ਅਦਾਲਤਾਂ ਵਿਚ ''ਗੋਲੀਬਾਰੀ'' ਅਤੇ ''ਗੈਂਗਵਾਰ'' ਲਗਾਤਾਰ ਜਾਰੀ

05/20/2017 12:48:22 AM

ਅੱਜ ਦੇਸ਼ ''ਚ ਕਾਨੂੰਨ-ਵਿਵਸਥਾ ਦਾ ਬੁਰੀ ਤਰ੍ਹਾਂ ਭੱਠਾ ਬੈਠਿਆ ਹੋਇਆ ਹੈ ਅਤੇ ਹਰ ਪਾਸੇ ਲਾ-ਕਾਨੂੰਨੀ, ਹਫੜਾ-ਦਫੜੀ ਵਾਲਾ ਮਾਹੌਲ ਹੈ। ਅਪਰਾਧੀਆਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਹੁਣ ਤਾਂ ਅਦਾਲਤਾਂ ਵੀ ਸੁਰੱਖਿਅਤ ਨਹੀਂ ਰਹੀਆਂ।
ਹਾਲਤ ਇਹ ਹੈ ਕਿ ਇਕ ਪਾਸੇ ਤਾਂ ਅਦਾਲਤਾਂ ''ਚ ਪੇਸ਼ੀ ਲਈ ਲਿਆਂਦੇ ਗਏ ਕੈਦੀ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋਣ ''ਚ ਸਫਲ ਹੋ ਰਹੇ ਹਨ ਤੇ ਦੂਜੇ ਪਾਸੇ ਉਹ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦਿਆਂ ਵੱਖ-ਵੱਖ ਮੁਕੱਦਮਿਆਂ ਦੇ ਅਹਿਮ ਗਵਾਹਾਂ ਤੇ ਅਦਾਲਤਾਂ ''ਚ ਪੇਸ਼ੀ ਭੁਗਤਣ ਲਈ ਲਿਆਂਦੇ ਗਏ ਦੋਸ਼ੀਆਂ ਦੀਆਂ ਨਿਧੜਕ ਹੋ ਕੇ ਹੱਤਿਆਵਾਂ ਕਰ ਰਹੇ ਹਨ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 04 ਜਨਵਰੀ ਨੂੰ ਯਮੁਨਾਨਗਰ ਕੋਰਟ ਕੰਪਲੈਕਸ ''ਚ ਦੋ ਨੌਜਵਾਨਾਂ ਨੇ ਪੇਸ਼ੀ ''ਤੇ ਆਏ ਇਕ ਨੌਜਵਾਨ ਅਤੇ ਪੁਲਸ ਦੇ ਸਬ-ਇੰਸਪੈਕਟਰ ''ਤੇ ਤਾਬੜ-ਤੋੜ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੇਸ਼ੀ ''ਤੇ ਆਇਆ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
* 22 ਮਾਰਚ ਨੂੰ ਹਰਿਆਣਾ ''ਚ ਅੰਬਾਲਾ ਤੋਂ ਝੱਜਰ ਦੇ ਅਦਾਲਤੀ ਕੰਪਲੈਕਸ ''ਚ ਆਸੌਦਾ ਸਿਵਾਨ ਦੇ ਸਰਪੰਚ ਰਾਮਬੀਰ ਅਤੇ ਉਸ ਦੇ ਪਿਤਾ ਬਲਬੀਰ ਸਿੰਘ ਦੀ ਹੱਤਿਆ ਦੇ ਕੇਸ ''ਚ ਸੁਣਵਾਈ ਲਈ ਪੁਲਸ ਵਲੋਂ ਲਿਆਂਦੇ ਗਏ ਆਸੌਦਾ ਪਿੰਡ ਦੇ ਸਾਬਕਾ ਸਰਪੰਚ ਰਾਜੀਵ ਉਰਫ ਕਾਲਾ ਦੀ ਦੋ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
* 28 ਮਾਰਚ ਨੂੰ ਹੱਤਿਆ ਦੀ ਕੋਸ਼ਿਸ਼ ਦੇ ਇਕ ਕੇਸ ''ਚ  ਪੇਸ਼ੀ ਭੁਗਤ ਕੇ ਰੋਹਤਕ ਦੇ ਅਦਾਲਤੀ ਕੰਪਲੈਕਸ ''ਚੋਂ ਬਾਹਰ ਨਿਕਲ ਰਹੇ ਹਿਸਟਰੀ-ਸ਼ੀਟਰ ਰਮੇਸ਼ ਲੋਹਾਰ ਦੀ ਔਰਤਾਂ ਦੇ ਭੇਸ ''ਚ ਆਏ ਅਣਪਛਾਤੇ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਹੱਤਿਆ ਕਰਨ ਤੋਂ ਇਲਾਵਾ ਉਸ ਨਾਲ ਚੱਲ ਰਹੇ ਉਸ ਦੇ 7 ਸਾਥੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ ਤੇ ਫਾਇਰ ਕਰਦੇ ਹੋਏ ਭੱਜ ਗਏ।
* 31 ਮਾਰਚ ਨੂੰ ਨਾਲਾਗੜ੍ਹ ਅਦਾਲਤ ''ਚ ਪੇਸ਼ੀ ਲਈ ਲਿਆਂਦਾ ਗਿਆ ਹੱਤਿਆ ਦਾ ਇਕ ਦੋਸ਼ੀ ਬਾਥਰੂਮ ਜਾਣ ਦੇ ਬਹਾਨੇ ਆਪਣੀ ਸੁਰੱਖਿਆ ਲਈ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਬਾਥਰੂਮ ਦੀ ਖਿੜਕੀ ''ਚੋਂ ਟੱਪ ਕੇ ਫਰਾਰ ਹੋ ਗਿਆ।
* 29 ਅਪ੍ਰੈਲ ਨੂੰ ਨਵੀਂ ਦਿੱਲੀ ਦੀ ਰੋਹਿਣੀ ਅਦਾਲਤ ''ਚ ਸੁਣਵਾਈ ਲਈ ਲਿਜਾਂਦੇ ਸਮੇਂ ਰਾਜੇਸ਼ ਨਾਮੀ ਇਕ ਬਦਨਾਮ ਅਪਰਾਧੀ ਦੀ ਉਦੋਂ ਛਾਤੀ ''ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਅਦਾਲਤੀ ਕੰਪਲੈਕਸ ਦੇ ਗੇਟ ਨੰਬਰ 5 ਦੇ ਬਾਹਰ ਪੁਲਸ ਦੀ ਗੱਡੀ ''ਚੋਂ ਉਤਰ ਰਿਹਾ ਸੀ।
* 11 ਮਈ ਨੂੰ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲਾ ਹੈੱਡਕੁਆਰਟਰ ''ਚ ਸਥਿਤ ਇਕ ਅਦਾਲਤੀ ਕੰਪਲੈਕਸ ''ਚ ਪੇਸ਼ੀ ਭੁਗਤ ਕੇ ਬਾਹਰ ਆਉਂਦੇ ਸਮੇਂ ਬਬਲੂ ਦੁਬੇ ਦੀ ਘਾਤ ਲਾਈ ਬੈਠੇ ਤਿੰਨ ਅਪਰਾਧੀਆਂ ਨੇ ਗੋਲੀਆਂ ਦੀ ਵਾਛੜ ਕਰ ਕੇ ਹੱਤਿਆ ਕਰ ਦਿੱਤੀ ਅਤੇ ਮੋਟਰਸਾਈਕਲ ''ਤੇ ਬੈਠ ਕੇ ਫਰਾਰ ਹੋ ਗਏ।
ਬਬਲੂ ਨੇ 2016 ''ਚ ਨੇਪਾਲੀ ਉਦਯੋਗਪਤੀ ਸੁਰੇਸ਼ ਕੇਡੀਆ ਦੇ ਸਨਸਨੀਖੇਜ਼ ਅਗਵਾ ਨੂੰ ਜੇਲ ''ਚ ਰਹਿੰਦਿਆਂ ਅੰਜਾਮ ਦਿੱਤਾ ਸੀ ਅਤੇ ਉਸ ਦੀ ਰਿਹਾਈ ਬਦਲੇ 100 ਕਰੋੜ ਰੁਪਏ ਫਿਰੌਤੀ ਮੰਗੀ ਸੀ।
ਬਬਲੂ ਦੁਬੇ ਨੂੰ 2013 ''ਚ ਨੇਪਾਲ ਪੁਲਸ ਦੀ ਸਹਾਇਤਾ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਵਿਰੁੱਧ 10 ਲੱਖ ਰੁਪਏ ਗੁੰਡਾ ਟੈਕਸ ਮੰਗਣ ਤੋਂ ਇਲਾਵਾ ਕਤਲ, ਅਗਵਾ ਅਤੇ ਜ਼ਬਰਦਸਤੀ ਫਿਰੌਤੀ ਵਸੂਲਣ ਦੇ 40 ਕੇਸ ਚੱਲ ਰਹੇ ਸਨ।
...ਅਤੇ ਹੁਣ 18 ਮਈ ਨੂੰ ਹੱਤਿਆ ਦੇ ਇਕ ਮਾਮਲੇ ''ਚ ਪੇਸ਼ੀ ਭੁਗਤਣ ਲਈ ਪੁਲਸ ਵਲੋਂ ਸਾਥੀਆਂ ਸਮੇਤ ਭਿਵਾਨੀ ਲਿਆਂਦੇ ਗਏ ਹੱਤਿਆ ਦੇ ਦੋਸ਼ੀ ਅਤੇ ਪਿੰਡ ਕਾਲੌਦ ਦੇ ਸਾਬਕਾ ਸਰਪੰਚ ਸ਼ੇਰ ਸਿੰਘ ਦੀ ਉਦੋਂ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਇਸ ਕੇਸ ''ਚ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ''ਚ ਹਾਜ਼ਰੀ ਲਾਉਣ ਪਿੱਛੋਂ ਚਾਹ ਆਦਿ ਪੀਣ ਲਈ ਬਾਹਰ ਆ ਰਿਹਾ ਸੀ।
ਉਕਤ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ ਕਿ ਦੇਸ਼ ''ਚ ਅਹਿਮ ਟਿਕਾਣਿਆਂ ''ਤੇ ਵੀ ਸੁਰੱਖਿਆ ਪ੍ਰਬੰਧ ਕਿਸ ਹੱਦ ਤੱਕ ਢਿੱਲੇ ਹੋ ਚੁੱਕੇ ਹਨ ਅਤੇ ਅਪਰਾਧੀਆਂ ਦੀ ਹਿੰਮਤ ਇੰਨੀ ਵਧ ਚੁੱਕੀ ਹੈ ਕਿ ਉਹ ਕਿਤੇ ਵੀ ਅਤੇ ਕਦੇ ਵੀ ਵਾਰਦਾਤ ਕਰਨ ਦੇ ਸਮਰੱਥ ਹਨ। ਹਮੇਸ਼ਾ ਵਾਂਗ ਹਰ ਵਾਰ ਜਦੋਂ ਵੀ ਅਜਿਹੀ ਕੋਈ ਘਟਨਾ ਹੁੰਦੀ ਹੈ ਤਾਂ ਪੁਲਸ ਪ੍ਰਸ਼ਾਸਨ ਵਲੋਂ ਤੁਰੰਤ ''ਹਰਕਤ'' ਵਿਚ ਆ ਕੇ ਆਪਣੇ ਸਟਾਫ ਨੂੰ ਚੁਸਤ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਨਤੀਜਾ ''ਪਰਨਾਲਾ ਉਥੇ ਦਾ ਉਥੇ'' ਹੀ ਰਹਿੰਦਾ ਹੈ।
ਅੱਜ ਅਦਾਲਤਾਂ ''ਚ ਪੇਸ਼ੀ ਲਈ ਲਿਆਂਦੇ ਜਾਣ ਵਾਲੇ ਲੋਕ ਮਾਰੇ ਜਾ ਰਹੇ ਹਨ। ਕੱਲ ਨੂੰ ਵਕੀਲਾਂ ਅਤੇ ਅਪਰਾਧੀਆਂ  ਦੇ ਪੱਖ ''ਚ ਫੈਸਲੇ ਨਾ ਦੇਣ ਵਾਲੇ ਜੱਜਾਂ ''ਤੇ ਵੀ ਹਮਲਿਆਂ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਲਈ ਇਸ ਖਤਰਨਾਕ ਰੁਝਾਨ ਨੂੰ ਰੋਕਣ ਵਾਸਤੇ ਅਦਾਲਤਾਂ ''ਚ ਸੁਰੱਖਿਆ ਪ੍ਰਬੰਧਾਂ ਨੂੰ ਫੌਰਨ ਪੱਕੇ ਤੌਰ ''ਤੇ ਮਜ਼ਬੂਤ ਅਤੇ ਅਚੂਕ ਬਣਾਉਣ ਦੀ ਲੋੜ ਹੈ ਤਾਂ ਕਿ ਅਪਰਾਧੀਆਂ ''ਚ ਡਰ ਪੈਦਾ ਹੋਵੇ ਅਤੇ ਉਹ ਅਜਿਹੀ ਕੋਈ ਕਰਤੂਤ ਨਾ ਕਰ ਸਕਣ, ਜਿਸ ਨਾਲ ਅਦਾਲਤਾਂ ''ਚ ਪੇਸ਼ੀ ਲਈ ਆਉਣ ਵਾਲਿਆਂ ਜਾਂ ਹੋਰਨਾਂ ਲੋਕਾਂ ਦੀ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦਾ ਖਤਰਾ ਪੈਦਾ ਹੋ ਸਕਦਾ ਹੋਵੇ।  
—ਵਿਜੇ ਕੁਮਾਰ


Vijay Kumar Chopra

Chief Editor

Related News