ਕਰੰਸੀ ਬਦਲਣ ਤੋਂ ਬਾਅਦ ਵੀ ਨਕਲੀ ਨੋਟਾਂ ਦਾ ਛਪਣਾ ਜਾਰੀ

01/18/2020 1:10:37 AM

ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ, 2016 ਨੂੰ 500 ਅਤੇ 1000 ਰੁਪਏ ਵਾਲੇ ਪੁਰਾਣੇ ਨੋਟ ਬੰਦ ਕਰ ਕੇ 500 ਅਤੇ 2000 ਰੁਪਏ ਵਾਲੇ ਨਵੇਂ ਨੋਟ ਜਾਰੀ ਕੀਤੇ ਸਨ।
ਉਸ ਸਮੇਂ ਕਿਹਾ ਗਿਆ ਸੀ ਕਿ ਨਵੀਂ ਕਰੰਸੀ ਦੇ ਸਕਿਓਰਿਟੀ ਫੀਚਰਜ਼ ਦੀ ਨਕਲ ਕਰ ਸਕਣਾ ਜਾਅਲਸਾਜ਼ਾਂ ਲਈ ਆਸਾਨ ਨਹੀਂ ਹੋਵੇਗਾ ਪਰ ਨੋਟਬੰਦੀ ਲਾਗੂ ਹੋਣ ਤੋਂ ਤੁਰੰਤ ਬਾਅਦ ਨਵੇਂ 500 ਅਤੇ 2000 ਰੁਪਏ ਵਾਲੇ ਨਕਲੀ ਨੋਟ ਵੀ ਬਾਜ਼ਾਰ ਵਿਚ ਆ ਗਏ ਹਨ। ਨੋਟਬੰਦੀ ਦੇ ਐਲਾਨ ਦੇ 53 ਦਿਨਾਂ ਬਾਅਦ ਹੀ ਦੇਸ਼ ਵਿਚ 45.44 ਲੱਖ ਰੁਪਏ ਕੀਮਤ ਦੇ ਬਰਾਬਰ 2000 ਰੁਪਏ ਮੁੱਲ ਵਾਲੇ 2272 ਨੋਟ ਫੜੇ ਗਏ ਸਨ।
ਰਿਜ਼ਰਵ ਬੈਂਕ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੇਸ਼ ਵਿਚ 200, 500 ਅਤੇ 2000 ਰੁਪਏ ਮੁੱਲ ਵਾਲੇ ਨਕਲੀ ਨੋਟਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬਾਜ਼ਾਰ ਵਿਚ ਆਉਣ ਵਾਲੇ ਨਕਲੀ ਨੋਟਾਂ ਵਿਚ ਸਭ ਤੋਂ ਵੱਧ 2000 ਰੁਪਏ ਵਾਲੇ ਨੋਟ ਹਨ। ਇਨ੍ਹਾਂ ਤੋਂ ਇਲਾਵਾ 500 ਰੁਪਏ ਦੇ ਮੁੱਲ ਦੇ ਨਕਲੀ ਨੋਟ ਵੀ ਬਰਾਬਰ ਫੜੇ ਜਾ ਰਹੇ ਹਨ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਸਾਲ 2017-18 ਵਿਚ ਕੁਲ 46.06 ਕਰੋੜ ਰੁਪਏ ਦੇ ਨਕਲੀ ਨੋਟ ਫੜੇ ਗਏ, ਜਿਨ੍ਹਾਂ ਵਿਚ 2017 ਵਿਚ 2000 ਰੁਪਏ ਵਾਲੇ ਨੋਟਾਂ ਦੀ ਗਿਣਤੀ 53.3 ਫੀਸਦੀ ਸੀ, ਜੋ 2018 ਵਿਚ ਵਧ ਕੇ 61.1 ਫੀਸਦੀ ਹੋ ਗਈ।

* 06 ਜਨਵਰੀ ਨੂੰ ਚੰਦੌਲੀ ਪੁਲਸ ਨੇ ਨਕਲੀ ਨੋਟਾਂ ਦੇ ਧੰਦੇ ਵਿਚ ਸ਼ਾਮਿਲ ਅੰਤਰਰਾਜੀ ਗਿਰੋਹ ਦੇ 4 ਮੈਂਬਰਾਂ ਤੋਂ 5700 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ।

* 13 ਜਨਵਰੀ ਨੂੰ ਰਾਂਚੀ ਵਿਚ ਫੜੇ ਗਏ ਨਕਲੀ ਨੋਟ ਛਾਪਣ ਵਾਲੇ ਇਕ ਅੰਤਰਰਾਜੀ ਗਿਰੋਹ ਦੇ 2 ਮੈਂਬਰਾਂ ਦੇ ਕਬਜ਼ੇ 'ਚੋਂ ਨੋਟ ਛਾਪਣ ਵਾਲੀ ਮਸ਼ੀਨ, ਕਾਗਜ਼, 2000 ਰੁਪਏ ਵਾਲੇ ਨਕਲੀ ਨੋਟ, ਅੱਧੇ ਛਪ ਚੁੱਕੇ ਨੋਟ ਅਤੇ ਇਕ ਲੈਪਟਾਪ ਬਰਾਮਦ ਹੋਇਆ।

* 13 ਜਨਵਰੀ ਨੂੰ ਲਖਨਊ ਦੀ ਆਲਮਬਾਗ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 50 ਅਤੇ 100 ਰੁਪਏ ਦੀ ਕੀਮਤ ਵਾਲੇ 21,750 ਰੁਪਏ ਦੇ ਜਾਅਲੀ ਨੋਟ, ਨੋਟ ਛਾਪਣ ਦੇ 72 ਕਾਗਜ਼, ਇਕ ਨੋਟ ਕੱਟਣ ਵਾਲਾ ਕਟਰ, ਕਾਗਜ਼ 'ਤੇ ਬਣੀ ਅਸਲੀ ਨੋਟ ਦੀ ਡਾਈ ਅਤੇ ਰਬੜਬੈਂਡ ਸਮੇਤ ਨੋਟ ਬਣਾਉਣ ਦੇ ਹੋਰ ਉਪਕਰਨ ਫੜੇ।

* 16 ਜਨਵਰੀ ਨੂੰ ਥਾਣਾ ਭੋਗਪੁਰ ਦੀ ਪੁਲਸ ਨੇ 2 ਜਾਅਲਸਾਜ਼ਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 66,200 ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ।

* 16 ਜਨਵਰੀ ਨੂੰ ਪ੍ਰਾਪਤ ਖ਼ਬਰ ਅਨੁਸਾਰ ਨਾਗਪੁਰ ਵਿਚ ਡੀ. ਆਰ. ਆਈ. ਨੇ 3 ਦਿਨਾਂ ਦੌਰਾਨ ਕਾਰਵਾਈ ਕਰ ਕੇ ਬੰਗਾਲ ਦੇ ਰਸਤੇ ਬੰਗਲਾਦੇਸ਼ ਤੋਂ ਪਹੁੰਚੀ ਅਤਿਅੰਤ ਵਧੀਆ ਕੁਆਲਿਟੀ ਦੀ 2000 ਅਤੇ 500 ਰੁਪਏ ਵਾਲੇ 18 ਲੱਖ 74 ਹਜ਼ਾਰ 500 ਰੁਪਏ ਦੇ ਨਕਲੀ ਨੋਟਾਂ ਦੀ ਖੇਪ ਫੜੀ।

* 16 ਜਨਵਰੀ ਨੂੰ ਦੇਹਰਾਦੂਨ ਵਿਚ ਕਲੇਮੇਂਟਾਊਨ ਪੁਲਸ ਨੇ ਇਕ ਵਿਅਕਤੀ ਨੂੰ 11,000 ਰੁਪਏ ਦੇ ਨਕਲੀ ਨੋਟਾਂ ਨਾਲ ਗ੍ਰਿਫਤਾਰ ਕੀਤਾ। ਇਨ੍ਹਾਂ ਵਿਚ 2000 ਰੁਪਏ ਵਾਲੇ 4, 500 ਰੁਪਏ ਵਾਲੇ 5 ਅਤੇ 100 ਰੁਪਏ ਵਾਲੇ 5 ਜਾਅਲੀ ਨੋਟ ਸ਼ਾਮਿਲ ਸਨ।

ਉਕਤ ਉਦਾਹਰਣਾਂ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਅੱਜ ਦੇਸ਼ ਵਿਚ ਨਕਲੀ ਨੋਟਾਂ ਦਾ ਧੰਦਾ ਕਿੰਨਾ ਵੱਡਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਇਸ ਲਈ ਨਕਲੀ ਕਰੰਸੀ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ 'ਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

                                                                                                 —ਵਿਜੇ ਕੁਮਾਰ


KamalJeet Singh

Content Editor

Related News