‘ਆਰਥਿਕ ਮੰਦੀ’ ਦੇ ਸਵਾਲ ’ਤੇ ਵਿੱਤ ਮੰਤਰੀ ਦੇ ਪਤੀ ਨੇ ‘ਸਰਕਾਰ ਨੂੰ ਘੇਰਿਆ’

10/16/2019 1:24:39 AM

ਇਸ ਸਮੇਂ ਸਰਕਾਰ ਦੇਸ਼ ਦੀ ਵਿਕਾਸ ਦਰ ’ਚ 6 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਜੂਝ ਰਹੀ ਹੈ, ਜਿਸ ਨੂੰ ਦੇਖਦੇ ਹੋਏ ਵਿਰੋਧੀ ਦਲਾਂ ਤੋਂ ਇਲਾਵਾ ਖੁਦ ਸੱਤਾਧਾਰੀ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਅਤੇ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰ ਚੁੱਕੇ ਹਨ।

ਅਤੇ ਹੁਣ ਕੇਂਦਰੀ ਭਾਜਪਾ ਸਰਕਾਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ‘ਡਾ. ਪਰਕਲਾ ਪ੍ਰਭਾਕਰ’ ਨੇ ਵੀ ਇਕ ਅੰਗਰੇਜ਼ੀ ਰੋਜ਼ਾਨਾ ’ਚ ਪ੍ਰਕਾਸ਼ਿਤ ਲੇਖ ’ਚ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਦੀ ਖਰਾਬ ਹਾਲਤ ਨੂੰ ਸੁਧਾਰਨ ਲਈ ਮੋਦੀ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

‘ਲੰਡਨ ਸਕੂਲ ਆਫ ਇਕੋਨਾਮਿਕਸ’ ਤੋਂ ਡਾਕਟਰੇਟ ਦੀ ਡਿਗਰੀ ਹਾਸਲ ‘ਡਾ. ਪਰਕਲਾ ਪ੍ਰਭਾਕਰ’ ਬੇਬਾਕ ਬੁਲਾਰੇ, ਟ੍ਰੇਂਡ ਅਰਥ ਸ਼ਾਸਤਰੀ, ਸਿਆਸਤਦਾਨ ਅਤੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਪ੍ਰਸਿੱਧ ਟਿੱਪਣੀਕਾਰ ਹਨ। ਉਹ ਜੁਲਾਈ 2014 ਤੋਂ 2018 ਤੱਕ ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਸਰਕਾਰ ’ਚ ਸੰਚਾਰ ਸਲਾਹਕਾਰ ਰਹੇ।

ਉਹ ਸੰਨ 2000 ਦੇ ਦਹਾਕੇ ’ਚ ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਬੁਲਾਰੇ ਵੀ ਬਣੇ ਸਨ। ਬਾਅਦ ’ਚ ਉਹ ਅਭਿਨੇਤਾ ਚਿਰੰਜੀਵੀ ਦੀ ‘ਪ੍ਰਜਾ ਰਾਜਿਅਮ ਪਾਰਟੀ’ ਵਿਚ ਚਲੇ ਗਏ, ਜਿਸ ਦਾ 2011 ’ਚ ਕਾਂਗਰਸ ’ਚ ਰਲੇਵਾਂ ਹੋ ਗਿਆ ਸੀ।

ਡਾ. ਪਰਕਲਾ ਪ੍ਰਭਾਕਰ ਨੇ ਆਪਣੇ ਲੇਖ ’ਚ ਲਿਖਿਆ ਹੈ ਕਿ :

‘‘ਦੇਸ਼ ਦੀ ਅਰਥ ਵਿਵਸਥਾ ’ਚ ਆਈ ਸੁਸਤੀ ਨੂੰ ਲੈ ਕੇ ਹਰ ਪਾਸੇ ਘਬਰਾਹਟ ਦਾ ਵਾਤਾਵਰਣ ਹੈ। ਹਾਲਾਂਕਿ ਸਰਕਾਰ ਇਸ ਨੂੰ ਨਾਮਨਜ਼ੂਰ ਕਰ ਰਹੀ ਹੈ ਪਰ ਹਰੇਕ ਖੇਤਰ ’ਚ ਸਥਿਤੀ ਅਤਿਅੰਤ ਚੁਣੌਤੀ ਭਰੀ ਹੋ ਚੁੱਕੀ ਹੈ। ਭਾਜਪਾ ਸਰਕਾਰ ਅੱਖਾਂ ਬੰਦ ਕਰ ਕੇ ਮੰਦੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਇਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਖਿਰ ਇਸ ਸੁਸਤੀ ਦਾ ਕਾਰਣ ਕੀ ਹੈ।

‘‘ਸਰਕਾਰ ‘ਭਾਰਤੀ ਜਨਸੰਘ’ ਦੇ ਦਿਨਾਂ ਤੋਂ ਹੀ ਨਹਿਰੂ ਦੇ ਸਮਾਜਵਾਦ ਨੂੰ ਨਕਾਰਦੀ ਆਈ ਹੈ। ਇਸ ਦੀ ਆਰਥਿਕ ਵਿਚਾਰਧਾਰਾ, ਰਾਜਨੀਤਕ ਕਾਰਣਾਂ ਕਰਕੇ ਸਿਰਫ ਨਹਿਰੂਵਾਦੀ ਮਾਡਲ ਦੀ ਆਲੋਚਨਾ ਤਕ ਸੀਮਤ ਰਹੀ ਪਰ ਇਹ ਉਸ ਦਾ ਬਦਲ ਦੇਣ ’ਚ ਅਸਫਲ ਰਹੀ। ਇਸ ਤੋਂ ਇਲਾਵਾ ਭਾਜਪਾ ਖੁਦ ਜਿਸ ਪੂੰਜੀਵਾਦ ਤੋਂ ਮੁਕਤ ਬਾਜ਼ਾਰ ਢਾਂਚੇ ਦੀ ਵਕਾਲਤ ਕਰਦੀ ਹੈ, ਇਸ ਨੇ ਕਦੇ ਉਸ ਦਾ ਪ੍ਰੀਖਣ ਕੀਤਾ ਹੀ ਨਹੀਂ।

‘‘ਗਾਂਧੀਵਾਦੀ ਸਮਾਜਵਾਦ ਦੇ ਨਾਲ ਭਾਜਪਾ ਦਾ ਤਾਲਮੇਲ ਨਹੀਂ ਚੱਲ ਸਕਿਆ। ਆਰਥਿਕ ਨੀਤੀ ’ਚ ਪਾਰਟੀ ਨੇ ਮੁੱਖ ਤੌਰ ’ਤੇ ‘ਨੇਤਿ-ਨੇਤਿ’ (ਇਹ ਨਹੀਂ, ਇਹ ਨਹੀਂ) ਨੂੰ ਅਪਣਾਇਆ ਅਤੇ ਇਹ ਨਹੀਂ ਦੱਸਿਆ ਕਿ ਉਸ ਦੀ ਨੀਤੀ ਕੀ ਹੈ।

‘‘ਵਾਜਪਾਈ ਸਰਕਾਰ ਦੇ ਸਮੇਂ ਪਾਰਟੀ ਵਲੋਂ ਚਲਾਈ ਗਈ ਮੁਹਿੰਮ ‘ਇੰਡੀਆ ਸ਼ਾਈਨਿੰਗ’ ਵੋਟਰਾਂ ਨੂੰ ਲੁਭਾ ਨਾ ਸਕਣ ਕਾਰਣ ਅਸਫਲ ਹੋ ਗਈ ਕਿਉਂਕਿ ਵੋਟਰਾਂ ਨੂੰ ਲੱਗਾ ਹੀ ਨਹੀਂ ਕਿ ਪਾਰਟੀ ਦਾ ਕੋਈ ਵੱਖਰਾ ਆਰਥਿਕ ਢਾਂਚਾ ਹੈ ਅਤੇ ਇਸੇ ਕਾਰਣ 2004 ਦੀਆਂ ਆਮ ਚੋਣਾਂ ’ਚ ਵਿਕਾਸ ਅਤੇ ਅਰਥ ਵਿਵਸਥਾ ਦੀ ਜੋ ਭੂਮਿਕਾ ਪਾਰਟੀ ਨੇ ਬਣਾਈ, ਉਸ ਨੇ ਪਾਰਟੀ ਨੂੰ ਹਾਰ ਦਾ ਮੂੰਹ ਦਿਖਾਇਆ।

‘‘ਕਿਉਂਕਿ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ, ਇਸ ਲਈ ਇਸ ਨੇ 2019 ਦੀਆਂ ਆਮ ਚੋਣਾਂ ’ਚ ‘ਚੋਣ ਦਾਅ’ ਖੇਡਣ ਲਈ ਆਪਣੀ ਸਰਕਾਰ ਦੇ ਆਰਥਿਕ ਪ੍ਰਦਰਸ਼ਨ ਦੀ ਗੱਲ ਕਰਨ ਦੀ ਬਜਾਏ ਬੜੀ ਹੁਸ਼ਿਆਰੀ ਨਾਲ ਰਾਸ਼ਟਰਵਾਦ ਅਤੇ ਸੁਰੱਖਿਆ ਵਰਗੇ ਮੁੱਦਿਆਂ ’ਤੇ ਚੋਣ ਲੜੀ।

ਭਾਰਤੀ ਨਿੱਜੀ ਖਪਤ ’ਚ ਗਿਰਾਵਟ ਆਈ ਹੈ ਅਤੇ ਇਹ 18 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 3.1 ਫੀਸਦੀ ਤਕ ਪਹੁੰਚ ਗਈ ਹੈ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਜੀ. ਡੀ. ਪੀ. ਗ੍ਰੋਥ 6 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 5 ਫੀਸਦੀ ’ਤੇ ਪਹੁੰਚ ਗਈ ਹੈ, ਜਦਕਿ ਬੇਰੋਜ਼ਗਾਰੀ ਦੀ ਦਰ 45 ਸਾਲਾਂ ਦੇ ਉੱਚ ਪੱਧਰ ’ਤੇ ਜਾ ਪਹੁੰਚੀ ਹੈ।

‘‘ਦੇਸ਼ ਦੀ ਖਰਾਬ ਅਰਥ ਵਿਵਸਥਾ ਸੁਧਾਰਨ ਲਈ ਮੌਜੂਦਾ ਮੋਦੀ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਪਰ ਉਸ ਕੋਲ ਇਸ ਸੰਕਟ ਨਾਲ ਨਜਿੱਠਣ ਦਾ ਕੋਈ ਰੋਡਮੈਪ ਨਹੀਂ ਹੈ। ਲਿਹਾਜ਼ਾ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਅਤੇ ਡਾ. ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ ਤੋਂ ਸਿੱਖਣਾ ਅਤੇ ਰਾਓ ਤੇ ਮਨਮੋਹਨ ਸਿੰਘ ਵਲੋਂ ਅਪਣਾਏ ਗਏ ਆਰਥਿਕ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ।

‘‘ਜੇਕਰ ਅਜੇ ਵੀ ਮੋਦੀ ਸਰਕਾਰ ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਅਪਣਾ ਲਏ ਤਾਂ ਦੇਸ਼ ਦੀ ਅਰਥ ਵਿਵਸਥਾ ਸੁਧਰ ਸਕਦੀ ਹੈ। ਨਰਸਿਮ੍ਹਾ ਰਾਓ ਦੀ ਸਰਕਾਰ ਨੂੰ ਭਾਜਪਾ ਆਰਥਿਕ ਮੋਰਚੇ ’ਤੇ ਆਦਰਸ਼ ਦੇ ਤੌਰ ’ਤੇ ਪੇਸ਼ ਕਰ ਸਕਦੀ ਹੈ, ਜਿਵੇਂ ਕਿ ਉਸ ਨੇ ਰਾਜਨੀਤਕ ਮੋਰਚੇ ’ਤੇ ਸ. ਪਟੇਲ ਲਈ ਕੀਤਾ ਹੈ।’’

ਭਾਜਪਾ ਦੇ ਸੀਨੀਅਰ ਮੈਂਬਰ ਸ਼੍ਰੀ ਸੁਬਰਾਮਣੀਅਮ ਸਵਾਮੀ ਅਤੇ ਸ਼੍ਰੀ ਰਘੂਰਾਮ ਰਾਜਨ ਤੋਂ ਵੀ ਵਧ ਕੇ ਖੁਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਨਾ ਅਤੇ ਇਸ ਨੂੰ ਨਰਸਿਮ੍ਹਾ ਰਾਓ ਦਾ ਆਦਰਸ਼ ਅਪਣਾਉਣ ਦੀ ਸਲਾਹ ਦੇਣ ਨਾਲ ਸੁਭਾਵਿਕ ਹੀ ਮਨ ’ਚ ਸਵਾਲ ਉੱਠਦਾ ਹੈ ਕਿ ਆਖਿਰ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਹਿਣ ਲਈ ਮਜਬੂਰ ਕਿਉਂ ਹੋਣਾ ਪਿਆ?

–ਵਿਜੇ ਕੁਮਾਰ\\\


Bharat Thapa

Content Editor

Related News