ਔਰਤਾਂ, ਮਰਦਾਂ ਅਤੇ ਬੱਚਿਆਂ ’ਚ ਵਧ ਰਹੀਆਂ ‘ਖੁਦਕੁਸ਼ੀਆਂ ਚਿੰਤਾਜਨਕ ਹੱਦ ਤੱਕ’
Thursday, Jan 19, 2023 - 01:32 AM (IST)
ਦੇਸ਼ ’ਚ ਵੱਖ-ਵੱਖ ਕਾਰਨਾਂ ਨਾਲ ਲੋਕਾਂ ’ਚ ਖੁਦਕੁਸ਼ੀ ਕਰਨ ਦਾ ਮਾੜਾ ਰੁਝਾਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ ਵੱਡੀ ਗਿਣਤੀ ’ਚ ਪਰਿਵਾਰ ਉਜੜ ਰਹੇ ਹਨ। ਇਥੇ ਪੇਸ਼ ਹਨ ਸਿਰਫ 8 ਦਿਨਾਂ ਦੀਆਂ ਕੁਝ ਦਿਲ-ਕੰਬਾਊ ਘਟਨਾਵਾਂ :
* 10 ਜਨਵਰੀ ਨੂੰ ਥਾਣਾ ਰਾਮਾ ਮੰਡੀ ਜਲੰਧਰ ਦੀ ਡਿਫੈਂਸ ਕਾਲੋਨੀ ’ਚ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਇਕ ਵਿਦਿਆਰਥਣ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
* 10 ਜਨਵਰੀ ਨੂੰ ਹੀ ਅੰਮ੍ਰਿਤਸਰ ’ਚ ਕਥਿਤ ਤੌਰ ’ਤੇ ਮਕਾਨ ਮਾਲਕ ਤੋਂ ਪ੍ਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜਾਨ ਦੇ ਦਿੱਤੀ।
* 10 ਜਨਵਰੀ ਨੂੰ ਹੀ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਸੀ. ਆਈ. ਐੱਸ. ਐੱਫ. ਦੇ ਜਵਾਨ ਜਤਿੰਦਰ ਕੁਮਾਰ ਨੇ ਖੁਦ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੇ ਪ੍ਰਾਣ ਚਲੇ ਗਏ।
* 10 ਜਨਵਰੀ ਨੂੰ ਹੀ ਫਰੀਦਕੋਟ ’ਚ ਇਕ ਨਵੇਂ ਵਿਆਹੇ ਜੋੜੇ ਨੇ ਜ਼ਹਿਰ ਨਿਗਲ ਲਿਆ ਅਤੇ 11 ਜਨਵਰੀ ਨੂੰ ਉਨ੍ਹਾਂ ਦੀ ਮੌਤ ਹੋ ਗਈ।
* 11 ਜਨਵਰੀ ਨੂੰ ਹਰਿਆਣਾ ਦੇ ਸਾਬਕਾ ਮੰਤਰੀ ਮਾਂਗੇ ਰਾਮ ਦੇ ਪੁੱਤਰ ਜਗਦੀਸ਼ ਰਾਠੀ ਨੇ ਜਾਇਦਾਦ ਦੇ ਝਗੜੇ ਦੇ ਕਾਰਨ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
* 12 ਜਨਵਰੀ ਨੂੰ ਠਾਣੇ (ਮਹਾਰਾਸ਼ਟਰ) ’ਚ 13 ਸਾਲਾ ਬੱਚੀ ਨੇ ਫਾਹਾ ਲਗਾ ਲਿਆ।
* 15 ਜਨਵਰੀ ਨੂੰ ਕੋਟਾ (ਰਾਜਸਥਾਨ) ’ਚ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਗੈਸਟ ਹਾਊਸ ਦੇ ਆਪਣੇ ਕਮਰੇ ’ਚ ਖੁਦਕੁਸ਼ੀ ਕਰ ਲਈ।
* 15 ਜਨਵਰੀ ਨੂੰ ਹੀ ਡੋਂਗਰਗੜ੍ਹ (ਮੱਧ ਪ੍ਰਦੇਸ਼) ’ਚ ਸੂਰਜ ਨਾਂ ਦੇ ਵਪਾਰੀ ਨੇ ਪ੍ਰੇਸ਼ਾਨੀ ਦੇ ਕਾਰਨ ਖੁਦਕੁਸ਼ੀ ਕਰ ਲਈ।
* 16 ਜਨਵਰੀ ਨੂੰ ਤਿਰੂਪਤੀ (ਆਂਧਰਾ ਪ੍ਰਦੇਸ਼) ਜ਼ਿਲੇ ਦੇ ਸ਼੍ਰੀ ਹਰੀਕੋਟਾ ’ਚ ‘ਸਤੀਸ਼ ਧਵਨ ਪੁਲਾੜ ਕੇਂਦਰ’ (ਐੱਸ. ਡੀ. ਐੱਸ. ਸੀ.) ’ਚ ਤਾਇਨਾਤ ਸੀ. ਆਈ. ਐੱਸ. ਐੱਫ. ਦੇ ਸਬ ਇੰਸਪੈਕਟਰ ਵਿਕਾਸ ਸਿੰਘ ਨੇ ਆਪਣੇ ਸਿਰ ’ਚ ਗੋਲੀ ਮਾਰ ਕੇ ਜਾਨ ਦੇ ਦਿੱਤੀ।
* 16 ਜਨਵਰੀ ਨੂੰ ਹੀ ਬਲੀਆ (ਉੱਤਰ ਪ੍ਰਦੇਸ਼) ਦੇ ਸ਼ੰਕਰਪੁਰ ਪਿੰਡ ’ਚ ਘਰ ਵਾਲਿਆਂ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ 18 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
* 16 ਜਨਵਰੀ ਨੂੰ ਹੀ ਭੋਂਡਸੀ (ਹਰਿਆਣਾ) ਜੇਲ ’ਚ ਡਕੈਤੀ ਦੇ ਮਾਮਲੇ ’ਚ ਬੰਦ ਕੈਦੀ ਨੇ ਬਾਥਰੂਮ ’ਚ ਫਾਹਾ ਲਗਾ ਕੇ ਆਪਣੇ ਪ੍ਰਾਣਾਂ ਦਾ ਅੰਤ ਕਰ ਦਿੱਤਾ।
* 16 ਜਨਵਰੀ ਨੂੰ ਹੀ ਜਬਲਪੁਰ (ਮੱਧ ਪ੍ਰਦੇਸ਼) ’ਚ ਬੀਮਾਰੀ ਤੋਂ ਤੰਗ ਔਰਤ ਨੇ ਇਕ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ।
* 17 ਜਨਵਰੀ ਨੂੰ ਨਰਮਦਾਪੁਰਮ (ਮੱਧ ਪ੍ਰਦੇਸ਼) ਦੇ ਪੰਚਮੜੀ ’ਚ ‘ਆਰਮੀ ਐਜੂਕੇਸ਼ਨਲ ਕੋਰਸ ਟ੍ਰੇਨਿੰਗ ਕਾਲਜ ਅਤੇ ਸੈਂਟਰ’ ’ਚ ਇਕ ਟ੍ਰੇਨੀ ਕੈਪਟਨ ਸਰਤਾਜ ਸਿੰਘ ਕਾਰਲਾ ਦੀ ਲਾਸ਼ ਉਸ ਦੇ ਕਮਰੇ ’ਚ ਪੱਖੇ ਨਾਲ ਲਟਕੀ ਹੋਈ ਮਿਲੀ।
* 17 ਜਨਵਰੀ ਨੂੰ ਹੀ ਬਰਨਾਲਾ (ਪੰਜਾਬ) ਦੇ ਪਿੰਡ ਸੱਦੋਵਾਲ ਦੇ ਇਕ ਕਿਸਾਨ ਨੇ ਆਰਥਿਕ ਤੰਗੀ ਦੇ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਖਤਮ ਕਰ ਲਈ।
* 17 ਜਨਵਰੀ ਨੂੰ ਹੀ ਰਾਮਾਂ ਮੰਡੀ, ਬਠਿੰਡਾ (ਪੰਜਾਬ) ਦੇ ਪਿੰਡ ਗਾਟਵਾਲੀ ’ਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨੇ ਕਥਿਤ ਤੌਰ ’ਤੇ ਦੋ ਵਾਰ ਆਈਲੈਟਸ ਦੇ ਪੇਪਰਾਂ ’ਚ ਫੇਲ ਹੋ ਜਾਣ ਦੇ ਕਾਰਨ ਜਾਨ ਦੇ ਦਿੱਤੀ।
* 17 ਜਨਵਰੀ ਨੂੰ ਹੀ ਨੋਇਡਾ (ਉੱਤਰ ਪ੍ਰਦੇਸ਼) ’ਚ 10ਵੀਂ ਜਮਾਤ ਦੇ ਵਿਦਿਆਰਥੀ ਲਕਸ਼ੈ ਨੇ ਗੋਲਫ ਕੋਰਸ ਮੈਟਰੋ ਸਟੇਸ਼ਨ ਤੋਂ ਹੇਠਾਂ ਛਾਲ ਮਾਰ ਕੇ ਆਪਣੇ ਪ੍ਰਾਣਾਂ ਦਾ ਅੰਤ ਕਰ ਦਿੱਤਾ।
* 17 ਜਨਵਰੀ ਨੂੰ ਹੀ ਜਾਲੌਨ (ਉੱਤਰ ਪ੍ਰਦੇਸ਼) ਦੇ ਕੋਟਰਾ ਇਲਾਕੇ ’ਚ 2 ਲੜਕਿਆਂ ਦੀ ਛੇੜਛਾੜ ਤੋਂ ਪ੍ਰੇਸ਼ਾਨ ਇਕ ਸਕੂਲੀ ਵਿਦਿਆਰਥਣ ਨੇ ਫਾਹਾ ਲਗਾ ਲਿਆ।
* 17 ਜਨਵਰੀ ਨੂੰ ਹੀ ਨਵੀਂ ਦਿੱਲੀ ਦੇ ਬੇਗਮਪੁਰ ਇਲਾਕੇ ’ਚ ਮੈਡੀਕਲ ਸਟੋਰ ਚਲਾਉਣ ਵਾਲੇ ਪ੍ਰਿੰਸ ਗਰਗ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
* 18 ਜਨਵਰੀ ਨੂੰ ਰਾਏਬਰੇਲੀ (ਉੱਤਰ ਪ੍ਰਦੇਸ਼) ’ਚ ਇਕ ਪੁਰਾਣੇ ਮੁਕੱਦਮੇ ਦੇ ਸਿਲਸਿਲੇ ’ਚ ਵਾਰੰਟ ਜਾਰੀ ਹੋਣ ਤੋਂ ਪ੍ਰੇਸ਼ਾਨ ਰਾਮਦਾਸ ਗੌਤਮ ਨਾਂ ਦੇ ਵਿਅਕਤੀ ਨੇ ਆਪਣੇ ਘਰ ’ਚ ਸਾੜ੍ਹੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
* 18 ਜਨਵਰੀ ਨੂੰ ਹੀ ਕਰਨਾਲ ’ਚ ਇਕ ਪੀ. ਜੀ. ’ਚ ਰਹਿਣ ਵਾਲੇ ਬੀ. ਏ. ਐੱਮ. ਐੱਸ. ਦੇ ਵਿਦਿਆਰਥੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
* 18 ਜਨਵਰੀ ਨੂੰ ਹੀ ਰਾਜਧਾਨੀ ਦਿੱਲੀ ’ਚ ਇਕ 26 ਸਾਲਾ ਨੌਜਵਾਨ ਨੇ ਮੈਟਰੋ ਰੇਲ ਦੇ ਅੱਗੇ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ। 24 ਘੰਟਿਆਂ ’ਚ ਮੈਟਰੋ ਦੇ ਅੱਗੇ ਛਾਲ ਮਾਰ ਕੇ ਜਾਨ ਗਵਾਉਣ ਦੀ ਇਹ ਦੂਜੀ ਘਟਨਾ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲੋਕ ਬੀਮਾਰੀ, ਪਰਿਵਾਰਕ ਪ੍ਰੇਸ਼ਾਨੀ, ਜਾਇਦਾਦ ਵਿਵਾਦ, ਛੇੜਛਾੜ, ਪ੍ਰੀਖਿਆ ’ਚ ਅਸਫਲਤਾ, ਅਦਾਲਤੀ ਵਿਵਾਦ ਆਦਿ ਦੇ ਕਾਰਨ ਖੁਦਕੁਸ਼ੀ ਕਰ ਰਹੇ ਹਨ ਅਤੇ ਲੋਕਾਂ ’ਚ ਪ੍ਰੇਸ਼ਾਨੀ ਵਧ ਰਹੀ ਹੈ।
ਲੋਕ ਛੋਟੀਆਂ-ਛੋਟੀਆਂ ਗੱਲਾਂ ’ਤੇ ਪ੍ਰੇਸ਼ਾਨ ਅਤੇ ਨਿਰਾਸ਼ ਹੋ ਕੇ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਨਾਲ-ਨਾਲ ਪਿੱਛੇ ਆਪਣੇ ਪਰਿਵਾਰਾਂ ਨੂੰ ਰੋਂਦਾ-ਵਿਲਕਦਾ ਛੱਡ ਜਾਂਦੇ ਹਨ।
ਇਸ ਲਈ ਸਮਾਜ ਦੇ ਸੂਝਵਾਨ ਲੋਕਾਂ, ਰਿਸ਼ਤੇਦਾਰਾਂ ਅਤੇ ਮਿੱਤਰਾਂ ਆਦਿ ਨੂੰ ਅੱਗੇ ਆ ਕੇ ਪ੍ਰੇਸ਼ਾਨੀ ਦੇ ਸ਼ਿਕਾਰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਤਾਂ ਕਿ ਉਹ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਬਜਾਏ ਨਵੇਂ ਉਤਸ਼ਾਹ ਦੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਪ੍ਰੇਰਿਤ ਹੋ ਸਕਣ।
-ਵਿਜੇ ਕੁਮਾਰ