ਸ਼ਿਲਾਂਗ ਦੇ ਪੰਜਾਬੀਆਂ ਦੀ ਸਮੱਸਿਆ ਗੰਭੀਰ ਹੋਵੇ, ਇਸ ਤੋਂ ਪਹਿਲਾਂ ਸੁਲਝਾਉਣੀ ਜ਼ਰੂਰੀ

10/22/2019 11:28:59 PM

ਲੱਗਭਗ 156 ਸਾਲ ਪਹਿਲਾਂ 1863 ’ਚ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ’ਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਲਿਜਾ ਕੇ ਵਸਾਇਆ ਸੀ। ਸ਼ਿਲਾਂਗ ਦੇ ਸਭ ਤੋਂ ਖੂਬਸੂਰਤ ਇਲਾਕੇ ’ਚ ਵਸੀ ਇਸ ‘ਪੰਜਾਬੀ ਲੇਨ ਕਾਲੋਨੀ’ ਦੇ ਬਾਸ਼ਿੰਦਿਆਂ ਵਿਰੁੱਧ ਸਥਾਨਕ ਲੋਕਾਂ ਦੀ ਨਾਰਾਜ਼ਗੀ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ।

ਸ਼ਿਲਾਂਗ ਦੇ ਮੁੱਖ ਵਪਾਰਕ ਕੇਂਦਰ ‘ਪੁਲਸ ਬਾਜ਼ਾਰ’ ਦੇ ਨੇੜੇ ਸਥਿਤ ‘ਪੰਜਾਬੀ ਲੇਨ ਕਾਲੋਨੀ’ ਵਿਚ ਪ੍ਰਾਪਰਟੀ ਬੇਹੱਦ ਮਹਿੰਗੀ ਹੋਣ ਕਾਰਣ ਇਥੇ ਸਰਗਰਮ ਗਰਮਦਲੀ ਅਤੇ ਸਥਾਨਕ ‘ਖਾਸੀ’ ਲੋਕਾਂ ਦੇ ਹਿੱਤ-ਰੱਖਿਅਕ ਹੋਣ ਦਾ ਦਾਅਵਾ ਕਰਨ ਵਾਲੇ ‘ਖਾਸੀ’ ਸੰਗਠਨ ਕਾਫੀ ਲੰਮੇ ਸਮੇਂ ਤੋਂ ਇਥੇ ਪੀੜ੍ਹੀਆਂ ਤੋਂ ਰਹਿ ਰਹੇ ਸਿੱਖਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਹੋਈ ਹੈ।

ਇਕ ਅਖ਼ਬਾਰ ਅਨੁਸਾਰ, ‘‘ਇਸ ਮਾਮਲੇ ’ਚ ਸੂਬਾ ਸਰਕਾਰ, ਗਰਮਦਲੀ ਸੰਗਠਨ ਅਤੇ ਵੱਖ-ਵੱਖ ਨਸਲੀ ਗਿਰੋਹ ਇਕੋ ਜਿਹੇ ਵਿਚਾਰ ਰੱਖਦੇ ਹਨ।’’

ਇਥੋਂ ਉਨ੍ਹਾਂ ਨੂੰ ਹਟਾਉਣ ਲਈ ਸਥਾਨਕ ਪ੍ਰਸ਼ਾਸਨ ਨੇ 1987 ’ਚ ਪਹਿਲੀ ਵਾਰ ਨੋਟਿਸ ਜਾਰੀ ਕੀਤਾ। 1992 ’ਚ ਇੱਥੇ ਸਿੱਖਾਂ ’ਤੇ ਹਮਲਾ ਹੋਇਆ, 1994 ’ਚ ਇਥੋਂ ਦੇ ਬਾਸ਼ਿੰਦਿਆਂ ਨੂੰ ਉਨ੍ਹਾਂ ਨੂੰ ਦਿੱਤੀ ਗਈ ਜ਼ਮੀਨ ਦੀ ਮਾਲਕੀ ਦਾ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਅਤੇ ਇਨ੍ਹਾਂ ’ਤੇ ਮੁੜ ਹਮਲਾ ਹੋਇਆ। ਉਦੋਂ ਤੋਂ ਹੀ ਕਾਲੋਨੀ ਦੇ ਬਾਸ਼ਿੰਦੇ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ’ਚੋਂ ਲੰਘ ਰਹੇ ਹਨ। ਪਿਛਲੇ ਸਾਲ ਜੂਨ ’ਚ ਇਥੇ ਹੋਏ ਦੰਗਿਆਂ ਤੋਂ ਬਾਅਦ ਹਾਲਾਤ ਕਾਫੀ ਵਿਗੜ ਗਏ ਸਨ, ਜੋ ਅਜੇ ਤਕ ਆਮ ਵਰਗੇ ਨਹੀਂ ਹੋਏ।

ਹੁਣ ਮੇਘਾਲਿਆ ਸਰਕਾਰ ਵਲੋਂ ਸ਼ਿਲਾਂਗ ’ਚ ਬਿਜਲੀ ਦੇ ਪੁਰਾਣੇ ਮੀਟਰਾਂ ਦੀ ਥਾਂ ਨਵੇਂ ਪ੍ਰੀ-ਪੇਡ ਮੀਟਰ ਲÅਾਉਣ ਨਾਲ ਇਨ੍ਹਾਂ ਲੋਕਾਂ ਲਈ ਇਕ ਹੋਰ ਨਵੀਂ ਸਮੱਸਿਆ ਪੈਦਾ ਹੋ ਗਈ ਹੈ। ‘ਪੰਜਾਬੀ ਲੇਨ ਕਾਲੋਨੀ’ ਵਿਚ ਵੀ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਵਲੋਂ ਪ੍ਰੀ-ਪੇਡ ਮੀਟਰ ਲਾਏ ਗਏ ਹਨ ਪਰ ਇਹ ਬਹੁਤ ਘੱਟ ਲੋਡ ਚੁੱਕਦੇ ਹਨ।

ਇਸ ਕਾਰਣ ਇਸ ਕਾਲੋਨੀ ਦੇ ਵਸਨੀਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਣ ਕਰਕੇ ਉਨ੍ਹਾਂ ਨੇ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਆਪਣੇ ਮੀਟਰਾਂ ਦਾ ਲੋਡ ਵਧਾਉਣ ਲਈ ਅਰਜ਼ੀ ਦਿੱਤੀ ਹੈ ਪਰ ‘ਖਾਸੀ ਵਿਦਿਆਰਥੀ ਸੰਘ’ (ਕੇ. ਐੱਸ. ਯੂ.) ਨੇ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਇਹ ਅਰਜ਼ੀ ਬਿਲਕੁਲ ਵੀ ਪ੍ਰਵਾਨ ਨਾ ਕੀਤੀ ਜਾਵੇ।

ਵਿਦਿਆਰਥੀ ਸੰਘ ਦੇ ਨੇਤਾਵਾਂ ਦਾ ਕਹਿਣਾ ਹੈ ਕਿ ‘ਪੰਜਾਬੀ ਲੇਨ ਕਾਲੋਨੀ’ ਦੇ ਸਿੱਖ ਨਿਵਾਸੀ ਨਾਜਾਇਜ਼ ਬਾਸ਼ਿੰਦੇ ਹਨ, ਜਿਨ੍ਹਾਂ ਨੂੰ ਆਮ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪ੍ਰਾਪਤ ਕਰਨ ਦਾ ਕੋਈ ਹੱਕ ਨਹੀਂ ਹੈ। ‘ਹਰੀਜਨ ਕਾਲੋਨੀ ਪੰਚਾਇਤ’ ਦੇ ਸੈਕਟਰੀ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ‘‘ਸਾਨੂੰ ਸਮਝ ਨਹੀਂ ਆ ਰਹੀ ਕਿ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ। ‘ਖਾਸੀ ਵਿਦਿਆਰਥੀ ਸੰਘ’ ਬਹੁਤ ਤਾਕਤਵਰ ਹੋਣ ਕਰਕੇ ਬਿਜਲੀ ਕੰਪਨੀ ਉਸ ਦੀ ਆਗਿਆ ਦੀ ਉਲੰਘਣਾ ਨਹੀਂ ਕਰ ਸਕਦੀ।’’

ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ‘‘ਪ੍ਰੀ-ਪੇਡ ਮੀਟਰਾਂ ਦੀ ਲੋਡ ਸਮਰੱਥਾ ਘੱਟ ਹੋਣ ਕਾਰਣ ਅਸੀਂ ਫਰਿੱਜ ਜਾਂ ਬਿਜਲੀ ਦੀ ਪ੍ਰੈੱਸ ਵਰਗੇ ਯੰਤਰ ਵੀ ਇਸਤੇਮਾਲ ਨਹੀਂ ਕਰ ਸਕਦੇ। ਇਸ ਇਲਾਕੇ ’ਚ ਇਕ ਸਕੂਲ ਅਤੇ ਗੁਰਦੁਆਰਾ ਵੀ ਹੈ, ਜਿੱਥੇ ਅਸੀਂ ਕੰਪਿਊਟਰ ਅਤੇ ਹੋਰ ਯੰਤਰ ਲਾਏ ਹੋਏ ਹਨ। ਠੰਡੀ ਜਗ੍ਹਾ ਹੋਣ ਕਾਰਣ ਰੂਮ ਹੀਟਰ ਚਲਾਉਣ ਦੀ ਵੀ ਲੋੜ ਪੈਂਦੀ ਹੈ ਪਰ ਨਵੇਂ ਮੀਟਰ ਇਹ ਲੋਡ ਸਹਿਣ ਨਹੀਂ ਕਰਦੇ ਅਤੇ ਸਪਲਾਈ ਕੱਟੀ ਜਾਂਦੀ ਹੈ।’’

ਇਹੋ ਨਹੀਂ, ਪੂਰਬੀ ਭਾਰਤ ’ਚ ਰਹਿਣ ਵਾਲੇ ਸਿੱਖਾਂ ਦੇ ਇਤਿਹਾਸ ’ਤੇ ਖੋਜ ਕਰਨ ਵਾਲੇ ਪ੍ਰੋ. ਹਿਮਾਦਰੀ ਬੈਨਰਜੀ ਦਾ ਕਹਿਣਾ ਹੈ ਕਿ ਸ਼ਿਲਾਂਗ ਦੀ ਪੰਜਾਬੀ ਲੇਨ ਕਾਲੋਨੀ (ਹਰੀਜਨ ਬਸਤੀ) ਵਿਚ ਰਹਿਣ ਵਾਲੇ ਸਿੱਖਾਂ ਦਾ ‘ਜੌਬ ਰਿਕਾਰਡ’ ਵੀ ‘ਖਾਸੀ ਵਿਦਿਆਰਥੀ ਸੰਘ’ ਵਲੋਂ ਲਾਈ ਗਈ ਅੱਗ ’ਚ ਪਹਿਲਾਂ ਹੀ ਨਸ਼ਟ ਹੋ ਚੁੱਕਾ ਹੈ।

ਇਸ ਕਾਰਣ ਸ਼ਿਲਾਂਗ ਮਿਊਂਸੀਪਲ ਬੋਰਡ ਕੋਲ ਇਥੇ ਰਹਿਣ ਵਾਲੇ ਸਿੱਖਾਂ ਦਾ ਕੋਈ ਸਬੂਤ ਵੀ ਨਹੀਂ ਬਚਿਆ ਹੈ ਅਤੇ ਹੁਣ ‘ਪੰਜਾਬੀ ਲੇਨ ਕਾਲੋਨੀ’ ਵਿਚ ਲਾਏ ਗਏ ਪ੍ਰੀ-ਪੇਡ ਬਿਜਲੀ ਦੇ ਮੀਟਰਾਂ ਦਾ ਲੋਡ ਵਧਾਉਣ ਦਾ ਵਿਰੋਧ ਕਰਕੇ ਖਾਸੀ ਵਿਦਿਆਰਥੀ ਸੰਘ ਨੇ ਇਨ੍ਹਾਂ ਪ੍ਰਤੀ ਆਪਣੀ ਦੁਸ਼ਮਣੀ ਇਕ ਵਾਰ ਫਿਰ ਜ਼ਾਹਿਰ ਕਰ ਦਿੱਤੀ ਹੈ।

ਕਈ ਪੀੜ੍ਹੀਆਂ ਤੋਂ ਸ਼ਿਲਾਂਗ ’ਚ ਰਹਿ ਰਹੇ ਸਿੱਖਾਂ ਨੂੰ ਉਜਾੜਨ ਦੇ ਚੱਲ ਰਹੇ ਯਤਨਾਂ ’ਚ ‘ਖਾਸੀ ਵਿਦਿਆਰਥੀ ਸੰਘ’ ਅਤੇ ਹੋਰ ਗਰਮਦਲੀ ਸੰਗਠਨਾਂ ਦੇ ਆ ਜਾਣ ਨਾਲ ਪਹਿਲਾਂ ਤੋਂ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਹੋਰ ਵੀ ਵਿਗੜਨ ਦਾ ਖਤਰਾ ਹੈ। ਇਸ ਲਈ ਕੇਂਦਰ ਅਤੇ ਮੇਘਾਲਿਆ ਸਰਕਾਰ ਤੇ ਹੋਰ ਸਬੰਧਤ ਧਿਰਾਂ ਨੂੰ ਇਹ ਸਮੱਸਿਆ ਛੇਤੀ ਤੋਂ ਛੇਤੀ ਸੁਲਝਾ ਕੇ ਉਥੋਂ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

–ਵਿਜੇ ਕੁਮਾਰ\\\


Bharat Thapa

Content Editor

Related News