ਭਾਰਤੀ ਸਮੱਗਲਰ ਹੁਣ ਆਪਣੇ ‘ਡਰੋਨ ਰਾਹੀਂ’ ਪਾਕਿ ਤੋਂ ਨਸ਼ਾ ਅਤੇ ਹਥਿਆਰ ਮੰਗਵਾਉਣ ਲੱਗੇ
Thursday, May 25, 2023 - 03:35 AM (IST)
ਅਸੀਂ ਲੰਬੇ ਸਮੇਂ ਤੋਂ ਪਾਕਿਸਤਾਨ ’ਤੇ ਭਾਰਤ ’ਚ ਨਸ਼ੀਲੇ ਪਦਾਰਥ ਭੇਜਣ, ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਵਾਉਣ, ਅੱਤਵਾਦੀਆਂ ਨੂੰ ਪਨਾਹ ਅਤੇ ਦੇਸ਼ ਵਿਰੋਧੀ ਸਰਗਰਮੀਆਂ ਲਈ ਉਤਸ਼ਾਹ ਦੇ ਕੇ ਖੂਨ-ਖਰਾਬਾ ਕਰਵਾਉਣ ਅਤੇ ਨਕਲੀ ਕਰੰਸੀ ਭੇਜ ਕੇ ਭਾਰਤ ਦੀ ਅਰਥਵਿਵਸਥਾ ਕਮਜ਼ੋਰ ਕਰਨ ਦੇ ਦੋਸ਼ ਲਗਾਉਂਦੇ ਆ ਰਹੇ ਹਨ।
ਪਰ 28 ਮਾਰਚ 2010 ਨੂੰ ਵਾਹਘਾ ’ਚ ਪਾਕਿ ਰੇਂਜਰਸ ਦੇ ਜਨਰਲ ਡਾਇਰੈਕਟਰ ਬ੍ਰਿਗੇਡੀਅਰ ਮੋ. ਯਾਕੂਬ ਕੋਲ ਬੀ. ਐੱਸ. ਐੱਫ. ਦੇ ਐਡੀਸ਼ਨਲ ਡਾਇਰੈਕਟਰ ਪੀ. ਪੀ. ਐੱਸ. ਸਿੱਧੂ ਨੇ ਜਦੋਂ ਇਹ ਮਾਮਲਾ ਉਠਾਇਆ ਤਾਂ ਉਨ੍ਹਾਂ ਸਾਡੇ ਮੂੰਹ ’ਤੇ ‘ਚਪੇੜ’ ਜੜ੍ਹਦੇ ਹੋਏ ਕਿਹਾ ਸੀ ਕਿ :
‘‘ਭਾਰਤ ਵੱਲੋਂ ਸਰਹੱਦ ’ਤੇ ਕੰਡਿਆਲੀ ਵਾੜ ਹੈ ਅਤੇ ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਫਲੱਡ ਲਾਈਟਸ ਲੱਗੀਆਂ ਹਨ। ਭਾਰਤੀ ਸਰਹੱਦ ’ਤੇ ਚੌਕਸੀ ਅਤੇ ਗਸ਼ਤ ਦੀ ਵਿਵਸਥਾ ਹੈ। ਫਿਰ ਵੀ ਜੇਕਰ ਸਰਹੱਦ ’ਤੇ ਸਮੱਗਲਿੰਗ ਹੁੰਦੀ ਹੈ ਤਾਂ ਇਸ ਬਾਰੇ ਭਾਰਤੀ ਅਧਿਕਾਰੀਆਂ ਨੂੰ ਹੀ ਸੋਚਣ ਦੀ ਲੋੜ ਹੈ।’’
ਬ੍ਰਿਗੇਡੀਅਰ ਮੋ. ਯਾਕੂਬ ਦਾ ਉਕਤ ਕਥਨ ਉਦੋਂ ਵੀ ਸਹੀ ਸੀ ਅਤੇ ਅੱਜ ਵੀ ਸਹੀ ਹੈ ਕਿਉਂਕਿ ਨਸ਼ਿਆਂ, ਨਕਲੀ ਕਰੰਸੀ, ਹਥਿਆਰਾਂ ਆਦਿ ਦੀ ਸਮੱਗਲਿੰਗ ਬੇਸ਼ੱਕ ਪਾਕਿਸਤਾਨ ਵੱਲੋਂ ਹੋ ਰਹੀ ਹੈ ਪਰ ਭਾਰਤ ’ਚ ਇਨ੍ਹਾਂ ਨੂੰ ਹਾਸਲ ਕਰਨ ਅਤੇ ਵੰਡਣ ਵਾਲੇ ਤਾਂ ਭਾਰਤੀ ਹੀ ਹਨ।
ਇਸ ਦਾ ਤਾਜ਼ਾ ਸਬੂਤ 23 ਮਈ ਨੂੰ ਮਿਲਿਆ ਜਦੋਂ ਸਟੇਟ ਟਾਸਕ ਫੋਰਸ ਨੇ ਆਪਣੇ ਖਰੀਦੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਨਸ਼ਾ ਸਮੱਗਲਰ ਲਖਬੀਰ ਸਿੰਘ ਉਰਫ ਲੱਖਾ ਨੂੰ ਅੰਮ੍ਰਿਤਸਰ ਜ਼ਿਲੇ ਤੋਂ ਗ੍ਰਿਫਤਾਰ ਕੀਤਾ।
ਉਹ ਆਪਣਾ ਡਰੋਨ ਪਾਕਿਸਤਾਨ ਭੇਜਦਾ ਅਤੇ ਪਾਕਿਸਤਾਨੀ ਸਮੱਗਲਰ ਉਸ ’ਚ ਸਾਮਾਨ ਲੱਦ ਕੇ ਵਾਪਸ ਭੇਜ ਦਿੰਦੇ, ਜਿਸ ਨੂੰ ਉਹ ਭਾਰਤ ’ਚ ਦੁਬਾਰਾ ਰਿਸੀਵ ਕਰ ਲੈਂਦਾ ਸੀ।
ਆਪਣੇ ਹੀ ਦੇਸ਼ ਵਿਰੁੱਧ ਸਰਗਰਮੀਆਂ ’ਚ ਕੁਝ ਲੋਕਾਂ ਦਾ ਸ਼ਾਮਲ ਹੋਣਾ ਦੇਸ਼ਧ੍ਰੋਹ ਨਾਲੋਂ ਘੱਟ ਨਹੀਂ। ਇਸ ਲਈ ਬੇਸ਼ੱਕ ਸਾਡੀ ਸਰਕਾਰ ਪਾਕਿਸਤਾਨ ਨਾਲ ਭਾਰਤ ਵਿਰੋਧੀ ਸਰਗਰਮੀਆਂ ਦਾ ਮਾਮਲਾ ਉਠਾਉਂਦੀ ਰਹਿੰਦੀ ਹੈ ਪਰ ਉਸ ਨੂੰ ਆਪਣੇ ਹੀ ਦੇਸ਼ ’ਚ ਲੁੱਕ ਕੇ ਬੈਠੇ ਗੱਦਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗ ਸਕੇ।
- ਵਿਜੇ ਕੁਮਾਰ