ਬੱਚਿਆਂ ਦੇ ਹੱਥਾਂ ’ਚ ਬੰਦੂਕਾਂ ਅਮਰੀਕਾ ’ਚ ਜਾਨਲੇਵਾ ‘ਗੰਨ ਕਲਚਰ’ ਜਾਰੀ
Thursday, Jun 16, 2022 - 02:17 AM (IST)
ਵਿਸ਼ਵ ਦੇ ਖੁਸ਼ਹਾਲ ਦੇਸ਼ਾਂ ’ਚ ਗਿਣੇ ਜਾਣ ਦੇ ਬਾਵਜੂਦ ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਲਗਾਤਾਰ ਵਧ ਰਹੀ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਤਾਂ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਹੁਣ ਤੱਕ ਅਮਰੀਕਾ ’ਚ ਸਮੂਹਿਕ ਗੋਲੀਬਾਰੀ ਦੀਆਂ 200 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ ਜਦਕਿ ਸਕੂਲਾਂ ’ਚ ਹੀ ਗੋਲੀਬਾਰੀ ਦੀਆਂ 27 ਘਟਨਾਵਾਂ ਹੋਈਆਂ ਹਨ। ਇਨ੍ਹਾਂ ’ਚੋਂ ਸਭ ਤੋਂ ਵੱਡੀ ਘਟਨਾ ਇਸ ਸਾਲ 24 ਮਈ ਨੂੰ ਦੱਖਣੀ ਟੈਕਸਾਸ ਸੂਬੇ ਦੇ ‘ਉਵਾਲਡੇ’ ਪਿੰਡ ਦੇ ‘ਰਾਬ ਐਲੀਮੈਂਟਰੀ ਸਕੂਲ’ ’ਚ ਹੋਈ, ਜਦੋਂ ‘ਸਾਲਵਾਡੋਰ ਰਾਮੋਸ’ ਨਾਂ ਦੇ 18 ਸਾਲਾ ਲੜਕੇ ਨੇ ਦੂਸਰੀ ਤੋਂ ਚੌਥੀ ਤੱਕ ਜਮਾਤ ਦੇ 19 ਵਿਦਿਆਰਥੀਆਂ ਅਤੇ 2 ਅਧਿਆਪਕਾਂ ਸਮੇਤ 21 ਵਿਅਕਤੀਆਂ ਨੂੰ ਇਕ ਕਮਰੇ ’ਚ ਬੰਦ ਕਰ ਕੇ ਮੌਤ ਦੇ ਘਾਟ ਉਤਾਰਨ ਦੇ ਇਲਾਵਾ ਕਈ ਬੱਚਿਆਂ ਸਮੇਤ 17 ਹੋਰਨਾਂ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਇਲਾਵਾ ਸਿਰਫ ਪਿਛਲੇ ਇਕ ਹਫਤੇ ਦੇ ਅੰਦਰ ਹੀ ਅਮਰੀਕਾ ’ਚ ਗੋਲੀਬਾਰੀ ਦੀਆਂ ਹੇਠਲੀਆਂ ਘਟਨਾਵਾਂ ਹੋ ਚੁੱਕੀਆਂ ਹਨ :
* 7 ਜੂਨ ਨੂੰ ਫਲੋਰਿਡਾ ’ਚ ਇਕ 10 ਸਾਲਾ ਬੱਚੀ ਨੇ ਆਪਣੀ ਮਾਂ ਦੇ ਬੈਗ ’ਚੋਂ ਪਿਸਤੌਲ ਕੱਢ ਕੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 10 ਜੂਨ ਨੂੰ ਮੈਰੀਲੈਂਡ ਦੇ ਸਮਿਥਸਬਰਗ ’ਚ ਇਕ ਕਾਰਖਾਨੇ ’ਚ ਗੋਲੀਬਾਰੀ ਦੀ ਘਟਨਾ ’ਚ 3 ਵਿਅਕਤੀਆਂ ਦੀ ਮੌਤ ਅਤੇ 3 ਹੋਰ ਜ਼ਖਮੀ ਹੋ ਗਏ।
* ਅਤੇ ਹੁਣ 13 ਜੂਨ ਨੂੰ ਅਮਰੀਕਾ ਦੇ ਲਾਸ ਏਂਜਲਸ, ਸਾਊਥ ਅਲਬਾਨੀ, ਸਾਊਥ ਇੰਡੀਆਨਾ ਅਤੇ ਕੈਲੀਫੋਰਨੀਆ ਦੇ ਸੈਨ ਜੋਸ ’ਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ 11 ਵਿਅਕਤੀਆਂ ਦੀ ਮੌਤ ਅਤੇ 20 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ।
ਗੋਲੀਬਾਰੀ ਦੀਆਂ ਇਹ ਘਟਨਾਵਾਂ ਅਮਰੀਕਾ ’ਚ ਅਜਿਹੇ ਸਮੇਂ ’ਚ ਹੋ ਰਹੀਆਂ ਹਨ ਜਦੋਂ ਇਕ ਪਾਸੇ ਦੇਸ਼ ਦੀ ਸੰਸਦ ’ਚ ਬੰਦੂਕ ਹਿੰਸਾ ਦੇ ਵਿਰੁੱਧ ਸਖਤ ਸਜ਼ਾ ਵਿਵਸਥਾ ਲਿਆਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਅਮਰੀਕਾ ’ਚ ਫੈਲ ਰਹੇ ਬੰਦੂਕ ਸੱਭਿਆਚਾਰ ਦੇ ਵਿਰੁੱਧ ਅਸੰਤੋਸ਼ ਵਧਦਾ ਜਾਣ ਦੇ ਕਾਰਨ ਦੇਸ਼ਵਿਆਪੀ ਰੋਸ ਵਿਖਾਵੇ ਹੋ ਰਹੇ ਹਨ।
11 ਜੂਨ ਨੂੰ ਦੇਸ਼ ਦੇ 300 ਸ਼ਹਿਰਾਂ ’ਚ ਰੋਸ ਵਿਖਾਵੇ ਕੀਤੇ ਗਏ ਜਿਨ੍ਹਾਂ ’ਚ ਸ਼ਾਮਲ ਲੋਕਾਂ ਦਾ ਨਾਅਰਾ ਸੀ ‘ਹੁਣ ਹੋਰ ਨਹੀਂ।’
ਅਮਰੀਕਾ ’ਚ ਬੰਦੂਕਾਂ ਦੀ ਵਰਤੋਂ ਰੋਕਣ ਨੂੰ ਲੈ ਕੇ ਕਾਫੀ ਸਮੇਂ ਤੋਂ ਬਹਿਸ ਜਾਰੀ ਹੈ ਪਰ ਅਜੇ ਤੱਕ ਇਸ ’ਚ ਸਫਲਤਾ ਨਹੀਂ ਮਿਲੀ ਕਿਉਂਕਿ ਅਮਰੀਕੀ ਸੰਸਦ ’ਚ ਮੌਜੂਦ ਰਿਪਬਲਿਕਨ ਪਾਰਟੀ ਦੇ ਮੈਂਬਰ ਇਨ੍ਹਾਂ ਯਤਨਾਂ ਨੂੰ ਹਰ ਵਾਰ ਅਸਫਲ ਕਰ ਦਿੰਦੇ ਹਨ।
ਅਮਰੀਕਾ ਦੀ ਬੇਹੱਦ ਮਜ਼ਬੂਤ ਗੰਨ ਲਾਬੀ ਰਿਪਬਲਿਕਨ ਪਾਰਟੀ ਨੂੰ ਸਪੋਰਟ ਕਰਦੀ ਹੈ ਅਤੇ ਇਸ ਨੂੰ ਚੰਦੇ ਦੇ ਰੂਪ ’ਚ ਭਾਰੀ ਧਨ ਰਾਸ਼ੀ ਵੀ ਦਿੰਦੀ ਹੈ। ਉੱਥੇ ਬੰਦੂਕਾਂ ’ਤੇ ਰੋਕ ਨਾ ਲਗ ਸਕਣ ਦਾ ਇਹ ਵੀ ਇਕ ਵੱਡਾ ਕਾਰਨ ਹੈ।
ਅਮਰੀਕਾ ’ਚ ਬੀਤੇ ਕੁਝ ਸਮੇਂ ਦੇ ਦੌਰਾਨ ਹੋਏ ਸਮੂਹਿਕ ਕਤਲੇਆਮ ਦੀਆਂ ਘਟਨਾਵਾਂ ਦੇ ਬਾਅਦ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ 10-10 ਸੰਸਦ ਮੈਂਬਰ ਇਨ੍ਹੀਂ ਦਿਨੀਂ ਸੰਸਦ ’ਚ ਬੈਠ ਕੇ ਗੰਨ ਪਾਲਿਸੀ ’ਤੇ ਬਹਿਸ ਕਰ ਰਹੇ ਹਨ ਅਤੇ ਬੀਤੇ ਹਫਤੇ ਬੰਦੂਕ ਕੰਟ੍ਰੋਲ ਦੀ ਦਿਸ਼ਾ ’ਚ ਸੀਮਤ ਪਰ ਮਹੱਤਵਪੂਰਨ ਸਹਿਮਤੀ ਵੱਲ ਵਧੇ ਹਨ।
ਨੇਤਾਵਾਂ ਦਾ ਮੰਨਣਾ ਹੈ ਕਿ ਇਸ ਮੁੱਦੇ ’ਤੇ ਇਸ ਮਹੀਨੇ ਦੇ ਅੰਤ ਤੱਕ ਕਿਸੇ ਕਾਨੂੰਨ ’ਤੇ ਸਹਿਮਤੀ ਬਣ ਸਕਦੀ ਹੈ। ਇਸ ’ਚ ਪਾਬੰਦੀ ਲਾਉਣ ਵਾਲੇ ਕਾਨੂੰਨ ਬਣਾਉਣ ਲਈ ਸੂਬਿਆਂ ਨੂੰ ਆਰਥਿਕ ਮਦਦ ਦੇਣੀ ਅਤੇ ਉਸ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਉਣਾ ਸ਼ਾਮਲ ਹੋਵੇਗਾ ਜਿਸ ਦੇ ਅਧੀਨ ਹਿੰਸਾ ’ਚ ਸ਼ਾਮਲ ਹੋਣ ਵਾਲੇ ਲੋਕਾਂ ਤੋਂ ਅਸਥਾਈ ਤੌਰ ’ਤੇ ਬੰਦੂਕਾਂ ਲਈਆਂ ਜਾ ਸਕਣ।
ਡੈਮੋਕ੍ਰੇਟਿਕ ਪਾਰਟੀ ਇਹ ਵੀ ਚਾਹੁੰਦੀ ਹੈ ਕਿ ਘਰੇਲੂ ਹਿੰਸਾ ’ਚ ਸ਼ਾਮਲ ਮਰਦਾਂ ਅਤੇ ਨਿਰਾਸ਼ ਪ੍ਰੇਮੀਆਂ ਆਦਿ ਨੂੰ ਵੀ ਬੰਦੂਕਾਂ ਖਰੀਦਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਪਤੀਆਂ ਜਾਂ ਪ੍ਰੇਮੀਆਂ ਨੇ ਆਪਣੀਆਂ ਪਤਨੀਆਂ ਜਾਂ ਪ੍ਰੇਮਿਕਾਵਾਂ ਦੀ ਜਾਨ ਬੰਦੂਕਾਂ ਨਾਲ ਲਈ ਹੈ।
ਬੰਦੂਕ ਖਰੀਦਣ ਲਈ ਘੱਟ ਤੋਂ ਘੱਟ ਉਮਰ 19 ਦੀ ਬਜਾਏ 21 ਸਾਲ ਕਰਨ, ਬੰਦੂਕ ਵੇਚਣ ਤੋਂ ਪਹਿਲਾਂ ਖਰੀਦਣ ਵਾਲੇ ਦਾ ਮਨੋਵਿਗਿਆਨਕ ਪ੍ਰੀਖਣ, ਆਟੋਮੈਟਿਕ ਰਾਈਫਲਾਂ ਨਾ ਵੇਚਣ ਵਰਗੇ ਮੁੱਦਿਆਂ ਦੇ ਇਲਾਵਾ ਹੋਰ ਗੱਲਾਂ ’ਤੇ ਸਹਿਮਤੀ ਹੋਣ ਦੀ ਆਸ ਨਹੀਂ ਲੱਗਦੀ ਕਿਉਂਕਿ ਅਮਰੀਕਾ ਦੇ ਵਧੇਰੇ ਲੋਕ ਬੰਦੂਕ ਰੱਖਣ ਨੂੰ ਆਪਣਾ ਅਧਿਕਾਰ ਮੰਨਦੇ ਹਨ।
ਦੇਸ਼ ’ਚ ਵਧ ਰਹੇ ‘ਬੰਦੂਕ ਸੱਭਿਆਚਾਰ’ ਅਤੇ ਅਸਾਨੀ ਨਾਲ ਹਥਿਆਰਾਂ ਦੀ ਉਪਲੱਬਧਤਾ ਦਾ ਭੈੜਾ ਨਤੀਜਾ ਦੁੱਖਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ। ਇਸ ਲਈ ਬਾਈਡੇਨ ਪ੍ਰਸ਼ਾਸਨ ਨੂੰ ਇਸ ਮੁੱਦੇ ’ਤੇ ਦਬਾਅ ਬਣਾਈ ਰੱਖਣਾ ਹੋਵੇਗਾ। ਜੇਕਰ ਬੰਦੂਕ ਖ੍ਰੀਦਣ ਦੇ ਉਦਾਰ ਨਿਯਮ ਇਸੇ ਤਰ੍ਹਾਂ ਜਾਰੀ ਰਹੇ ਤਾਂ ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਰਹਿਣਗੀਆਂ। ਇਸ ਨਾਲ ਉਨ੍ਹਾਂ ਲੋਕਾਂ ਦਰਮਿਆਨ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਜਿਨ੍ਹਾਂ ਦੇ ਕੋਲ ਬੰਦੂਕਾਂ ਨਹੀਂ ਹਨ ਅਤੇ ਇਸ ਦੇ ਨਤੀਜੇ ਵਜੋਂ ਸਮਾਜ ’ਚ ਅਵਿਵਸਥਾ ਫੈਲੇਗੀ।
ਵਿਜੇ ਕੁਮਾਰ