ਧੁੰਦ ਤੇ ਠੰਢ ਬਣੀ ਆਫਤ; ਠਰੂੰ-ਠਰੂੰ ਕਰਦੇ ਸਕੂਲ ਗਏ ਵਿਦਿਆਰਥੀ
Friday, Jan 10, 2025 - 05:11 AM (IST)
ਸੁਲਤਾਨਪੁਰ ਲੋਧੀ (ਧੀਰ) - ਪਾਵਨ ਨਗਰੀ ਸੁਲਤਾਨਪੁਰ ਲੋਧੀ ਤੇ ਆਲੇ-ਦੁਆਲੇ ਦੇ ਇਲਾਕੇ ਅੰਦਰ ਸਵੇਰ ਦੀ ਪਈ ਸੰਘਣੀ ਧੁੰਦ ਲੋਕਾਂ ਵਾਸਤੇ ਜਿੱਥੇ ਆਫਤ ਬਣੀ ਰਹੀ, ਉੱਥੇ ਹੀ ਠਰੂੰ-ਠਰੂੰ ਕਰਦੇ ਹੋਏ ਵਿਦਿਆਰਥੀ ਸਕੂਲ ਜਾਂਦੇ ਦੇਖੇ ਗਏ। 11-12 ਵੱਜ ਦੇ ਹੀ ਦੁਪਹਿਰ ਵੇਲੇ ਮੌਸਮ ਸਾਫ ਹੋਣ ਤੋਂ ਬਾਅਦ ਨਿਕਲੀ ਧੁੱਪ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ।
ਸਵੇਰ ਦੇ ਸਮੇਂ ਸੁਲਤਾਨਪੁਰ ਲੋਧੀ ਸ਼ਹਿਰ ਤੇ ਇਸ ਦੇ ਆਸ-ਪਾਸ ਪਿੰਡਾਂ ਅਤੇ ਮੁੱਖ ਸੜਕਾਂ ’ਤੇ ਸੰਘਣੀ ਧੁੰਦ ਸਫੈਦ ਚਾਦਰ ਵਾਂਗ ਲਿਪਟੀ ਵਿਖਾਈ ਦਿੱਤੀ। ਸਵੇਰੇ ਧੁੰਦ ਕਾਰਨ 10 ਮੀਟਰ ਦੀ ਦੂਰੀ ’ਤੇ ਵੀ ਧੁੰਦਲਾ ਵਿਖਾਈ ਦੇ ਰਿਹਾ ਸੀ।
ਅੱਜ ਦਾ ਘੱਟੋ ਘੱਟ ਤਾਪਮਾਨ 5 ਡਿਗਰੀ ਅਤੇ ਵੱਧ ਤੋਂ ਵੱਧ 18 ਡਿਗਰੀ ਰਿਹਾ। ਘੱਟ ਤਾਪਮਾਨ ਨੇ ਲੋਕਾਂ ਨੂੰ ਹੱਡ ਚੀਰਵੀਂ ਠੰਢ ਦਾ ਅਹਿਸਾਸ ਕਰਵਾਇਆ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਠੰਢ ਕਾਰਨ ਰਾਹਗੀਰਾਂ ਨੂੰ ਸਫਰ ਦੌਰਾਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਵੇਰ ਸਮੇਂ ਵਾਹਨ ਚਲਾਉਣ ਤੋਂ ਲੋਕ ਗੁਰੇਜ਼ ਕਰ ਰਹੇ ਹਨ। ਧੁੰਦ ਕਾਰਨ ਚਾਰ ਪਈਆ ਵਾਹਨ ਚਾਲਕ ਵੀ ਮਜਬੂਰੀ ਵਸ ਹੀ ਘਰੋਂ ਨਿਕਲ ਰਹੇ ਹਨ। ਦੋ ਪਹੀਆ ਵਾਹਨ ਵਾਲਿਆਂ ਵਾਸਤੇ ਠੰਢ ਅਤੇ ਧੁੰਦ ਦੋਵੇਂ ਆਫਤ ਸਾਬਤ ਹੋ ਰਹੀਆਂ ਹਨ। ਆਮ ਲੋਕ ਮੌਸਮ ਸਾਫ ਹੋਣ ਦਾ ਇੰਤਜ਼ਾਰ ਕਰਦੇ ਹਨ। ਧੁੰਦ ਅਤੇ ਠੰਢ ਕਾਰਨ ਬਾਜ਼ਾਰ ਵੀ ਲੇਟ ਖੁੱਲ੍ਹੇ ਹਨ।
ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹੇ
ਬੱਚਿਆਂ ਵਾਸਤੇ ਛੁੱਟੀਆਂ ਵਧਾਉਣ ਦੇ ਬਾਵਜੂਦ ਧੁੰਦ ਅਤੇ ਠੰਢ ਦੋਵੇਂ ਪ੍ਰੇਸ਼ਾਨੀਆਂ ਦਾ ਸਬੱਬ ਬਣੇ ਰਹੇ। ਠੰਢ ਨੂੰ ਵੇਖਦਿਆਂ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਰਕਾਰ ਤੋਂ ਦੁਬਾਰਾ ਛੁੱਟੀਆਂ ਦੇ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕੋਈ ਵੀ ਜਵਾਬ ਨਾ ਆਉਣ ’ਤੇ ਪਿੰਡਾਂ ਤੋਂ ਸ਼ਹਿਰਾਂ ਅੰਦਰ ਪੜ੍ਹਾਈ ਲਈ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਸੰਘਣੀ ਧੁੰਦ ’ਚ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਠੰਢ ਦੀਆਂ ਛੁੱਟੀਆਂ ਨਹੀਂ, ਬਲਕਿ ਹੁਣ ਪ੍ਰੀਖਿਆਵਾਂ ਦੀ ਹੋਵੇਗੀ ਤਮਾਹੀ। ਸਿੱਖਿਆ ਵਿਭਾਗ ਵੱਲੋਂ ਹੁਣ ਠੰਢ ਦੀਆਂ ਛੁੱਟੀਆਂ ਨਹੀਂ ਬਲਕਿ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਖਿੱਚ ਲਈ ਹੈ। ਵਿਭਾਗ ਵੱਲੋਂ 8ਵੀਂ, 10ਵੀਂ ਅਤੇ 12ਵੀਂ ਦੀਆਂ ਫਰਵਰੀ ’ਚ ਪ੍ਰੀਖਿਆਵਾਂ ਕਰਾਉਣ ਦੀ ਯੋਜਨਾ ਬਣਾਈ ਹੈ। ਇਸ ਸਬੰਧੀ ਸਕੂਲ ਮੁਖੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸੰਬੰਧ ’ਚ ਵਿਸ਼ੇਸ਼ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਸਾਰੀ ਰੂਪ ਰੇਖਾ ਤਿਆਰ ਕਰਦਿਆਂ ਹੋਇਆਂ ਸਕੂਲਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਪ੍ਰੀਖਿਆਵਾਂ ਸਿਰ ’ਤੇ ਹੋਣ ਤੋਂ ਬਾਅਦ ਹੁਣ ਛੁੱਟੀਆਂ ਅਗਾਂਹ ਵਧਣ ਦਾ ਸਵਾਲ ਪੈਦਾ ਨਹੀਂ ਹੋ ਰਿਹਾ ਪਰ ਦੂਸਰੇ ਪਾਸੇ ਅਧਿਆਪਕ ਵਰਗ ਵੀ ਹੁਣ ਘੱਟ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਾਉਣ ਲਈ ਕੰਮ ਕਰਨ ਲੱਗ ਪਏ ਹਨ।
ਕਿਸਾਨਾਂ ਦੇ ਚਿਹਰਿਆਂ ’ਤੇ ਦਿਸੀ ਖੁਸ਼ੀ
ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਣਕ ਦੀ ਫਸਲ ਲਈ ਵਰਦਾਨ ਬਣੀ ਹੋਈ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਹੋਰ ਵੱਧ ਗਈ ਹੈ। ਕਿਸਾਨ ਅਮਰਜੀਤ ਸਿੰਘ, ਪਰਮਜੀਤ ਸਿੰਘ, ਨਵਦੀਪ ਸਿੰਘ, ਬਚਨ ਸਿੰਘ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਨਾਲ ਕਣਕ ਦੀ ਫਸਲ ਜਲਦੀ ਫੁੱਟੇਗੀ ਅਤੇ ਕੋਈ ਵੀ ਬਿਮਾਰੀ ਫਸਲ ਨੂੰ ਨਹੀਂ ਲੱਗੇਗੀ। ਕਣਕ ਦਾ ਝਾੜ ਵੀ ਵੱਧ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਦੂਜੇ ਪਾਸੇ ਸੰਘਣੀ ਧੁੰਦ ਤੇ ਕੋਹਰਾ ਸਬਜ਼ੀਆਂ ਦੇ ਲਈ ਹਾਨੀਕਾਰਕ ਹੈ, ਜਿਸ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ ਵੀ ਹਨ।