ਇਹ ਹੈ ਭਾਰਤ ਦੇਸ਼ ਅਸਾਡਾ ਉੱਤਰਾਖੰਡ ਦੇ 7 ਪਿੰਡ ਜੋ ਚਾਈਨੀਜ਼ ਰਾਸ਼ਨ ਦੇ ਸਹਾਰੇ ਗੁਜ਼ਾਰਾ ਕਰ ਰਹੇ ਹਨ

Sunday, Oct 07, 2018 - 06:23 AM (IST)

ਇਹ ਹੈ ਭਾਰਤ ਦੇਸ਼ ਅਸਾਡਾ ਉੱਤਰਾਖੰਡ ਦੇ 7 ਪਿੰਡ ਜੋ ਚਾਈਨੀਜ਼ ਰਾਸ਼ਨ ਦੇ ਸਹਾਰੇ ਗੁਜ਼ਾਰਾ ਕਰ ਰਹੇ ਹਨ

ਬੇਸ਼ੱਕ ਹੀ ਸਾਡੇ ਦੇਸ਼ ’ਚ ਵਿਕਾਸ ਕਾਰਜਾਂ ਦਾ ਕਿੰਨਾ ਹੀ ਢਿੰਡੋਰਾ ਪਿੱਟਿਆ ਜਾਂਦਾ ਹੋਵੇ, ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਦੇ ਕਈ ਹਿੱਸਿਅਾਂ ’ਚ ਆਵਾਜਾਈ ਦਾ ਤਸੱਲੀਬਖਸ਼ ਪ੍ਰਬੰਧ ਨਹੀਂ ਹੈ। ਉਹ ਅੱਜ ਵੀ ਲੰਮੇ ਸਮੇਂ ਤਕ ਬਾਕੀ ਦੇਸ਼ ਨਾਲੋਂ ਕੱਟੇ ਰਹਿੰਦੇ ਹਨ ਅਤੇ ਜੀਵਨ ਲਈ ਉਪਯੋਗੀ ਆਪਣੀਅਾਂ ਨਿੱਤ ਦੀਅਾਂ ਲੋੜਾਂ ਪੂਰੀਅਾਂ ਕਰਨ ਦੇ ਮਾਮਲੇ ’ਚ  ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਦੇ ਦੂਰ-ਦੁਰਾਡੇ ਪੈਂਦੇ ਬਿਆਸਘਾਟੀ ਦੇ ਧਾਰਚੂਲਾ ਇਲਾਕੇ ’ਚ ਵਸੇ 7 ਪਿੰਡ–ਗਰਬਯਾਂ, ਬੁੰਦੀ, ਗੁੰਜੀ, ਕੁਟੀ, ਨਪਾਲਚੂ, ਨਾਭਿ ਅਤੇ ਰਾਨਕਾਂਗ ’ਚ ਰਹਿਣ ਵਾਲੇ 400 ਪਰਿਵਾਰਾਂ ਦੇ ਹਜ਼ਾਰਾਂ ਮੈਂਬਰ  ਜੀਵਨ  ਲਈ  ਉਪਯੋਗੀ  ਆਪਣੀਅਾਂ  ਨਿੱਤ ਦੀਅਾਂ ਲੋੜਾਂ ਨੂੰ ਭਾਰਤ ਤੋਂ ਨਹੀਂ, ਸਗੋਂ ਚੀਨ ਤੋਂ ਪੂਰੀਅਾਂ ਕਰ ਰਹੇ ਹਨ। 
ਇਨ੍ਹਾਂ ਨੂੰ ਆਪਣੀ ਲੋੜ ਦੀਅਾਂ ਵਸਤਾਂ, ਜਿਵੇਂ ਲੂਣ, ਤੇਲ, ਆਟਾ, ਚੌਲ ਆਦਿ ਗੁਅਾਂਢੀ ਦੇਸ਼ ਤੋਂ ਖਰੀਦਣੀਅਾਂ ਪੈਂਦੀਅਾਂ ਹਨ, ਜੋ ਇਨ੍ਹਾਂ ਤਕ ਨੇਪਾਲ ਦੇ ਰਸਤੇ ਪਹੁੰਚਦੀਅਾਂ ਹਨ ਕਿਉਂਕਿ ਸੂਬਾ ਸਰਕਾਰ ਵਲੋਂ ਸਪਲਾਈ ਕੀਤਾ ਜਾਣ ਵਾਲਾ ਰਾਸ਼ਨ ਕਈ-ਕਈ ਮਹੀਨਿਅਾਂ ਤਕ ਰਸਤਾ ਰੁਕਣ ਕਰਕੇ ਇਨ੍ਹਾਂ ਤਕ ਨਹੀਂ ਪਹੁੰਚਦਾ ਅਤੇ ਜੇਕਰ ਸਾਮਾਨ  ਪਹੁੰਚ ਵੀ ਜਾਵੇ ਤਾਂ ਉਹ ਇਥੇ ਰਹਿਣ ਵਾਲੇ ਪਰਿਵਾਰਾਂ ਲਈ ਬਹੁਤ ਘੱਟ  ਹੁੰਦਾ ਹੈ। 
ਇਸ ਕਾਰਨ ਇਥੋਂ ਦੇ ਨਿਵਾਸੀਅਾਂ ਨੂੰ ਆਪਣੀਅਾਂ ਨਿੱਤ ਵਰਤੋਂ ਵਾਲੀਅਾਂ ਚੀਜ਼ਾਂ  ਨੇਪਾਲ ਦੇ ਪਿੰਡਾਂ ਤੋਂ ਮੰਗਵਾਉਣੀਅਾਂ ਪੈਂਦੀਅਾਂ ਹਨ, ਜਿਥੇ ਇਹ ਚੀਜ਼ਾਂ ਚੀਨ ਤੋਂ ਆਉਂਦੀਅਾਂ ਹਨ। ਇਲਾਕੇ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਚੀਜ਼ਾਂ ਸਭ ਤੋਂ  ਨੇੜਲੀ ਭਾਰਤੀ ਮੰਡੀ ਧਾਰਚੂਲਾ, ਜੋ ਇਥੋਂ 50 ਕਿਲੋਮੀਟਰ ਦੂਰ ਹੈ, ਦੇ ਮੁਕਾਬਲੇ ਸਸਤੀਅਾਂ ਵੀ ਹੁੰਦੀਅਾਂ ਹਨ। 
ਜ਼ਿਕਰਯੋਗ  ਹੈ ਕਿ ਇਨ੍ਹਾਂ ਪਿੰਡਾਂ ਨੂੰ ਜੋੜਨ ਵਾਲੀ ਸੜਕ ਪਿਛਲੇ ਸਾਲ ਨਾਜਾਂਗ ਅਤੇ ਲਖਨਪੁਰ ਵਿਚਾਲੇ ਮੀਂਹ ’ਚ ਰੁੜ੍ਹ ਗਈ ਸੀ। ਹਾਲਾਂਕਿ ਸੀਮਾ ਸੜਕ ਸੰਗਠਨ ਵਲੋਂ ਇਹ ਸੜਕ ਬਣਾਈ ਜਾ ਰਹੀ ਹੈ ਪਰ ਫਿਲਹਾਲ ਇਹ ਗੱਡੀਅਾਂ ਚਲਾਉਣ ਦੇ ਕਾਬਿਲ ਨਹੀਂ ਹੈ ਅਤੇ ਉਂਝ ਵੀ ਕੁਦਰਤੀ ਕਾਰਨਾਂ ਕਰਕੇ ਬਿਆਸਘਾਟੀ ਤਕ ਪਹੁੰਚਣ ਵਾਲਾ ਰਾਹ ਸਾਲ ਦੇ ਕਈ ਮਹੀਨਿਅਾਂ ਤਕ ਰੁਕਿਆ ਰਹਿੰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੀ ਦੇਸ਼ ’ਚ ਅਨਾਥਾਂ ਵਾਂਗ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਇਹ ਸਮੱਸਿਆ ਤਾਂ ਹੀ ਦੂਰ ਹੋ ਸਕਦੀ ਹੈ, ਜੇਕਰ ਸਰਕਾਰ ਇਨ੍ਹਾਂ ਪਿੰਡਾਂ ਲਈ ਰਾਸ਼ਨ ਦਾ ਕੋਟਾ ਵਧਾ ਦੇਵੇ ਅਤੇ ਇਸ ਦੀ ਸਪਲਾਈ ਹਰ ਮੌਸਮ ’ਚ ਯਕੀਨੀ ਬਣਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਆਪਣੀਅਾਂ ਲੋੜਾਂ ਪੂਰੀਅਾਂ ਕਰਨ ਲਈ ਇਧਰ-ਓਧਰ ਨਾ ਦੇਖਣਾ ਪਵੇ।                                                    

  –ਵਿਜੇ ਕੁਮਾਰ


Related News