥੀ ਸੰਗਠਨ ਵੱਲੋਂ ਵਿਖਾਵੇ ਵਿਰੁੱਧ ਕੇਰਲ ਦੇ ‘ਰਾਜਪਾਲ ਦਾ ਧਰਨਾ’

01/30/2024 5:57:57 AM

ਇਨ੍ਹੀਂ ਦਿਨੀਂ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਖੱਬੇਪੱਖੀ ਸਰਕਾਰ ਅਤੇ ਰਾਜਪਾਲ ‘ਆਰਿਫ ਮੁਹੰਮਦ ਖਾਨ’ ਵਿਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਟਕਰਾਅ ਚੱਲ ਰਿਹਾ ਹੈ। ਜਿਥੇ ਸੂਬਾ ਸਰਕਾਰ ਨੇ ਉਨ੍ਹਾਂ ’ਤੇ ਕਈ ਦੋਸ਼ ਲਾਏ ਹਨ,ਉਥੇ ਹੀ ‘ਆਰਿਫ ਮੁਹੰਮਦ ਖਾਨ’ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੀ।

ਇਸ ਦਰਮਿਆਨ ਹੀ 27 ਜਨਵਰੀ ਨੂੰ ਜਦੋਂ ਰਾਜਪਾਲ ‘ਆਰਿਫ ਮੁਹੰਮਦ ਖਾਨ’ ਕੋਲੱਮ ਜ਼ਿਲੇ ਦੇ ‘ਨਿਲਮੇਲ’ ਵਿਚ ਕਾਰ ਰਾਹੀਂ ਜਾ ਰਹੇ ਸਨ ਤਾਂ ਐੱਮ. ਸੀ. ਰੋਡ ’ਤੇ ਖੱਬੇਪੱਖੀ ‘ਸਟੂਡੈਂਟ ਫੈੱਡਰੇਸ਼ਨ ਆਫ ਇੰਡੀਆ’ ਦੇ ਵਰਕਰ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਲੱਗੇ ਅਤੇ ਕੁਝ ਲੋਕ ਉਨ੍ਹਾਂ ਦੀ ਕਾਰ ਦੇ ਨੇੜੇ ਵੀ ਆ ਗਏ।

ਇਸ ’ਤੇ ਆਪਣੀ ਕਾਰ ਰੋਕ ਕੇ ਉਹ ਬਾਹਰ ਨਿਕਲੇ ਅਤੇ ਉਥੇ ਹੀ ਸੜਕ ਕੰਢੇ ਨੇੜਲੀ ਇਕ ਦੁਕਾਨ ਵਿਚੋਂ ਮੇਜ਼ ਕੱਢ ਕੇ ਧਰਨੇ ’ਤੇ ਬੈਠ ਗਏ। ਰਾਜਪਾਲ ਦਾ ਕਹਿਣਾ ਹੈ ਕਿ ‘‘ਕੁਝ ਲੋਕਾਂ ਨੇ ਮੇਰੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਵੀ ਕੀਤੀ।’’

‘‘ਮੈਂ ਜੋ ਦੇਖਿਆ ਉਸ ਵਿਚ ਬਹੁਤ ਸਾਰੇ ਲੋਕ ਸਨ ਅਤੇ ਕਿੰਨੇ ਪੁਲਸ ਵਾਲੇ ਸਨ? ਮੇਰਾ ਇਕੋ-ਇਕ ਸਵਾਲ ਇਹ ਹੈ ਕਿ ਜੇ ਮੁੱਖ ਮੰਤਰੀ ਇਸ ਸੜਕ ’ਤੋਂ ਲੰਘ ਰਹੇ ਹੋਣ ਤਾਂ ਕੀ ਪੁਲਸ ਵਿਖਾਵਾਕਾਰੀਆਂ ਨੂੰ ਸੜਕ ’ਤੇ ਆਉਣ ਦੀ ਆਗਿਆ ਦੇਵੇਗੀ?’’

ਰਾਜਪਾਲ ‘ਆਰਿਫ ਮੁਹੰਮਦ ਖਾਨ’ ਨੇ ਵਿਖਾਵਾਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ,‘‘ਪੁਲਸ ਸਟੂਡੈਂਟ ਫੈੱਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਨੂੰ ਸੁਰੱਖਿਆ ਦੇ ਰਹੀ ਹੈ। ਜੇ ਪੁਲਸ ਹੀ ਕਾਨੂੰਨ ਤੋੜੇਗੀ ਤਾਂ ਕਾਨੂੰਨ ਦੀ ਪਾਲਣਾ ਕੌਣ ਕਰੇਗਾ?’’

2 ਘੰਟੇ ਤੋਂ ਵੱਧ ਸਮੇਂ ਤਕ ਉਥੇ ਬੈਠਣ ਪਿੱਛੋਂ ਪੁਲਸ ਵੱਲੋਂ ਉਨ੍ਹਾਂ ਨੂੰ ਸਟੂਡੈਂਟ ਫੈੱਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਦੇ 17 ਵਰਕਰਾਂ ਵਿਰੁੱਧ ਗੈਰ-ਜ਼ਮਾਨਤੀ ਧਾਰਾਵਾਂ ਦੇ ਤਹਿਤ ਦਰਜ ਐੱਫ. ਆਈ. ਆਰ. ਦੀ ਕਾਪੀ ਦਿਖਾਉਣ ਪਿੱਛੋਂ ਹੀ ਰਾਜਪਾਲ ਨੇ ਆਪਣਾ ਧਰਨਾ ਖਤਮ ਕੀਤਾ।

ਇਸ ਘਟਨਾ ਪਿੱਛੋਂ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਕੇ ‘ਜ਼ੈੱਡ ਪਲੱਸ’ ਸ਼੍ਰੇਣੀ ਦੀ ਕਰ ਦਿੱਤੀ ਹੈ। ਕੇਰਲ ਦੀ ਸੱਤਾਧਾਰੀ ਪਾਰਟੀ ਦੇ ਇਕ ਸੰਗਠਨ ਦਾ ਰਾਜਪਾਲ ਵਿਰੁੱਧ ਪ੍ਰਦਰਸ਼ਨ ਇਕ ਖਤਰਨਾਕ ਰੁਝਾਨ ਦੀ ਸ਼ੁਰੂਆਤ ਦਾ ਸੰਕੇਤ ਹੈ, ਜਿਸ ਨੂੰ ਵਧਣ ਤੋਂ ਪਹਿਲਾਂ ਹੀ ਰੋਕਣਾ ਜ਼ਰੂਰੀ ਹੈ।

ਇਸ ਘਟਨਾ ਨਾਲ ਦੇਸ਼-ਵਿਦੇਸ਼ ਵਿਚ ਸੂਬਾ ਸਰਕਾਰ ਦੀ ਬਦਨਾਮੀ ਹੋਈ ਹੈ ਅਤੇ ਰਾਜਪਾਲ ਵਿਰੁੱਧ ਵਿਖਾਵਾ ਕਰਨ ਵਾਲਿਆਂ ਦੇ ਹੌਸਲੇ ਵਧੇ ਹਨ ਅਤੇ ਉਹ ਭਵਿੱਖ ਵਿਚ ਕਿਸੇ ਹੋਰ ਆਗੂ ਵਿਰੁੱਧ ਵੀ ਅਜਿਹਾ ਕਰ ਸਕਦੇ ਹਨ।

ਇਸ ਘਟਨਾ ਦਾ ਨੋਟਿਸ ਲੈ ਕੇ ਸੂਬਾ ਸਰਕਾਰ ਨੂੰ ਤੈਅ ਕਰਨਾ ਪਵੇਗਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਵਿਖਾਵੇ ਨਾ ਹੋਣ ਅਤੇ ਅਜਿਹੀ ਨੌਬਤ ਨਾ ਆਵੇ ਕਿ ਰਾਜਪਾਲ ਤਕ ਨੂੰ ਧਰਨੇ ’ਤੇ ਬੈਠਣਾ ਪਵੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਸੰਵੇਦਨਸ਼ੀਲ ਸੂਬਿਆਂ ਵਿਚ ਰਾਜਪਾਲਾਂ ਦੀ ਸੁਰੱਖਿਆ ਵੀ ਇਸੇ ਤਰ੍ਹਾਂ ਵਧਾਉਣੀ ਚਾਹੀਦੀ ਹੈ।

-ਵਿਜੇ ਕੁਮਾਰ


Anmol Tagra

Content Editor

Related News