ਵਿਦੇਸ਼ਾਂ ਨੂੰ ਹਿਜਰਤ ਦਾ ਵਧਦਾ ਰੁਝਾਨ ਬੇਰੋਜ਼ਗਾਰੀ ਅਤੇ ਅਸਹਿਣਸ਼ੀਲਤਾ ਦਾ ਨਤੀਜਾ

Friday, Nov 01, 2019 - 01:01 AM (IST)

ਵਿਦੇਸ਼ਾਂ ਨੂੰ ਹਿਜਰਤ ਦਾ ਵਧਦਾ ਰੁਝਾਨ ਬੇਰੋਜ਼ਗਾਰੀ ਅਤੇ ਅਸਹਿਣਸ਼ੀਲਤਾ ਦਾ ਨਤੀਜਾ

ਅਮਰੀਕਾ ’ਚ ਪਨਾਹ ਮੰਗਣ ਵਾਲਿਆਂ ਵਿਚਾਲੇ ਕੰਮ ਕਰਨ ਵਾਲੀ ‘ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ’ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਹਿਲ ਅਨੁਸਾਰ ਸਾਲ 2014 ਤੋਂ ਹੁਣ ਤੱਕ 6935 ਔਰਤਾਂ, 15,436 ਮਰਦਾਂ ਸਮੇਤ 22,371 ਤੋਂ ਵੱਧ ਭਾਰਤੀਆਂ ਨੇ ਅਮਰੀਕਾ ’ਚ ਪਨਾਹ ਲੈਣ ਲਈ ਅਰਜ਼ੀਆਂ ਦਿੱਤੀਆਂ ਹਨ।

‘ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੈਸ਼ਨਲ ਰਿਕਾਰਡਜ਼ ਸੈਂਟਰ’ ਦਾ ਹਵਾਲਾ ਦਿੰਦਿਆਂ ਚਹਿਲ ਨੇ ਕਿਹਾ ਕਿ ਇਹ ਅੰਕੜੇ ਗੰਭੀਰ ਚਿੰਤਾ ਦਾ ਵਿਸ਼ਾ ਹਨ ਤੇ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਵਾਲਿਆਂ ਲਈ ਪਨਾਹ ਮੰਗਣ ਦੀ ਪ੍ਰਕਿਰਿਆ ਉਨ੍ਹਾਂ ਦੀ ਮੁਸ਼ਕਿਲ ਵਧਾ ਸਕਦੀ ਹੈ।

ਚਹਿਲ ਅਨੁਸਾਰ ਕਿਸੇ ਤਰ੍ਹਾਂ ਅਮਰੀਕਾ ’ਚ ਦਾਖਲ ਹੋਣ ਦੇ ਬਾਵਜੂਦ ਉਥੇ ਪਨਾਹ ਲੈਣ ਦੀ ਪ੍ਰਕਿਰਿਆ ਜੋਖਮ ਭਰੀ, ਗੁੰਝਲਦਾਰ ਤੇ ਕਾਫੀ ਲੰਮੀ ਹੋਣ ਦੇ ਨਾਲ-ਨਾਲ ਆਮ ਲੋਕਾਂ ਲਈ ਕਾਫੀ ਖਰਚੀਲੀ ਵੀ ਹੈ।

ਅਮਰੀਕਾ ’ਚ ਦਾਖਲ ਹੋਣ ਤੋਂ ਬਾਅਦ ਇਨ੍ਹਾਂ ’ਚੋਂ ਬਹੁਤ ਸਾਰੇ ਲੋਕ ਨਿੱਜੀ ਵਕੀਲਾਂ ਦੀਆਂ ਸੇਵਾਵਾਂ ਲੈਂਦੇ ਹਨ, ਜੋ ਇਨ੍ਹਾਂ ਕੋਲੋਂ ਇੰਨੀ ਜ਼ਿਆਦਾ ਫੀਸ ਮੰਗਦੇ ਹਨ ਕਿ ਉਸ ਦੀ ਅਦਾਇਗੀ ਕਰਨੀ ਉਨ੍ਹਾਂ ਦੇ ਵੱਸੋਂ ਬਾਹਰ ਹੁੰਦੀ ਹੈ।

ਇਸ ਤੋਂ ਇਲਾਵਾ ਅਜਿਹੇ ਲੋਕ, ਜਿਨ੍ਹਾਂ ਨੂੰ ਵਕੀਲ ਮਿਲ ਵੀ ਜਾਂਦਾ ਹੈ, ਉਨ੍ਹਾਂ ਲਈ ਅਗਾਂਹ ਦੀ ਪ੍ਰਕਿਰਿਆ ਤਣਾਅ ਭਰੀ ਹੋ ਸਕਦੀ ਹੈ ਕਿਉਂਕਿ ਅਰਜ਼ੀਆਂ ਦਾਖਲ ਕਰਨ ਦੇ ਕਈ ਮਹੀਨਿਆਂ ਬਾਅਦ ਤੱਕ ਵੀ ਉਹ ਉੱਥੇ ਵਰਕ ਪਰਮਿਟ ਹਾਸਿਲ ਕਰਨ ਦੇ ਯੋਗ ਨਹੀਂ ਹੁੰਦੇ।

ਸ਼੍ਰੀ ਸਤਨਾਮ ਸਿੰਘ ਚਹਿਲ ਨੇ ਕਿਹਾ ਕਿ ਇਸ ਲਈ ਅਮਰੀਕਾ ਆਉਣ ਦੇ ਚਾਹਵਾਨਾਂ ਨੂੰ ਇਥੇ ਜਾਇਜ਼ ਢੰਗ ਨਾਲ ਹੀ ਆਉਣਾ ਚਾਹੀਦਾ ਤਾਂ ਕਿ ਉਹ ਨਾਜਾਇਜ਼ ਢੰਗ ਨਾਲ ਕਿਸੇ ਵੀ ਦੇਸ਼ ’ਚ ਦਾਖਲ ਹੋਣ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕਣ, ਜਿਵੇਂ ਕਿ ਇਸ ਮਹੀਨੇ ਦੇ ਸ਼ੁਰੂ ’ਚ ਮੈਕਸੀਕੋ ਤੋਂ ਇਕ ਔਰਤ ਸਮੇਤ 311 ਭਾਰਤੀਆਂ ਨੂੰ ਅਮਰੀਕਾ ’ਚ ਦਾਖਲ ਹੋਣ ਲਈ ਨਾਜਾਇਜ਼ ਢੰਗ ਨਾਲ ਆਉਣ ਕਾਰਣ ਵਾਪਿਸ ਭੇਜ ਦਿੱਤਾ ਗਿਆ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀਆਂ ਵਲੋਂ ਅਮਰੀਕਾ ਵਿਚ ਪਨਾਹ ਮੰਗਣ ਦਾ ਸਭ ਤੋਂ ਵੱਡਾ ਕਾਰਣ ਭਾਰਤ ਵਿਚ ਬੇਰੋਜ਼ਗਾਰੀ ਹੈ। ਇਸ ਤੋਂ ਇਲਾਵਾ ਆਰਥਿਕ ਮੰਦੀ ਅਤੇ ਅਸਹਿਣਸ਼ੀਲਤਾ ਦਾ ਮਾਹੌਲ ਵੀ ਇਸ ਦੇ ਕਾਰਣ ਹੋ ਸਕਦੇ ਹਨ।

ਅਮਰੀਕਾ ਵਿਚ ਪਨਾਹ ਮੰਗਣ ਵਾਲੇ ਭਾਰਤੀਆਂ ਦੇ ਸਬੰਧ ’ਚ ਸ਼੍ਰੀ ਸਤਨਾਮ ਸਿੰਘ ਚਹਿਲ ਦਾ ਇਹ ਬਿਆਨ ਅੱਖਾਂ ਖੋਲ੍ਹਣ ਵਾਲਾ ਅਤੇ ਨਾਜਾਇਜ਼ ਢੰਗ ਨਾਲ ਦੂਜੇ ਦੇਸ਼ਾਂ ’ਚ ਜਾਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇਕ ਚਿਤਾਵਨੀ ਵੀ ਹੈ।

ਇਹ ਅੰਕੜੇ ਤਾਂ ਸਿਰਫ ਇਕ ਦੇਸ਼ ਦੇ ਹਨ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਵਿਚ ਨਾਜਾਇਜ਼ ਢੰਗ ਨਾਲ ਜਾ ਕੇ ਵਸਣ ਦੀ ਕੋਸ਼ਿਸ਼ ਵਿਚ ਫਸੇ ਲੋਕਾਂ ਦੀ ਗਿਣਤੀ ਤਾਂ ਕਿਤੇ ਜ਼ਿਆਦਾ ਹੋਵੇਗੀ, ਜੋ ਭਾਰਤ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਅਤੇ ਇਸ ਨੂੰ ਉਨ੍ਹਾਂ ਕਾਰਣਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ, ਜਿਨ੍ਹਾਂ ਕਾਰਣ ਲੋਕ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਹੁੰਦੇ ਹਨ।

–ਵਿਜੇ ਕੁਮਾਰ


author

Bharat Thapa

Content Editor

Related News