''ਹਿਮਾਚਲ ''ਚ ਫੈਲਦਾ ਨਸ਼ਿਆਂ ਦਾ ਜਾਲ, ਕੁੜੀਆਂ ਵੀ ਹੁਣ ਹੋਣ ਲੱਗੀਆਂ ਇਸ ਦਾ ਸ਼ਿਕਾਰ''

07/26/2022 1:34:28 AM

ਅੱਜ ਦੇਸ਼ ਦੇ ਕਈ ਸੂਬਿਆਂ 'ਚ ਨਸ਼ੇ ਦੀ ਆਦਤ ਮਹਾਮਾਰੀ ਵਾਂਗ ਫੈਲਦੀ ਜਾ ਰਹੀ ਹੈ ਅਤੇ ਹਿਮਾਚਲ ਪ੍ਰਦੇਸ਼ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਹੁਣ ਤਾਂ ਸੂਬੇ 'ਚ ਅਫਰੀਕੀ ਦੇਸ਼ਾਂ ਤੋਂ ਇਲਾਵਾ ਨੇਪਾਲੀ ਅਤੇ ਭਾਰਤੀ ਸਮੱਗਲਰ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਸਾਲ 2021 ਦੀ ਇਕ ਰਿਪੋਰਟ ਮੁਤਾਬਕ ਹਿਮਾਚਲ 'ਚ ਪਿਛਲੇ ਇਕ ਦਹਾਕੇ 'ਚ ਨਸ਼ੇ ਦੀ ਸਮੱਗਲਿੰਗ ਨਾਲ ਜੁੜੇ 6221 ਮਾਮਲਿਆਂ 'ਚ 6175 ਭਾਰਤੀਆਂ ਅਤੇ ਕਈ  ਵਿਦੇਸ਼ੀ ਨਾਗਰਿਕਾਂ ਨੂੰ ਫੜਿਆ ਗਿਆ ਅਤੇ ਸੂਬੇ 'ਚ ਇਸੇ ਮਹੀਨੇ ਨਸ਼ਾ ਕਾਰੋਬਾਰ ਨਾਲ ਜੁੜੇ 2 ਦਰਜਨ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ਦੇ ਕੁਝ ਇਲਾਕੇ 'ਡਰੱਗ ਟੂਰਿਜ਼ਮ' ਲਈ ਵੀ ਬਦਨਾਮ ਹੋ ਗਏ ਹਨ, ਜਿਥੇ ਸਭ ਤਰ੍ਹਾਂ ਦਾ ਨਸ਼ਾ ਆਸਾਨੀ ਨਾਲ ਮਿਲਣ ਕਾਰਨ ਹਰ ਸਾਲ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ।

ਇਸਰਾਈਲ ਸਮੇਤ ਕੁਝ ਦੇਸ਼ਾਂ ਦੇ ਨਸ਼ਾ ਪ੍ਰੇਮੀ ਸੈਲਾਨੀਆਂ 'ਚ ਤਾਂ ਹਿਮਾਚਲ ਬਹੁਤ ਹਰਮਨਪਿਆਰਾ ਹੈ। ਹਰ ਸਾਲ ਵੱਡੀ ਗਿਣਤੀ 'ਚ ਇਸਰਾਈਲੀ ਹਿਮਾਚਲ ਦੀ ਧੌਲਾਧਾਰ ਲੜੀ 'ਚ ਵਸੇ ਪਿੰਡ 'ਧਰਮਕੋਟ' ਵਿਖੇ ਆ ਕੇ ਰਹਿੰਦੇ ਹਨ। ਇਥੋਂ ਤੱਕ ਕਿ ਇਹ ਪਿੰਡ 'ਤੇਲਅਵੀਵ' ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ ਹੈ। ਇਥੇ ਹਿਬਰੂ ਸ਼ੈਲੀ ਦੇ ਕਈ 'ਸਾਈਨੇਜ' ਵੀ ਬਣੇ ਹੋਏ ਹਨ ਅਤੇ ਇਕ ਚਾਰ ਮੰਜ਼ਿਲਾ 'ਚਬਾਡ ਹਾਊਸ' (ਯਹੂਦੀ ਸਮੁਦਾਇਕ ਕੇਂਦਰ) ਵੀ ਬਣਿਆ ਹੋਇਆ ਹੈ। ਨਸ਼ਿਆਂ ਦੀ ਆਸਾਨੀ ਨਾਲ ਉਪਲਬਧਤਾ ਕਾਰਨ ਹੁਣ ਤਾਂ ਇਥੇ ਵੀ ਮੌਜ-ਮਸਤੀ ਲਈ ਗੋਆ ਵਾਂਗ ਹੀ ਨਸ਼ੇੜੀਆਂ ਦੀਆਂ ਗੈਰ-ਕਾਨੂੰਨੀ 'ਰੇਵ ਪਾਰਟੀਆਂ' ਅਤੇ 'ਫੁਲ ਮੂਨ ਪਾਰਟੀਆਂ' ਆਯੋਜਿਤ ਹੋਣ ਲੱਗੀਆਂ ਹਨ। ਇਨ੍ਹਾਂ 'ਚ ਨਸ਼ਿਆਂ 'ਚ ਧੁੱਤ ਨੌਜਵਾਨ ਉੱਚੀ ਆਵਾਜ਼ 'ਚ ਵਜਾਏ ਜਾ ਰਹੇ ਗੀਤਾਂ ਦੀ ਧੁੰਨ 'ਤੇ ਝੂਮਦੇ, ਨੱਚਦੇ-ਗਾਉਂਦੇ ਅਤੇ ਮਸਤੀ ਕਰਦੇ ਹਨ।

ਪੁਲਸ ਨੇ ਇਸੇ ਸਾਲ ਲਾਹੌਲ-ਸਪਿਤੀ ਜ਼ਿਲ੍ਹੇ ਦੇ 'ਜਿਸਪਾ' ਵਿਚ ਪਹਿਲੀ ਵਾਰ ਇਕ ਅਤੇ ਕੁੱਲੂ ਜ਼ਿਲ੍ਹੇ 'ਚ 5 'ਰੇਵ ਪਾਰਟੀਆਂ' ਫੜੀਆਂ ਹਨ, ਜਿਥੇ ਕਈ ਨੌਜਵਾਨ- ਮੁਟਿਆਰਾਂ ਨੂੰ ਨਸ਼ਾ ਕਰਦੇ ਹੋਏ ਫੜ ਕੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਚਰਸ, ਕੋਕੀਨ, ਗਾਂਜਾ ਅਤੇ ਐੱਮ. ਡੀ. ਐੱਮ. ਏ. ਨਾਮੀ ਨਸ਼ੇ ਤੋਂ ਇਲਾਵਾ ਵੱਡੇ ਸਪੀਕਰ, ਐਂਪਲੀਫਾਇਰ, ਲੈਪਟਾਪ, ਮਿਕਸਰ, ਜੈਨਰੇਟਰ ਅਤੇ ਹੈੱਡਫੋਨ ਆਦਿ ਕਬਜ਼ੇ 'ਚ ਲਏ ਹਨ। ਆਮ ਤੌਰ 'ਤੇ ਜੰਗਲਾਂ ਆਦਿ ਸੁੰਨਸਾਨ ਅਤੇ ਖੁੱਲ੍ਹੀਆਂ ਥਾਵਾਂ 'ਤੇ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਪਾਰਟੀਆਂ ਦੇ ਆਯੋਜਕ ਇਨ੍ਹਾਂ 'ਚ ਸ਼ਾਮਲ ਹੋਣ ਵਾਲੇ ਨੌਜਵਾਨ-ਮੁਟਿਆਰਾਂ ਕੋਲੋਂ ਭਾਰੀ ਰਕਮ ਵਸੂਲਦੇ ਹਨ। ਇਸ ਦੇ ਬਦਲੇ 'ਚ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਅਤੇ ਨਸ਼ਾ ਪਰੋਸਿਆ ਜਾਂਦਾ ਹੈ ਅਤੇ ਉੱਚੇ ਸੰਗੀਤ ਦੀ ਧੁੰਨ 'ਤੇ ਮਸਤੀ ਕਰਵਾਈ ਜਾਂਦੀ ਹੈ। ਪੁਲਸ ਰਿਕਾਰਡ ਮੁਤਾਬਕ ਨਸ਼ੇ ਦੀ ਖੇਪ ਨਾਲ ਫੜੇ ਜਾ ਰਹੇ ਲੋਕਾਂ 'ਚ 70 ਫ਼ੀਸਦੀ ਹਿਮਾਚਲੀ ਨੌਜਵਾਨ ਹਨ।

ਨੌਜਵਾਨਾਂ ਦੇ ਨਾਲ-ਨਾਲ ਸੂਬੇ ਦੀਆਂ ਮੁਟਿਆਰਾਂ 'ਚ ਵੀ ਨਸ਼ੇ ਦਾ ਚਲਨ ਵਧ ਰਿਹਾ ਹੈ। ਹੁਣੇ ਜਿਹੇ ਹੀ ਮੰਡੀ ਜ਼ਿਲ੍ਹੇ ਦੇ ਕਰਸੋਗ ਵਿਖੇ 8ਵੀਂ ਜਮਾਤ ਦੀ 13 ਸਾਲ ਦੀ ਇਕ ਵਿਦਿਆਰਥਣ ਚਰਸ ਦੇ ਨਸ਼ੇ 'ਚ ਧੁਤ ਹੋ ਕੇ ਆਪਣੇ ਸਕੂਲ ਪਹੁੰਚ ਗਈ।
ਸਕੂਲ ਦੇ ਪ੍ਰਿੰਸੀਪਲ ਵਲੋਂ ਸੱਦ ਕੇ ਪੁੱਛਣ 'ਤੇ ਵਿਦਿਆਰਥਣ ਨੇ ਮੰਨਿਆ ਕਿ ਘਰ 'ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੀੜੀ-ਸਿਗਰਟ ਅਤੇ ਸ਼ਰਾਬ ਪੀਂਦੇ ਦੇਖ ਕੇ ਉਹ ਵੀ ਨਸ਼ਾ ਕਰਨ ਵੱਲ ਪ੍ਰੇਰਿਤ ਹੋਈ। ਇਸੇ ਤਰ੍ਹਾਂ ਇਕ ਵਾਇਰਲ ਵੀਡੀਓ 'ਚ ਰੋਹੜੂ ਬਾਜ਼ਾਰ ਨਾਲ ਲੱਗਦੇ 'ਬਖਿਰਨਾ ਪੁਲ' ਉਤੇ ਨਸ਼ੇ 'ਚ ਬੇਸੁੱਧ 2 ਕੁੜੀਆਂ ਹੁੜਦੰਗ ਮਚਾਉਂਦੀਆਂ ਅਤੇ ਆਪਣੇ ਮਰਦ ਦੋਸਤਾਂ ਨਾਲ ਲਿਪਟ ਕੇ ਗੰਦੀ ਭਾਸ਼ਾ ਦੀ ਵਰਤੋਂ ਕਰਦੀਆਂ ਸੁਣਾਈ ਦੇ ਰਹੀਆਂਆਂ ਸਨ। ਯਕੀਨੀ ਤੌਰ 'ਤੇ ਇਸ ਸਮੱਸਿਆ ਨਾਲ ਆਰਥਿਕ ਪੱਖ ਜੁੜਿਆ ਹੋਇਆ ਹੈ। ਇਸ ਲਈ ਜੇ ਇਸ ਸਮੱਸਿਆ 'ਤੇ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ 'ਚ ਇਹ ਬੇਕਾਬੂ ਹੋ ਕੇ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖੋਖਲਾ ਕਰ ਦੇਵੇਗੀ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਉਸ ਵੱਕਾਰ ਨੂੰ ਵੀ ਢਾਅ ਲੱਗੇਗੀ ਜੋ ਉਥੋਂ ਦੇ ਪੜ੍ਹੇ-ਲਿਖੇ ਅਤੇ ਸਮਝਦਾਰ ਲੋਕਾਂ ਨੇ ਸਾਲਾਂ ਦੀ ਮਿਹਨਤ ਨਾਲ ਬਣਾਇਆ ਹੈ। ਇਸੇ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਨਸ਼ੇ ਦੇ ਕਾਰੋਬਾਰ 'ਤੇ ਸ਼ਿਕੰਜਾ ਕੱਸਣ ਲਈ 'ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ.) ਗਠਿਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਸੀ. ਆਈ. ਡੀ. ਦੇ ਸਟੇਟ ਨਾਰਕੋਟਿਕਸ ਕ੍ਰਾਈਮ ਕੰਟਰੋਲ ਯੂਨਿਟ (ਐੱਸ. ਐੱਨ. ਸੀ. ਸੀ.) ਨੂੰ ਵੀ ਸ਼ਾਮਲ ਕਰਨ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਨਸ਼ੇ ਵਾਲੀਆਂ ਵਸਤਾਂ ਦੀ ਸਮੱਗਲਿੰਗ, ਖੇਤੀਬਾੜੀ, ਉਤਪਾਦਨ ਅਤੇ ਖਪਤ ਦੀ ਗੰਭੀਰ ਸਮੱਸਿਆ ਨੂੰ ਰੋਕਣ ਲਈ 'ਹਿਮਾਚਲ ਪ੍ਰਦੇਸ਼ ਇੰਟੈਗ੍ਰੇਟਿਡ ਡਰੱਗ ਪ੍ਰੀਵੈਂਸ਼ਨ ਪਾਲਿਸੀ' ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲੇ ਚੰਗੇ ਅਤੇ ਠੀਕ ਹਨ ਪਰ ਇਨ੍ਹਾਂ ਦਾ ਲਾਭ ਤਦ ਹੀ ਹੋਵੇਗਾ ਜੇ ਇਨ੍ਹਾਂ ਨੂੰ ਤੇਜ਼ੀ ਨਾਲ ਅਤੇ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਅਧੀਨ ਫੜੇ ਜਾਣ ਵਾਲੇ ਮੁਲਜ਼ਮਾਂ ਨੂੰ ਜਲਦੀ ਅਤੇ ਸਖਤ ਸਜ਼ਾ ਦਿੱਤੀ ਜਾਵੇ।

–ਵਿਜੇ ਕੁਮਾਰ


Mukesh

Content Editor

Related News