''ਇਹ ਹੈ ਭਾਰਤ ਦੇਸ਼ ਅਸਾਡਾ!''

Saturday, Jun 18, 2016 - 03:55 AM (IST)

''ਇਹ ਹੈ ਭਾਰਤ ਦੇਸ਼ ਅਸਾਡਾ!''

ਇਕ ਸਮਾਂ ਸੀ ਜਦੋਂ ਆਪਣੀਆਂ ਉੱਚ ਨੈਤਿਕ ਕਦਰਾਂ-ਕੀਮਤਾਂ, ਆਦਰਸ਼ਾਂ ਤੇ ਰਵਾਇਤਾਂ ਲਈ ਭਾਰਤ ਦੁਨੀਆ ਭਰ ''ਚ ਜਾਣਿਆ ਜਾਂਦਾ ਸੀ ਅਤੇ ਸਾਰੇ ਆਮ ਤੇ  ਖਾਸ ਲੋਕ ਮਾਰਗ-ਦਰਸ਼ਨ ਲਈ ਭਾਰਤ ਵੱਲ ਦੇਖਦੇ ਸਨ ਪਰ ਹੁਣ ਭਾਰਤ ''ਚ ਹੋ ਰਿਹਾ ਨੈਤਿਕ ਅਤੇ ਚਰਿੱਤਰਿਕ ਪਤਨ ਸਾਰੀਆਂ ਹੱਦਾਂ ਟੱਪ ਗਿਆ ਹੈ ਤੇ ਕਦਮ-ਕਦਮ ''ਤੇ ਰਿਸ਼ਤੇ ਸ਼ਰਮਸਾਰ ਹੋ ਰਹੇ ਹਨ :
* 15 ਮਈ ਨੂੰ ਮੁਜ਼ੱਫਰਨਗਰ ਦੇ ਬੁਧਾਨਾ ਕਸਬੇ ''ਚ ਆਪਣੀ ਪਤਨੀ ਦੇ ਕੰਮ ''ਤੇ ਚਲੀ ਜਾਣ ਤੋਂ ਬਾਅਦ ਡਰਾ-ਧਮਕਾ ਕੇ ਆਪਣੀ ਧੀ ਨਾਲ ਲਗਾਤਾਰ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ।
* 17 ਮਈ ਨੂੰ ਗੁੜਗਾਓਂ ''ਚ ਰਹਿਣ ਵਾਲੀ 14 ਸਾਲਾ ਲੜਕੀ ਨੇ ਆਪਣੇ ਪਿਤਾ ''ਤੇ ਬਲਾਤਕਾਰ ਕਰਨ ਦਾ ਦੋਸ਼ ਲਾਉਂਦਿਆਂ ਪੁਲਸ ਕੋਲ ਰਿਪੋਰਟ ਦਰਜ ਕਰਵਾਈ।
* 22 ਮਈ ਨੂੰ ਗਵਾਲੀਅਰ ਦੇ ਚਿਨੌਰ ਕਸਬੇ ਦੇ 50 ਸਾਲਾ ਲਾਖਨ ਸਿੰਘ ਜਾਟਵ ਦੀ ਨਸ਼ਾਖੋਰੀ ਦੀ ਆਦਤ ਤੋਂ ਤੰਗ ਆਏ ਉਸ ਦੇ ਦੋਹਾਂ ਬੇਟਿਆਂ ਬਲਵੀਰ ਤੇ ਰਣਵੀਰ ਨੇ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਲਾਖਨ ਸਿੰਘ ਆਪਣਾ ਨਸ਼ੇ ਦਾ ਭੁਸ ਪੂਰਾ ਕਰਨ ਲਈ ਜੱਦੀ ਜ਼ਮੀਨ ਵੇਚਦਾ ਜਾ ਰਿਹਾ ਸੀ।
* 23 ਮਈ ਨੂੰ ਸੰਭਲ ''ਚ ਆਪਣੀ 16 ਸਾਲਾ ਧੀ ਨਾਲ ਲਗਭਗ ਇਕ ਸਾਲ ਤਕ ਬਲਾਤਕਾਰ ਕਰਨ ਦੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ।
* 24 ਮਈ ਨੂੰ ਕੋਇੰਬਟੂਰ ''ਚ 19 ਸਾਲਾ ਮੁਟਿਆਰ ਨੇ ਆਪਣੇ ਪ੍ਰੇਮੀ ਅਤੇ ਉਸ ਦੇ 4 ਦੋਸਤਾਂ ਨਾਲ ਮਿਲ ਕੇ ਆਪਣੇ 60 ਸਾਲਾ ਪਿਤਾ ਦੀ ਹੱਤਿਆ ਕਰ ਦਿੱਤੀ।
* 29 ਮਈ ਨੂੰ ਰਾਜਸਥਾਨ ਦੇ ਬਾਰਾਂ ਜ਼ਿਲੇ ''ਚ 19 ਸਾਲਾ ਰਾਧਾ ਬਾਈ ਦੀ ਵੱਡੀ ਭੈਣ ਧਰਮਵਤੀ ਬਾਈ ਨੇ ਹੋਰਨਾਂ ਲੋਕਾਂ ਨਾਲ ਗੰਢਤੁੱਪ ਕਰ ਕੇ ਰਾਧਾ ਬਾਈ ਨੂੰ ਉਸ ਨਾਲੋਂ ਦੁੱਗਣੀ ਉਮਰ ਦੇ ਵਿਅਕਤੀ ਕੋਲ ਡੇਢ ਲੱਖ ਰੁਪਏ ''ਚ ਵੇਚ ਦਿੱਤਾ।
* 4 ਜੂਨ ਨੂੰ ਪੱਛਮੀ ਦਿੱਲੀ ਦੇ ਬੱਕਰਵਾਲਾ ''ਚ 21 ਸਾਲਾ ਔਰਤ ਦੀ ਹੱਤਿਆ ਦੇ ਦੋਸ਼ ਹੇਠ ਉਸ ਦੇ ਪਤੀ ਸੰਦੀਪ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਤਾਂ ਸੰਦੀਪ ਨੇ ਆਪਣੀ ਪਤਨੀ ਨੂੰ ਸ਼ਰਾਬ ਪਿਲਾਈ, ਫਿਰ ਉਸ ਦਾ ਸਿਰ ਕੰਧ ਨਾਲ ਟਕਰਾ ਕੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਉਸ ਦਾ ਚਿਹਰਾ ਪਾਣੀ ਨਾਲ ਧੋ ਕੇ ਉਸ ਨਾਲ ਸੈਕਸ ਕੀਤਾ ਅਤੇ ਰਾਤ ਭਰ ਉਸ ਦੀ ਲਾਸ਼ ਨਾਲ ਸੁੱਤਾ ਰਿਹਾ।
* 5 ਜੂਨ ਨੂੰ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ''ਚ ਪੈਂਦੇ ਪਿੰਡ ਭਟੋਲੀਆਂ ਦੇ ਕੇਵਲ ਸਿੰਘ ਦੀ ਹੱਤਿਆ ਦੇ ਦੋਸ਼ ਹੇਠ ਪੁਲਸ ਨੇ ਉਸ ਦੀ ਪਤਨੀ ਬਲਵਿੰਦਰ ਕੌਰ ਉਰਫ ਲਾਡੀ ਤੇ ਦੋ ਹੋਰਨਾਂ ਨੂੰ ਗ੍ਰਿਫਤਾਰ ਕੀਤਾ।
* 6 ਜੂਨ ਨੂੰ ਗੁਰਦਾਸਪੁਰ ਦੇ ਤਿੱਬੜੀ ਪਿੰਡ ''ਚ ਆਪਣੀ ਧੀ ਨੂੰ ਮਿਲਣ ਆਏ ਬਜ਼ੁਰਗ ਤੇਜਾ ਸਿੰਘ ਨੂੰ ਉਸ ਦੇ ਜਵਾਈ ਗਗਨਦੀਪ ਸਿੰਘ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
* 8 ਜੂਨ ਨੂੰ ਮੁੰਬਈ ਪੁਲਸ ਨੇ ਰਾਜਸਥਾਨ ਦੇ ਚਾਂਦ ਮੱਲ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਆਪਣੀ ਪਤਨੀ ਸਰਿਤਾ ਦੀ ਬੀਮਾਰੀ ਤੋਂ ਤੰਗ ਆ ਕੇ ਉਸ ਨੂੰ ਨੀਂਦ ਦੀਆਂ ਗੋਲੀਆਂ ਖੁਆ ਕੇ ਬੇਹੋਸ਼ ਕਰਨ ਮਗਰੋਂ ਟੋਏ ''ਚ ਜ਼ਿੰਦਾ ਦੱਬ ਕੇ ਮਾਰ ਦਿੱਤਾ। 
* 8 ਜੂਨ ਨੂੰ ਹੀ ਮੁੰਬਈ ''ਚ ਪੁੱਤਰ ਦੇ ਚਾਹਵਾਨ ਕੈਲਾਸ਼ ਨਾਮੀ 30 ਸਾਲਾ ਵਿਅਕਤੀ ਨੇ ਆਪਣੀ ਡੇਢ ਮਹੀਨੇ ਦੀ ਧੀ ਯੋਗਿਤਾ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ।
* 9 ਜੂਨ ਨੂੰ ਬਿਹਾਰ ''ਚ ਮਧੇਪੁਰਾ ਜ਼ਿਲੇ ਦੇ ਪੁਰੈਨੀ ਪਿੰਡ ''ਚ ਆਪਣੇ ਬੀਮਾਰ ਜਵਾਈ ਸੂਰਜ ਦੀ ਸੇਵਾ ਕਰਨ ਗਈ 40 ਸਾਲਾ ਔਰਤ ਦਾ ਆਪਣੇ ਜਵਾਈ ''ਤੇ ਹੀ ਦਿਲ ਆ ਗਿਆ ਅਤੇ ਆਪਣੀ ਧੀ ਲਲਿਤਾ ਦਾ ਘਰ ਉਜਾੜ ਕੇ ਉਸ ਨੇ ਸੂਰਜ ਨਾਲ ਵਿਆਹ ਕਰਵਾ ਲਿਆ ਤੇ ਲਲਿਤਾ ਨੂੰ ਉਸ ਦਾ ਪਿਤਾ ਆਪਣੇ ਨਾਲ ਲੈ ਗਿਆ।
* 10 ਜੂਨ ਨੂੰ ਬੰਗਾਲ ਦੇ ''ਸੂਰੀ'' ਵਿਚ ਨਿਰਮਲ ਲਾਹਾ ਨਾਮੀ ਨੌਜਵਾਨ ਨੇ ਆਪਣੇ ਦੋ ਛੋਟੇ ਭਰਾਵਾਂ ਨਾਲ ਆਪਣੇ ਪਰਿਵਾਰਕ ਤਲਾਬ ''ਚੋਂ ਫੜੀ ਗਈ ਇਕ ਕਿਲੋ ਮੱਛੀ ''ਚੋਂ ਹਿੱਸਾ ਮੰਗਿਆ ਤਾਂ ਉਨ੍ਹਾਂ ਨੇ ਲੋਹੇ ਦੀਆਂ ਰਾਡਾਂ ਨਾਲ ਉਸ ਦੀ ਹੱਤਿਆ ਕਰ ਦਿੱਤੀ।
* 10 ਜੂਨ ਨੂੰ ਹੀ ਲੁਧਿਆਣਾ ਦੀ ਡੇਹਲੋਂ ਪੁਲਸ ਨੇ ਰਜਿੰਦਰ ਕੁਮਾਰ ਉਰਫ ਕਾਲੂ ਨਾਮੀ 40 ਸਾਲਾ ਵਿਅਕਤੀ ਵਿਰੁੱਧ ਆਪਣੀ 18 ਸਾਲਾ ਭਾਣਜੀ ਨੂੰ ਖੇਤਾਂ ''ਚ ਲਿਜਾ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ।
* 10 ਜੂਨ ਨੂੰ ਹੀ ਤਲਵੰਡੀ ਸਾਬੋ ''ਚ ਗੁਰਜੰਟ ਸਿੰਘ ਨੇ ਆਪਣੀ ਪਤਨੀ ਮਨਦੀਪ ਕੌਰ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਹੋਣ ਕਰਕੇ ਖੁਦਕੁਸ਼ੀ ਕਰ ਲਈ।
* 11 ਜੂਨ ਨੂੰ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੇ ਪਿੰਡ ਜਲਕੇ ''ਚ ਉਦੈ ਗੌੜ ਨੇ ''ਚੁੜੇਲ'' ਹੋਣ ਦੇ ਸ਼ੱਕ ''ਚ ਆਪਣੀ ਚਾਚੀ ਬੂਧਨ ਬਾਈ ਨੂੰ ਮਾਰ ਦਿੱਤਾ। ਉਸ ਨੂੰ ਸ਼ੱਕ ਸੀ ਕਿ ਬੂਧਨ ਦੇ ਜਾਦੂ-ਟੂਣੇ ਕਾਰਨ ਹੀ ਉਸ ਦੀ ਮਾਂ ਤੇ ਭਰਾ ਬੀਮਾਰ ਰਹਿੰਦੇ ਹਨ।
* 12 ਜੂਨ ਨੂੰ ਗੋਹਾਨਾ ਦੇ ਖੇੜੀ ਦਮਕਨ ਪਿੰਡ ਦੀ ਇਕ ਔਰਤ ਨੇ ਦੋਸ਼ ਲਾਇਆ ਕਿ ਪਿੰਡ ਦੇ ਹੀ ਰਾਮ ਨਿਵਾਸ ਨਾਮੀ ਵਿਅਕਤੀ ਦੀ ਪਤਨੀ ਨੇ ਉਸ ਨੂੰ ਆਪਣੇ ਘਰ ਬੁਲਾਇਆ ਜਿਥੇ ਰਾਮ ਨਿਵਾਸ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਪਤਨੀ ਘਰ ਦੇ ਬਾਹਰ ਪਹਿਰਾ ਦਿੰਦੀ ਰਹੀ।
* 14 ਜੂਨ ਨੂੰ ਜੰਮੂ ਦੇ ਰਿਆਸੀ ਜ਼ਿਲੇ ਦੇ ਕਟੜਾ ਸ਼ਹਿਰ ''ਚ ਵੈਸ਼ਨੋ ਦੇਵੀ ਦੀ ਯਾਤਰਾ ''ਤੇ ਗਈ ਇਕ ਔਰਤ ਲਕਸ਼ਮੀ ਗੁਪਤਾ ਦੀ ਉਸ ਦੇ ਪਤੀ ਸ਼ਕਤੀ ਗੁਪਤਾ ਨੇ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਤੇ ਇਸ ਨੂੰ ਘਟਨਾ ਦਾ ਰੂਪ ਦੇਣ ਲਈ ਉਸ ਦੀ ਲਾਸ਼ ਪਹਾੜੀ ਤੋਂ ਹੇਠਾਂ ਸੁੱਟ ਦਿੱਤੀ। ਇਸ ਜੋੜੇ ਦਾ ਵਿਆਹ ਇਸੇ ਸਾਲ 10 ਮਾਰਚ ਨੂੰ ਹੋਇਆ ਸੀ।
ਕਿਸੇ ਵੀ ਦੇਸ਼ ਦਾ ਪਤਨ ਉਸ ਦੇਸ਼ ਦੇ ਲੋਕਾਂ ਦੇ ਚਰਿੱਤਰਿਕ ਪਤਨ ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਦੇਸ਼ ''ਚ ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਮੁੜ ਸਥਾਪਨਾ ਕਰਨਾ ਸਮੇਂ ਦੀ ਮੰਗ ਹੈ ਤਾਂ ਕਿ ਇਹ ਕੁਚੱਕਰ ਰੁਕ ਸਕੇ ਤੇ ਭਾਰਤ ਆਪਣਾ ਪੁਰਾਣਾ ਮਾਣ ਮੁੜ ਹਾਸਿਲ ਕਰ ਸਕੇ।                                         
—ਵਿਜੇ ਕੁਮਾਰ


author

Vijay Kumar Chopra

Chief Editor

Related News