ਨੌਜਵਾਨ ਵਰਗ ’ਚ ਵਧ ਰਹੀ ਹਿੰਸਾ ਦੇ ਮਾੜੇ ਰੁਝਾਨ ਨੂੰ ਖਤਮ ਕਰਨ ਦੀ ਸ਼ੁਰੂਆਤ ਘਰ ਤੋਂ ਹੋਵੇ
Monday, May 29, 2023 - 01:51 AM (IST)
ਭਾਰਤ ’ਚ ਨੌਜਵਾਨਾਂ ’ਚ ਹਿੰਸਾ ਦਾ ਰੁਝਾਨ ਅਤਿਅੰਤ ਵਧਦਾ ਜਾ ਰਿਹਾ ਹੈ ਅਤੇ ਇੱਥੋਂ ਤੱਕ ਕਿ ਹੁਣ ਤਾਂ ਸਕੂਲਾਂ-ਕਾਲਜਾਂ ’ਚ ਪੜ੍ਹਨ ਵਾਲੇ ਅੱਲ੍ਹੜ-ਮੁਟਿਆਰਾਂ ਕਤਲ ਵਰਗੇ ਭਿਆਨਕ ਅਪਰਾਧ ਕਰਨ ਲੱਗੇ ਹਨ।
ਇਸ ਦਾ ਤਾਜ਼ਾ ਸਬੂਤ 18 ਮਈ ਨੂੰ ਗ੍ਰੇਟਰ ਨੋਇਡਾ ਦੇ ਥਾਣਾ ਖੇਤਰ ’ਚ ਮਿਲਿਆ ਜਿੱਥੇ ਪ੍ਰਾਈਵੇਟ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਆਪਣੀ ਸਾਥੀ ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰਨ ਪਿੱਛੋਂ ਖੁਦ ਵੀ ਆਤਮਹੱਤਿਆ ਕਰ ਲਈ।
ਵਰਨਣਯੋਗ ਹੈ ਕਿ 8 ਮਾਰਚ ਨੂੰ ਮ੍ਰਿਤਕਾਂ ਨੇ ਕਾਲਜ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਨੂੰ ਚਿੱਠੀ ਲਿਖ ਕੇ ਵਿਦਿਆਰਥੀ ਵੱਲੋਂ ਉਸ ਨਾਲ ਮਾੜਾ ਵਤੀਰਾ ਕਰਨ ਦੀ ਸ਼ਿਕਾਇਤ ਕਰ ਕੇ ਪ੍ਰਸ਼ਾਸਨ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਅਤੇ ਕਿਹਾ ਸੀ ਕਿ ਉਸ ਨੇ 2 ਮਹੀਨਿਆਂ ’ਚ ਉਸ ’ਤੇ 4 ਵਾਰ ਹਮਲੇ ਕੀਤੇ ਅਤੇ ਇਕ ਵਾਰ ਉਸ ਦੀ ਧੌਣ ਇੰਨੀ ਜ਼ੋਰ ਨਾਲ ਦਬਾਈ ਕਿ ਉਹ ਬੇਹੋਸ਼ੀ ਦੀ ਹਾਲਤ ’ਚ ਪਹੁੰਚ ਗਈ।
ਉਕਤ ਘਟਨਾ ਤੋਂ ਲਗਭਗ 2 ਮਹੀਨੇ ਪਹਿਲਾਂ 4 ਮਾਰਚ ਨੂੰ ਰਾਜਸਥਾਨ ਦੇ ਝਾਲਾਵਾੜ ਜ਼ਿਲੇ ਦੇ ਇਕ ਅਧਿਆਪਕ ਦੇ ਬਲਾਇੰਡ ਮਰਡਰ ਦਾ ਪੁਲਸ ਨੇ ਪਿਛਲੀ 7 ਅਪ੍ਰੈਲ ਨੂੰ ਖੁਲਾਸਾ ਕਰ ਕੇ ਇਸ ’ਚ ਸ਼ਾਮਲ 3 ਨਾਬਾਲਗਾਂ ਨੂੰ ਫੜਿਆ ਹੈ।
ਸਕੂਲ ’ਚ ਸਭ ਦੇ ਸਾਹਮਣੇ ਝਿੜਕਣ ਅਤੇ ਟੀ. ਸੀ. ਕੱਟ ਦੇਣ ਤੋਂ ਨਾਰਾਜ਼ ਹੋ ਕੇ ਇਕ ਨਾਬਾਲਿਗ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਅਧਿਆਪਕ ਦੀ ਚਾਕੂ ਨਾਲ ਤਾਬੜਤੋੜ ਹਮਲੇ ਕਰ ਕੇ ਹੱਤਿਆ ਕਰ ਦਿੱਤੀ ਸੀ।
ਕਈ ਖੋਜ ਅਧਿਐਨਾਂ ਦਾ ਮੰਨਣਾ ਹੈ ਕਿ ਅੱਲ੍ਹੜਾਂ ’ਚ ਹਿੰਸਕ ਵਤੀਰੇ ਪਿੱਛੇ ਘਰ ਅਤੇ ਭਾਈਚਾਰੇ ’ਚ ਹਿੰਸਾ ਨਾਲ ਸੰਪਰਕ ’ਚ ਆਉਣਾ ਜਾਂ ਹੁੰਦਿਆਂ ਵੇਖਣਾ, ਇਸ ’ਚ ਹਮਲਾਵਰਤਾ ਜਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਵੀ ਹੈ। ਡਰੱਗਸ ਜਾਂ ਸ਼ਰਾਬ ਦੀ ਵਰਤੋਂ ਤਾਂ ਹੈ ਹੀ ਪਰ ਸਭ ਤੋਂ ਵੱਧ ਕੇ ਅਸਤਰ ਜਾਂ ਸ਼ਸਤਰਾਂ ਦਾ ਆਸਾਨੀ ਨਾਲ ਉਪਲੱਬਧ ਹੋਣਾ ਹੈ।
ਅਜਿਹੀਆਂ ਘਟਨਾਵਾਂ ਨਾਲ ਸਮਾਜ ਅਤੇ ਨੌਜਵਾਨਾਂ ’ਚ ਹਿੰਸਾ ਦੇ ਰੁਝਾਨ ਦੇ ਵਧਣ ਦਾ ਸੰਕੇਤ ਮਿਲਦਾ ਹੈ ਜਿਸ ਨੂੰ ਘੱਟ ਕਰਨ ਲਈ ਕਦਮ ਚੁੱਕਣ ਦੀ ਲੋੜ ਹੈ। ਮੁੰਡੇ-ਕੁੜੀਆਂ ਨੂੰ ਬਰਾਬਰੀ ਦਾ ਮਤਲਬ ਸਿਖਾਉਣਾ ਅਤੇ ਇਹ ਸਮਝਾਉਣਾ ਜ਼ਰੂਰੀ ਹੈ ਕਿ ਜੇ ਉਨ੍ਹਾਂ ਨੂੰ ਨਾਂਹ ਬੋਲਿਆ ਜਾਵੇ ਤਾਂ ਉਸ ਦਾ ਮਤਲਬ ਉਨ੍ਹਾਂ ਨੂੰ ਨਾਂਹ ਹੀ ਸਮਝਣਾ ਚਾਹੀਦਾ ਹੈ।
ਸਾਨੂੰ ਇਹ ਸਮਝਣ ਤੇ ਸਭ ਨੂੰ ਸਮਝਾਉਣ ਦੀ ਲੋੜ ਹੈ ਕਿ ਉਲਟ ਹਾਲਤ ’ਚ ਵੀ ਗੁੱਸੇ ’ਚ ਆਉਣਾ ਜਾਂ ਹਮਲਾਵਰ ਹੋਣ ਦੀ ਬਜਾਏ ਉਸ ਸਥਿਤੀ ਨੂੰ ਪ੍ਰਵਾਨ ਕਰ ਕੇ ਹੱਲ ਲੱਭਣ ਦੀ ਲੋੜ ਹੈ। ਇਸ ਤੋਂ ਇਲਾਵਾ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਵੀ ਆਪਣੇ ਇੱਥੇ ਨੌਜਵਾਨਾਂ ਅਤੇ ਅੱਲ੍ਹੜਾਂ ’ਚ ਦਿਖਾਈ ਦੇਣ ਵਾਲੇ ਇਸ ਤਰ੍ਹਾਂ ਦੇ ਰੁਝਾਨਾਂ ਵੱਲ ਧਿਆਨ ਦੇਣ ਅਤੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਉਨ੍ਹਾਂ ਨੂੰ ਦੂਰ ਕਰਨ ਸਬੰਧੀ ਬਿਨਾਂ ਕਿਸੇ ਦੇਰੀ ਤੋਂ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਨੌਜਵਾਨਾਂ ’ਚ ਹਿੰਸਾ ਦਾ ਇਹ ਰੁਝਾਨ ਵਧਦਾ ਹੀ ਚਲਾ ਜਾਵੇਗਾ।