ਦੇਸ਼ ’ਚ ‘ਫਰਜ਼ੀ ਡਾਕਟਰ’ ਬਣ ਕੇ ਖੇਡ ਰਹੇ ਮਰੀਜ਼ਾਂ ਦੀ ਜ਼ਿੰਦਗੀ ਨਾਲ

Friday, Nov 17, 2023 - 04:01 AM (IST)

ਦੇਸ਼ ’ਚ ‘ਫਰਜ਼ੀ ਡਾਕਟਰ’ ਬਣ ਕੇ ਖੇਡ ਰਹੇ ਮਰੀਜ਼ਾਂ ਦੀ ਜ਼ਿੰਦਗੀ ਨਾਲ

ਡਾਕਟਰ ਨੂੰ ਰੱਬ ਦਾ ਰੂਪ ਅਤੇ ਡਾਕਟਰੀ ਨੂੰ ਆਦਰਸ਼ ਕਿੱਤਾ ਮੰਨਿਆ ਜਾਂਦਾ ਹੈ ਪਰ ਅੱਜ ਕੁਝ ਲੋਕ ਫਰਜ਼ੀ ਡਾਕਟਰ ਬਣ ਕੇ ਮਰੀਜ਼ਾਂ ਦੀ ਜਾਨ ਨਾਲ ਖੇਡ ਰਹੇ ਹਨ। ‘ਵਿਸ਼ਵ ਸਿਹਤ ਸੰਗਠਨ’ ਨੇ 2016 ’ਚ ਕਿਹਾ ਸੀ ਕਿ ਭਾਰਤ ’ਚ ਕੰਮ ਕਰਨ ਵਾਲੇ 57.3 ਫੀਸਦੀ ਡਾਕਟਰ ਝੋਲਾਛਾਪ ਹਨ ਅਤੇ ਉਨ੍ਹਾਂ ਕੋਲ ਮੈਡੀਕਲ ਯੋਗਤਾ ਨਹੀਂ ਹੈ। ਤਦ ਤਤਕਾਲੀ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਇਸ ਨੂੰ ਗਲਤ ਦੱਸਿਆ ਸੀ ਪਰ ਬਾਅਦ ’ਚ ਅਗਸਤ 2019 ’ਚ ਸਿਹਤ ਮੰਤਰਾਲਾ ਨੇ ਉਸੇ ਅੰਕੜੇ ਨੂੰ ਸੱਚ ਮੰਨ ਲਿਆ।

* 29 ਮਈ, 2023 ਨੂੰ ਪਟਨਾ (ਬਿਹਾਰ) ’ਚ ਕਿਸੇ ਹੋਰ ਡਾਕਟਰ ਦੀ ਡਿਗਰੀ ’ਤੇ 3 ਸਾਲ ਤਕ ਖੁਦ ਨੂੰ ਡਾਕਟਰ ਦੱਸ ਕੇ ਮਰੀਜ਼ਾਂ ਦੀ ਜਾਨ ਨਾਲ ਖੇਡਣ ਵਾਲੇ ਮੁਹੰਮਦ ਸ਼ਮੀਮ ਫਾਰੂਕੀ ਨਾਂ ਦੇ ਵਿਅਕਤੀ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ।

* 21 ਜੁਲਾਈ ਨੂੰ ਸਰਗੁਜ਼ਾ (ਛੱਤੀਸਗੜ੍ਹ) ਪੁਲਸ ਨੇ ਇਕ ਔਰਤ ਡਾਕਟਰ ਦੇ ਗੁਆਚੇ ਹੋਏ ਸਰਟੀਫਿਕੇਟ ਦੇ ਆਧਾਰ ’ਤੇ ਹਸਪਤਾਲ ’ਚ ਖੁਦ ਨੂੰ ਡਾਕਟਰ ਦੱਸ ਕੇ ਨੌਕਰੀ ਕਰ ਰਹੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ।

* 9 ਸਤੰਬਰ ਨੂੰ ਜੈਪੁਰ (ਰਾਜਸਥਾਨ) ’ਚ ਇਕ ਫਰਜ਼ੀ ਡਾਕਟਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਲੀਨਿਕ ’ਚੋਂ ਐਕਸਪਾਇਰੀ ਡੇਟ ਦੀਆਂ ਦਵਾਈਅਾਂ ਬਰਾਮਦ ਕੀਤੀਆਂ ਗਈਆਂ।

* 7 ਨਵੰਬਰ ਨੂੰ ਉੱਤਰ ਪ੍ਰਦੇਸ਼ ’ਚ ਸੈਫਈ ਮੈਡੀਕਲ ਕਾਲਜ ਦੇ ਡਾ. ਸਮੀਰ ਸਰਾਫ ਨੂੰ 2017 ਤੋਂ 2021 ਦਰਮਿਆਨ ਦਿਲ ਦੇ 600 ਮਰੀਜ਼ਾਂ ਨੂੰ ਸਸਤੇ ਨਕਲੀ ਪੇਸਮੇਕਰ 9 ਗੁਣਾ ਵੱਧ ਮੁੱਲ ’ਤੇ ਲਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਉਸ ਨੇ ਜਿਨ੍ਹਾਂ ਨੂੰ ਪੇਸਮੇਕਰ ਲਾਏ ਉਨ੍ਹਾਂ ’ਚੋਂ 200 ਮਰੀਜ਼ਾਂ ਦੀ ਮੌਤ ਵੀ ਹੋ ਗਈ।

ਡਾ. ਸਮੀਰ ਸਰਾਫ ’ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਕੋਲੋਂ ਨਾਜਾਇਜ਼ ਢੰਗ ਨਾਲ ਪੈਸੇ ਠੱਗਣ ਅਤੇ ਹਸਪਤਾਲ ’ਚ ਸਾਮਾਨ ਹੋਣ ਦੇ ਬਾਵਜੂਦ ਕਰੋੜਾਂ ਰੁਪਏ ਦਾ ਸਾਮਾਨ ਮੰਗਵਾਉਣ, ਵਿੱਤੀ ਬੇਨਿਯਮੀਆਂ, ਪੀੜਤ ਮਰੀਜ਼ਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਅਤੇ ਉਨ੍ਹਾਂ ਦੀ ਜਾਨ ਨੂੰ ਖਤਰੇ ’ਚ ਪਾਉਣ ਦੇ ਦੋਸ਼ਾਂ ’ਚ ਵੀ ਕੇਸ ਦਰਜ ਹਨ।

* 12 ਨਵੰਬਰ ਨੂੰ ਗੁਹਾਟੀ (ਆਸਾਮ) ’ਚ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਆਯੋਜਿਤ ਮੈਡੀਕਲ ਕੈਂਪ ’ਚ ਹਿੱਸਾ ਲੈ ਰਹੇ ਮੁਹੰਮਦ ਸ਼ਰੀਮੁਲ ਹਸਨ ਮਜੂਮਦਾਰ ਨਾਂ ਦੇ ਫਰਜ਼ੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ। ਵਰਨਣਯੋਗ ਹੈ ਕਿ ਆਸਾਮ ’ਚ 2017 ਪਿੱਛੋਂ ਫਰਜ਼ੀ ਡਾਕਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ’ਚ ਹੁਣ ਤਕ ਲਗਭਗ 40 ਫਰਜ਼ੀ ਡਾਕਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

* 15 ਨਵੰਬਰ ਨੂੰ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਪਾਰਟ-1 ਸਥਿਤ ਇਕ ਮੈਡੀਕਲ ਸੈਂਟਰ ’ਚ ਫਰਜ਼ੀ ਡਾਕਟਰਾਂ ਦੇ ਗਿਰੋਹ ਦੇ 4 ਮੈਂਬਰਾਂ ਨੂੰ ਇਕ ਮਰੀਜ਼ ਦੀ ਪਤਨੀ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ।

ਖੁਦ ਨੂੰ ਸਰਜਨ ਦੱਸ ਕੇ ਉੱਥੇ ਆਉਣ ਵਾਲੇ ਮਰੀਜ਼ਾਂ ਦੀ ਸਰਜਰੀ ਕਰਨ ਵਾਲਾ ਨੀਰਜ ਅਗਰਵਾਲ ਅਸਲ ’ਚ ਸਰਜਨ ਨਹੀਂ ਹੈ। ਇਸ ਧੰਦੇ ’ਚ ਉਸ ਨੇ ਬਿਨਾਂ ਐੱਮ. ਬੀ. ਬੀ. ਐੱਸ ਡਿਗਰੀ ਵਾਲੀ ਆਪਣੀ ਪਤਨੀ ਪੂਜਾ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ।

ਇਨ੍ਹਾਂ ਵੱਲੋਂ ਕੀਤੀ ਗਈ ਇਕ ਸਰਜਰੀ ਦੌਰਾਨ ਇਕ ਮਰੀਜ਼ ਦੀ ਮੌਤ ਦੇ ਮਾਮਲੇ ਦੀ ਜਾਂਚ ’ਚ ਇਸ ਫਰਜ਼ੀਵਾੜੇ ਦੀ ਪੋਲ ਖੁੱਲ੍ਹਣ ਪਿੱਛੋਂ ਪੁਲਸ ਨੇ ਸੈਂਟਰ ਦੇ ਸੰਚਾਲਕ ਡਾ. ਨੀਰਜ ਅਗਰਵਾਲ, ਉਸ ਦੀ ਪਤਨੀ ਪੂਜਾ ਅਗਰਵਾਲ ਅਤੇ ਲੈਬ ਤਕਨੀਸ਼ੀਅਨ ਮਹਿੰਦਰ ਅਤੇ ਡਾ. ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ।

ਦੱਸਿਆ ਜਾਂਦਾ ਹੈ ਕਿ ਪੁਲਸ ਨੂੰ ਇਸ ਮੈਡੀਕਲ ਸੈਂਟਰ ’ਚ ਗਲਤ ਤਰੀਕੇ ਨਾਲ ਇਲਾਜ ਕੀਤੇ ਜਾਣ ਦੀਆਂ ਲਗਭਗ 1 ਦਰਜਨ ਸ਼ਿਕਾਇਤਾਂ ਮਿਲੀਆਂ ਹਨ।

ਉਕਤ ਚੌਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਪਿੱਛੋਂ ਪੁਲਸ ਦੀ ਜਾਂਚ ’ਚ ਪਤਾ ਲੱਗਾ ਕਿ ਸਾਲ 2016 ਤੋਂ ਹੁਣ ਤੱਕ ਇਨ੍ਹਾਂ ਡਾਕਟਰਾਂ ਵਿਰੁੱਧ ਮੈਡੀਕਲ ਕੌਂਸਲ ਨੂੰ ਲਗਭਗ 6 ਸ਼ਿਕਾਇਤਾਂ ਮਿਲੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਡਾ. ਨੀਰਜ ਅਗਰਵਾਲ ਅਕਸਰ ਮਰੀਜ਼ਾਂ ਦੇ ਫਰਜ਼ੀ ਇਲਾਜ ਅਤੇ ਸਰਜਰੀ ਨਾਲ ਸਬੰਧਤ ਦਸਤਾਵੇਜ਼ ਤਿਆਰ ਕਰਦਾ ਸੀ।

ਇੱਥੇ ਸਰਜਨ ਦੇ ਤੌਰ ’ਤੇ ਆਨ ਕਾਲ ਸੱਦਿਆ ਜਾਣ ਵਾਲਾ ਮਹਿੰਦਰ ਅਸਲ ’ਚ ਦਿੱਲੀ ਦੇ ਇਕ ਵੱਡੇ ਹਸਪਤਾਲ ਦੇ ਸੀਨੀਅਰ ਡਾਕਟਰ ਕੋਲ ਟੈਕਨੀਸ਼ੀਅਨ ਸੀ। ਉੱਥੇ ਉਸ ਨੇ ਡਾਕਟਰ ਨੂੰ ਸਰਜਰੀ ਕਰਦੇ ਹੋਏ ਦੇਖ ਕੇ ਕੰਮ ਸਿੱਖਿਆ।

ਉਸ ਨੇ ਫਰਜ਼ੀ ਐੱਮ. ਬੀ. ਬੀ. ਐੱਸ. ਦੀ ਡਿਗਰੀ ਤਿਆਰ ਕੀਤੀ ਅਤੇ ਮੈਡੀਕਲ ਸੈਂਟਰ ’ਚ ਕੰਮ ਕਰਨ ਲੱਗਾ। ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਮਹਿੰਦਰ ਨੇ ਫਰਜ਼ੀ ਡਿਗਰੀ ਕਿੱਥੋਂ ਬਣਵਾਈ ਅਤੇ ਉਹ ਕਿੱਥੇ-ਕਿੱਥੇ ਇਸ ਡਿਗਰੀ ਦੀ ਮਦਦ ਨਾਲ ਲੋਕਾਂ ਦਾ ਇਲਾਜ ਕਰ ਰਿਹਾ ਸੀ।

ਡਾਕਟਰੀ ਦੇ ਆਦਰਸ਼ ਕਿੱਤੇ ’ਚ ਇਸ ਤਰ੍ਹਾਂ ਦੇ ਫਰਜ਼ੀ ਡਾਕਟਰਾਂ ਦਾ ਦਾਖਲ ਹੋਣਾ ਮਨੁੱਖਤਾ ਪ੍ਰਤੀ ਘੋਰ ਅਪਰਾਧ ਹੈ। ਇਸ ਲਈ ਇਸ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਜਿੰਨੀ ਛੇਤੀ ਹੋ ਸਕੇ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਉਨ੍ਹਾਂ ਦੇ ਹਸਪਤਾਲਾਂ ਦਾ ਲਾਇਸੰਸ ਰੱਦ ਕਰਨ ਦੀ ਤੁਰੰਤ ਲੋੜ ਹੈ।

- ਵਿਜੇ ਕੁਮਾਰ


author

Anmol Tagra

Content Editor

Related News