‘ਭਾਰਤ ’ਚ ਔਰਤਾਂ ਵਿਰੁੱਧ’‘ਵਧ ਰਹੇ ਗੈਰ-ਮਨੁੱਖੀ ਹਮਲੇ’

02/24/2021 3:44:54 AM

ਭਾਰਤ ’ਚ ਪੁਰਾਤਨ ਕਾਲ ਤੋਂ ਹੀ ਨਾਰੀ ਦੀ ਦੇਵੀ ਰੂਪ ’ਚ ਪੂਜਾ ਕਰਨ ਦੀ ਪ੍ਰੰਪਰਾ ਰਹੀ ਹੈ ਅਤੇ ਸਾਡੇ ਇਥੇ ਮਾਤਰ-ਸ਼ਕਤੀ ਦੀ ਅਹਿਮੀਅਤ ਨੂੰ ਦਰਸਾਉਣ ਵਾਲੇ ਕਈ ਤੀਰਥ ਅਸਥਾਨ ਬਣੇ ਹੋਏ ਹਨ। ਇਨ੍ਹਾਂ ’ਚ ਮਾਂ ਵੈਸ਼ਨੋ ਦੇਵੀ, ਮਾਂ ਚਿੰਤਪੂਰਨੀ, ਮਾਂ ਬ੍ਰਜੇਸ਼ਵਰੀ ਦੇਵੀ, ਮਾਂ ਨੈਣਾ ਦੇਵੀ ਆਦਿ ਮੁੱਖ ਹਨ।

ਇਸ ਦੇ ਬਾਵਜੂਦ ਇਹ ਵੀ ਇਕ ਵਿਡੰਬਨਾ ਹੀ ਹੈ ਕਿ ਸਾਡੇ ਮਾਤਰ-ਪੂਜਕ ਦੇਸ਼ ’ਚ ਨਾਰੀ ਜਾਤੀ ਉੱਤੇ ਆਪਣੇ ਹੀ ਲੋਕਾਂ ਵੱਲੋਂ ਗੈਰ-ਮਨੁੱਖੀ ਅੱਤਿਆਚਾਰ ਕੀਤੇ ਜਾ ਰਹੇ ਹਨ, ਜਿਸ ਦੀਆਂ ਉਦਾਹਰਣਾਂ ਵਜੋਂ ਬੀਤੇ 3 ਹਫਤਿਆਂ ’ਚ ਹੀ ਨਾਰੀ ਜਾਤੀ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਾਉਣ ਵਾਲੀਆਂ 18 ਘਟਨਾਵਾਂ ਹੇਠਾਂ ਦਰਜ ਹਨ :

* 2 ਫਰਵਰੀ ਨੂੰ ਬਿਹਾਰ ਦੇ ਸ਼ੇਖਪੁਰ ਜ਼ਿਲੇ ਦੇ ‘ਕੋਰਾਮਾ’ ਦੇ ‘ਮੁਰਾਰਪੁਰ’ ਪਿੰਡ ’ਚ ਬੇਰਹਿਮ ਨਣਾਨ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੀ ਭਰਜਾੲੀ ਰੀਤਾ ਦੇਵੀ ਨੂੰ ‘ਡਾਇਣ’ ਦੱਸ ਕੇ ਕਮਰੇ ’ਚ ਬੰਦ ਕਰ ਕੇ ਕੁੱਟ-ਕੁੱਟ ਕੇ ਮਾਰ ਸੁੱਟਿਆ।

* 9 ਫਰਵਰੀ ਨੂੰ ਬਟਾਲਾ ਦੇ ਪਿੰਡ ਮੀਰਪੁਰ ਵਿਖੇ ਦਿਓਰ-ਦਰਾਣੀ ਵੱਲੋਂ ਘਰ ’ਚੋਂ ਕੱਢੇ ਜਾਣ ਕਾਰਨ ਪੇਕੇ ਰਹਿਣ ਲਈ ਮਜਬੂਰ ਔਰਤ ਜਦੋਂ ਮੁੜ ਪਿੰਡ ’ਚ ਆਪਣੇ ਸਹੁਰੇ ਘਰ ਰਹਿਣ ਲਈ ਆ ਗਈ ਤਾਂ ਉਸ ਦੇ ਆਉਣ ਤੋਂ ਕਥਿਤ ਤੌਰ ’ਤੇ ਨਾਰਾਜ਼ ਦਿਓਰ-ਦਰਾਣੀ ਨੇ ਉਸ ਦੇ ਸਿਰ ’ਤੇ ਦਾਤ ਅਤੇ ਕੁੱਕਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

*13 ਫਰਵਰੀ ਨੂੰ ਗੋਰਾਇਆ ਦੇ ਪਿੰਡ ਰੁੜਕੀ ਵਿਖੇ ਇਕ ਨਸ਼ੇੜੀ ਨੇ ਘਰ ਦੇ ਬਾਹਰ ਖੇਡ ਰਹੀ ਇਕ ਬੱਚੀ ਨੂੰ ਆਪਣੇ ਘਰ ਲਿਜਾ ਕੇ ਹਥੌੜੇ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 13 ਫਰਵਰੀ ਨੂੰ ਹੀ ਨਾਗਪੁਰ ’ਚ ਸਿਰਫ 40 ਦਿਨ ਪਹਿਲਾਂ ਵਿਆਹੀ ਮੁਟਿਆਰ ਵੱਲੋਂ ਆਪਣੇ ਪਤੀ ‘ਅਰਵਿੰਦ ਨਾਗਮੋਤੀ’ ਦੇ ਕਿਸੇ ਮੁਟਿਆਰ ਨਾਲ ਨਾਜਾਇਜ਼ ਸਬੰਧਾਂ ’ਤੇ ਇਤਰਾਜ਼ ਕਰਨ ’ਤੇ ‘ਅਰਵਿੰਦ’ ਨੇ ਸਿਰਹਾਣੇ ਨਾਲ ਧੌਣ ਦਬਾ ਕੇ ਉਸ ਨੂੰ ਮਾਰ ਦਿੱਤਾ।

* 15 ਫਰਵਰੀ ਨੂੰ ਮੱਧ ਪ੍ਰਦੇਸ਼ ’ਚ ਗੁਨਾ ਦੇ ‘ਬਾਂਸਖੇੜੀ’ ਪਿੰਡ ’ਚ ਇਕ ਛੱਡੀ ਹੋਈ ਗਰਭਵਤੀ ਔਰਤ ਦੇ ਦੂਜੇ ਨੌਜਵਾਨ ਨਾਲ ਰਹਿਣ ਤੋਂ ਨਾਰਾਜ਼ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਨਵੇਂ ਸਹੁਰੇ ਘਰ ’ਚੋਂ ਸੱਦ ਕੇ ਉਸ ਦੇ ਮੋਢੇ ’ਤੇ ਆਪਣੇ ਪਰਿਵਾਰ ਦੇ ਇਕ ਮੈਂਬਰ ਨੂੰ ਬਿਠਾ ਕੇ ਡੰਡਿਆਂ ਨਾਲ ਕੁੱਟਦੇ ਹੋਏ 3 ਕਿਲੋਮੀਟਰ ਚੱਲਣ ਲਈ ਮਜਬੂਰ ਕੀਤਾ।

* 15 ਫਰਵਰੀ ਨੂੰ ਹੀ ਲੁਧਿਆਣਾ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਸਲੇੇਮ ਟਾਬਰੀ ਵਿਖੇ ਰਹਿਣ ਵਾਲੀ 15 ਸਾਲ ਦੇ ਬੇਟੇ ਦੀ ਮਾਂ ਨੇ ਆਪਣੇ ਪਤੀ ’ਤੇ ਉਸ ਦੀ ਸੈਕਸ ਦੀ ਡਿਮਾਂਡ ਪੂਰੀ ਨਾ ਕਰਨ ’ਤੇ ਬੈਟ ਨਾਲ ਕੁੱਟ-ਕੁੱਟ ਕੇ ਉਸ ਦੀ ਬਾਂਹ ਤੋੜ ਦੇਣ ਦਾ ਦੋਸ਼ ਲਾਇਆ।

* 18 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲੇ ਦੇ ‘ਜੈਤਪੁਰ’ ਥਾਣਾ ਖੇਤਰ ’ਚ ਘਰੋਂ ਸਾਮਾਨ ਲੈਣ ਲਈ ਨਿਕਲੀ 20 ਸਾਲਾਂ ਦੀ ਮੁਟਿਆਰ ਨੂੰ ਅਗਵਾ ਕਰਨ ਪਿੱਛੋਂ ਉਸ ਨੂੰ ਨਸ਼ੀਲਾ ਪਦਾਰਥ ਅਤੇ ਸ਼ਰਾਬ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ 20 ਫਰਵਰੀ ਦੀ ਰਾਤ ਉਸ ਨੂੰ ਬੋਰੀ ’ਚ ਬੰਦ ਕਰ ਕੇ ਉਸ ਦੇ ਘਰ ਦੇ ਬਾਹਰ ਸੁੱਟਣ ਦੇ ਦੋਸ਼ ਹੇਠ ਭਾਜਪਾ ਦੇ ਮੰਡਲ ਪ੍ਰਧਾਨ ਵਿਜੇ ਤ੍ਰਿਪਾਠੀ ਅਤੇ ਉਸ ਦੇ 3 ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।

* 18 ਫਰਵਰੀ ਨੂੰ ਹੀ ਨੋਇਡਾ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇਕ ਵਿਅਕਤੀ ਨੇ ਗਲਾ ਘੁੱਟ ਕੇ ਆਪਣੀ ਪਤਨੀ ਨੂੰ ਮਾਰ ਦਿੱਤਾ।

* 19 ਫਰਵਰੀ ਨੂੰ ਬਿਹਾਰ ’ਚ ਗੋਪਾਲਗੰਜ ਦੇ ਛਪੀਆ ਪਿੰਡ ’ਚ ਤਿੰਨ ਲੱਖ ਰੁਪਏ ਦੀ ਮੰਗ ਪੂਰੀ ਨਾ ਕਰਨ ’ਤੇ ਸਹੁਰੇ ਵਾਲਿਆਂ ਨੇ ਇਕ ਔਰਤ ਦੀ ਧੌਣ ਦਬਾ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਸਾੜ ਦਿੱਤੀ ਅਤੇ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਮ੍ਰਿਤਕਾ ਦੇ ਪੇਕੇ ਵਾਲਿਆਂ ਨੂੰ ਡਰਾ-ਧਮਕਾ ਕੇ ਭਜਾ ਦਿੱਤਾ।

* 20 ਫਰਵਰੀ ਨੂੰ ਤਰਨਤਾਰਨ ਦੇ ਪਿੰਡ ਚਾਹਲ ਵਿਖੇ ਮੇਜਰ ਸਿੰਘ ਨਾਮੀ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਣ ’ਤੇ ਆਪਣੀ ਪਤਨੀ ਦੇ ਸਿਰ ’ਤੇ ਕੋਈ ਤਿੱਖੀ ਚੀਜ਼ ਮਾਰ ਕੇ ਪਹਿਲਾਂ ਉਸ ਨੂੰ ਜ਼ਖ਼ਮੀ ਕੀਤਾ ਅਤੇ ਫਿਰ ਧੌਣ ਦਬਾ ਕੇ ਮਾਰ ਦਿੱਤਾ।

* 20 ਫਰਵਰੀ ਨੂੰ ਝਾਰਖੰਡ ਦੇ ਗੋਡਾ ਦੇ ‘ਧਨਕੁੰਡਾ’ ਪਿੰਡ ’ਚ ‘ਡਾਇਣ’ ਹੋਣ ਦੇ ਸ਼ੱਕ ਹੇਠ ਕੁਝ ਵਿਅਕਤੀਆਂ ਨੇ ਇਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਬਚਾਉਣ ਲਈ ਆਏ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ।

* 21 ਫਰਵਰੀ ਨੂੰ ਕੈਥਲ ਦੇ ਗੁਹਲਾ ਥਾਣੇ ’ਚ ਇਕ ਬੇਔਲਾਦ ਔਰਤ ਨੇ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ 19 ਫਰਵਰੀ ਨੂੰ ਉਸ ਦਾ ਪਤੀ ਸ਼ਰਾਬ ਪੀ ਕੇ ਆਇਆ ਅਤੇ ਕਹਿਣ ਲੱਗਾ,‘‘ਤੂੰ ਆਪਣੀ ਛੋਟੀ ਭੈਣ ਨਾਲ ਮੇਰਾ ਵਿਆਹ ਕਰਵਾ ਦੇ। ਉਸ ਦੇ ਮਨ੍ਹਾ ਕਰਨ ’ਤੇ ਪਤੀ ਨੇ ਇਕ ਮੋਟਾ ਡੰਡਾ ਚੁੱਕ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਟੁੱਟ ਗਈ।

* 22 ਫਰਵਰੀ ਨੂੰ ਨਾਗਪੁਰ ’ਚ ਆਪਣੇ ਪਤੀ ਦੇ ਅੱਤਿਆਚਾਰਾਂ ਅਤੇ ਕੁੱਟਮਾਰ ਤੋਂ ਤੰਗ ਔਰਤ ਨੇ ਜਦੋਂ ਉਸ ਨੂੰ ਛੱਡ ਜਾਣ ਦੀ ਧਮਕੀ ਦਿੱਤੀ ਤਾਂ ਉਸ ਦੇ ਪਤੀ ਨੇ ਛੁਰੇ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ।

* 22 ਫਰਵਰੀ ਨੂੰ ਹੀ ਮਹਾਰਾਸ਼ਟਰ ਦੇ ਉਸਮਾਨਾਬਾਦ ਵਿਖੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਨ ਵਾਲੇ ਇਕ ਵਿਅਕਤੀ ਨੇ ਪੰਚਾਇਤ ਦੇ ਹੁਕਮ ’ਤੇ ਉੱਬਲਦੇ ਹੋਏ ਤੇਲ ’ਚ ਇਕ ਸਿੱਕਾ ਸੁੱਟਿਆ ਅਤੇ ਆਪਣੀ ਪਤੀ ਨੂੰ ਉਸ ਨੂੰ ਕੱਢ ਕੇ ਆਪਣੀ ਪਵਿੱਤਰਤਾ ਸਿੱਧ ਕਰਨ ਲਈ ਕਿਹਾ, ਜਿਸ ਕਾਰਨ ਔਰਤ ਦਾ ਹੱਥ ਬੁਰੀ ਤਰ੍ਹਾਂ ਝੁਲਸ ਗਿਆ।

* 22 ਫਰਵਰੀ ਵਾਲੇ ਦਿਨ ਹੀ ਮਹਾਰਾਸ਼ਟਰ ’ਚ ਪਾਲਘਰ ਦੇ ‘ਮਨੋਰ’ ਪਿੰਡ ’ਚ ਇਕ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪਿੰਡ ਦੀ ਪੰਚਾਇਤ ਦੇ ਸਾਬਕਾ ਸਰਪੰਚ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 23 ਫਰਵਰੀ ਨੂੰ ਗਵਾਲੀਅਰ ਵਿਖੇ ਨੌਕਰੀ ਦਿਵਾਉਣ ਦੇ ਨਾਂ ’ਤੇ 2 ਨੌਜਵਾਨ ਔਰਤ ਨੂੰ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ’ਚੋਂ ਇਕ ਨੌਜਵਾਨ ਨੇ ਚੱਲਦੀ ਕਾਰ ’ਚ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਸਬੰਧੀ ਪੁਲਸ ਨੇ ਮੁਲਜ਼ਮ ਰਾਮ ਬਾਬੂ ਗੁਰਜਰ ਅਤੇ ਉਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ।

* 23 ਫਰਵਰੀ ਨੂੰ ਹੀ ਸ਼ਾਹਜਹਾਂਪੁਰ ’ਚ ਘਰੋਂ ਭੇਤਭਰੇ ਢੰਗ ਨਾਲ ਲਾਪਤਾ ਹੋਈ ਇਕ ਗ੍ਰੈਜੂਏਟ ਦੀ ਵਿਦਿਆਰਥਣ ਦੀ ਅੱਧਸੜੀ ਲਾਸ਼ ਸੜਕ ਕੰਢੇ ਪਈ ਮਿਲੀ, ਜਦੋਂ ਕਿ ਸ਼ਾਹਜਹਾਂਪੁਰ ’ਚ ਹੀ ਇਕ ਹੋਰ ਬੱਚੀ ਖੇਤ ’ਚ ਗੰਭੀਰ ਹਾਲਤ ’ਚ ਜ਼ਖ਼ਮੀ ਪਈ ਮਿਲੀ।

ਨਾਰੀ ਪੂਜਕ ਵਜੋਂ ਪ੍ਰਸਿੱਧ ਸਾਡੇ ਦੇਸ਼ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ’ਚ ਔਰਤਾਂ ਪ੍ਰਤੀ ਨਾਂਹਪੱਖੀ ਦ੍ਰਿਸ਼ਟੀਕੋਣ, ਸਮਾਜ ਅਤੇ ਪੁਲਸ ਦਾ ਡਰ ਨਾ ਹੋਣ, ਮਾਤਾ-ਪਿਤਾ ਵੱਲੋਂ ਔਲਾਦ ਨੂੰ ਔਰਤਾਂ ਪ੍ਰਤੀ ਸਤਿਕਾਰ ਅਤੇ ਆਦਰ-ਭਾਵ ਰੱਖਣ ਦੀ ਸਿੱਖਿਆ ਨਾ ਦੇਣ, ਔਰਤਾਂ ਵਿਰੁੱਧ ਅਪਰਾਧਾਂ ਦੇ ਦਰਜ ਹੋਣ ਵਾਲੇ ਕੇਸਾਂ ਦੇ ਫੈਸਲੇ ’ਚ ਦੇਰੀ ਹੋਣ ਦਾ ਵੀ ਸਿੱਟਾ ਹੈ।

ਇਸ ਲਈ ਸਮਾਜਿਕ, ਸਿਆਸੀ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਮਾਮਲਿਆਂ ’ਚ ਸਖਤੀ ਭਰੀ ਅਤੇ ਤੇਜ਼ ਕਾਰਵਾਈ ਕਰਨ ਦੀ ਲੋੜ ਹੈ, ਤਾਂ ਜੋ ਇਸ ਮਾੜੇ ਰੁਝਾਨ ’ਤੇ ਰੋਕ ਲਾਈ ਜਾ ਸਕੇ ਅਤੇ ਅਜਿਹੀਆਂ ਘਟਨਾਵਾਂ ਨਾ ਹੋਣ।

-ਵਿਜੇ ਕੁਮਾਰ


Bharat Thapa

Content Editor

Related News