ਨਸ਼ੇ ’ਚ ਅੰਨ੍ਹੇ ਹੋ ਕੇ ਲੋਕ ਕਿਹੋ-ਜਿਹੇ ਕਰ ਰਹੇ ਅਪਰਾਧ!
Sunday, Aug 20, 2023 - 02:50 AM (IST)
ਇਕ ਪਾਸੇ ਨਸ਼ੇੜੀ ਨਸ਼ਿਆਂ ਦੀ ਵੱਧ ਵਰਤੋਂ ਕਰ ਕੇ ਮਰ ਰਹੇ ਹਨ ਤਾਂ ਦੂਜੇ ਪਾਸੇ ਨਸ਼ੇ ਦੇ ਮਾੜੇ ਅਸਰ ਕਾਰਨ ਸਹੀ-ਗਲਤ ’ਚ ਫਰਕ ਨਾ ਕਰ ਸਕਣ ਅਤੇ ਦਿਮਾਗ ਦੇ ਭ੍ਰਿਸ਼ਟ ਹੋ ਜਾਣ ਕਾਰਨ ਹਿੰਸਕ ਹੋ ਕੇ ਹੱਤਿਆ, ਕੁੱਟ-ਮਾਰ ਅਤੇ ਸੈਕਸ ਅਪਰਾਧ ਤੱਕ ਕਰ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 16 ਅਗਸਤ ਨੂੰ ਲੁਧਿਆਣਾ (ਪੰਜਾਬ) ’ਚ ਇਕ ਨਸ਼ੇੜੀ ਨੌਜਵਾਨ ਨੇ ਟ੍ਰੈਫਿਕ ਦੇ ਏ. ਐੱਸ. ਆਈ. ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 9 ਅਗਸਤ ਨੂੰ ਰਾਤ 10.30 ਵਜੇ ਫਾਜ਼ਿਲਕਾ (ਪੰਜਾਬ) ਦੇ ‘ਢਾਣੀ ਕੋਟ ਫੰਗਿਆ’ ’ਚ ਨਸ਼ੇ ਦੇ ਆਦੀ ਨੌਜਵਾਨ ਨਰਿੰਦਰ ਸਿੰਘ ਨੇ ਕਿਸੇ ਗੱਲ ’ਤੇ ਨਾਰਾਜ਼ਗੀ ਕਾਰਨ ਆਪਣੇ ਪਿਤਾ ਮੁੰਸ਼ਾ ਸਿੰਘ ਨੂੰ ਕੁੱਟਿਆ, ਜਿਸ ਤੋਂ ਕੁਝ ਸਮੇਂ ਬਾਅਦ ਮੁੰਸ਼ਾ ਸਿੰਘ ਨੇ ਨਰਿੰਦਰ ਸਿੰਘ ਨੂੰ ਵੱਢ ਕੇ ਮਾਰ ਦਿੱਤਾ।
* 9 ਅਗਸਤ ਨੂੰ ਹੀ ਬਕਸਰ (ਬਿਹਾਰ) ’ਚ ਨਸ਼ੇ ’ਚ ਧੁੱਤ ਨੇਵੀ ਦੇ ਇਕ ਜਵਾਨ ਨੇ ਐਕਸਾਈਜ਼ ਵਿਭਾਗ ਦੀ ਚੈੱਕ ਪੋਸਟ ’ਤੇ ਵਿਵਾਦ ਦੌਰਾਨ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ।
* 9 ਅਗਸਤ ਨੂੰ ਹੀ ਕਲੰਗੁਟ (ਗੋਆ) ਦੇ ਇਕ ਪੱਬ ’ਚ ਨਸ਼ੇ ’ਚ ਧੁੱਤ ਗੋਆ ਦੇ ਡੀ. ਆਈ. ਜੀ. (ਡਾ.) ‘ਏ. ਕੋਆਨ’ ਵੱਲੋਂ ਇਕ ਔਰਤ ਨਾਲ ਅਭੱਦਰਤਾ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਿਸ ’ਚ ਔਰਤ ਉਕਤ ਡੀ. ਆਈ. ਜੀ. ਨੂੰ ਥੱਪੜ ਮਾਰਦੀ ਅਤੇ ਉਸ ਨੂੰ ਖਰੀਆਂ-ਖਰੀਆਂ ਸੁਣਾਉਂਦੀ ਨਜ਼ਰ ਆ ਰਹੀ ਹੈ। ਇਸ ਘਟਨਾ ਪਿੱਛੋਂ ਗੋਆ ਸਰਕਾਰ ਨੇ ‘ਏ. ਕੋਆਨ’ ਨੂੰ ਡੀ. ਆਈ. ਜੀ. ਦੇ ਅਹੁਦੇ ਤੋਂ ਹਟਾ ਦਿੱਤਾ।
* 8 ਅਗਸਤ ਨੂੰ ਬੇਤੀਆ (ਬਿਹਾਰ) ਦੇ ਨਵਲਪੁਰ ਥਾਣਾ ਖੇਤਰ ਦੇ ਪਿੰਡ ‘ਸਿਸਵਾ ਭੂਮੀਹਾਰ’ ’ਚ ਨਸ਼ੇ ’ਚ ਧੁੱਤ ਨੌਜਵਾਨ ਨੇ ਆਪਣੇ ਪਿਤਾ ‘ਮਾਯਾ ਪਟੇਲ ਕੇਸ਼ਵ’ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਪਿਤਾ-ਪੁੱਤਰ ਦੋਵੇਂ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹੁੰਦੇ ਸਨ ਅਤੇ ਘਟਨਾ ਵਾਲੇ ਦਿਨ ਵੀ ਇਕੱਠੇ ਹੀ ਸ਼ਰਾਬ ਪੀ ਕੇ ਘਰ ਪਰਤੇ ਸਨ, ਇਸ ਪਿੱਛੋਂ ਕੋਈ ਵਿਵਾਦ ਹੋਣ ’ਤੇ ਬੇਟੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
* 8 ਅਗਸਤ ਨੂੰ ਹੀ ‘ਰਾਜਨਾਂਦਗਾਂਵ’ (ਛੱਤੀਸਗੜ੍ਹ) ਦੇ ‘ਡੋਗਰ’ ਪਿੰਡ ’ਚ ਨਸ਼ੇ ’ਚ ਧੁੱਤ ਇਕ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਕੇ ਇਕ ਮਹਿਲਾ ਭਾਜਪਾ ਨੇਤਰੀ ਦੇ ਬੇਟੇ ਦੀ ਹੱਤਿਆ ਅਤੇ ਦੂਜੇ ਨੌਜਵਾਨ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਿਦੱਤਾ।
* 7 ਅਗਸਤ ਨੂੰ ਮੋਗਾ (ਪੰਜਾਬ) ’ਚ ਰਣਜੀਤ ਸਿੰਘ ਨਾਮੀ ਨਸ਼ੇੜੀ ਨੌਜਵਾਨ ਆਪਣੀ ਮਾਂ ਜਸਪਾਲ ਕੌਰ ਦੀ ਪੈਨਸ਼ਨ ਦੀ ਪਾਸਬੁੱਕ ਤੇ 2 ਏ. ਟੀ. ਐੱਮ. ਕਾਰਡ ਚੋਰੀ ਕਰ ਕੇ ਲੈ ਗਿਆ। ਜਸਪਾਲ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਆਪਣੇ ਬੇਟੇ ’ਤੇ ਅਕਸਰ ਹੀ ਉਸ ਨਾਲ ਕੁੱਟ-ਮਾਰ ਕਰਨ ਅਤੇ ਰੁਪਏ ਖੋਹ ਕੇ ਲਿਜਾਣ ਦਾ ਦੋਸ਼ ਵੀ ਲਾਇਆ।
* 7 ਅਗਸਤ ਨੂੰ ਹੀ ਦੇਰ ਰਾਤ ਸੂਰਤ (ਗੁਜਰਾਤ) ’ਚ ਨਸ਼ੇ ’ਚ ਟੱਲੀ ਇਕ ਕਾਰ ਚਾਲਕ ਦੂਜੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਕਾਰ ਦੇ ਚਾਲਕ ਨੂੰ ਜ਼ਖਮੀ ਹਾਲਤ ’ਚ ਆਪਣੀ ਕਾਰ ਦੇ ਬੋਨੇਟ ’ਤੇ 2 ਕਿਲੋਮੀਟਰ ਤਕ ਘੁਮਾਉਂਦਾ ਰਿਹਾ।
* 7 ਅਗਸਤ ਨੂੰ ਹੀ ਹੈਦਰਾਬਾਦ (ਤੇਲੰਗਾਨਾ) ਦੇ ਬਾਲਾਜੀ ਨਗਰ ’ਚ ਨਸ਼ੇ ’ਚ ਧੁੱਤ ਪੇਦਾਰਮੱਈਆ ਨਾਮੀ ਇਕ ਵਿਅਕਤੀ ਨੇ ਰਾਤ ਲਗਭਗ 8.30 ਵਜੇ ਸੜਕ ’ਤੇ ਜਾ ਰਹੀ ਇਕ ਔਰਤ ਨੂੰ ਗਲਤ ਢੰਗ ਨਾਲ ਛੂਹਿਆ ਅਤੇ ਉਸ ਦੇ ਕੱਪੜੇ ਪਾੜ ਦਿੱਤੇ।
* 7 ਅਗਸਤ ਨੂੰ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਨੰਦਪੁਰ ਸਾਹਿਬ ਦੇ ਪਿੰਡ ‘ਡੇਰ’ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਨਿਰੀਖਣ ਦੌਰਾਨ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੂੰ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ’ਚ ਪਾਏ ਜਾਣ ’ਤੇ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ।
* 6 ਅਗਸਤ ਨੂੰ ਉਦੈਪੁਰ (ਰਾਜਸਥਾਨ) ਵਿਖੇ ਸ਼ਰਾਬ ਦੇ ਨਸ਼ੇ ’ਚ ਅੰਨ੍ਹੇ ਨੌਜਵਾਨ ਦੇ ਮਨ ’ਚ ਅਚਾਨਕ ਵਿਚਾਰ ਆਇਆ ਕਿ ਉਹ ਤਾਂ ਮ੍ਰਿਤਕ ਵਿਅਕਤੀ ਨੂੰ ਵੀ ਜ਼ਿੰਦਾ ਕਰ ਸਕਦਾ ਹੈ। ਇਸੇ ਸਨਕ ’ਚ ਉਸ ਨੇ ਇਕ ਬਜ਼ੁਰਗ ਔਰਤ ਦੇ ਵਾਲ ਖਿੱਚ ਕੇ ਉਸ ਦੀ ਛਾਤੀ ’ਤੇ ਅੰਨ੍ਹੇਵਾਹ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ।
* 6 ਅਗਸਤ ਦੀ ਹੀ ਰਾਤ ਨੂੰ ਦਾਦਰ ਰੇਲਵੇ ਸਟੇਸ਼ਨ ’ਤੇ ਨਸ਼ੇ ’ਚ ਧੁੱਤ ਇਕ ਵਿਅਕਤੀ ਨੇ ਪੁਣੇ ਤੋਂ ਮੁੰਬਈ ਜਾ ਰਹੀ ‘ਉਦਯਾਨ ਐਕਸਪ੍ਰੈੱਸ’ ਦੇ ਮਹਿਲਾ ਕੰਪਾਰਟਮੈਂਟ ’ਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਜਦ ਉਸ ’ਚ ਸਵਾਰ ਇਕੋ-ਇਕ ਔਰਤ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਔਰਤ ਨੂੰ ਧੱਕਾ ਦੇ ਕੇ ਚੱਲਦੀ ਰੇਲਗੱਡੀ ਤੋਂ ਹੇਠਾਂ ਸੁੱਟ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਈ।
* 4 ਅਗਸਤ ਨੂੰ ਬਰਨਾਲਾ (ਪੰਜਾਬ) ਦੇ ਪਿੰਡ ਝਲੂਰ ’ਚ ਨਸ਼ਾ ਕਰਨ ਤੋਂ ਰੋਕਣ ’ਤੇ 2 ਨੌਜਵਾਨਾਂ ਗੁਰਪ੍ਰੀਤ ਅਤੇ ਅਮਰ ਸਿੰਘ ਨੇ ਪਹਿਲਾਂ ਤਾਂ ਆਪਣੇ ਪਿਤਾ ਰਾਮ ਸਿੰਘ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਕੁਹਾੜੀ ਨਾਲ ਵੱਢ ਦਿੱਤਾ।
* 3 ਅਗਸਤ ਨੂੰ ਠਾਣੇ (ਮਹਾਰਾਸ਼ਟਰ) ਦੇ ‘ਬਨੇਲੀ’ ਪਿੰਡ ’ਚ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਰਿਣੀਤਾ ਪ੍ਰਵੀਣ ਮੌਰੀਆ ਨਾਮੀ ਮੁਟਿਆਰ ਨੇ ਨਸ਼ੇ ’ਚ ਧੁੱਤ ਪਤੀ ਨੂੰ ਬੁਰੀ ਤਰ੍ਹਾਂ ਕੁੱਟਣ ਪਿੱਛੋਂ ਗਲਾ ਘੁੱਟ ਕੇ ਮਾਰ ਦਿੱਤਾ।
ਯਕੀਨੀ ਹੀ ਇਹ ਘਟਨਾਵਾਂ ਅਤਿਅੰਤ ਦੁਖਦਾਈ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਲਈ ਦੇਸ਼ ’ਚ ਨਸ਼ੇ ਦੀ ਸਪਲਾਈ ਦੇ ਸੋਮੇ ਬੰਦ ਕਰਨ, ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਨਸ਼ੇੜੀਆਂ ਦਾ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ’ਚ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਕਰਵਾਉਣ ਦੀ ਤੁਰੰਤ ਲੋੜ ਹੈ।
-ਵਿਜੇ ਕੁਮਾਰ