''ਪੰਜਾਬ'' ਵਾਂਗ ਹੀ ਹਿਮਾਚਲ ਵੀ ਬਣਨ ਲੱਗਾ ''ਉੜਤਾ ਹਿਮਾਚਲ''
Thursday, Aug 02, 2018 - 06:04 AM (IST)

ਅੱਜ ਦੇਸ਼ ਦੇ ਕਈ ਸੂਬਿਆਂ 'ਚ ਨਸ਼ੇ ਦੀ ਲਤ ਮਹਾਮਾਰੀ ਵਾਂਗ ਫੈਲਦੀ ਜਾ ਰਹੀ ਹੈ, ਜਿਸ ਦੀ ਸ਼ਿਕਾਰ ਹੋ ਕੇ ਨੌਜਵਾਨ ਪੀੜ੍ਹੀ ਆਪਣੀ ਸਿਹਤ ਬਰਬਾਦ ਕਰ ਰਹੀ ਹੈ ਅਤੇ ਦੇਵਭੂਮੀ ਹਿਮਾਚਲ ਦੇ ਨੌਜਵਾਨ ਵੀ ਹੁਣ ਇਸ ਤੋਂ ਮੁਕਤ ਨਹੀਂ ਰਹੇ। ਸੂਬੇ ਦੇ ਕਈ ਹਿੱਸਿਆਂ 'ਚ ਵੱਡੀ ਮਾਤਰਾ 'ਚ ਚਰਸ, ਭੁੱਕੀ, ਕੋਕੀਨ, ਅਫੀਮ ਤੇ ਚਿੱਟੇ ਵਰਗੇ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਸਪੱਸ਼ਟ ਸੰਕੇਤ ਦੇ ਰਹੀ ਹੈ ਕਿ ਇਹ ਸੂਬਾ ਹੁਣ 'ਉੜਤਾ ਪੰਜਾਬ' ਵਾਂਗ 'ਉੜਤਾ ਹਿਮਾਚਲ' ਬਣਦਾ ਜਾ ਰਿਹਾ ਹੈ, ਜਿਥੇ ਜਗ੍ਹਾ-ਜਗ੍ਹਾ ਨਸ਼ਾ ਸਮੱਗਲਰਾਂ ਦਾ ਜਾਲ ਫੈਲਦਾ ਜਾ ਰਿਹਾ ਹੈ। ਸੰਨ 2016 'ਚ ਵੱਖ-ਵੱਖ ਮਹਿਕਮਿਆਂ ਵਲੋਂ ਕੀਤੀ ਗਈ ਖੋਜ ਅਨੁਸਾਰ ਸੂਬੇ ਦੇ 40 ਫੀਸਦੀ ਨੌਜਵਾਨ ਵੱਖ-ਵੱਖ ਨਸ਼ਿਆਂ ਦੀ ਲਪੇਟ 'ਚ ਹਨ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਖੁਦ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ 'ਚ ਨਸ਼ੇ ਦੇ ਵਪਾਰੀਆਂ ਵਿਰੁੱਧ ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰਹਿਣ ਦਾ ਹੁਕਮ ਦਿੱਤਾ ਹੈ। ਹੁਣੇ ਜਿਹੇ ਸ਼ਿਮਲਾ ਤੇ ਕੁੱਲੂ 'ਚ ਦੋ ਨਾਈਜੀਰੀਅਨਾਂ ਅਤੇ ਚਿੱਟੇ ਦੇ ਸਥਾਨਕ ਸਮੱਗਲਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਨਸ਼ਿਆਂ ਦੀ ਸਮੱਗਲਿੰਗ 'ਚ ਲੱਗੇ ਅਪਰਾਧੀ ਹਿਮਾਚਲ 'ਚ ਸਰਗਰਮ ਹੋ ਰਹੇ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਸ਼ਿਮਲਾ, ਕਾਂਗੜਾ ਤੇ ਕੁੱਲੂ 'ਚ ਤਿੰਨ ਨਾਰਕੋਟਿਕਸ ਕੰਟਰੋਲ ਯੂਨਿਟ ਬਣਾਏ ਗਏ ਹਨ। ਨਸ਼ਾ ਸਮੱਗਲਰ ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਹੁਣ ਨੌਜਵਾਨ ਕੁੜੀਆਂ ਨੂੰ ਵੀ ਜਾਲ 'ਚ ਫਸਾ ਰਹੇ ਹਨ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਗਈ ਹੈ। ਖਾਸ ਤੌਰ 'ਤੇ ਆਪਣੇ ਮਾਂ-ਪਿਓ ਨਾਲ ਨਾ ਰਹਿਣ ਵਾਲੀਆਂ ਦੂਜੇ ਸ਼ਹਿਰਾਂ ਤੋਂ ਪੜ੍ਹਾਈ ਤੇ ਨੌਕਰੀ ਦੇ ਸਿਲਸਿਲੇ 'ਚ ਆਈਆਂ ਅਤੇ ਗਈਆਂ ਨੌਜਵਾਨ ਕੁੜੀਆਂ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਬਾਰੇ ਹਿਮਾਚਲ ਪੁਲਸ ਨੂੰ ਗੁਆਂਢੀ ਸੂਬਿਆਂ ਦੀ ਪੁਲਸ ਨਾਲ ਸੰਪਰਕ ਕਰ ਕੇ ਨਸ਼ਾ ਸਮੱਗਲਰਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੇ ਫੜਨ 'ਚ ਸਹਾਇਤਾ ਲੈਣ ਲਈ ਕਿਹਾ ਗਿਆ ਹੈ। ਪਤਾ ਲੱਗਾ ਹੈ ਕਿ ਲਗਭਗ 500 ਤੋਂ 700 ਦੇ ਦਰਮਿਆਨ ਨਾਈਜੀਰੀਅਨ, ਜਿਨ੍ਹਾਂ 'ਚੋਂ ਬਹੁਤਿਆਂ ਦਾ ਟਿਕਾਣਾ ਦਿੱਲੀ 'ਚ ਹੈ, ਹਿਮਾਚਲ ਪ੍ਰਦੇਸ਼ 'ਚ ਚਿੱਟੇ ਦੀ ਸਮੱਗਲਿੰਗ 'ਚ ਸਰਗਰਮ ਤੌਰ 'ਤੇ ਸ਼ਾਮਲ ਹਨ। ਚਿੱਟੇ (ਹੈਰੋਇਨ) ਦੀ ਸਮੱਗਲਿੰਗ ਦੇ ਸਿਲਸਿਲੇ 'ਚ ਸ਼ਿਮਲਾ ਤੇ ਕੁੱਲੂ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਦੋ ਨਾਈਜੀਰੀਅਨਾਂ ਅਨੁਸਾਰ ਹਿਮਾਚਲ ਦੇ ਨਸ਼ਾ ਸਮੱਗਲਰ ਦਿੱਲੀ ਅਤੇ ਹੋਰਨਾਂ ਸੂਬਿਆਂ 'ਚ ਫੈਲੇ ਸਮੱਗਲਰਾਂ ਤੋਂ ਨਸ਼ਾ ਲੈ ਰਹੇ ਹਨ ਅਤੇ ਪਿਛਲੇ 6 ਮਹੀਨਿਆਂ ਦੌਰਾਨ ਨਸ਼ਾ ਸਮੱਗਲਿੰਗ ਦੇ 653 ਮਾਮਲਿਆਂ 'ਚ 36 ਔਰਤਾਂ ਤੇ 6 ਵਿਦੇਸ਼ੀਆਂ ਸਮੇਤ 831 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਮਿਆਦ ਦੌਰਾਨ 257.1 ਕਿਲੋ ਚਰਸ, 4.78 ਕਿਲੋ ਅਫੀਮ, 36,154 ਨਸ਼ੇ ਵਾਲੀਆਂ ਗੋਲੀਆਂ, 50,834 ਕੈਪਸੂਲ, 994 ਬੋਤਲਾਂ ਸਿਰਪ, 4.621 ਕਿਲੋ ਹੈਰੋਇਨ, 293 ਗ੍ਰਾਮ ਸਮੈਕ, 68.8 ਗ੍ਰਾਮ ਬ੍ਰਾਊਨ ਸ਼ੂਗਰ, 45 ਗ੍ਰਾਮ ਕੈਟਾਮਾਈਨ, 45 ਗ੍ਰਾਮ ਕੈਟਾਮਾਈਨ ਆਈਸ ਮਿਕਸਚਰ, 263.07 ਕਿਲੋ ਪੋਸਤ ਚੂਰਾ, 7.99 ਕਿਲੋ ਗਾਂਜਾ ਤੇ 910 ਇੰਜੈਕਸ਼ਨ ਵੀ ਜ਼ਬਤ ਕੀਤੇ ਗਏ। ਪੰਜਾਬ ਨਾਲ ਲੱਗਦਾ ਹਿਮਾਚਲ ਦਾ ਊਨਾ ਜ਼ਿਲਾ ਵੀ ਉਨ੍ਹਾਂ ਹੀ ਬੁਰਾਈਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ, ਜਿਨ੍ਹਾਂ ਤੋਂ ਇਸ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਪੀੜਤ ਹਨ। ਇਥੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਸਿਗਰਟ, ਗੁਟਖਾ, ਖੈਨੀ ਤੇ ਸ਼ਰਾਬ ਦੇ ਨਾਲ-ਨਾਲ ਕੈਪਸੂਲਾਂ, ਖਾਂਸੀ ਵਾਲੇ ਸਿਰਪ, ਬੂਟਾਂ ਦੀ ਪਾਲਿਸ਼, ਬਾਮ, ਸਫੇਦ ਤਰਲ (ਵ੍ਹਾਈਟ ਫਲੂਡ), ਚਰਸ, ਸਮੈਕ, ਹੈਰੋਇਨ ਅਤੇ ਅਫੀਮ ਦੀ ਲਤ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਚੰਬਾ (ਕੁਝ ਹਿੱਸਾ), ਕਾਂਗੜਾ, ਬਿਲਾਸਪੁਰ, ਸੋਲਨ, ਸਿਰਮੌਰ ਤੇ ਸ਼ਿਮਲਾ 'ਚ ਵੀ ਹਾਲਤ ਬਹੁਤ ਖਰਾਬ ਹੈ। ਅਕਤੂਬਰ 2017 'ਚ ਡੀ. ਜੀ. ਪੀ. ਵਲੋਂ ਹਾਈਕੋਰਟ ਨੂੰ ਸੌਂਪੀ ਗਈ ਰਿਪੋਰਟ 'ਚ ਕੁੱਲੂ, ਮੰਡੀ, ਚੰਬਾ, ਸ਼ਿਮਲਾ ਅਤੇ ਸਿਰਮੌਰ ਦੇ 400 ਪਿੰਡਾਂ ਨੂੰ ਅਫੀਮ ਦੀ ਗੈਰ-ਕਾਨੂੰਨੀ ਖੇਤੀ ਕਾਰਨ ਪ੍ਰਭਾਵਿਤ ਦੱਸਿਆ ਗਿਆ ਸੀ। ਹਿਮਾਚਲ ਦੇ ਸਾਬਕਾ ਡੀ. ਜੀ. ਪੀ. ਸ਼੍ਰੀ ਆਈ. ਡੀ. ਭੰਡਾਰੀ ਅਨੁਸਾਰ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਸੱਤਵੀਂ ਤੇ ਅੱਠਵੀਂ ਜਮਾਤ 'ਚ ਪੜ੍ਹਨ ਵਾਲੇ ਬੱਚੇ ਵੀ ਕੀਟਨਾਸ਼ਕਾਂ ਨੂੰ 'ਸੁੰਘ' ਰਹੇ ਹਨ, ਜੋ ਕਿ ਬਾਅਦ 'ਚ ਚਿੱਟੇ ਜਾਂ ਕੋਕੀਨ ਦਾ ਇਸਤੇਮਾਲ ਕਰਨ ਲੱਗ ਪੈਂਦੇ ਹਨ। ਜ਼ਿਕਰਯੋਗ ਹੈ ਕਿ ਹਿਮਾਚਲ ਸਰਕਾਰ ਨੇ ਨਸ਼ੇ ਦੇ ਵਧਦੇ ਪ੍ਰਚਲਨ ਨੂੰ ਦੇਖਦਿਆਂ ਪਹਿਲੀ ਤੋਂ 12ਵੀਂ ਜਮਾਤ ਤਕ ਦੇ ਬੱਚਿਆਂ ਦੀ ਸਿਹਤ ਦੀ ਜਾਂਚ ਯਕੀਨੀ ਬਣਾਉਣ ਦਾ ਫੈਸਲਾ ਲਿਆ ਹੈ ਤਾਂ ਕਿ ਬੱਚਿਆਂ ਦੇ ਸਰੀਰ 'ਚ ਨਸ਼ੇ ਦਾ ਜੇ ਕੋਈ ਅੰਸ਼ ਹੋਵੇ ਤਾਂ ਉਸ ਦਾ ਪਤਾ ਲਾ ਕੇ ਉਨ੍ਹਾਂ ਦੇ ਮਾਪਿਆਂ ਨੂੰ ਚੌਕੰਨੇ ਕੀਤਾ ਜਾ ਸਕੇ। ਪਰ ਇੰਨਾ ਹੀ ਕਾਫੀ ਨਹੀਂ ਹੈ, ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਇਸ ਮਾਮਲੇ 'ਚ ਸਮਾਜ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਨਾਲ-ਨਾਲ ਨਸ਼ੇ ਦੇ ਵਪਾਰੀਆਂ 'ਤੇ ਸਖਤੀ ਨਾਲ ਸ਼ਿਕੰਜਾ ਕੱਸਣਾ ਪਵੇਗਾ ਕਿਉਂਕਿ ਜੇ ਇਸ ਸਮੱਸਿਆ 'ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਾਲਾਂ 'ਚ ਇਹ ਬੇਕਾਬੂ ਹੋ ਜਾਵੇਗੀ।
—ਵਿਜੇ ਕੁਮਾਰ