ਇਹ ਹੈ ਅਮੀਰਾਂ ਦਾ ਅਮਰੀਕਾ, ਇੱਥੇ ਰੋਜ਼ ਚੱਲਦੀਆਂ ਹਨ ਗੋਲੀਆਂ, ਹੁੰਦੀਆਂ ਹਨ ਮੌਤਾਂ

03/29/2023 2:29:19 AM

ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਦੇਸ਼ ਦੇ ਸਭ ਸੂਬੇ ਇਸ ਦੀ ਲਪੇਟ ’ਚ ਆਏ ਹੋਏ ਹਨ। ਹਾਲਾਤ ਦੀ ਗੰਭੀਰਤਾ ਦਾ ਅਨੁਮਾਨ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਸੇ ਸਾਲ ਫਰਵਰੀ ਤੋਂ ਹੁਣ ਤੱਕ ਦੇਸ਼ ’ਚ ਗੋਲੀਬਾਰੀ ਦੀਆਂ 6 ਦਰਜਨ ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ।

ਪਿਛਲੇ 8 ਦਿਨਾਂ ਦੀਆਂ ਚੰਦ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 20 ਮਾਰਚ ਨੂੰ ਮਿਲਵਾਉਕੀ ’ਚ ਗੋਲੀਬਾਰੀ ਦੀ ਘਟਨਾ ’ਚ ਇਕ ਅੱਲ੍ਹੜ ਦੀ ਮੌਤ ਅਤੇ 5 ਔਰਤਾਂ ਜ਼ਖਮੀ ਹੋ ਗਈਆਂ।

* 21 ਮਾਰਚ ਨੂੰ ਅਲਿੰਗਟਨ, ਟੈਕਸਾਸ ਸਥਿਤ ‘ਲਾਮਰ ਹਾਈ ਸਕੂਲ’ ’ਚ ਨਾਬਾਲਿਗ ਨੇ ਗੋਲੀ ਚਲਾ ਕੇ ਇਕ ਵਿਦਿਆਰਥੀ ਦੀ ਹੱਤਿਆ ਅਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ।

* 21 ਮਾਰਚ ਨੂੰ ਹੀ ਸਾਊਥ ਕੈਰੋਲੀਨਾ ’ਚ ਇਕ ਸਾਬਕਾ ਫੌਜੀ ਨੇ 3 ਬੱਚਿਆਂ ਅਤੇ 1 ਇਕ ਫੌਜੀ ਦੀ ਹੱਤਿਆ ਕਰਨ ਪਿੱਛੋਂ ਖੁਦ ਨੂੰ ਵੀ ਗੋਲੀ ਮਾਰ ਲਈ।

* 23 ਮਾਰਚ ਨੂੰ ਵੈਸਟ ਬਾਲਟੀਮੋਰ ਵਿਖੇ ਗੋਲੀਬਾਰੀ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਅਤੇ 5 ਹੋਰ ਜ਼ਖਮੀ ਹੋ ਗਏ।

* 26 ਮਾਰਚ ਨੂੰ ਕੈਲੀਫੋਰਨੀਆ ਦੀ ਸੈਕਰਾਮੈਂਟੋ ਕਾਊਂਟੀ ’ਚ ‘ਗੁਰਦੁਆਰਾ ਸੈਕਰਾਮੈਂਟੋ ਸਿੱਖ ਸੋਸਾਇਟੀ’ ਦੇ ਨਗਰ ਕੀਰਤਨ ’ਚ ਗੋਲੀਬਾਰੀ ’ਚ 2 ਵਿਅਕਤੀ ਜ਼ਖਮੀ ਹੋ ਗਏ।

* 26 ਮਾਰਚ ਨੂੰ ਹੀ ਅਰਕਨਸਾਸ ਸੂਬੇ ’ਚ ਗੋਲੀਬਾਰੀ ਦੀ ਘਟਨਾ ’ਚ 5 ਵਿਅਕਤੀਆਂ ਨੂੰ ਗੋਲੀ ਮਾਰੀ ਗਈ ਜਿਨ੍ਹਾਂ ’ਚੋਂ 2 ਲੋਕਾਂ ਦੀ ਮੌਤ ਹੋ ਗਈ।

* 27 ਮਾਰਚ ਨੂੰ ਨੈਸ਼ਵਿਲੇ ਸ਼ਹਿਰ ਸਥਿਤ ਇਕ ਨਿੱਜੀ ਕਾਨਵੈਂਟ ਸਕੂਲ ’ਚ ਇਕ ਮੁਟਿਆਰ ਨੇ ਗੋਲੀਬਾਰੀ ਕਰ ਕੇ 3 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਨੂੰ ਮਾਰ ਸੁੱਟਿਆ।

ਖੁਦ ਨੂੰ ਸੱਭਿਅਕ ਅਤੇ ਲੋਕਰਾਜੀ ਕਹਿਣ ਵਾਲੇ ਅਮਰੀਕਾ ’ਚ ਵਧ ਰਹੀ ‘ਬੰਦੂਕ ਸੰਸਕ੍ਰਿਤੀ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਆਸਾਨੀ ਨਾਲ ਹਥਿਆਰਾਂ ਦੀ ਉਪਲੱਬਧਤਾ ਦਾ ਮਾੜਾ ਨਤੀਜਾ ਦੁਖਦਾਈ ਘਟਨਾਵਾਂ ਵਜੋਂ ਨਿਕਲ ਰਿਹਾ ਹੈ।

ਜੇ ਲੋਕਰਾਜੀ ਦੇਸ਼ਾਂ ’ਚ ਅਜਿਹਾ ਹੋਵੇਗਾ ਤਾਂ ਫਿਰ ਲੋਕਰਾਜ ਅਤੇ ਤਾਨਾਸ਼ਾਹੀ ਰਾਜ ਵਾਲੇ ਦੇਸ਼ਾਂ ’ਚ ਫਰਕ ਹੀ ਕੀ ਰਹਿ ਜਾਵੇਗਾ।

ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਣ ਨੂੰ ਧਿਆਨ ’ਚ ਰੱਖਦਿਆਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਹੁਕਮ ’ਚ ਕਿਹਾ ਹੈ ਕਿ ਹਥਿਆਰਾਂ ਦੀ ਵਿਕਰੀ ਤੋਂ ਪਹਿਲਾਂ ਇਨ੍ਹਾਂ ਨੂੰ ਖਰੀਦਣ ਵਾਲੇ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।

ਲਗਭਗ 53 ਫੀਸਦੀ ਅਮਰੀਕੀ ਦੇਸ਼ ’ਚ ਹਥਿਆਰਾਂ ’ਤੇ ਪਾਬੰਦੀ ਦੇ ਸਖਤ ਕਾਨੂੰਨਾਂ ਦੇ ਹੱਕ ’ਚ ਹਨ, ਫਿਰ ਵੀ ਕੋਈ ਅਹਿਮ ਕਾਨੂੰਨ ਪਾਸ ਨਹੀਂ ਕੀਤਾ ਜਾ ਸਕਿਆ।

ਇਸ ਲਈ ਜਦੋਂ ਤੱਕ ਅਜਿਹਾ ਨਹੀਂ ਹੋਵੇਗਾ, ਉਦੋਂ ਤੱਕ ਉੱਥੇ ਗੋਲੀਬਾਰੀ ਹੁੰਦੀ ਹੀ ਰਹੇਗੀ ਅਤੇ ਲੋਕ ਇਸੇ ਤਰ੍ਹਾਂ ਮਰਦੇ ਰਹਿਣਗੇ।

-ਵਿਜੇ ਕੁਮਾਰ


Anmol Tagra

Content Editor

Related News