ਕੈਨੇਡਾ ਅਤੇ ਜਰਮਨੀ ’ਚ ਭਾਰਤੀਆਂ ਲਈ ਵਧ ਰਹੇ ਰੋਜ਼ਗਾਰ ਅਤੇ ‘ਪੀ. ਆਰ.’ ਦੇ ਮੌਕੇ
Wednesday, Dec 07, 2022 - 03:21 AM (IST)
ਅੱਜ ਹਰ ਖੇਤਰ ’ਚ ਭਾਰਤੀ ਨੌਜਵਾਨ ਪੇਸ਼ੇਵਰ ਦੁਨੀਆ ’ਚ ਆਪਣੀ ਯੋਗਤਾ ਦੇ ਝੰਡੇ ਗੱਡ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਲਈ ਕਈ ਦੇਸ਼ਾਂ ’ਚ ਪੀ. ਆਰ. (ਪਰਮਾਨੈਂਟ ਰੈਜ਼ੀਡੈਂਟ) ਦੇ ਦਰਵਾਜ਼ੇ ਵੀ ਖੁੱਲ੍ਹ ਗਏ ਹਨ। ਇਸੇ ਲੜੀ ’ਚ ਹੁਣੇ ਜਿਹੇ ਹੀ ਕੈਨੇਡਾ ਸਰਕਾਰ ਨੇ ਆਪਣੇ ਦੇਸ਼ ’ਚ ਕਿਰਤੀਆਂ ਦੀ ਕਮੀ ਪੂਰੀ ਕਰਨ ਲਈ ‘ਓਪਨ ਵਰਕ ਪਰਮਿਟ’ (ਓ. ਡਬਲਿਊ. ਪੀ.) ਧਾਰਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਲੇ ਸਾਲ ਤੋਂ ਇੱਥੇ ਕੰਮ ਕਰਨ ਦੀ ਆਗਿਆ ਦੇਣ ਦਾ ਫੈਸਲਾ ਲਿਆ ਹੈ। ਇਸ ਕਾਰਨ ਲਗਭਗ 2 ਲੱਖ ਭਾਰਤੀਆਂ ਅਤੇ ਹੋਰ ਵਿਦੇਸ਼ੀ ਪੇਸ਼ੇਵਰਾਂ ਨੂੰ ਲਾਭ ਪੁੱਜੇਗਾ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਰਥਵਿਵਸਥਾ ’ਚ ਯੋਗਦਾਨ ਦੇਣ ਵਾਲੇ ਵਿਅਕਤੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿਣ ਦਾ ਵੀ ਅਧਿਕਾਰ ਹੈ।
ਇਸੇ ਤਰ੍ਹਾਂ ਆਪਣੇ ਤਾਜ਼ਾ ਭਾਰਤ ਦੌਰੇ ’ਚ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਜਰਮਨੀ ਦੀ ਵਿਦੇਸ਼ ਮੰਤਰੀ ‘ਐਨਾਲੇਨਾ ਬੇਅਰਬਾਕ’ ਨੇ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਉਣ ਦੇ ਸੰਕੇਤ ਦਿੱਤੇ ਹਨ ਜਿਸ ਦਾ ਸਭ ਤੋਂ ਵੱਧ ਲਾਭ ਭਾਰਤੀਆਂ ਨੂੰ ਹੋਵੇਗਾ। ਜਰਮਨੀ ਨੂੰ ਯੋਗ ਵਿਦੇਸ਼ੀ ਆਈ. ਟੀ. ਪੇਸ਼ੇਵਰਾਂ ਦੀ ਵਧੇਰੇ ਲੋੜ ਹੋਣ ਕਾਰਨ ਉੱਥੋਂ ਦੀ ਸਰਕਾਰ ਵੱਲੋਂ ਭਾਰਤ ਦੇ ਆਈ. ਟੀ. ਪੇਸ਼ੇਵਰਾਂ ਨੂੰ ਜਰਮਨੀ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਰਮਨੀ ਦੀ ਸਰਕਾਰ ਵਿਦੇਸ਼ੀਆਂ ਲਈ ਉੱਥੋਂ ਦੀ ਨਾਗਰਿਕਤਾ ਲੈਣ ਦੇ ਨਿਯਮਾਂ ਨੂੰ ਸੌਖਾ ਬਣਾਉਣ ’ਤੇ ਵੀ ਵਿਚਾਰ ਕਰ ਰਹੀ ਹੈ। ਇਸ ਮੁਤਾਬਕ 5 ਸਾਲ ਜਰਮਨੀ ’ਚ ਰਹਿ ਚੁੱਕੇ ਵਿਅਕਤੀ ਨੂੰ ਉੱਥੋਂ ਦੀ ਨਾਗਰਿਕਤਾ ਦੇ ਯੋਗ ਮੰਨ ਲਿਆ ਜਾਵੇਗਾ ਜਦੋਂ ਕਿ ਅਜੇ ਇਹ ਮਿਆਦ 8 ਸਾਲ ਹੈ।
ਇਮੀਗ੍ਰੇਸ਼ਨ ਸਿਸਟਮ ’ਚ ਸੁਧਾਰ ਦੇ ਪ੍ਰਸਤਾਵਾਂ ਅਧੀਨ ਜਰਮਨੀ ’ਚ ਪੈਦਾ ਹੋਏ ਉਨ੍ਹਾਂ ਬੱਚਿਆਂ ਨੂੰ ਵੀ ਉੱਥੋਂ ਦੀ ਨਾਗਰਿਕਤਾ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਮਾਤਾ ਜਾਂ ਪਿਤਾ ’ਚੋਂ ਕੋਈ ਇਕ ਕਾਨੂੰਨੀ ਤੌਰ ’ਤੇ ਉੱਥੇ 5 ਸਾਲ ਬਿਤਾ ਚੁੱਕਾ ਹੈ। ਬਿਨਾਂ ਸ਼ੱਕ ਭਾਰਤ ਦੇ ਨੌਜਵਾਨ ਪ੍ਰਤਿਭਾਸ਼ਾਲੀ ਹਨ ਅਤੇ ਇਨ੍ਹਾਂ ਦੇ ਦਮ ’ਤੇ ਹੀ ਅੱਜ ਕੈਨੇਡਾ ਅਤੇ ਜਰਮਨੀ ਆਪਣੀ ਆਰਥਿਕਤਾ ਨੂੰ ਅੱਗੇ ਵਧਾਉਣ ਦੀ ਉਮੀਦ ਲਾਈ ਬੈਠੇ ਹਨ। ਇਸ ਨਾਲ ਕੈਨੇਡਾ ਅਤੇ ਜਰਮਨੀ ’ਚ ਭਾਰਤੀਆਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ ਅਤੇ ਉਹ ਉੱਥੋਂ ਦੀ ਕਮਾਈ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਵੀ ਯੋਗਦਾਨ ਦੇ ਸਕਣਗੇ।
-ਵਿਜੇ ਕੁਮਾਰ