ਪੰਜਾਬ ’ਚ ‘ਬੰਦੂਕਵਾਦ’ ਦਾ ਇਹ ਕਿਹੋ-ਜਿਹਾ ਇਲਾਜ
Friday, Nov 18, 2022 - 12:20 AM (IST)
ਬਲਬੀਰ ਪੁੰਜ
ਕਿੰਨੀ ਵੱਡੀ ਤ੍ਰਾਸਦੀ ਹੈ ਕਿ 13 ਨਵੰਬਰ ਨੂੰ ਪੰਜਾਬ ’ਚ ‘ਆਪ’ ਸਰਕਾਰ ਨੇ ਹਥਿਆਰਾਂ/ਹਿੰਸਾ ਦੇ ਜਨਤਕ ਵਿਖਾਵੇ/ਮਹਿਮਾ ਕਰਨ ’ਤੇ ਪਾਬੰਦੀ ਲਾਈ, ਤਦ ਉਸੇ ਸਮੇਂ ’ਚ ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਇਸ ਹੁਕਮ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲਾ ਦਿੱਤੇ। 12 ਨਵੰਬਰ ਨੂੰ ਹਿੰਦੂ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਮਾਮਲੇ ’ਚ ਕੱਟੜਪੰਥੀ ਸਿੱਖ ਸੰਗਠਨਾਂ ਨੇ ਅੰਮ੍ਰਿਤਸਰ ਸਥਿਤ ਅਦਾਲਤ ਕੰਪਲੈਕਸ ’ਚ ਪੇਸ਼ੀ ਦੇ ਦੌਰਾਨ ਮੁਲਜ਼ਮ ਸੰਦੀਪ ਸਿੰਘ ‘ਸੰਨੀ’ ’ਤੇ ਫੁੱਲ ਵਰਸਾਏ ਅਤੇ ਉਸ ਦੇ ਪੱਖ ’ਚ ਨਾਅਰੇਬਾਜ਼ੀ ਵੀ ਕੀਤੀ।
4 ਨਵੰਬਰ ਨੂੰ ਪੁਲਸ ਸੁਰੱਖਿਆ ਦੌਰਾਨ ਸੁਧੀਰ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੀਡੀਆ ਰਿਪੋਰਟ ਦੇ ਅਨੁਸਾਰ, ਇਹ ਨਫਰਤ ਪ੍ਰੇਰਿਤ ਕਾਰਾ ਸੀ। ਇਹੀ ਨਹੀਂ, ਜਿਸ ਦਿਨ ਮਾਨ ਸਰਕਾਰ ਨੇ ਉਪਰੋਕਤ ਫੈਸਲਾ ਲਿਆ ਉਸੇ ਸਮੇਂ ਜਲੰਧਰ ’ਚ ਮਾਤਾ ਦੇ ਜਾਗਰਣ ’ਚ ਤਲਵਾਰਾਂ ਨਾਲ ਹਮਲਾ ਹੋ ਗਿਆ। ਇੱਥੇ 2 ਵਿਅਕਤੀ ਤਲਵਾਰਾਂ ਲੈ ਕੇ ਆ ਵੜੇ ਅਤੇ ਪ੍ਰਸ਼ਾਦ ਵੰਡ ਰਹੇ ਵਿਅਕਤੀਆਂ ਨਾਲ ਬਦਸਲੂਕੀ ਕਰਦੇ ਹੋਏ ਸ਼ਰਧਾਲੂਆਂ ਨਾਲ ਪੂਜਾ ਦੇ ਮੰਚ ’ਤੇ ਹਮਲਾ ਕਰ ਦਿੱਤਾ। ਇਸ ’ਚ ਕੁਝ ਔਰਤਾਂ ਜ਼ਖਮੀ ਹੋ ਗਈਆਂ।
ਕੀ ਪੰਜਾਬ ’ਚ ‘ਬੰਦੂਕਵਾਦ’ ਤੇ ਿਹੰਸਾ ਨੂੰ ਹੱਲਾਸ਼ੇਰੀ ਦੇਣ ’ਤੇ ਪਾਬੰਦੀ ਲਾਉਣ ਵਰਗਾ ਫੈਸਲਾ ਪਹਿਲੀ ਵਾਰ ਲਿਆ ਗਿਆ ਹੈ?-ਨਹੀਂ। ਜੁਲਾਈ 2019 ’ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਸੰਦਰਭ ’ਚ ਕਾਰਵਾਈ ਕਰਨ ਲਈ ਸਖਤ ਟਿੱਪਣੀ ਕੀਤੀ ਸੀ। ਫਰਵਰੀ 2020 ’ਚ ਤਤਕਾਲੀਨ ਕਾਂਗਰਸ ਸਰਕਾਰ ਨੇ ਬੰਦੂਕਵਾਦ ਨੂੰ ਪ੍ਰਮੋਟ ਕਰਨ ਵਾਲੀਆਂ ਫਿਲਮਾਂ ’ਤੇ ਕਾਰਵਾਈ ਦਾ ਹੁਕਮ ਜਾਰੀ ਕੀਤਾ ਸੀ। ਇਨ੍ਹਾਂ ਦਾ ਸੂਬੇ ’ਚ ਕਿੰਨਾ ਅਸਰ ਹੋਇਆ, ਇਸ ਦਾ ਸਬੂਤ ਢਾਈ ਸਾਲ ਪੁਰਾਣੇ ਇਕ ਮਾਮਲੇ ’ਚ ਮਿਲਦਾ ਹੈ। ‘ਪੱਖੀਆਂ ਪੱਖੀਆਂ, ਗੰਨ ਵਿਚ ਪੰਜ ਗੋਲੀਆਂ’ ਗਾਣੇ ਨੂੰ ਲੈ ਕੇ ਸ਼ੁਭਦੀਪ ਸਿੰਘ ‘ਸਿੱਧੂ ਮੂਸੇਵਾਲਾ’ ’ਤੇ ਮਾਮਲਾ ਦਰਜ ਹੋਇਆ ਸੀ।
ਇਸ ’ਤੇ ਸੰਗਰੂਰ ’ਚ ਲਾਈਵ ਸ਼ੋਅ ਕਰਦੇ ਹੋਏ ਮੂਸੇਵਾਲਾ ਨੇ ਕਿਹਾ, ‘‘ਹੁਣ ਦੱਸੋ ਕਿਹਦਾ-ਕਿਹਦਾ ਕੰਡਾ ਕੱਢਣੈ, ਜੱਟ ਜ਼ਮਾਨਤ ’ਤੇ ਆਇਆ ਹੋਇਆ ਹੈ।’’ ਇਸ ਕਿਸਮ ਦੇ ਕਈ ਮਾਮਲੇ ਹਨ। ਭਿਆਨਕਤਾ ਦੇਖੋ ਕਿ ਜਿਸ ‘ਬੰਦੂਕਵਾਦ’ ਦੀ ਮੂਸੇਵਾਲਾ ਨੇ ਆਪਣੇ ਹੋਰ ਕਈ ਭਰਾਵਾਂ ਦੇ ਨਾਲ ਗੀਤ-ਸੰਗੀਤ ਰਾਹੀਂ ਵਡਿਆਈ ਕੀਤੀ, ਉਸ ਨੇ ਹੀ ਮੂਸੇਵਾਲਾ ਦੀ ਜਾਨ ਲੈ ਲਈ। ਇਸੇ ਸਾਲ 29 ਮਈ ਨੂੰ ਮਾਨਸਾ ਜ਼ਿਲੇ ਦੇ ਜਵਾਹਰ ਕੇ ਪਿੰਡ ’ਚ ਮੂਸੇਵਾਲਾ ਨੂੰ 19 ਗੋਲੀਅਾਂ ਮਾਰ ਕੇ ਭੁੰਨ ਦਿੱਤਾ ਗਿਆ।
ਜਦੋਂ ਤੋਂ (ਮਾਰਚ 2022) ਪੰਜਾਬ ’ਚ ‘ਆਪ’ ਦੀ ਸਰਕਾਰ ਆਈ ਹੈ ਉਦੋਂ ਤੋਂ ਕਾਨੂੰਨ-ਵਿਵਸਥਾ ਨੂੰ ਪਹਿਲਾਂ ਤੋਂ ਵੱਧ ‘ਗੈਂਗਸਟਰਵਾਦ, ਵੱਖਵਾਦ, ਮਜ਼੍ਹਬੀ ਕੱਟੜਤਾ ਤੇ ਨਸ਼ਾਖੋਰੀ’ ਆਦਿ ਤੋਂ ਚੁਣੌਤੀ ਮਿਲ ਰਹੀ ਹੈ। ਮੂਸੇਵਾਲਾ ਅਤੇ ਸੁਧੀਰ ਹੱਤਿਆਕਾਂਡ ਦੇ ਇਲਾਵਾ 10 ਨਵੰਬਰ ਨੂੰ ਡੇਰਾ ਸਮਰਥਕ ਅਤੇ 7 ਸਾਲਾਂ ਤੋਂ ਬੇਅਦਬੀ ਦੇ ਮੁਲਜ਼ਮ ਪ੍ਰਦੀਪ ਸਿੰਘ ਦਾ ਕੋਟਕਪੂਰਾ ’ਚ ਕਤਲ ਕਰ ਿਦੱਤਾ ਗਿਆ। ਕਾਤਲਾਂ ਨੇ ਉਸ ’ਤੇ ਸ਼ਰੇਆਮ 60 ਗੋਲੀਆਂ ਚਲਾਈਆਂ। 6 ਅਪ੍ਰੈਲ ਨੂੰ ਪਟਿਆਲਾ ਸਥਿਤ ਇਕ ਯੂਨੀਵਰਸਿਟੀ ਦੇ ਬਾਹਰ ਕਬੱਡੀ ਖਿਡਾਰੀ ਧਰਮਿੰਦਰ ਸਿੰਘ, ਤਾਂ 14 ਮਾਰਚ ਨੂੰ ਜਲੰਧਰ ਦਿਹਾਤੀ ਇਲਾਕੇ ’ਚ ਇਕ ਮੈਚ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਿਦੱਤਾ ਗਿਆ।
ਪੰਜਾਬ ’ਚ ਦੇਸ਼ ਦੀ ਕੁਲ ਆਬਾਦੀ (138 ਕਰੋੜ) ਦਾ ਸਿਰਫ 2 ਫੀਸਦੀ (2.7 ਕਰੋੜ) ਵੱਸਦਾ ਹੈ ਜਦਕਿ ਲਾਇਸੰਸਧਾਰੀ ਹਥਿਆਰਾਂ ਦੇ ਰਾਸ਼ਟਰੀ ਅਨੁਪਾਤ ’ਚ ਉਸ ਦੀ ਹਿੱਸੇਦਾਰੀ 10 ਫੀਸਦੀ ਤੋਂ ਵੱਧ ਹੈ। ਗ੍ਰਹਿ ਮੰਤਰਾਲਾ ਅਨੁਸਾਰ, 31 ਦਸੰਬਰ 2016 ’ਚ ਦੇਸ਼ ’ਚ 33,69,000 ਤੋਂ ਵੱਧ ਰਜਿਸਟਰਡ ਬੰਦੂਕਾਂ ਸਨ, ਉੱਥੇ ਹੀ ਜਨਵਰੀ 2022 ਤੱਕ ਪੰਜਾਬ ’ਚ ਲਗਭਗ 4 ਲੱਖ ਲਾਇਸੰਸੀ ਹਥਿਆਰ ਹਨ। ਪੰਜਾਬ ’ਚ ਇਕ ਲਾਇਸੰਸ ’ਤੇ 3 ਹਥਿਆਰ ਰੱਖਣ ਦੀ ਇਜਾਜ਼ਤ ਹੈ ਤਾਂ ਤਲਵਾਰ ਆਦਿ ਸ਼ਸਤਰਾਂ ਦੀ ਕੋਈ ਗਿਣਤੀ ਨਹੀਂ। ਇਹ ਸੂਬੇ ’ਚ ਹਿੰਸਕ ਮਾਮਲੇ ਵਧਣ ਦਾ ਇਕ ਸਵਾਲ ਹੋ ਸਕਦਾ ਹੈ ਪਰ ਇਹ ਸੰਪੂਰਨ ਸੱਚ ਨਹੀਂ ਹੈ।
ਅਸਲ ’ਚ ਪੰਜਾਬ ਦੇ ਤਾਜ਼ਾ ਘਟਨਾਕ੍ਰਮ ਨੂੰ ਸਿਰਫ ‘ਬੰਦੂਕਵਾਦ’ ਨਾਲ ਜੋੜ ਕੇ ਰੱਖਣਾ ਬੇਈਮਾਨੀ ਹੈ। ਇਹ ਉਸ ਰੋਗ ਦਾ ਲੱਛਣ ਹੈ ਜੋ 1979-80 ਦੇ ਦੌਰ ਤੋਂ ਪ੍ਰਤੱਖ ਤੌਰ ’ਤੇ ਹੈ ਪਰ ਇਸ ਦੀ ਜ਼ਹਿਰੀਲੀ ਇਨਫੈਕਸ਼ਨ (ਬਰਤਾਨਵੀ ਸ਼ਾਸਨਕਾਲ ਸਮੇਤ) ਨੂੰ ਪਛਾਣਨ ’ਚ ਵਾਰ-ਵਾਰ ਧੋਖਾ ਕੀਤਾ ਜਾਂਦਾ ਹੈ। ਇਸ ਸਥਿਤੀ ਲਈ ਖੱਬੇਪੱਖੀ ਅਤੇ ਮੈਕਾਲੇ ਮਾਨਸਪੁੱਤਰ ਸਭ ਤੋਂ ਵੱਧ ਜ਼ਿੰਮੇਵਾਰ ਹਨ, ਜੋ ਵਿਚਾਰਕ ਕਾਰਨਾਂ ਨਾਲ ਆਪਣੇ ਭਾਰਤ-ਵਿਰੋਧੀ ਏਜੰਡੇ ਦੀ ਪੂਰਤੀ ਲਈ ਉਨ੍ਹਾਂ ਦਾ ਨਾ ਸਿਰਫ ਪੋਸ਼ਣ ਕਰਦੇ ਸਨ, ਨਾਲ ਹੀ ਸੈਕੁਲਰਵਾਦ ਦੇ ਨਾਂ ’ਤੇ ਇਨ੍ਹਾਂ ਤੱਤਾਂ ਦਾ ਕਵਚ ਵੀ ਬਣ ਜਾਂਦੇ ਹਨ।
ਸਾਢੇ 4 ਦਹਾਕੇ ਪਹਿਲਾਂ ਕਾਂਗਰਸ ਨੇ ਬਰਤਾਨਵੀ ਕੁਟਿਲਤਾ ‘ਫੁੱਟ ਪਾਓ ਅਤੇ ਰਾਜ ਕਰੋ’ ਨੀਤੀ ਤੋਂ ਪ੍ਰੇਰਿਤ ਹੋ ਕੇ ਆਪਣੇ ਚਿਰ-ਵਿਰੋਧੀ ਅਕਾਲੀ ਦਲ ਨੂੰ ਪੰਜਾਬ ’ਚ ਹਾਸ਼ੀਏ ’ਤੇ ਪਹੁੰਚਾਉਣ ਦਾ ਯਤਨ ਕੀਤਾ ਸੀ। ਉਦੋਂ ਕਾਂਗਰਸ ਨੇ ਵੱਖਵਾਦੀਆਂ-ਕੱਟੜਪੰਥੀ ਤੱਤਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹੱਲਾਸ਼ੇਰੀ ਦਿੱਤੀ। ਬਾਅਦ ’ਚ ਚੋਟੀ ਦੇ ਕਾਂਗਰਸੀ ਨੇਤਾ ਭਿੰਡਰਾਂਵਾਲਾ ਨੂੰ ‘ਸੰਤ’ ਕਹਿ ਕੇ ਸੰਬੋਧਨ ਕਰਨ ਲੱਗੇ।
ਜਦੋਂ ਇਸ ਕਿਰਪਾ ਨਾਲ ਕੱਟੜਪੰਥੀਆਂ-ਵੱਖਵਾਦੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਡੇਰਾ ਲਾ ਲਿਆ ਉਦੋਂ ਦੇਸ਼ਭਗਤ ਸਿੱਖਾਂ ਦਾ ਉੱਥੇ ਆਉਣਾ-ਜਾਣਾ ਦੁਖਦਾਈ ਹੋ ਗਿਆ ਅਤੇ ਅਣਗਿਣਤ ਗੈਰ-ਸਿੱਖ ਮਜ਼੍ਹਬੀ ਤਸੀਹਿਆਂ-ਹਿੰਸਾ ਦਾ ਸ਼ਿਕਾਰ ਹੋਣ ਲੱਗੇ।
ਤਤਕਾਲੀਨ ਸਿਆਸੀ ਬੜ੍ਹਤ ਹਾਸਲ ਕਰਨ ਲਈ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿੰਨ ਨੂੰ ਤਾਂ ਬੰਦ ਬੋਤਲ ’ਚੋਂ ਬਾਹਰ ਕੱਢ ਲਿਆ ਪਰ ਨਾ ਤਾਂ ਉਹ ਉਸ ’ਤੇ ਕੰਟਰੋਲ ਰੱਖ ਸਕੀ ਅਤੇ ਨਾ ਹੀ ਉਸ ਨੂੰ ਦੁਬਾਰਾ ਬੋਤਲ ’ਚ ਕੈਦ ਕਰ ਸਕੀ। ਤਦ ਸਰਕਾਰ ਫੌਜੀ ਕਾਰਵਾਈ (ਆਪ੍ਰੇਸ਼ਨ ਬਲਿਊ ਸਟਾਰ) ਲਈ ਮਜਬੂਰ ਹੋਈ।
ਨਤੀਜੇ ਵਜੋਂ 31 ਅਕਤੂਬਰ 1984 ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੇ ਬਾਅਦ ਿਦੱਲੀ, ਉਸ ਨਾਲ ਲੱਗਦੇ ਇਲਾਕੇ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਹਜ਼ਾਰਾਂ ਸਿੱਖਾਂ ਦਾ ਕਾਂਗਰਸ ਸਮਰਥਿਤ ਭੀੜ ਵੱਲੋਂ ਪ੍ਰਾਯੋਜਿਤ ਕਤਲੇਆਮ ਹੋਇਆ। ਭਾਰਤ ਤੋਂ ਸਾਲ 1971 ਦਾ ਬਦਲਾ ਲੈਣ ਦੀ ਤਾਕ ’ਚ ਬੈਠਾ ਪਾਕਿਸਤਾਨ ਆਪਣੇ ਅਣਗਿਣਤ ਵਿਚਾਰਕ ਸਮਰਥਕ ਭਾਰਤੀ ਪਾਸਪੋਰਟ ਧਾਰਕਾਂ ਦੇ ਸਹਿਯੋਗ ਨਾਲ ਪੰਜਾਬ ’ਚ ਵੱਖਵਾਦ ਨੂੰ ਹਵਾ ਦੇ ਕੇ ‘ਭਾਰਤ ਨੂੰ ਹਜ਼ਾਰਾਂ ਜ਼ਖਮ ਦੇ ਕੇ ਮੌਤ ਦੇ ਘਾਟ ਉਤਾਰਨ’ ਦੀ ਯੋਜਨਾ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ।
ਕਾਂਗਰਸ ਵਾਂਗ ਪੰਜਾਬ ’ਚ ਸੱਤਾਧਾਰੀ ‘ਆਪ’ ’ਤੇ ਵੀ ਵੱਖਵਾਦੀ ਤੱਤਾਂ ਨਾਲ ਨੇੜਤਾ ਰੱਖਣ ਦਾ ਦੋਸ਼ ਹੈ। ਇਸੇ ਸਾਲ ਜੁਲਾਈ ’ਚ ਜਦੋਂ ਪੰਜਾਬ ਦੀਆਂ ਜਨਤਕ ਬੱਸਾਂ ’ਤੇ ਭਿੰਡਰਾਂਵਾਲੇ ਆਦਿ ਦੀ ਤਸਵੀਰ ਲਾਉਣ ਦਾ ਮਾਮਲਾ ਸਾਹਮਣੇ ਆਇਆ, ਉਦੋਂ ਇਸ ਨੂੰ ਹਟਾਉਣ ਲਈ ਹੁਕਮ ਨੂੰ ਮਾਨ ਸਰਕਾਰ ਨੇ ਦਬਾਅ ’ਚ ਆ ਕੇ ਵਾਪਸ ਲੈ ਲਿਆ।
(ਲੇਖਕ ਸੀਨੀਅਰ ਕਾਲਮਨਵੀਸ, ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਸ਼ਟਰੀ ਉੱਪ-ਪ੍ਰਧਾਨ ਹਨ।)