ਬਟਾਲਾ ਦੀ ਪਟਾਕਾ ਫੈਕਟਰੀ ’ਚ ਅੱਗ ਲੱਗਣ ਨਾਲ ਭਿਆਨਕ ਧਮਾਕੇ ’ਚ ਦਰਦਨਾਕ ਮੌਤਾਂ

09/06/2019 1:54:41 AM

ਸਰਕਾਰ ਵਲੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਸਮੇਂ-ਸਮੇਂ ’ਤੇ ਭਾਰਤ ਵਿਚ ਪਟਾਕਾ ਫੈਕਟਰੀਆਂ ਵਿਚ ਅੱਗ ਲੱਗਣ ਨਾਲ ਹੋਣ ਵਾਲੇ ਧਮਾਕਿਆਂ ’ਚ ਵੱਡੀ ਗਿਣਤੀ ਵਿਚ ਜਾਨ-ਮਾਲ ਦੀ ਹਾਨੀ ਹੁੰਦੀ ਰਹਿੰਦੀ ਹੈ।

ਅਜਿਹੀ ਹੀ ਲਾਪ੍ਰਵਾਹੀ ਦੇ ਕਾਰਨ 21 ਜਨਵਰੀ 2018 ਨੂੰ ਦਿੱਲੀ ਦੇ ਬਵਾਨਾ ’ਚ ਇਕ ਨਾਜਾਇਜ਼ ਪਟਾਕਾ ਫੈਕਟਰੀ ’ਚ ਭਿਆਨਕ ਅੱਗ ਲੱਗਣ ਨਾਲ 9 ਔਰਤਾਂ ਅਤੇ ਨਾਬਾਲਿਗ ਲੜਕੀ ਸਮੇਤ 17 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਹੁਣ 4 ਸਤੰਬਰ 2019 ਨੂੰ ਪੰਜਾਬ ਦੇ ਬਟਾਲਾ ਵਿਚ 10,000 ਦੀ ਆਬਾਦੀ ਵਾਲੀ ਗੁਰੂ ਰਾਮਦਾਸ ਕਾਲੋਨੀ ’ਚ ਇਕ ਸਕੂਲ ਅਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਥਿਤ ਨਾਜਾਇਜ਼ ਪਟਾਕਾ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਹੋਏ ਭਿਆਨਕ ਧਮਾਕੇ ’ਚ 23 ਵਿਅਕਤੀਆਂ ਦੀ ਮੌਤ ਅਤੇ ਲੱਗਭਗ 4 ਦਰਜਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

ਧਮਾਕਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਕਈ ਮੀਟਰ ਦੂਰ ਤਕ ਜਾ ਕੇ ਡਿੱਗੀਆਂ। ਫੈਕਟਰੀ ਦੇ 200 ਮੀਟਰ ਤੋਂ ਵੀ ਵੱਧ ਦੂਰ ਤਕ ਦੇ ਇਲਾਕੇ ’ਚ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਸੜਕ ’ਤੇ ਖੜ੍ਹੀਆਂ ਕਾਰਾਂ ਅਤੇ ਬਾਈਕ ਵੀ ਹਵਾ ’ਚ ਉਛਲ ਗਏ। ਇਕ ਚਮਸ਼ਦੀਦ ਅਨੁਸਾਰ ਉਸ ਨੇ 2 ਮਕਾਨਾਂ ਨੂੰ 3 ਮਿੰਟਾਂ ਦੇ ਅੰਦਰ ਢਹਿੰਦੇ ਹੋਏ ਦੇਖਿਆ।

ਦੱਸਿਆ ਜਾਂਦਾ ਹੈ ਕਿ ਅਨਟ੍ਰੇਂਡ ਮਜ਼ਦੂਰ ਪਟਾਕਿਆਂ ’ਚ ਧਮਾਕਾਖੇਜ਼ ਸਮੱਗਰੀ ਭਰ ਰਹੇ ਸਨ, ਜਿਸ ਦੇ ਦੌਰਾਨ ਨਿਕਲੀ ਚੰਗਿਆੜੀ ਨਾਲ ਅੱਗ ਭੜਕ ਗਈ। ਇਹ ਵੀ ਚਰਚਾ ਹੈ ਕਿ ਪਟਾਕਿਆਂ ’ਚ ਭਰਨ ਵਾਲੇ ਬਾਰੂਦ ਦੇ ਨਾਲ ਹੀ ਬੇਤਰਤੀਬੇ ਢੰਗ ਨਾਲ ਸਿਲੰਡਰ ਰੱਖੇ ਹੋਏ ਸਨ ਅਤੇ ਫੈਕਟਰੀ ਪੁਰਾਣੀ ਹੋਣ ਦੇ ਕਾਰਨ ਬਿਜਲੀ ਦੀ ਵਾਇਰਿੰਗ ਵੀ ਸਹੀ ਨਹੀਂ ਸੀ।

ਵਰਣਨਯੋਗ ਹੈ ਕਿ 2 ਸਾਲ ਪਹਿਲਾਂ ਵੀ ਇਸੇ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ’ਚ ਜਾਨ-ਮਾਲ ਦੀ ਹਾਨੀ ਹੋਈ ਸੀ, ਜਿਸ ਦੀ ਜਾਂਚ ਰਿਪੋਰਟ ਅਜੇ ਤਕ ਰਹੱਸ ਦੇ ਪਰਦੇ ’ਚ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਲਾਕਾ ਵਾਸੀਆਂ ਨੇ 3 ਵਾਰ ਇਸ ਫੈਕਟਰੀ ਦੇ ਮਾਲਕਾਂ ਵਿਰੁੱਧ ਜ਼ਿਲਾ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।

ਪ੍ਰਸ਼ਾਸਨ ਵਲੋਂ ਸੁਰੱਖਿਆਤਮਕ ਕਦਮ ਨਾ ਚੁੱਕਣਾ ਅਤੇ ਆਬਾਦੀ ਵਾਲੇ ਇਲਾਕੇ ’ਚ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਫੈਕਟਰੀ ਨੂੰ ਚਲਦੇ ਰਹਿਣ ਦੇਣਾ ਘੋਰ ਜੁਰਮ ਹੈ, ਜਦਕਿ ਕਾਨੂੰਨ ਅਨੁਸਾਰ ਕੋਈ ਵੀ ਪਟਾਕਾ ਫੈਕਟਰੀ ਆਬਾਦੀ ਤੋਂ ਘੱਟੋ-ਘੱਟ 1 ਕਿਲੋਮੀਟਰ ਦੂਰ ਹੋਣੀ ਚਾਹੀਦੀ ਹੈ।

ਸਭ ਤੋਂ ਵੱਧ ਦੁਖਦਾਈ ਗੱਲ ਇਹ ਵੀ ਹੈ ਕਿ ਐਨ ਪ੍ਰਸ਼ਾਸਨ ਦੇ ਨੱਕ ਹੇਠ ਨਾਜਾਇਜ਼ ਪਟਾਕਾ ਫੈਕਟਰੀਆਂ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।

ਪ੍ਰਸ਼ਾਸਨ ਉਦੋਂ ਹੀ ਜਾਗਦਾ ਹੈ, ਜਦੋਂ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਹੈ ਅਤੇ ਕੁਝ ਦਿਨਾਂ ਦੇ ਰੌਲੇ-ਰੱਪੇ ਮਗਰੋਂ ਮਾਮਲਾ ‘ਸ਼ਾਂਤ’ ਹੋ ਜਾਣ ’ਤੇ ਫਿਰ ਪਹਿਲਾਂ ਵਾਂਗ ਡੂੰਘੀ ਨੀਂਦ ’ਚ ਸੌਂ ਜਾਂਦਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਅਤੇ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਸਜ਼ਾ ਵਾਲੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਹੀ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇਗੀ ਅਤੇ ਕੀਮਤੀ ਜਾਨਾਂ ਬਚ ਸਕਣਗੀਆਂ।

–ਵਿਜੇ ਕੁਮਾਰ

 


Bharat Thapa

Content Editor

Related News