‘ਸਰਕਾਰੀ ਅਧਿਕਾਰੀ ਸੌਂ ਰਹੇ ਕੁੰਭਕਰਨ ਦੀ ਨੀਂਦ’
Sunday, Dec 13, 2020 - 03:28 AM (IST)

ਜਸਟਿਸ ਬਿੰਦਲ ਦੀ ‘ਟਿੱਪਣੀ’
ਰਾਵਣ, ਕੁੰਭਕਰਨ ਅਤੇ ਮੇਘਨਾਦ ਦੀ ਘੋਰ ਤਪੱਸਿਆ ਤੋਂ ਖੁਸ਼ ਹੋ ਕੇ ਇਕ ਵਾਰ ਬ੍ਰਹਮਾ ਜੀ ਨੇ ਉਨ੍ਹਾਂ ਨੂੰ ਵਰਦਾਨ ਮੰਗਣ ਲਈ ਕਿਹਾ ਤਾਂ ‘ਇੰਦਰਾਸਨ’ ਹਾਸਲ ਕਰਨ ਦੇ ਚਾਹਵਾਨ ਕੁੰਭਕਰਨ ਨੇ ਗਲਤੀ ਨਾਲ ‘ਇੰਦਰਾਸਨ’ ਦੀ ਬਜਾਏ ‘ਨਿਦ੍ਰਾਸਨ’ ਦਾ ਵਰ ਮੰਗ ਲਿਆ।
ਬ੍ਰਹਮਾ ਜੀ ਦੇ ‘ਤਥਾਸਤੂ’ ਕਹਿੰਦੇ ਹੀ ਜਦੋਂ ਕੁੰਭਕਰਨ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਹ ਬ੍ਰਹਮਾ ਜੀ ਤੋਂ ਇਹ ਵਰਦਾਨ ਵਾਪਸ ਲੈਣ ਲਈ ਗਿੜਗਿੜਾਉਣ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਵਰਦਾਨ ਵਾਪਸ ਤਾਂ ਨਹੀਂ ਹੋ ਸਕਦਾ ਪਰ ਤੁਸੀਂ 6 ਮਹੀਨੇ ਦੇ ਬਾਅਦ ਇਕ ਦਿਨ ਲਈ ਨੀਂਦ ਤੋਂ ਜਾਗ ਸਕੋਗੇ।
ਜਦੋਂ ਸੀਤਾਹਰਣ ਤੋਂ ਬਾਅਦ ਰਾਵਣ ਦਾ ਰਾਜ ਖਤਰੇ ’ਚ ਪੈ ਗਿਆ ਅਤੇ ਜੰਗ ’ਚ ਉਸ ਦੇ ਕਈ ਪਰਿਵਾਰਕ ਮੈਂਬਰ ਅਤੇ ਯੋਧੇ ਮਾਰੇ ਗਏ ਉਦੋਂ ਰਾਵਣ ਦੇ ਮਨ ’ਚ ਕੁੰਭਕਰਨ ਦੀ ਸਹਾਇਤਾ ਲੈਣ ਦਾ ਵਿਚਾਰ ਆਇਆ ਪਰ ਉਸ ਸਮੇਂ ਉਹ ਗੂੜ੍ਹੀ ਨੀਂਦ ’ਚ ਸਨ।
ਰਾਵਣ ਦੇ ਨੌਕਰ ਢੋਲ-ਨਗਾਰੇ ਵਜਾ ਕੇ ਅਤੇ ਕਈ ਹੋਰ ਉਪਾਅ ਕਰ ਕੇ ਹੀ ਕੁੰਭਕਰਨ ਨੂੰ ਜਗਾ ਸਕੇ ਅਤੇ ਉਸ ਦੇ ਬਾਅਦ ਸ਼੍ਰੀ ਰਾਮ ਨਾਲ ਯੁੱਧ ਕਰਨ ਲਈ ਉਹ ਰਣਭੂਮੀ ’ਚ ਚਲਾ ਗਿਆ। ਉਦੋਂ ਤੋਂ ਮਹਾਆਲਸੀ ਲੋਕਾਂ ਦੀ ਤੁਲਨਾ ਕੁੰਭਕਰਨ ਨਾਲ ਕੀਤੀ ਜਾਣ ਲੱਗੀ।
‘ਰਾਮਾਇਣ’ ਦੇ ਇਸੇ ਪ੍ਰਸੰਗ ਦੀ ਉਦਾਹਰਣ 9 ਦਸੰਬਰ ਨੂੰ ਜੰਮੂ-ਕਸ਼ਮੀਰ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਰਾਜੇਸ਼ ਬਿੰਦਲ ਨੇ ਇਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਹ ਕਹਿ ਕੇ ਕਰ ਦਿੱਤੀ ਕਿ ‘‘ਪੈਂਡਿੰਗ ਕੇਸਾਂ ’ਚ ਇਤਰਾਜ਼ਾਂ ਅਤੇ ਉੱਤਰ ਦਾਇਰ ਕਰਨ ਦੇ ਮਾਮਲੇ ’ਚ ਸਾਡੇ ਅਧਿਕਾਰੀ ਕੁੰਭਕਰਨ ਤੋਂ ਘੱਟ ਨਹੀਂ ਹਨ।’’
ਜੰਮੂ-ਕਸ਼ਮੀਰ ’ਚ ਅਪ੍ਰੈਲ 2018 ’ਚ ਇਕ ਸੜਕ ਨਿਰਮਾਣ ਦੇ ਟੈਂਡਰ ’ਤੇ ਇਕ ਕੰਪਨੀ ਵਲੋਂ ਲਏ ਗਏ ਅੰਤਰਿਮ ਸਟੇਅ ਆਰਡਰ ਨੂੰ ਖਤਮ ਕਰਵਾਉਣ ਲਈ ਸਬੰਧਤ ਅਧਿਕਾਰੀਅਾਂ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਜਸਟਿਸ ਬਿੰਦਲ ਨੇ ਸੁਪਰੀਮ ਕੋਰਟ ਦੀ ਇਕ ਪੁਰਾਣੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ।
ਇਸ ਸੜਕ ਨਿਰਮਾਣ ਲਈ ਜਵਾਬਦੇਹ ਅਧਿਕਾਰੀਅਾਂ ਵਲੋਂ ਸਟੇਅ ਆਰਡਰ ਨਾ ਤੁੜਵਾਉਣ ਨਾਲ ਨਾ ਸਿਰਫ ਉਕਤ ਸੜਕ ਨਿਰਮਾਣ ਦੀ ਲਾਗਤ ਵਧ ਗਈ ਸਗੋਂ ਸੜਕ ਨਾ ਬਣ ਸਕਣ ਦੇ ਕਾਰਨ ਇਲਾਕਾ ਵਾਸੀ ਅਜੇ ਤਕ ਇਸ ਸਹੂਲਤ ਤੋਂ ਵਾਂਝੇ ਹਨ।
ਜਸਟਿਸ ਬਿੰਦਲ ਨੇ ਕਿਹਾ, ‘‘ਅਧਿਕਾਰੀਅਾਂ ਦੀ ਇਸ ਤਰ੍ਹਾਂ ਦੀ ਗੈਰ-ਸਰਗਰਮੀ ਦਾ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ ਪਤਾ ਨਹੀਂ ਦੇਸ਼ ’ਚ ਕਿੰਨੇ ਹੋਰ ਮਾਮਲੇ ਹੋਣਗੇ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।’’
‘‘ਜਿਸ ਤਰ੍ਹਾਂ ਕੁੰਭਕਰਨ ਨੂੰ ਜਗਾਉਣ ਲਈ ਰਾਵਣ ਦੇ ਨੌਕਰਾਂ ਨੂੰ ਉਸ ਦੇ ਨੇੜੇ ਭਾਰੀ ਸ਼ੋਰ-ਸ਼ਰਾਬਾ ਕਰਨ ਦੇ ਇਲਾਵਾ ਤਰ੍ਹਾਂ-ਤਰ੍ਹਾਂ ਦੇ ਉਪਾਅ ਅਪਣਾਉਣੇ ਪਏ ਸਨ, ਉਵੇਂ ਹੀ ਸਰਕਾਰੀ ਅਧਿਕਾਰੀਅਾਂ ਨੂੰ ਵੀ ਗੂੜ੍ਹੀ ਨੀਂਦ ਤੋਂ ਜਗਾਉਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਨੇ ਪੈਂਦੇ ਹਨ। ਇਸ ਲਈ ਇਸ ਪ੍ਰਵਿਰਤੀ ’ਤੇ ਰੋਕ ਲਗਾਉਣ ਲਈ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ।’’
ਵਰਣਨਯੋਗ ਹੈ ਕਿ ਅਧਿਕਾਰੀਅਾਂ ਦੀ ਲਾਪ੍ਰਵਾਹੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਦੇਸ਼ ’ਚ ਰਿਹਾਇਸ਼ੀ ਇਲਾਕਿਅਾਂ, ਸੜਕਾਂ ਅਤੇ ਖੇਤਾਂ ਆਦਿ ਦੇ ਉਪਰੋਂ ਲੰਘਣ ਵਾਲੀਅਾਂ ਬੇਤਰਤੀਬ ਹਾਈਟੈਨਸ਼ਨ ਬਿਜਲੀ ਦੀਅਾਂ ਨੰਗੀਅਾਂ ਤਾਰਾਂ ਨਾਲ ਕੀਮਤੀ ਜਾਨਾਂ ਜਾ ਰਹੀਅਾਂ ਹਨ ਪਰ ਅਧਿਕਾਰੀਅਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਹ ਸਮੱਸਿਆ ਜਿਉਂ ਦੀ ਤਿਉਂ ਹੈ ਅਤੇ ਲਗਾਤਾਰ ਦੁਰਘਟਨਾਵਾਂ ਹੋ ਰਹੀਅਾਂ ਹਨ ਜਿਸ ਦੀਅਾਂ ਸਿਰਫ 6 ਦਸੰਬਰ ਤੋਂ 11 ਦਸੰਬਰ ਤਕ 6 ਦਿਨਾਂ ਦੀਅਾਂ 6 ਉਦਾਹਰਣਾਂ ਹੇਠਾਂ ਦਰਜ ਹਨ :
* 6 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ‘ਮਹਾਰਾਜਗੰਜ’ ਦੇ ‘ਬੇਨੀਗੰਜ’ ਪਿੰਡ ’ਚ ਵਿਆਹ ਸਮਾਰੋਹ ਲਈ ਟੈਂਟ ਲਗਾ ਰਿਹਾ ਨੌਜਵਾਨ ਉੱਪਰੋਂ ਲੰਘ ਰਹੀ 11,000 ਵੋਲਟ ਦੀ ਤਾਰ ਦੀ ਚਪੇਟ ’ਚ ਆਉਣ ਨਾਲ ਮਾਰਿਆ ਗਿਆ।
* 9 ਦਸੰਬਰ ਨੂੰ ਲੁਧਿਆਣਾ ’ਚ ‘ਬਹਾਦੁਰ ਕੇ’ ਰੋਡ ਚੁੰਗੀ ਦੇ ਨੇੜੇ ਇਕ ਫੈਕਟਰੀ ’ਚ ਛੱਤ ’ਤੇ ਲੋਹੇ ਦੀ ਪੌੜੀ ਲਗਾਉਂਦੇ ਹੋਏ ਉੱਪਰੋਂ ਲੰਘ ਰਹੀ ਹਾਈ ਵੋਲਟੇਜ ਤਾਰ ਨਾਲ ਪੌੜੀ ਛੂਹ ਜਾਣ ਦੇ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ।
* 9 ਦਸੰਬਰ ਨੂੰ ਝਾਰਖੰਡ ਦੇ ‘ਪਲਾਮੂ’ ਜ਼ਿਲੇ ’ਚ ਸੜਕ ’ਤੇ ਲੰਘ ਰਹੀ ਬਰਾਤੀਅਾਂ ਦੀ ਇਕ ਬੱਸ ਬਹੁਤ ਨੇੜਿਓਂ ਲੰਘ ਰਹੀ 11,000 ਵੋਲਟ ਦੀ ਬਿਜਲੀ ਦੀ ਤਾਰ ਦੀ ਚਪੇਟ ’ਚ ਆ ਗਈ ਜਿਸ ਨਾਲ ਇਕ ਬਰਾਤੀ ਦੀ ਜਾਨ ਚਲੀ ਗਈ।
*10 ਦਸੰਬਰ ਨੂੰ ਉੱਤਰ ਪ੍ਰਦੇਸ਼ ’ਚ ‘ਕੌਸ਼ਾਂਬੀ’ ਦੇ ‘ਗੌਹਾਨੀ’ ਪਿੰਡ ’ਚ ਬਾਂਸ ਲੈ ਕੇ ਜਾ ਰਹੇ ਨੌਜਵਾਨ ਨੇ ਉੱਪਰੋਂ ਲੰਘ ਰਹੀ ਹਾਈਟੈਨਸ਼ਨ ਤਾਰ ਦੀ ਚਪੇਟ ’ਚ ਆ ਕੇ ਦਮ ਤੋੜ ਦਿੱਤਾ।
* 11 ਦਸੰਬਰ ਨੂੰ ਰਾਜਸਥਾਨ ਦੇ ‘ਬਾਂਸਵਾੜਾ’ ਵਿਚ ਸੜਕ ਦੇ ਉੱਪਰ ਲਟਕ ਰਹੀ ਹਾਈਟੈਨਸ਼ਨ ਤਾਰ ਟੁੱਟ ਕੇ ਉਥੋਂ ਸਕੂਟੀ ’ਤੇ ਜਾ ਰਹੀ ਇਕ ਔਰਤ ’ਤੇ ਜਾ ਡਿੱਗੀ ਜਿਸ ਨਾਲ ਉਹ ਕਰੰਟ ਲੱਗਣ ਨਾਲ ਤੜਫ-ਤੜਫ ਕੇ ਮਰ ਗਈ।
* 11 ਦਸੰਬਰ ਨੂੰ ‘ਗ੍ਰੇਟਰ ਨੋਇਡਾ’ ਦੇ ‘ਮਕਨਪੁਰ ਖਾਦਰ’ ਪਿੰਡ ’ਚ ਇਕ ਬਰਾਤ ਦੀ ‘ਘੁੜਚੜ੍ਹੀ’ ਦੇ ਦੌਰਾਨ ਉੱਪਰ ਲਟਕ ਰਹੀ ਹਾਈ ਵੋਲਟੇਜ ਤਾਰ ਦੀ ਚਪੇਟ ’ਚ ਆਉਣ ਨਾਲ 3 ਬਰਾਤੀ ਬੁਰੀ ਤਰ੍ਹਾਂ ਝੁਲਸ ਗਏ ਅਤੇ 13 ਸਾਲਾ ਬੱਚੇ ਦੀ ਮੌਤ ਹੋ ਗਈ।
ਉਕਤ ਘਟਨਾਵਾਂ ਬਿਜਲੀ ਵਿਭਾਗ ਦੇ ਅਧਿਕਾਰੀਅਾਂ ਦੀ ਲਾਪ੍ਰਵਾਹੀ ਅਤੇ ਨਾਗਰਿਕ ਆਬਾਦੀ ਦੇ ਸਥਾਨਾਂ ਦੇ ਉੱਪਰੋਂ ਲੰਘ ਰਹੀਆਂ ਢਿੱਲੀਆਂ ਤਾਰਾਂ ਨਾ ਹਟਾਉਣ ਦਾ ਹੀ ਨਤੀਜਾ ਹੈ। ਇਸ ਲਈ ਸ਼੍ਰੀ ਬਿੰਦਲ ਵਲੋਂ ਸਰਕਾਰੀ ਅਧਿਕਾਰੀਅਾਂ ਦੀ ਕੁੰਭਕਰਨ ਨਾਲ ਤੁਲਨਾ ਕਰਨੀ ਸੌ ਫੀਸਦੀ ਸਹੀ ਹੈ ਕਿਉਂਕਿ ਇਹ ਕਿਸੇ ਇਕ ਸੂਬੇ ਦੀ ਨਹੀਂ ਸਗੋਂ ਦੇਸ਼ ਦੇ ਵਧੇਰੇ ਸੂਬਿਅਾਂ ਦੀ ਇਹੀ ਸਥਿਤੀ ਹੈ।
ਇਸ ਲਈ ਜਸਟਿਸ ਸ਼੍ਰੀ ਬਿੰਦਲ ਦੀ ਟਿੱਪਣੀ ਦਾ ਦੇਸ਼ ਦੇ ਸਾਰੇ ਸੂਬਿਅਾਂ ਦੇ ਮੁੱਖ ਮੰਤਰੀਅਾਂ ਨੂੰ ਨੋਟਿਸ ਲੈਂਦੇ ਹੋਏ ਸੰਬੰਧਤ ਵਿਭਾਗਾਂ ਦੇ ਮੰਤਰੀਅਾਂ ਅਤੇ ਵਿਭਾਗਾਂ ਦੇ ਮੁਖੀਆਂ, ਪਾਵਰ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਆਦਿ ਕੋਲ ਇਹ ਮਾਮਲਾ ਉਠਾਉਣਾ ਚਾਹੀਦਾ ਹੈ ਅਤੇ ਅਚਾਨਕ ਛਾਪੇਮਾਰੀ ਕਰਕੇ ਉਨ੍ਹਾਂ ਦੇ ਕੰਮ ਦੀ ਪੜਤਾਲ ਕਰਨੀ ਅਤੇ ਹੁਕਮਾਂ ਦੀ ਪਾਲਣਾ ਨਾ ਹੋਣ ਦੀ ਸਥਿਤੀ ’ਚ ਦੋਸ਼ੀ ਅਧਿਕਾਰੀਅਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਨਸੀਹਤ ਮਿਲੇ ਅਤੇ ਉਹ ਲਾਪ੍ਰਵਾਹੀ ਵਰਤਣ ਤੋਂ ਬਾਜ਼ ਆਉਣ।
–ਵਿਜੇ ਕੁਮਾਰ