ਹੈਲਮੇਟ ਅਤੇ ਸੀਟ ਬੈਲਟ ਤੋਂ ਬਿਨਾਂ ਅਤੇ ਮੋਬਾਇਲ ਸੁਣਦਿਆਂ ਵਾਹਨ ਚਲਾਉਣ ਨਾਲ ਮੌਤਾਂ ’ਚ ਭਾਰੀ ਵਾਧਾ

10/11/2018 6:54:58 AM

ਦੇਸ਼ ਵਿਚ ਵੱਡੀ ਗਿਣਤੀ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੇ ਬਾਵਜੂਦ ਲੋਕ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਪ੍ਰਤੀ ਲਾਪਰਵਾਹ ਦੇਖੇ ਜਾਂਦੇ ਹਨ। ਇਥੇ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਤੇ ਬਿਨਾਂ ਸੀਟ ਬੈਲਟ ਦੇ ਕਾਰ ਚਲਾਉਣਾ ਅਤੇ ਮੋਬਇਲ ’ਤੇ ਗੱਲਾਂ ਕਰਦਿਆਂ ਵਾਹਨ ਚਲਾਉਣਾ ਇਕ ਫੈਸ਼ਨ ਜਿਹਾ ਬਣ ਗਿਆ ਹੈ।
ਬਾਈਕ ਚਾਲਕਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੋਣ ਦੇ ਬਾਵਜੂਦ ਇਸ ਦਾ ਇਸਤੇਮਾਲ ਨਾ ਕਰਨਾ ਸਿਰ ’ਚ ਲੱਗਣ ਵਾਲੀਆਂ ਸੱਟਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਕਾਰਨ ਹੈ। ਸੰਨ 2017 ’ਚ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਵਾਲੇ ਰੋਜ਼ਾਨਾ ਔਸਤਨ 98 ਵਿਅਕਤੀ ਅਤੇ ਬਿਨਾਂ ਸੀਟ ਬੈਲਟ ਲਗਾਏ ਕਾਰ ਚਲਾਉਣ ਵਾਲੇ ਔਸਤਨ 97 ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ ਮੋਬਾਇਲ ’ਤੇ ਗੱਲ ਕਰਦਿਆਂ ਵਾਹਨ ਚਲਾਉਣ ਨਾਲ ਹੋਣ ਵਾਲੇ ਹਾਦਸਿਆਂ ’ਚ ਰੋਜ਼ਾਨਾ ਔਸਤਨ 9 ਵਿਅਕਤੀ ਮਰ ਰਹੇ ਹਨ।
ਜਿੱਥੇ 70 ਫੀਸਦੀ ਵਾਹਨ ਚਾਲਕ ‘ਸਾਈਡ ਮਿਰਰ’ ਦੀ ਵਰਤੋਂ ਨਹੀਂ ਕਰਦੇ, ਉਥੇ ਹੀ 90 ਫੀਸਦੀ ਵਾਹਨ ਚਾਲਕਾਂ ਨੂੰ ਪਤਾ ਹੀ ਨਹੀਂ ਕਿ ‘ਡਿੱਪਰ’ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ। ਗਲਤ ਦਿਸ਼ਾ ਤੋਂ ਓਵਰਟੇਕ ਕਰਨ, ਨਿਰਧਾਰਤ ਤੋਂ ਜ਼ਿਆਦਾ ਰਫਤਾਰ ਨਾਲ ਅਤੇ ਸ਼ਰਾਬ ਪੀ ਕੇ ਜਾਂ ਕੋਈ ਹੋਰ ਨਸ਼ਾ ਕਰ ਕੇ ਗੱਡੀ ਚਲਾਉਣ ਵਰਗੀਆਂ ਗਲਤੀਆਂ ਵੀ ਸੜਕ ਹਾਦਸਿਆਂ ’ਚ ਵਾਧੇ ਦਾ ਕਾਰਨ ਬਣ ਰਹੀਆਂ ਹਨ। 
‘ਸੜਕ ਆਵਾਜਾਈ ਅਤੇ ਰਾਜਮਾਰਗ ਵਿਭਾਗ’ ਦੇ ਸਕੱਤਰ ਯੁੱਧਵੀਰ ਸਿੰਘ ਮਲਿਕ ਅਨੁਸਾਰ ਸੜਕ ਹਾਦਸਿਆਂ ਅਤੇ ਇਨ੍ਹਾਂ ਕਾਰਨ ਲੱਗਣ ਵਾਲੀਆਂ ਸੱਟਾਂ ਨਾਲ ਮੌਤਾਂ ’ਚ ਕਮੀ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੇ ਬਾਵਜੂਦ ਸੜਕ ਹਾਦਸਿਆਂ ’ਚ ਮੌਤਾਂ ਅਤੇ ਅਪੰਗਤਾ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਜਦੋਂ ਤਕ ਵਾਹਨ ਚਾਲਕ ਅਜਿਹੀਆਂ ਗਲਤੀਅਾਂ ਕਰਦੇ ਰਹਿਣਗੇ, ਉਦੋਂ ਤਕ ਸੜਕ ਹਾਦਸੇ ਵੀ ਇਸੇ ਤਰ੍ਹਾਂ ਹੁੰਦੇ ਰਹਿਣਗੇ ਅਤੇ ਪਰਿਵਾਰ ਉੱਜੜਦੇ ਰਹਿਣਗੇ। 
–ਵਿਜੇ ਕੁਮਾਰ


Related News