ਮਾਫੀਆ ਰਾਜ ਦੀ ਗ੍ਰਿਫਤ ''ਚ ਦੇਸ਼, ਰੁਕ ਨਹੀਂ ਰਿਹਾ ਇਨ੍ਹਾਂ ਦੀਆਂ ਨਾਜਾਇਜ਼ ਸਰਗਰਮੀਆਂ ਦਾ ਸਿਲਸਿਲਾ

06/23/2018 4:49:18 AM

ਅੱਜ ਦੇਸ਼ ਵਿਚ ਜਿਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸਮਾਜ ਵਿਰੋਧੀ ਅਨਸਰਾਂ ਅਤੇ ਵੱਖ-ਵੱਖ ਮਾਫੀਆਵਾਂ ਵਲੋਂ ਦੇਸ਼ ਵਿਚ ਹਿੰਸਾ ਅਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ। 
ਇਨ੍ਹਾਂ ਮਾਫੀਆਵਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ਵਿਚ ਰੁਕਾਵਟ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਤੇ ਉਸ ਨੂੰ ਹੋਰਨਾਂ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਣ ਤੋਂ ਨਹੀਂ ਝਿਜਕਦੇ। ਇਥੇ ਰੇਤ ਮਾਫੀਆ ਵਲੋਂ ਸਿਰਫ ਇਕ ਮਹੀਨੇ ਵਿਚ ਮਚਾਏ ਹੁੜਦੰਗ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 21 ਮਈ ਨੂੰ ਮੱਧ ਪ੍ਰਦੇਸ਼ ਦੇ ਭਿੰਡ ਵਿਚ ਰੇਤ ਮਾਫੀਆ ਤੇ ਪੁਲਸ ਦੀ ਗੰਢਤੁੱਪ ਦੀ ਪੜਤਾਲ ਕਰ ਰਹੇ ਪੱਤਰਕਾਰ ਸੰਦੀਪ ਸ਼ਰਮਾ ਨੂੰ ਡੰਪਰ ਨੇ ਕੁਚਲ ਦਿੱਤਾ। 
* 02 ਜੂਨ ਨੂੰ ਰਾਜਸਥਾਨ 'ਚ ਭਰਤਪੁਰ ਦੀ ਬਜਰੰਗ ਕਾਲੋਨੀ ਵਿਚ ਰੇਤਾ ਨਾਲ ਭਰੀਆਂ ਟਰਾਲੀਆਂ ਲੈ ਕੇ ਜਾ ਰਹੇ ਰੇਤ ਮਾਫੀਆ ਨੇ ਟਰੈਕਟਰ ਚਾੜ੍ਹ ਕੇ ਪੁਲਸ ਟੀਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਇਕ ਪੁਲਸ ਮੁਲਾਜ਼ਮ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ।
* 02 ਜੂਨ ਨੂੰ ਹੀ ਯੂ. ਪੀ. ਦੇ ਸ਼ਾਹਬਾਦ ਵਿਚ ਰੇਤ ਮਾਈਨਿੰਗ ਮਾਫੀਆ ਨੇ ਸ਼ਰੇਆਮ 3 ਅਕਾਊਂਟੈਂਟਾਂ ਨੂੰ ਲਾਠੀਆਂ ਤੇ ਡੰਡਿਆਂ ਨਾਲ ਦੌੜਾ-ਦੌੜਾ ਕੇ ਕੁੱਟਿਆ। 
* 03 ਜੂਨ ਨੂੰ ਯੂ. ਪੀ. ਦੇ ਗੁਨੌਰ 'ਚ ਰੇਤ ਮਾਈਨਿੰਗ ਰੋਕਣ ਗਏ ਐੱਸ. ਡੀ. ਐੱਮ. ਨੂੰ ਰੇਤ ਮਾਫੀਆ ਨੇ ਟਰੈਕਟਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ।
* 07 ਜੂਨ ਨੂੰ ਮੱਧ ਪ੍ਰਦੇਸ਼ ਵਿਚ ਮਹਾਰਾਜਪੁਰਾ ਦੇ ਬਹਾਦਰਪੁਰ ਪਿੰਡ ਦੇ ਲੋਕਾਂ ਨੇ ਟਰੈਕਟਰ 'ਤੇ ਤੇਜ਼ ਆਵਾਜ਼ ਵਿਚ ਗਾਣੇ ਵਜਾ ਕੇ ਲੰਘਣ ਵਾਲੇ ਰੇਤ ਮਾਫੀਆ ਨੂੰ ਰੋਕਿਆ ਤਾਂ ਮਾਫੀਆ ਦੇ ਗੁੰਡਿਆਂ ਨੇ ਉਨ੍ਹਾਂ 'ਤੇ ਲਾਠੀਆਂ, ਭਾਲੇ ਅਤੇ ਬੰਦੂਕ ਦੀ ਬੱਟ ਨਾਲ ਹਮਲਾ ਕਰ ਦਿੱਤਾ ਅਤੇ ਲੱਗਭਗ ਇਕ ਦਰਜਨ ਵਿਅਕਤੀਆਂ ਨੂੰ ਜ਼ਖ਼ਮੀ ਕਰ ਕੇ ਭੱਜ ਗਏ।
* 08 ਜੂਨ ਨੂੰ ਯੂ. ਪੀ. ਦੇ ਰਾਮਪੁਰ ਵਿਚ ਕੋਸੀਪੁਰ ਨਦੀ ਦੇ ਤੱਟ 'ਤੇ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਸ ਟੀਮ 'ਤੇ ਰੇਤ ਮਾਫੀਆ ਨੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
* 12 ਜੂਨ ਨੂੰ ਮੱਧ ਪ੍ਰਦੇਸ਼ ਦੇ 'ਨਿਸਰਪੁਰ' ਵਿਚ ਨਾਜਾਇਜ਼ ਰੇਤਾ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦਾ ਪਿੱਛਾ ਕਰਨ 'ਤੇ ਰੇਤ ਮਾਫੀਆ ਨੇ 'ਨਰਮਦਾ ਬਚਾਓ' ਅੰਦੋਲਨਕਾਰੀਆਂ ਦੀਆਂ 2 ਗੱਡੀਆਂ ਪੱਥਰ ਵਰ੍ਹਾ ਕੇ ਤੋੜ ਦਿੱਤੀਆਂ ਅਤੇ ਇਸ ਦੇ ਕੁਝ ਵਰਕਰਾਂ ਨੂੰ ਜ਼ਖ਼ਮੀ ਕਰ ਦਿੱਤਾ। 
* 14 ਜੂਨ ਨੂੰ ਹੋਸ਼ੰਗਾਬਾਦ ਜ਼ਿਲੇ ਵਿਚ ਤੇਜ਼ ਰਫਤਾਰ ਨਾਲ ਜਾ ਰਹੇ ਨਾਜਾਇਜ਼ ਰੇਤਾ ਨਾਲ ਲੱਦੇ ਡੰਪਰ ਨੇ ਇਕ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ। 
* 16 ਜੂਨ ਨੂੰ ਮੱਧ ਪ੍ਰਦੇਸ਼ ਦੇ 'ਮੜਾਈ ਪਿਪਰਸਰਾ' ਵਿਚ ਨਾਜਾਇਜ਼ ਰੇਤਾ ਕੱਢ ਰਹੇ ਮਾਫੀਆ ਨੇ ਉਨ੍ਹਾਂ ਨੂੰ ਰੋਕਣ ਗਈ ਐਂਟੀ ਮਾਈਨਿੰਗ ਟੀਮ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਕਬਜ਼ੇ 'ਚੋਂ ਰੇਤਾ ਨਾਲ ਭਰੇ 9 ਟਰੈਕਟਰ-ਟਰਾਲੀਆਂ ਛੁਡਾ ਕੇ ਲੈ ਗਏ। 
* 18 ਜੂਨ ਦੀ ਦੇਰ ਰਾਤ ਨੂੰ ਪੰਜਾਬ ਵਿਚ ਸਿਊਂਕ-ਸ਼ਿਗੀਬਾਲਾ ਸੜਕ 'ਤੇ ਨਾਜਾਇਜ਼ ਮਾਈਨਿੰਗ ਰੋਕਣ ਗਏ ਜੰਗਲਾਤ ਅਧਿਕਾਰੀ ਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ 'ਤੇ ਰੇਤ ਮਾਫੀਆ ਦੇ ਹਮਲੇ ਵਿਚ ਦਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਸਿਰ ਦੀ ਹੱਡੀ ਚਾਰ ਜਗ੍ਹਾ ਤੋਂ ਟੁੱਟ ਗਈ।
* 19 ਜੂਨ ਨੂੰ ਬਿਹਾਰ ਦੇ ਇਕ ਪਿੰਡ ਵਿਚ ਇਕ ਖੇਤ 'ਚੋਂ ਨਾਜਾਇਜ਼ ਰੇਤਾ ਚੁੱਕਣ ਦਾ ਜ਼ਮੀਨ ਦੇ ਮਾਲਕ ਵਲੋਂ ਵਿਰੋਧ ਕਰਨ 'ਤੇ ਰੇਤ ਮਾਫੀਆ ਦੇ ਮੈਂਬਰਾਂ ਨੇ ਰੇਤਾ ਕੱਢਣ ਲਈ ਪੁੱਟੇ ਟੋਏ ਵਿਚ ਹੀ ਜ਼ਮੀਨ ਦੇ ਮਾਲਕ ਨੂੰ ਧੱਕਾ ਦੇ ਕੇ ਦਫਨ ਕਰ ਦਿੱਤਾ। 
* 20 ਜੂਨ ਨੂੰ ਰੇਤ ਮਾਫੀਆ ਨੇ ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਨਦੀ ਕੰਢੇ ਨਾਜਾਇਜ਼ ਮਾਈਨਿੰਗ ਰੋਕਣ ਗਏ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ ਅਤੇ ਜਾਨ ਬਚਾਉਣ ਲਈ ਰਾਮਪੁਰ ਪਿੰਡ ਵਿਚ ਵੜੇ ਅਧਿਕਾਰੀਆਂ 'ਤੇ ਇਕ ਘੰਟੇ ਤਕ ਗੋਲੀਆਂ ਚਲਾਈਆਂ। 
* 21 ਜੂਨ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਨਾਜਾਇਜ਼ ਰੇਤਾ ਨਾਲ ਲੱਦੀ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਪੁਲਸ ਤੋਂ ਬਚਣ ਲਈ ਇਕ ਜੀਪ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਜੀਪ ਵਿਚ ਸਵਾਰ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖ਼ਮੀ ਹੋ ਗਏ।
* 21 ਜੂਨ ਨੂੰ ਹੀ ਪੰਜਾਬ ਦੇ ਨੂਰਪੁਰਬੇਦੀ ਖੇਤਰ ਵਿਚ ਨਾਜਾਇਜ਼ ਰੇਤਾ ਕੱਢਣ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਮਾਫੀਆ ਦੇ ਹਮਲੇ ਵਿਚ ਸ਼੍ਰੀ ਸੰਦੋਆ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਇਸ ਹਮਲੇ ਵਿਚ ਉਨ੍ਹਾਂ ਦਾ ਇਕ ਗੰਨਮੈਨ ਤੇ ਪੀ. ਏ. ਵੀ ਜ਼ਖ਼ਮੀ ਹੋਏ ਹਨ। 
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਰੇਤ ਮਾਫੀਆ ਦੀਆਂ ਸਰਗਰਮੀਆਂ ਕਿੰਨੀਆਂ ਵਧ ਚੁੱਕੀਆਂ ਹਨ ਤੇ ਇਸ ਨਾਲ ਆਮ ਆਦਮੀ ਹੀ ਨਹੀਂ, ਸਗੋਂ ਪ੍ਰਸ਼ਾਸਨ ਵੀ ਮਾਫੀਆ ਦੇ ਹੱਥਾਂ 'ਚ ਬੰਧੂਆ ਬਣ ਕੇ ਰਹਿ ਗਿਆ ਹੈ। 
ਕਈ ਜਗ੍ਹਾ ਰੇਤ ਮਾਫੀਆ ਨੇ ਸਬੰਧਤ ਮਹਿਕਮਿਆਂ ਵਲੋਂ ਆਪਣੇ ਵਿਰੁੱਧ ਛਾਪਿਆਂ ਦੀ ਅਗਾਊਂ ਸੂਚਨਾ ਪ੍ਰਾਪਤ ਕਰਨ ਲਈ ਆਪਣੀ 'ਖੁਫੀਆ ਪ੍ਰਣਾਲੀ' ਕਾਇਮ ਕਰ ਲਈ ਹੈ ਤੇ ਛਾਪਿਆਂ ਦੀ ਸੂਚਨਾ ਮਿਲਣ 'ਤੇ ਸਮਾਂ ਰਹਿੰਦਿਆਂ ਹੀ ਮੌਕੇ ਤੋਂ ਗਾਇਬ ਹੋ ਜਾਂਦੇ ਹਨ। 
ਸਭ ਤੋਂ ਵੱਡੀ ਗੱਲ ਇਹ ਹੈ ਕਿ ਲੱਗਭਗ ਹਰ ਸੂਬੇ ਵਿਚ ਸਰਗਰਮ ਮਾਫੀਆ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿਆਸੀ ਤੇ ਪੁਲਸ ਦੀ ਸ਼ਹਿ ਪ੍ਰਾਪਤ ਹੈ, ਜਿਨ੍ਹਾਂ ਸਾਹਮਣੇ ਕਾਨੂੰਨ ਬੇਵੱਸ ਹੋ ਕੇ ਰਹਿ ਗਿਆ ਹੈ। ਲਿਹਾਜ਼ਾ ਇਸ ਸਬੰਧ ਵਿਚ ਮਾਫੀਆ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ, ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਆਦਿ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਿਨਾਂ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ।                                         
—ਵਿਜੇ ਕੁਮਾਰ


Vijay Kumar Chopra

Chief Editor

Related News