ਚੋਣਾਂ ’ਚ ਚੱਲ ਰਹੀਆਂ ਬਿਆਨਾਂ ਦੀਆਂ ਫੁਲਝੜੀਆਂ ਅਤੇ ਦੋਸ਼ਾਂ ਦੇ ਪਟਾਕੇ

Sunday, Nov 12, 2023 - 06:00 AM (IST)

ਚੋਣਾਂ ’ਚ ਚੱਲ ਰਹੀਆਂ ਬਿਆਨਾਂ ਦੀਆਂ ਫੁਲਝੜੀਆਂ ਅਤੇ ਦੋਸ਼ਾਂ ਦੇ ਪਟਾਕੇ

ਉਂਝ ਚੋਣਾਂ ਤਾਂ 5 ਸੂਬਿਆਂ ’ਚ ਹੋ ਰਹੀਆਂ ਹਨ ਪਰ ਦੋਸ਼-ਪ੍ਰਤੀਦੋਸ਼ ਅਤੇ ਬੇਤੁਕੀ ਬਿਆਨਬਾਜ਼ੀ ਦੀਆਂ ਫੁਲਝੜੀਆਂ ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਚੱਲ ਰਹੀਆਂ ਹਨ, ਜਿਨ੍ਹਾਂ ਦੀਆਂ ਕੁਝ ਝਲਕੀਆਂ ਹੇਠਾਂ ਦਰਜ ਹਨ :

ਹਾਲ ਹੀ ’ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੀ ਇੰਦੌਰ-1 ਸੀਟ ਤੋਂ ਉਮੀਦਵਾਰ ਕੈਲਾਸ਼ ਵਿਜੇਵਰਗੀਯ ਨੇ ਇਕ ਚੋਣ ਸਭਾ ’ਚ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਿਦੱਤਾ ਕਿ ‘‘ਜਿਸ ਪੋਲਿੰਗ ਬੂਥ ’ਤੇ ਕਾਂਗਰਸ ਨੂੰ ਇਕ ਵੀ ਵੋਟ ਨਹੀਂ ਮਿਲੇਗੀ, ਉਸ ਬੂਥ ਦੇ ਪ੍ਰਧਾਨ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਮੈਂ ਉਸ ਨੂੰ 51,000 ਰੁਪਏ ਦੇਵਾਂਗਾ।’’

‘ਮਾਮਾ’ ਦੇ ਨਾਂ ਨਾਲ ਪ੍ਰਸਿੱਧ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਾਲਾਘਾਟ ’ਚ ਇਕ ਚੋਣ ਰੈਲੀ ’ਚ ਰਾਹੁਲ ਗਾਂਧੀ ਨੂੰ ‘ਮਿਸਗਾਈਡਿਡ ਮਿਜ਼ਾਈਲ’ ਦੱਸਦੇ ਹੋਏ ਕਿਹਾ, ‘‘ਕਾਂਗਰਸ ਨੇ ਖੋਹਣ ਦਾ ਕੰਮ ਹੀ ਕੀਤਾ ਹੈ। ਹੁਣ ਲੁਭਾਉਣੇ ਵਾਅਦੇ ਕਰ ਕੇ ਜਾਣਗੇ, ਫਿਰ ਖੋਹਣ ਵਾਲੇ ਹਨ। ਉਦਯੋਗਪਤੀਆਂ ਨੂੰ ਦਿੱਲੀ ’ਚ ਬੈਠ ਕੇ ਗਾਲ਼ ਦਿੰਦੇ ਹਨ ਅਤੇ ਇੱਥੇ ਉਦਯੋਗਪਤੀ ਸੇਠ ਕਮਲ ਨਾਥ ਨੂੰ ਸੀ. ਐੱਮ. ਫੇਸ ਬਣਾ ਦਿੱਤਾ।’’

ਇਕ ਹੋਰ ਰੈਲੀ ’ਚ ਸ਼ਿਵਰਾਜ ਸਿੰਘ ਚੌਹਾਨ ਨੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ, ‘‘ਦੋਵੇਂ ਭਰਾ-ਭੈਣ ਝੂਠ ਬੋਲਦੇ ਹਨ, ਇਨ੍ਹਾਂ ਦਾ ਭਰੋਸਾ ਕੀ ਕਰਨਾ! ਕਾਂਗਰਸ ਦੀ ਸਰਕਾਰ ਬਣਨ ’ਤੇ ਉਹ ਸਭ ਯੋਜਨਾਵਾਂ ਬੰਦ ਕਰ ਦੇਵੇਗੀ। ਨਾ ਹੀ ਲਾਡਲੀ ਰਹੇਗੀ ਅਤੇ ਨਾ ਹੀ ਬਹਿਨਾ ਰਹੇਗੀ।’’

ਸ਼ਿਵਰਾਜ ਸਿੰਘ ਚੌਹਾਨ ਦੇ ਉਕਤ ਬਿਆਨ ਦੇ ਜਵਾਬ ’ਚ ਕਮਲ ਨਾਥ (ਕਾਂਗਰਸ) ਨੇ ਕਿਹਾ ਕਿ ‘‘ਸ਼ਿਵਰਾਜ ਸਿੰਘ ਚੌਹਾਨ ਜਦ ਤਕ ਝੂਠ ਨਹੀਂ ਬੋਲ ਲੈਂਦੇ, ਉਨ੍ਹਾਂ ਨੂੰ ਖਾਣਾ ਹਜ਼ਮ ਨਹੀਂ ਹੁੰਦਾ ਅਤੇ ਹੁਣ ਤਾਂ ਉਹ ਦੁੱਗਣੀ ਰਫਤਾਰ ਨਾਲ ਝੂਠ ਬੋਲ ਰਹੇ ਹਨ।’’

ਸਤਨਾ ਦੇ ਚਿਤਰਕੂਟ ’ਚ ਸ਼ਿਵਰਾਜ ਸਿੰਘ ਚੌਹਾਨ ’ਤੇ ਹਮਲਾ ਬੋਲਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ, ‘‘ਮੱਧ ਪ੍ਰਦੇਸ਼ ਸਰਕਾਰ ਰਿਸ਼ਵਤਖੋਰੀ ਨਾਲ ਚੱਲ ਰਹੀ ਹੈ। ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਕੋਈ ਖੁਦ ਨੂੰ ਫਕੀਰ ਅਤੇ ਮਾਮਾ ਬੋਲੇ। ਮੇਰੇ ਲਈ ਤਾਂ ਤੁਸੀਂ ਭ੍ਰਿਸ਼ਟ ਹੋ। ਮੁੱਖ ਮੰਤਰੀ ਕਹਿੰਦੇ ਹਨ ਕਿ ਉਹ ਮਾਮਾ ਹਨ। ਰਿਸ਼ਤਾ ਨਿਭਾਉਣ ਨਾਲ ਬਣਦਾ ਹੈ, ਨਹੀਂ ਤਾਂ ਕੰਸ ਵੀ ਮਾਮਾ ਹੀ ਸੀ।’’

ਇਟਾਰਸੀ ’ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਕ ਚੋਣ ਸਭਾ ’ਚ ਵਿਰੋਧੀਆਂ ਨੂੰ ਲਲਕਾਰਿਆ, ‘‘ਮੈਂ ਕਹਿੰਦੀ ਹਾਂ ਕਿ ਮੋਦੀ ਸ਼ੇਰ ਹੈ, ਤੁਹਾਡੇ ਤੋਂ ਜੋ ਹੁੰਦਾ ਹੈ ਕਰ ਲਓ।’’

ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੀ ਗੰਧਵਾਨੀ ਸੀਟ ਤੋਂ ਵਿਧਾਇਕ ਅਤੇ ਕਾਂਗਰਸ ਦੇ ਉਮੀਦਵਾਰ ‘ਉਮੰਗ ਸਿੰਘਾਰ’ ਦੇ ਪ੍ਰਚਾਰ ਵਾਹਨ ਦੀ ਤਲਾਸ਼ੀ ਦੌਰਾਨ ਉੱਡਣ ਦਸਤੇ ਨੇ ਪੌਣੇ 2 ਲੱਖ ਰੁਪਏ ਮੁੱਲ ਦੀਆਂ 33 ਪੇਟੀਆਂ ਬੀਅਰ, 7 ਪੇਟੀਆਂ ਰਮ ਅਤੇ 6 ਪੇਟੀਆਂ ਵ੍ਹਿਸਕੀ ਜ਼ਬਤ ਕੀਤੀ।

ਛੱਤੀਸਗੜ੍ਹ ’ਚ ਰਾਏਪੁਰ ਦੱਖਣੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਬ੍ਰਿਜਮੋਹਨ ਅਗਰਵਾਲ ਨੂੰ ਹਾਲ ਹੀ ’ਚ ਇਕ ਚੋਣ ਰੈਲੀ ਦੌਰਾਨ ਕੁਝ ਲੋਕਾਂ ਨੇ ਕੁੱਟ ਸੁੱਟਿਆ ਅਤੇ ਕਾਲਰ ਫੜ ਕੇ ਘਸੀਟਿਆ। ਇਸ ’ਤੇ ਟਿੱਪਣੀ ਕਰਦੇ ਹੋਏ ਸੂਬੇ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਬੋਲੇ, ‘‘ਉਸ ਦੇ ਸਾਹਮਣੇ ਕਿਸੇ ਨੂੰ ਗੁੰਡਾ ਕਹਿਣਾ ‘ਗੁੰਡਾ’ ਸ਼ਬਦ ਦੀ ਬੇਇੱਜ਼ਤੀ ਹੈ। ਉਸ ਵਰਗੇ ਗੁੰਡੇ ਨੂੰ ਭਲਾ ਕੌਣ ਕੁੱਟ ਸਕਦਾ ਹੈ!’’

ਕਵਰਧਾ ਦੀ ਇਕ ਸਭਾ ’ਚ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ (ਭਾਜਪਾ) ਨੇ ਕਿਹਾ, ‘‘ਕਾਂਗਰਸ ਨੂੰ ਵੋਟ ਦੇਣਾ ਮਤਲਬ ਬਾਬਰ ਨੂੰ ਉਤਸ਼ਾਹਿਤ ਕਰਨਾ ਹੈ।’’

ਇਸ ਦੇ ਜਵਾਬ ’ਚ ਰਾਏਪੁਰ ’ਚ ਭੂਪੇਸ਼ ਬਘੇਲ ਨੇ ਹਿਮੰਤ ਬਿਸਵ ਸਰਮਾ ’ਤੇ ਵਰ੍ਹਦੇ ਹੋਏ ਕਿਹਾ, ‘‘ਉਸ ਨੂੰ ਆਉਂਦਾ ਕੀ ਹੈ। ਹੁਣੇ-ਹੁਣੇ ਕਾਂਗਰਸ ਛੱਡ ਕੇ ਭਾਜਪਾ ’ਚ ਗਿਆ ਹੈ। ਇਸ ਲਈ ਜ਼ਿਆਦਾ ਬੋਲ ਰਿਹਾ ਹੈ। ਨਵਾਂ-ਨਵਾਂ ਮੁੱਲਾ ਹੈ। ਪਿਆਜ਼ ਜ਼ਿਆਦਾ ਖਾਵੇਗਾ।’’

ਛੱਤੀਸਗੜ੍ਹ ’ਚ ਮਹਾਸਮੁੰਦ ਜ਼ਿਲੇ ਦਾ ਰਹਿਣ ਵਾਲਾ ਚੰਪਾ ਲਾਲ ਪਟੇਲ ਵੀ ਚੋਣ ਮੈਦਾਨ ’ਚ ਹੈ, ਜੋ ਇਸ ਤੋਂ ਪਹਿਲਾਂ ਪੰਚਾਇਤ ਤੋਂ ਲੈ ਕੇ ਲੋਕ ਸਭਾ ਤੱਕ ਦੀਆਂ 20 ਚੋਣਾਂ ਲੜ ਕੇ ਹਰ ਵਾਰ ਜ਼ਮਾਨਤ ਜ਼ਬਤ ਕਰਵਾ ਚੁੱਕਾ ਹੈ ਪਰ ਉਸ ਦਾ ਕਹਿਣਾ ਹੈ ਕਿ ਇਸ ਵਾਰ ਉਸ ਦੀ ਜਿੱਤ ਪੱਕੀ ਹੈ।

ਛੱਤੀਸਗੜ੍ਹ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਪਿੱਛੋਂ ਹੁਣ ਤੱਕ ਅਧਿਕਾਰੀਆਂ ਨੇ 18.13 ਕਰੋੜ ਰੁਪਏ ਨਕਦ, 1.37 ਕਰੋੜ ਰੁਪਏ ਮੁੱਲ ਦੀ ਸ਼ਰਾਬ, 4.07 ਕਰੋੜ ਰੁਪਏ ਦੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਲਗਭਗ 66.88 ਕਰੋੜ ਰੁਪਏ ਦੀ ਨਾਜਾਇਜ਼ ਸਮੱਗਰੀ ਫੜੀ ਹੈ।

ਰਾਜਸਥਾਨ ’ਚ ਅਲਵਰ ਗ੍ਰਾਮੀਣ ਸੀਟ ’ਤੇ ਭਾਜਪਾ ਉਮੀਦਵਾਰ ਜੈਰਾਮ ਜਾਟਵ ਦੇ ਸਾਹਮਣੇ ਉਨ੍ਹਾਂ ਦੀ ਬੇਟੀ ਮੀਨਾ ਕੁਮਾਰੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ।

ਛੱਤੀਸਗੜ੍ਹ ਦੇ ਰਾਜਨੰਦ ਪਿੰਡ ’ਚ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੋਲ ਲਗਭਗ ਸਵਾ 2 ਕਰੋੜ ਰੁਪਏ ਮੁੱਲ ਦਾ 292 ਤੋਲੇ, ਜਦਕਿ ਕਵਰਧਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਵਣ ਮੰਤਰੀ ਮੁਹੰਮਦ ਅਕਬਰ ਕੋਲ ਲਗਭਗ 1.28 ਕਰੋੜ ਰੁਪਏ ਮੁੱਲ ਦਾ 217 ਤੋਲੇ ਸੋਨਾ ਹੈ। ਰਮਨ ਸਿੰਘ ਦੀ ਪਤਨੀ ਕੋਲ 7.5 ਕੈਰੇਟ ਦਾ 23 ਲੱਖ ਰੁਪਏ ਮੁੱਲ ਦਾ 1 ਹੀਰਾ ਵੀ ਹੈ।

ਹਰ ਵਾਰ ਚੋਣਾਂ ਨਵੇਂ-ਨਵੇਂ ਰੰਗ ਦਿਖਾਉਂਦੀਆਂ ਹਨ ਜਿਨ੍ਹਾਂ ’ਚ ਕਦੀ ਹਾਸੋ-ਹੀਣੇ ਬਿਆਨਾਂ ਦੀਆਂ ਫੁਲਝੜੀਆਂ ਫੁੱਟਦੀਆਂ ਹਨ ਤਾਂ ਕਦੀ ਗੰਭੀਰ ਦੋਸ਼ਾਂ ਦੇ ਬੰਬ ਫੱਟਦੇ ਹਨ। ਇਨ੍ਹਾਂ ਚੋਣਾਂ ’ਚ ਵੀ ਅਜਿਹਾ ਹੀ ਹੋ ਰਿਹਾ ਹੈ। - ਵਿਜੇ ਕੁਮਾਰ


author

Anmol Tagra

Content Editor

Related News