‘ਨਹੀਂ ਠੱਲ੍ਹ ਰਿਹਾ’ ਪ੍ਰਭਾਵਸ਼ਾਲੀ ਲੋਕਾਂ ਦੀ ‘ਦਬੰਗਈ ਦਾ ਸਿਲਸਿਲਾ’

06/05/2020 2:31:34 AM

ਸੱਤਾ ਦੇ ਉੱਚੇ ਸੰਸਥਾਨ ਨਾਲ ਜੁੜੇ ਅਧਿਕਾਰੀਆਂ, ਸਿਆਸੀ ਆਗੂਅਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖੁਦ ਨੂੰ ਸੱਚਾ ਲੋਕ ਸੇਵਕ ਸਿੱਧ ਕਰਦੇ ਹੋਏ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ’ਚ ਮਦਦ ਕਰਨਗੇ ਪਰ ਅੱਜ ਇਹੀ ਲੋਕ ਵੱਡੇ ਪੈਮਾਨੇ ’ਤੇ ਦਬੰਗਈ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ। ਜਿਸ ਦੀਅਾਂ ਹਾਲ ਹੀ ਦੀਅਾਂ ਕੁਝ ਉਦਾਹਰਣਾਂ ਹੇਠ ਦਰਜ ਹਨ :

* 17 ਮਈ ਨੂੰ ਨਰਸਿੰਘਪੁਰ ’ਚ ਕਾਂਗਰਸ ਆਗੂ ਨਰਿੰਦਰ ਰਾਜਪੂਤ ਦੇ ਭਤੀਜੇ ਨੇ ਇਕ ਸਰਕਾਰੀ ਅਧਿਕਾਰੀ ਨੂੰ ਬੰਧਕ ਬਣਾ ਕੇ ਨਾ ਸਿਰਫ ਉਸ ਨਾਲ ਕੁੱਟਮਾਰ ਕੀਤੀ ਸਗੋਂ ਉਸ ਤੋਂ ਬਾਅਦ ਉਸਦੀ ਸੋਨੇ ਦੀ ਚੇਨ ਅਤੇ ਪੈਸੇ ਵੀ ਲੁੱਟ ਲਏ।

* 24 ਮਈ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ’ਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਇਕ ਸਾਬਕਾ ਅਹੁਦੇਦਾਰ ਕੈਲਾਸ਼ ਨਰਾਇਣ ਗੁਪਤਾ ਦੇ ਵਿਰੁੱਧ ਇਕ ਪਿਤਾ-ਪੁੱਤਰ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਕੱਪੜੇ ਉਤਾਰਨ, ਉਨ੍ਹਾਂ ਨਾਲ ਕੁੱਟਮਾਰ ਕਰਨ, 33000 ਰੁਪਏ ਨਕਦ ਅਤੇ 86 ਗ੍ਰਾਮ ਸੋਨੇ ਦੇ ਗਹਿਣੇ ਲੁੱਟਣ ਅਤੇ ਉਨ੍ਹਾਂ ਨੂੰ ਮੁਰਗਾ ਬਣਾ ਕੇ ਉਸ ਦੀ ਵੀਡਿਓ ਸੋਸ਼ਲ ਮੀਡੀਆ ’ਚ ਵਾਇਰਲ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 30 ਮਈ ਨੂੰ ਨੋਇਡਾ ਦੇ ਸੈਕਟਰ-22 ’ਚ ਇਕ ਭਾਜਪਾ ਨੇਤਾ ਅਤੇ ਇਮਾਰਤ ਦੇ ਮਾਲਕ ਨਰੇਸ਼ ਸ਼ਰਮਾ ਦੇ ਵਿਰੁੱਧ ਕਿਰਾਇਆ ਨਾ ਦੇਣ ’ਤੇ ਆਪਣੇ ਕਿਰਾਏਦਾਰਾਂ ਦੀ ਡਾਂਗਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕਰ ਲਿਆ।

* 01 ਜੂਨ ਨੂੰ ਛੱਤੀਸਗੜ੍ਹ ’ਚ ਕੋਰਬਾ ਜ਼ਿਲੇ ’ਚ ਬਾਂਗੋਥਾਣਾ ਇਲਾਕੇ ਦੇ ਕਾਂਗਰਸੀ ਆਗੂ ਅਤੇ ਸਾਬਕਾ ਜ਼ਿਲਾ ਉਪ ਪ੍ਰਧਾਨ ਸਰਬਜੀਤ ਸਿੰਘ ’ਤੇ ਇਕ ਕੰਸਟ੍ਰਕਸ਼ਨ ਕੰਪਨੀ ਨੇ ਬਜਰੀ ਦੇ 200 ਤੋਂ ਵੱਧ ਟਰੱਕ ਚੋਰੀ ਕਰਨ ਦਾ ਦੋਸ਼ ਲਗਾਇਆ।

* 03 ਜੂਨ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ’ਚ ਆਈ.ਏ.ਐੱਸ. ਅਧਿਕਾਰੀ ਜਨਕ ਪਾਠਕ ਦੇ ਵਿਰੁੱਧ ਇਕ ਔਰਤ ਦੀ ਸ਼ਿਕਾਇਤ ’ਤੇ ਜਬਰ-ਜ਼ਨਾਹ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। ਔਰਤ ਦਾ ਦੋਸ਼ ਹੈ ਕਿ ਜਨਕ ਪਾਠਕ ਨੇ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਉਸ ਨਾਲ ਜਬਰ-ਜ਼ਨਾਹ ਕੀਤਾ।

* 03 ਜੂਨ ਨੂੰ ਲਖਨਊ ਦੇ ਹਜ਼ਰਤਗੰਜ ਦੇ ਇਕ ਸਪਾ ਵਿਧਾਇਕ ਦੇ ਗੰਨਮੈਨ ਧਰਮਿੰਦਰ ਕੁਮਾਰ ਨੇ ਇਕ ਰਿਕਸ਼ਾਚਾਲਕ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ।

* 03 ਜੂਨ ਨੂੰ ਹੀ ਨਿਹਾਲਸਿੰਘਵਾਲਾ ਦੇ ਸਬਡਿਵੀਜ਼ਨ ਦੀ ਸਰਪੰਚ ਮਮਤਾ ਰਾਣੀ ਦੇ ਪਤੀ ਅਤੇ ਯੂਥ ਕਾਂਗਰਸ ਦੇ ਨੇਤਾ ਵਰੁਣ ਜੋਸ਼ੀ ਦੇ ਵਿਰੁੱਧ ਇਸੇ ਦੇ ਪਿੰਡ ’ਚ ਤਾਇਨਾਤ ਇਕ ਨਰਸ ਨੂੰ ਕਥਿਤ ਤੌਰ ’ਤੇ ਬਲੈਕਮੇਲ ਕੀਤਾ ਅਤੇ ਕਿਸੇ ਸੁਨਸਾਨ ਥਾਂ ’ਤੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।

ਉਕਤ ਘਟਨਾਵਾਂ ਤੋਂ ਸਪਸ਼ਟ ਹੈ ਕਿ ਸਾਰੀਅਾਂ ਪਾਰਟੀਅਾਂ ’ਚ ਅਜਿਹੇ ਤੱਤ ਮੌਜੂਦ ਹਨ ਜੋ ਆਪਣੀ ਪੋਜ਼ੀਸ਼ਨ ਦਾ ਅਣਉਚਿਤ ਲਾਭ ਉਠਾ ਰਹੇ ਹਨ ਅਤੇ ਆਪਣੀ ਪਾਰਟੀ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ।

ਯਕੀਨਨ ਇਹ ਇਕ ਖਤਰਨਾਕ ਰੁਝਾਨ ਹੈ। ਜੇਕਰ ਇਸਨੂੰ ਨਾ ਰੋਕਿਆ ਗਿਆ ਤਾਂ ਆਮ ਲੋਕ ਵੀ ਪ੍ਰਤੀਕ੍ਰਿਆ ਵਜੋਂ ਇਨ੍ਹਾਂ ਵਾਂਗ ਕਾਨੂੰਨ ਨੂੰ ਆਪਣੇ ਹੱਥ ’ਚ ਲੈਣ ਲਈ ਮਜਬੂਰ ਹੋਣਗੇ ਅਤੇ ਇਸ ਦਾ ਨਤੀਜਾ ਸਾਰੀਅਾਂ ਧਿਰਾਂ ਲਈ ਦੁੱਖਦਾਈ ਹੀ ਹੋਵੇਗਾ।

–ਵਿਜੇ ਕੁਮਾਰ\


Bharat Thapa

Content Editor

Related News