‘ਜਦੋਂ ਪੁਲਸ ਹੀ ਅਪਰਾਧੀਆਂ ਤੋਂ ਸੁਰੱਖਿਅਤ ਨਹੀਂ’ ਤਾਂ ਅਪਰਾਧ ਕਿਵੇਂ ਰੁਕਣਗੇ!

05/25/2022 12:14:43 AM

ਕੁਝ ਸਮੇਂ ਤੋਂ ਦੇਸ਼ ’ਚ ਕਾਨੂੰਨ-ਵਿਵਸਥਾ ਦੀ  ਸਥਿਤੀ ਵਿਗੜ  ਰਹੀ ਹੈ।  ਇਕ ਪਾਸੇ ਆਮ ਲੋਕਾਂ ਦੇ ਵਿਰੁੱਧ ਹੱਤਿਆ, ਲੁੱਟ-ਖੋਹ, ਜਬਰ-ਜ਼ਨਾਹ ਵਰਗੇ ਅਪਰਾਧ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਪੁਲਸ ਮੁਲਾਜ਼ਮ ਵੀ ਅਪਰਾਧੀ ਤੱਤਾਂ ਦੇ ਹੱਥੋਂ ਸੁਰੱਖਿਅਤ ਨਹੀਂ ਹਨ। ਆਏ ਦਿਨ ਨਾ ਸਿਰਫ ਹਮਲੇ ਕਰ ਕੇ ਉਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ ਸਗੋਂ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਜਬਰ-ਜ਼ਨਾਹ ਤੱਕ ਹੋ ਰਹੇ ਹਨ ਜੋ ਹੇਠਲੀਆਂ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :  
* 20 ਜੁਲਾਈ, 2021 ਨੂੰ ਸੀਕਰ (ਰਾਜਸਥਾਨ) ’ਚ ਇਕ ਢਾਬੇ ’ਤੇ ਖਾਣਾ ਖਾ ਰਹੇ ਦੋ ਪੁਲਸ ਮੁਲਾਜ਼ਮਾਂ ਦੀ ਕਾਰ ਖੋਹ ਕੇ ਦੋ ਬਦਮਾਸ਼ ਫਰਾਰ ਹੋ ਗਏ। 
* 14 ਮਾਰਚ, 2022 ਨੂੰ ਬਾਂਦਾ (ਉੱਤਰ ਪ੍ਰਦੇਸ਼) ’ਚ 2 ਬਦਮਾਸ਼ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਈ ਡੀ. ਜੀ. ਪੀ. ਦਫਤਰ ਲਖਨਊ ’ਚ ਤਾਇਨਾਤ ਸਿਪਾਹੀ ਦੀ ਪਤਨੀ ਦੇ ਗਲੇ ’ਚ ਪਿਆ ਹਾਰ ਅਤੇ ਮੰਗਲਸੂਤਰ ਖੋਹ ਕੇ ਲੈ ਗਏ। 
* 12 ਅਪ੍ਰੈਲ, 2022 ਨੂੰ  ਰਾਤ ਨੂੰ ਸੋਨੀਪਤ (ਹਰਿਆਣਾ) ’ਚ ਇਕ ਵਿਅਕਤੀ ਨੇ ਮਹਿਲਾ ਕਾਂਸਟੇਬਲ ਦੇ ਕੁਆਰਟਰ ’ਚ ਵੜ ਕੇ ਉਸ ਨਾਲ ਜਬਰ-ਜ਼ਨਾਹ ਕਰ ਿਦੱਤਾ ਅਤੇ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ। 
* 19 ਅਪ੍ਰੈਲ ਨੂੰ  ਰੇਵਾੜੀ (ਹਰਿਆਣਾ) ਦੇ ਸ਼ਾਹਪੁਰ ਪਿੰਡ ’ਚ ਨਾਜਾਇਜ਼ ਖੋਦਾਈ ਰੋਕਣ ਲਈ ਬਾਵਲ ਥਾਣੇ ਦੇ 3  ਪੁਲਸ ਮੁਲਾਜ਼ਮਾਂ ਨੂੰ ਉੱਥੇ ਮੌਜੂਦ ਲੋਕਾਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। 
* 22 ਅਪ੍ਰੈਲ ਨੂੰ ਮੁੰਬਈ ’ਚ ਬਾਈਕ ਸਵਾਰ 2 ਸਨੈਚਰ ਇਕ ਆਟੋ ’ਚ ਪਰਿਵਾਰ ਸਮੇਤ ਜਾ ਰਹੇ ਅਪਰਾਧ ਸ਼ਾਖਾ ਦੇ ਅਧਿਕਾਰੀ ਦਾ 1.4 ਲੱਖ ਰੁਪਏ ਮੁੱਲ ਦਾ ਮੋਬਾਇਲ ਖੋਹ ਕੇ ਭੱਜ ਗਏ। 
* 15 ਮਈ ਨੂੰ ਪਠਾਨਕੋਟ-ਜਲੰਧਰ ਹਾਈਵੇ ’ਤੇ ਸਥਿਤ ਨੰਗਲਭੂਰ ਪਿੰਡ ’ਚ ਢਾਬੇ ’ਤੇ ਖਾਣਾ ਖਾ ਰਹੇ ਪੰਜਾਬ ਪੁਲਸ ਦੇ 3 ਮੁਲਾਜ਼ਮਾਂ ਵੱਲੋਂ ਕੁਝ  ਨੌਜਵਾਨਾਂ ਨੂੰ ਗਾਲੀ-ਗਲੋਚ ਕਰਨ ਤੋਂ ਰੋਕਣ ’ਤੇ ਉਨ੍ਹਾਂ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦਿੱਤਾ ਅਤੇ ਇਕ ਪੁਲਸ ਮੁਲਾਜ਼ਮ ਦੇ ਹੱਥ ਦੀਆਂ 3 ਉਂਗਲੀਆਂ ਕੱਟ ਗਈਆਂ। 
* 16 ਮਈ ਨੂੰ ਭੋਪਾਲ ਦੇ ਹਬੀਬਗੰਜ ’ਚ ਇਕ ਐੱਸ. ਯੂ. ਵੀ. ’ਚ ਸਵਾਰ ਔਰਤ ਸਮੇਤ 3 ਵਿਅਕਤੀਆਂ ਨੇ ਵਾਹਨਾਂ ਦੀ ਚੈਕਿੰਗ ਦੇ ਦੌਰਾਨ ਨਾ ਸਿਰਫ ਇਕ ਮਹਿਲਾ ਕਾਂਸਟੇਬਲ ਦਾ ਹੱਥ ਦੰਦਾਂ ਨਾਲ ਬੁਰੀ ਤਰ੍ਹਾਂ ਕੱਟ ਕੇ ਲਹੂ-ਲੁਹਾਨ ਕਰ ਦਿੱਤਾ ਸਗੋਂ ਪੁਲਸ ਪਾਰਟੀ ਦੇ ਹੋਰਨਾਂ ਮੈਂਬਰਾਂ ਨਾਲ ਘਟੀਆ ਸਲੂਕ ਵੀ ਕੀਤਾ।
* 19 ਮਈ ਨੂੰ ਯਮੁਨਾਨਗਰ ਦੇ ਕਲਾਪੁਰ ਪਿੰਡ ’ਚ ਇਕ ਵਿਅਕਤੀ ਨੇ ਅਪਰਾਧੀ ਨੂੰ ਫੜਨ ਗਏ ਅੰਬਾਲਾ ਦੇ ਚਪਾਰ ਪੁਲਸ ਥਾਣੇ ਦੇ ਐੱਸ. ਆਈ. ਜਗਦੀਸ਼ ਚੰਦਰ, ਏ. ਐੱਸ. ਆਈ. ਰਾਮ ਕੁਮਾਰ ਤੇ ਦੋ ਹੋਰਨਾਂ ਵਿਅਕਤੀਆਂ ’ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। 
* 20 ਮਈ ਸ਼ਾਮ ਨੂੰ ਭੋਪਾਲ ਦੇ ਪ੍ਰਭਾਤ ਚੌਕ ’ਚ 3 ਸਕੂਟਰ ਸਵਾਰ ਵਿਦਿਆਰਥਣਾਂ, ਜਿਨ੍ਹਾਂ ਨੇ ਆਪਣੇ ਸਕੂਟਰ ’ਤੇ ‘ਪੁਲਸ’ ਲਿਖ ਰੱਖਿਆ ਸੀ, ਨੂੰ ਜਦੋਂ ਦੀਪਿਕਾ ਕੁਸ਼ਵਾਹਾ ਨਾਂ ਦੀ ਮਹਿਲਾ ਕਾਂਸਟੇਬਲ ਨੇ  ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਰੋਕਿਆ ਤਾਂ ਉਨ੍ਹਾਂ ਨੇ ਨਾ ਸਿਰਫ ਉਸ ਦੇ ਨਾਲ ਘਟੀਆ ਸਕੂਲ ਕੀਤਾ ਸਗੋਂ ਸ਼ੁਭਾਂਗੀ ਵਰਮਾ ਨਾਂ ਦੀ ਮੁਟਿਆਰ ਨੇ ਮਹਿਲਾ ਕਾਂਸਟੇਬਲ ਦੇ ਢਿੱਡ  ’ਚ ਤਾਬੜਤੋੜ 3 ਵਾਰ ਲੱਤਾਂ ਮਾਰ ਦਿੱਤੀਆਂ। 
* 21 ਮਈ ਨੂੰ ਬਦਮਾਸ਼ਾਂ ਨੇ  ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ’ਚ ਗਸ਼ਤ ਲਈ ਨਿਕਲੇ ਐਂਟੀ ਨਾਰਕੋਟਿਕਸ ਸੈੱਲ ਦੇ ਕਾਂਸਟੇਬਲ  ਬਲਦੇਵ ਸਿੰਘ ਦੀ ਵਰਦੀ ਪਾੜ  ਦਿੱਤੀ ਅਤੇ ਉਸ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਬਾਅਦ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। 
* 21 ਮਈ ਨੂੰ ਹੀ ਨਵੀਂ ਦਿੱਲੀ ’ਚ ਦਵਾਰਕਾ ਦੇ ਬਿੰਦਾਪੁਰ ਇਲਾਕੇ ਦੇ ਬਾਜ਼ਾਰ ’ਚ ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਸ ਟੀਮ ’ਤੇ ਕਬਜ਼ਾਧਾਰੀਆਂ ਨੇ ਹਮਲਾ ਕਰ ਕੇ ਇਕ ਐੱਸ. ਐੱਚ. ਓ. ਸਮੇਤ ਕਈ ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। 
* 21 ਮਈ ਵਾਲੇ ਦਿਨ ਹੀ ਭੋਪਾਲ ਦੇ ਮੰਗਲਵਾੜਾ ਇਲਾਕੇ ’ਚ ਗਲਤ ਢੰਗ ਨਾਲ ਪਾਰਕ ਆਟੋ ਹਟਾਉਣ ਲਈ ਕਹਿਣ ’ਤੇ ਆਟੋ  ਚਾਲਕ ਨੇ ਟ੍ਰੈਫਿਕ ਕਾਂਸਟੇਬਲ ਜਤਿੰਦਰ  ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ। 
* 22 ਮਈ ਨੂੰ  ਲੁਧਿਆਣਾ ’ਚ ਸੈਰ ’ਤੇ ਨਿਕਲੇ ਪੰਜਾਬ ਪੁਲਸ ਦੇ ਡੀ. ਐੱਸ. ਪੀ. ਸੁਖਦੇਵ ਸਿੰਘ ਦੇ ਹੱਥੋਂ ਮੋਬਾਇਲ ਝਪਟ ਕੇ ਬਦਮਾਸ਼ ਫਰਾਰ ਹੋ ਗਏ। 
* 22 ਮਈ ਨੂੰ ਹੀ ਦਿੱਲੀ ਦੇ ਦਿਆਲਪੁਰ ਇਲਾਕੇ ’ਚ ਸ਼ਰਾਬ ਮਾਫੀਆ ਨੇ ਇਕ ਸਿਪਾਹੀ ’ਤੇ ਹਮਲਾ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ। 
* 23 ਮਈ ਨੂੰ ਰਾਮਪੁਰ (ਉੱਤਰ ਪ੍ਰਦੇਸ਼) ’ਚ ਬਦਮਾਸ਼ਾਂ ਨੇ ਨਾਜਾਇਜ਼ ਖੋਦਾਈ ਕਰਨ ਵਾਲੇ ਮਾਫੀਆ ਦੀ ਗ੍ਰਿਫਤਾਰੀ ਦੇ ਬਾਅਦ ਪੁਲਸ ਥਾਣੇ ’ਤੇ ਹੱਲਾ ਬੋਲ ਕੇ ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੂੰ ਡਾਂਗਾਂ-ਸੋਟਿਆਂ ਨਾਲ ਕੁੱਟ ਕੇ 4 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਮਾਫੀਆ ਦੇ ਇਕ ਮੈਂਬਰ ਨੇ ਪਿਸਤੌਲ ਤਾਣ ਕੇ ਪੁਲਸ ਵਾਲਿਆਂ ਨੂੰ ਲਲਕਾਰਿਆ, ‘‘ਅਸੀਂ ਇੰਨੇ ਵੱਡੇ ਨੇਤਾ ਹਾਂ ਅਤੇ ਤੁਸੀਂ ਸਾਡੀ ਪਛਾਣ ਪੁੱਛ ਰਹੇ ਹੋ।’’
ਲੋਕਾਂ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਹਮਲੇ ਯਕੀਨਨ ਹੀ ਅਪਰਾਧੀ ਤੱਤਾਂ ਦੀ ਵਧ ਰਹੀ ਜੁਰਅੱਤ ਅਤੇ ਕਾਨੂੰਨ ਦਾ ਡਰ ਖਤਮ ਹੋ ਜਾਣ ਦਾ ਹੀ ਨਤੀਜਾ ਹੈ। 
ਲਿਹਾਜ਼ਾ ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਸਖਤ ਧਾਰਾਵਾਂ ਵਾਲਾ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਤੇ ਦੂਸਰਿਆਂ ਨੂੰ ਨਸੀਹਤ।
ਵਿਜੇ ਕੁਮਾਰ  


Karan Kumar

Content Editor

Related News