ਦਲ-ਬਦਲੂਆਂ ਦੀ ‘ਨਰਸਰੀ’ ਹਰਿਆਣਾ ਟਿਕਟ ਨਾ ਮਿਲੀ ਤਾਂ ਦਿਲ ਅਤੇ ਦਲ ਦੋਨੋਂ ਬਦਲੇ

10/06/2019 1:17:24 AM

ਲੰਮੇ ਸਮੇਂ ਤੋਂ ਦਲ-ਬਦਲੂਆਂ ਲਈ ਮਸ਼ਹੂਰ ਰਹੇ ਹਰਿਆਣਾ ’ਚ ‘ਆਯਾ ਰਾਮ, ਗਯਾ ਰਾਮ’ ਪ੍ਰੰਪਰਾ 1967 ’ਚ ਸ਼ੁਰੂ ਹੋਈ। ਉਦੋਂ ਹਸਨਪੁਰ ਵਾਲੀ ਰਾਖਵੀਂ ਵਿਧਾਨ ਸਭਾ ਸੀਟ ਤੋਂ ਵਿਧਾਇਕ ‘ਗਯਾ ਲਾਲ’ ਨੇ 9 ਘੰਟਿਆਂ ’ਚ 2 ਵਾਰ ਦਲ-ਬਦਲੀ ਕਰ ਕੇ ਹਰਿਆਣਾ ਦੇ ਮੁੱਖ ਮੰਤਰੀ ਭਗਵਤ ਦਿਆਲ ਸ਼ਰਮਾ ਦੀ ਕਾਂਗਰਸ ਸਰਕਾਰ ਨੂੰ ਡੇਗਣ ਅਤੇ ਰਾਓ ਵੀਰੇਂਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ।

ਫਿਰ 1977 ’ਚ ਹਰਿਆਣਾ ’ਚ ਚੌਧਰੀ ਦੇਵੀ ਲਾਲ ਦੀ ਸਰਕਾਰ ਜਦੋਂ ਸੰਕਟ ’ਚ ਆ ਗਈ ਤਾਂ ਉਨ੍ਹਾਂ ਦੀ ਸਰਕਾਰ ਵਿਚ ਮੰਤਰੀ ਭਜਨ ਲਾਲ ਤੇਜਾਖੇੜਾ ਫਾਰਮ ’ਤੇ ਦੇਵੀ ਲਾਲ ਵਲੋਂ ਠਹਿਰਾਏ ਹੋਏ ਵਿਧਾਇਕਾਂ ਨੂੰ ਉਥੋਂ ਕੱਢ ਕੇ ਲੈ ਗਏ ਅਤੇ ਆਖਿਰ 29 ਜੂਨ 1979 ਨੂੰ ਦੇਵੀ ਲਾਲ ਦੀ ਸਰਕਾਰ ਡੇਗ ਕੇ ਖ਼ੁਦ ਮੁੱਖ ਮੰਤਰੀ ਬਣ ਗਏ।

ਅਤੇ ਜਦੋਂ ਜਨਤਾ ਪਾਰਟੀ ਦੇ ਪਤਨ ਤੋਂ ਬਾਅਦ ਭਜਨ ਲਾਲ ਨੂੰ ਲੱਗਾ ਕਿ ਇੰਦਰਾ ਗਾਂਧੀ ਹੁਣ ਉਨ੍ਹਾਂ ਦੀ ਸਰਕਾਰ ਡੇਗਣ ਵਾਲੀ ਹੈ ਤਾਂ 22 ਜਨਵਰੀ 1980 ਨੂੰ ਉਨ੍ਹਾਂ ਨੇ ਆਪਣੇ 37 ਵਿਧਾਇਕਾਂ ਨੂੰ ਲੈ ਕੇ ਪੂਰੀ ਜਨਤਾ ਪਾਰਟੀ ਕਾਂਗਰਸ ’ਚ ਮਿਲਾ ਕੇ ਆਪਣੀ ਸਰਕਾਰ ਬਚਾ ਲਈ ਅਤੇ ਇਸ ਨੂੰ ਕਾਂਗਰਸ ਦੀ ਸਰਕਾਰ ਬਣਾ ਦਿੱਤਾ।

ਚੋਣਾਂ ’ਚ ਪਾਰਟੀਆਂ ਵਲੋਂ ਟਿਕਟ ਕੱਟਣ ਤੋਂ ਨਾਰਾਜ਼ ਕਈ ਚਾਹਵਾਨਾਂ ਨੇ ਵੱਡੇ ਪੱਧਰ ’ਤੇ ਦਲ-ਬਦਲੀ ਦੀ ਜੋ ਖੇਡ ਖੇਡੀ, ਉਸ ਨੇ ਉਪਰ ਦਿੱਤੀ ਗਈ ‘ਮਹਾ-ਦਲਬਦਲੀ’ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਿਨ੍ਹਾਂ ’ਚੋਂ ਕਈਆਂ ਨੇ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ ਆਜ਼ਾਦ ਉਮੀਦਵਾਰਾਂ ਵਜੋਂ ਪਰਚੇ ਭਰ ਦਿੱਤੇ।

ਕੁਝ ਹੀ ਮਹੀਨੇ ਪਹਿਲਾਂ ਭਾਜਪਾ ਵਿਚ ਸ਼ਾਮਿਲ ਹੋਏ ਪੁੰਡਰੀ ਤੋਂ ਆਜ਼ਾਦ ਵਿਧਾਇਕ ਦਿਨੇਸ਼ ਕੌਸ਼ਿਕ ਪਾਰਟੀ ਦੀ ਟਿਕਟ ਚਾਹੁੰਦੇ ਸਨ ਪਰ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਨੇ ਫਿਰ ਆਜ਼ਾਦ ਉਮੀਦਵਾਰ ਵਜੋਂ ਪਰਚਾ ਭਰ ਦਿੱਤਾ।

ਇਸੇ ਤਰ੍ਹਾਂ ਕਰਨਾਲ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨ ਊਸ਼ਾ ਮੇਹਲਾ ਦੇ ਪਤੀ ਸੰਜੇ ਮੇਹਲਾ ਨੂੰ ਪਾਰਟੀ ਨੇ ਅਸੰਧ ਤੋਂ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਵੀ ਆਜ਼ਾਦ ਉਮੀਦਵਾਰ ਬਣ ਗਏ।

ਪਿਹੋਵਾ ਤੋਂ ਭਾਜਪਾ ਦੀ ਟਿਕਟ ਦੇ ਚਾਹਵਾਨ ਸਵਾਮੀ ਸੰਦੀਪ ਓਂਕਾਰ ਤੋਂ ਇਲਾਵਾ ਵੀ ਕਈ ਸੀਨੀਅਰ ਭਾਜਪਾ ਆਗੂ ਸੋਮਵੀਰ ਸਾਂਗਵਾਨ (ਦਾਦਰੀ), ਬਲਰਾਜ ਕੁੰਡੂ (ਮੇਹਮ), ਪਵਨ ਖਰਖੌਦਾ (ਖਰਖੌਦਾ ਰਿਜ਼ਰਵ) ਅਤੇ ਸ਼ਿਵਸ਼ੰਕਰ ਭਾਰਦਵਾਜ (ਭਿਵਾਨੀ) ਵੀ ਭਗਵਾ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੀ ਪਾਰਟੀ ਵਿਰੁੱਧ ਚੋਣ ਮੈਦਾਨ ’ਚ ਉਤਰ ਆਏ ਹਨ।

ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਤਪਾਲ ਸਾਂਗਵਾਨ ਅਤੇ ਭੁਪੇਂਦਰ ਮਲਿਕ ਪਹਿਲਾਂ ਹੀ ਜਨਨਾਇਕ ਜਨਤਾ ਪਾਰਟੀ (ਜਜਪਾ) ’ਚ ਸ਼ਾਮਿਲ ਹੋ ਕੇ ਟਿਕਟ ਹਾਸਿਲ ਕਰ ਚੁੱਕੇ ਹਨ, ਜਦਕਿ ਬਲਰਾਜ ਕੁੰਡੂ ਨੇ ਮੇਹਮ, ਪਵਨ ਨੇ ਖਰਖੌਦਾ ਅਤੇ ਸ਼ੰਕਰ ਭਾਰਦਵਾਜ ਨੇ ਭਿਵਾਨੀ ਤੋਂ ਕਾਗਜ਼ ਦਾਖਲ ਕਰ ਦਿੱਤੇ ਹਨ।

1978 ਤੋਂ ਕਾਂਗਰਸ ਨਾਲ ਜੁੜੇ ਅਤੇ 4 ਵਾਰ ਵਿਧਾਇਕ ਰਹੇ ਨਿਰਮਲ ਸਿੰਘ ਵੀ ‘ਬਾਗ਼ੀ’ ਹੋ ਗਏ। ਇਸ ਵਾਰ ਕਾਂਗਰਸ ਵਲੋਂ ਟਿਕਟ ਨਾ ਮਿਲਣ ’ਤੇ ਨਾ ਸਿਰਫ ਉਨ੍ਹਾਂ ਨੇ ਅੰਬਾਲਾ ਸ਼ਹਿਰ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ ਹਨ, ਸਗੋਂ ਆਪਣੀ ਧੀ ਚਿੱਤਰਾ ਨੂੰ ਵੀ ਅੰਬਾਲਾ ਛਾਉਣੀ ਤੋਂ ਆਜ਼ਾਦ ਉਮੀਦਵਾਰ ਬਣਾ ਦਿੱਤਾ ਹੈ। ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਰਾਕੇਸ਼ ਕੰਬੋਜ ਵੀ ਟਿਕਟ ਨਾ ਮਿਲਣ ’ਤੇ ਇੰਦਰੀ ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਗਏ ਹਨ।

ਪਿਛਲੇ ਸਾਲ ਦੋਫਾੜ ਹੋਣ ਦਾ ਸਭ ਤੋਂ ਵੱਧ ਅਸਰ ਇਨੈਲੋ ’ਤੇ ਪਿਆ ਹੈ, ਜਿਸ ਦੇ ਜ਼ਿਆਦਾਤਰ ਮੈਂਬਰ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਇਨੈਲੋ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਏ ਸਤੀਸ਼ ਨਾਂਦਲ ਨੂੰ ਗੜ੍ਹੀ ਸਾਂਪਲਾ-ਕਿਲੋਈ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਖੜ੍ਹਾ ਕੀਤਾ ਗਿਆ ਹੈ। ਇਨੈਲੋ ਨਾਲ ਕਈ ਦਹਾਕਿਆਂ ਤੋਂ ਜੁੜੇ ਇਸ ਦੇ ਉਪ-ਪ੍ਰਧਾਨ ਅਸ਼ੋਕ ਅਰੋੜਾ ਨੇ ਪਾਰਟੀ ਨਾਲੋਂ ਸਬੰਧ ਤੋੜ ਕੇ ਕਾਂਗਰਸ ਦਾ ਪੱਲਾ ਫੜਿਆ ਤਾਂ ਕਾਂਗਰਸ ਨੇ ਵੀ ਉਸ ਨੂੰ ਥਾਨੇਸਰ ਤੋਂ ਟਿਕਟ ਦੇ ਦਿੱਤੀ।

ਸਾਬਕਾ ਇਨੈਲੋ ਮੰਤਰੀ ਸਵ. ਜਸਵਿੰਦਰ ਸਿੰਘ ਸੰਧੂ ਦਾ ਬੇਟਾ ਗਗਨਦੀਪ ਸੰਧੂ ਅਤੇ ਇਨੈਲੋ ਦੇ ਸਾਬਕਾ ਵਿਧਾਇਕ ਪ੍ਰਦੀਪ ਚੌਧਰੀ ਕਾਂਗਰਸ ’ਚ, ਜਦਕਿ ਸੀਨੀਅਰ ਇਨੈਲੋ ਨੇਤਾ ਰਾਮਪਾਲ ਮਾਜਰਾ ਭਾਜਪਾ ’ਚ ਸ਼ਾਮਿਲ ਹੋ ਗਏ ਹਨ। ਇਸੇ ਤਰ੍ਹਾਂ ਸਾਬਕਾ ਕਾਂਗਰਸੀ ਵਿਧਾਇਕਾ ਸ਼ਾਰਦਾ ਰਾਠੌਰ ਵੀ ਭਾਜਪਾ ’ਚ ਆ ਗਈ ਹੈ।

ਹਰਿਆਣਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਇਕੋ-ਇਕ ਵਿਧਾਇਕ ਬਲਕੌਰ ਸਿੰਘ ਨੇ ਇਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਰਾਜ਼ ਕਰਨ ਦੇ ਬਾਵਜੂਦ ਭਾਜਪਾ ਨੇ ਉਨ੍ਹਾਂ ਨੂੰ ਕਾਲਾਂਵਾਲੀ (ਰਿਜ਼ਰਵ) ਸੀਟ ਤੋਂ ਟਿਕਟ ਦੇ ਕੇ ਨਿਵਾਜਿਆ ਹੈ। ਬਸਪਾ ਦਾ ਇਕੋ-ਇਕ ਵਿਧਾਇਕ ਵੀ ਭਾਜਪਾ ਨਾਲ ਜਾ ਮਿਲਿਆ ਹੈ।

5 ਆਜ਼ਾਦ ਵਿਧਾਇਕਾਂ ’ਚੋਂ 4 ਭਾਜਪਾ ਵਿਚ ਸ਼ਾਮਿਲ ਹੋ ਗਏ ਅਤੇ ਉਹ ਸਾਰੇ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਸਨ ਪਰ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ, ਜਦਕਿ ਇਕ ਹੋਰ ਆਜ਼ਾਦ ਵਿਧਾਇਕ ਜੈਪ੍ਰਕਾਸ਼ ਵਾਪਿਸ ਕਾਂਗਰਸ ’ਚ ਜਾ ਕੇ ਆਪਣੇ ਚੋਣ ਹਲਕੇ ਕਲਾਇਤ ਤੋਂ ਟਿਕਟ ਹਾਸਿਲ ਕਰਨ ’ਚ ਸਫਲ ਹੋ ਗਏ।

ਇਹੋ ਨਹੀਂ, ਜਿੱਥੇ ਟਿਕਟਾਂ ਦੀ ਵੰਡ ਤੋਂ ਨਾਰਾਜ਼ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਇਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਉਥੇ ਹੀ 2 ਸਾਬਕਾ ਵਿਧਾਇਕਾਂ ਰਾਧੇਸ਼ਿਆਮ ਸ਼ਰਮਾ (ਆਜ਼ਾਦ, ਮਹਿੰਦਰਗੜ੍ਹ) ਅਤੇ ਅਨਿਲ ਠੱਕਰ (ਕਾਂਗਰਸ, ਸੋਨੀਪਤ) ਤੋਂ ਇਲਾਵਾ ਮਹਿੰਦਰਗੜ੍ਹ ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਸਤੀਸ਼ ਸ਼ਰਮਾ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ।

ਇਨ੍ਹਾਂ ਤੋਂ ਇਲਾਵਾ ਵੀ ਟਿਕਟਾਂ ਦੇ ਹੋਰਨਾਂ ਚਾਹਵਾਨਾਂ ਨੇ ਧੜੇ ਬਦਲੇ ਹਨ। ਹੁਣ ਇਹ ਤਾਂ 24 ਅਕਤੂਬਰ ਨੂੰ ਨਤੀਜੇ ਆਉਣ ਵਾਲੇ ਦਿਨ ਹੀ ਪਤਾ ਲੱਗੇਗਾ ਕਿ ਦਲ-ਬਦਲੂਆਂ ਨੂੰ ਵੋਟਰਾਂ ਨੇ ਕਿੰਨਾ ਠੁਕਰਾਇਆ ਅਤੇ ਕਿੰਨਾ ਗਲੇ ਲਾਇਆ।

–ਵਿਜੇ ਕੁਮਾਰ\\\


Bharat Thapa

Content Editor

Related News