ਮੀਂਹ ਲਿਆਉਣ ਲਈ ਨਾਬਾਲਗ ਬੱਚੀਆਂ ਨੂੰ ਨੰਗੀਆਂ ਕਰ ਕੇ ਘੁਮਾਇਆ

Friday, Sep 10, 2021 - 03:33 AM (IST)

ਮੀਂਹ ਲਿਆਉਣ ਲਈ ਨਾਬਾਲਗ ਬੱਚੀਆਂ ਨੂੰ ਨੰਗੀਆਂ ਕਰ ਕੇ ਘੁਮਾਇਆ

ਇਕ ਪਾਸੇ ਦੇਸ਼ ਦੇ ਕੁਝ ਸੂਬੇ ਭਿਆਨਕ ਹੜ੍ਹ ਦੀ ਲਪੇਟ ’ਚ ਹਨ ਤਾਂ ਦੂਸਰੇ ਪਾਸੇ ਕੁਝ ਸੂਬਿਆਂ ’ਚ ਸੋਕਾ ਪਿਆ ਹੋਇਆ ਹੈ। ਮੱਧ ਪ੍ਰਦੇਸ਼ ’ਚ ਇਸ ਵਾਰ ਮਾਨਸੂਨ ਕੁਝ ਜ਼ਿਲ੍ਹਿਆਂ ’ਤੇ ਤਾਂ ਇੰਨਾ ਮਿਹਰਬਾਨ ਹੋ ਗਿਆ ਕਿ ਉੱਥੇ ਹੜ੍ਹ ਆ ਗਿਆ ਤੇ ਕੁਝ ਜ਼ਿਲਿਆਂ ’ਚ ਸੋਕਾ ਪੈ ਗਿਆ। ਸੂਬੇ ਦੇ ਜੋ ਜ਼ਿਲ੍ਹੇ ਭਿਆਨਕ ਸੋਕੇ ਦੀ ਲਪੇਟ ’ਚ ਹਨ, ਉੱਥੇ ਲੋਕ ਮੀਂਹ ਦੇ ਲਈ ਅੰਧਵਿਸ਼ਵਾਸ ਦੇ ਕਾਰਨ ਕਈ ਤਰ੍ਹਾਂ ਦੇ ‘ਟੋਟਕੇ’ ਵਰਤ ਰਹੇ ਹਨ।

ਕਿਤੇ ਸ਼ਿਵਲਿੰਗ ਨੂੰ ਪਾਣੀ ’ਚ ਡੁਬੋ ਕੇ ਰੱਖਿਆ ਜਾਂਦਾ ਹੈ ਤੇ ਕਿਤੇ ਜ਼ਿੰਦਾ ਵਿਅਕਤੀ ਦੀ ‘ਅੰਤਿਮ ਯਾਤਰਾ’ ਕੱਢੀ ਜਾਂਦੀ ਹੈ ਅਤੇ ਕਿਤੇ ਨਕਲੀ ਲਾੜੇ ਨੂੰ ਘੋੜੇ ਦੀ ਬਜਾਏ ਗਧੇ ’ਤੇ ਬਿਠਾ ਕੇ ਬਰਾਤ ਕੱਢੀ ਜਾਂਦੀ ਹੈ।

ਪਰ ਇਨ੍ਹਾਂ ਸਾਰੇ ਟੋਟਕਿਆਂ ਤੋਂ ਹਟ ਕੇ ਸੂਬੇ ’ਚ ਦਮੋਹ ਦੇ ਜਬੇਰਾ ਥਾਣੇ ਅਧੀਨ ‘ਬਾਨਿਆ’ ਪਿੰਡ ’ਚ ਮੀਂਹ ਦੇ ਦੇਵਤਾ ਨੂੰ ਖੁਸ਼ ਕਰਨ ਲਈ 5 ਸਤੰਬਰ ਨੂੰ ਪਿੰਡ ਵਾਲਿਆਂ ਨੇ ਜੋ ਟੋਟਕਾ ਕੀਤਾ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ।

ਅਧਿਕਾਰੀਆਂ ਨੂੰ ਪ੍ਰਾਪਤ ਸ਼ਿਕਾਇਤਾਂ ਦੇ ਅਨੁਸਾਰ ਪਿੰਡ ’ਚ ਕੁਝ ਨਾਬਾਲਗ ਬੱਚੀਆਂ ਨੂੰ ਨੰਗੀਆਂ ਕਰ ਕੇ ਆਪਣੇ ਮੋਢਿਆਂ ’ਤੇ ਸੋਟੇ ਰੱਖ ਕੇ, ਜਿਨ੍ਹਾਂ ਦੇ ਇਕ ਪਾਸੇ ਡੱਡੂ ਬੰਨ੍ਹੇ ਗਏ ਸਨ, ਪਿੰਡ ਦੀਆਂ ਗਲੀਆਂ ’ਚ ਘੁੰਮਣ ਦੇ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਨੰਗੀਆਂ ਲੜਕੀਆਂ ਦੇ ਨਾਲ-ਨਾਲ ਮੀਂਹ ਦੇ ਦੇਵਤਾ ਨੂੰ ਖੁਸ਼ ਕਰਨ ਲਈ ਭਜਨ ਗਾਉਂਦੀਆਂ ਹੋਈਆਂ ਉਨ੍ਹਾਂ ਦੇ ਹੀ ਪਰਿਵਾਰਾਂ ਦੀਆਂ ਔਰਤਾਂ ਵੀ ਚੱਲ ਰਹੀਆਂ ਸਨ।

ਉਕਤ ਘਟਨਾ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਅਧਿਕਾਰੀਆਂ ਅਤੇ ‘ਰਾਸ਼ਟਰੀ ਬਾਲ ਅਧਿਕਾਰ ਰਖਵਾਲੀ ਕਮਿਸ਼ਨ’ ਨੇ ਜ਼ਿਲੇ ਦੇ ਕੁਲੈਕਟਰ ਨੂੰ 10 ਦਿਨਾਂ ਦੇ ਅੰਦਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਸ ਘਟਨਾ ’ਚ ਦੋਸ਼ੀਆਂ ਨੂੰ ਫੌਰਨ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ ਤਾਂ ਕਿ ਅਜਿਹਾ ਮੁੜ ਨਾ ਵਾਪਰੇ। ਭਾਰਤ ’ਚ ਜਿੱਥੇ ਨਾਰੀ ਜਾਤੀ ਨੂੰ ਹਮੇਸ਼ਾ ਦੀ ਸ਼ਰਧਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ, ਹਿੰਦੂਤਵ ਦੇ ਝੰਡਾਬਰਦਾਰ ਹੋਣ ਦਾ ਦਮ ਭਰਨ ਵਾਲੀ ਕੇਂਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਦੇ ਸ਼ਾਸਨ ’ਚ ਅਜਿਹੀ ਘਟਨਾ ਦਾ ਹੋਣਾ ਕਿਸੇ ਕਲੰਕ ਤੋਂ ਘੱਟ ਨਹੀਂ ਹੈ।

-ਵਿਜੇ ਕੁਮਾਰ


author

Bharat Thapa

Content Editor

Related News