ਨੇਤਾਵਾਂ ਦੇ ਵੱਕਾਰ ਨੂੰ ਸੱਟ ਮਾਰਦੀ ‘ਰਿਸ਼ਤੇਦਾਰਾਂ ਦੀ ਦਬੰਗਈ’

Monday, Jun 13, 2022 - 10:48 AM (IST)

ਨੇਤਾਵਾਂ ਦੇ ਵੱਕਾਰ ਨੂੰ ਸੱਟ ਮਾਰਦੀ ‘ਰਿਸ਼ਤੇਦਾਰਾਂ ਦੀ ਦਬੰਗਈ’

ਸੱਤਾ ਨਾਲ ਜੁੜੇ ਸਿਆਸਤਦਾਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ 'ਚ ਮਦਦ ਕਰਨਗੇ ਪਰ ਅੱਜ ਨਾ ਸਿਰਫ ਇਨ੍ਹਾਂ 'ਚੋਂ ਕੁਝ ਲੋਕ ਸਗੋਂ ਇਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਵੱਡੇ ਪੱਧਰ 'ਤੇ ਦਬੰਗਈ ਅਤੇ ਗਲਤ ਕੰਮਾਂ 'ਚ ਸ਼ਾਮਲ ਪਾਏ ਜਾ ਰਹੇ ਹਨ ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 16 ਅਪ੍ਰੈਲ, 2022 ਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਤੋਂ ਕਾਂਗਰਸ ਵਿਧਾਇਕ ਪ੍ਰਕਾਸ਼ ਨਾਇਰ ਦੇ ਪੁੱਤਰ ਰਿਤਿਕ ਨਾਇਰ ਨੂੰ ਆਪਣੇ ਸਾਥੀਆਂ ਨਾਲ ਸੜਕ ’ਤੇ ਗੁੰਡਾਗਰਦੀ ਕਰਨ ਤੋਂ ਪੁਲਸ ਵੱਲੋਂ ਰੋਕਣ 'ਤੇ ਉਸ ਨੇ ਥਾਣੇ 'ਚ ਵੜ ਕੇ ਪੁਲਸ ਸੰਤਰੀ ਨਾਲ ਖੁੱਲ੍ਹ ਕੇ ਕੁੱਟ-ਮਾਰ ਤੇ ਗਾਲੀ-ਗਲੋਚ ਕਰਨ ਦੇ ਇਲਾਵਾ ਉਸ ਦੀ ਵਰਦੀ ਪਾੜ ਦਿੱਤੀ। 
* 23 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਸ਼ਯੋਪੁਰ ਜ਼ਿਲੇ ਦੇ ਭਾਜਪਾ ਵਿਧਾਇਕ ਸੀਤਾਰਾਮ ਦੇ ਦੋਵਾਂ ਪੁੱਤਰਾਂ ਅਤੇ ਉਸ ਦੇ 4-5 ਸਾਥੀਆਂ ਨੂੰ ਜੰਗਲ 'ਚੋਂ ਲੱਕੜੀ ਕੱਟਣ ਤੋਂ ਰੋਕਣ 'ਤੇ ਉਨ੍ਹਾਂ ਨੇ ਜੰਗਲਾਤ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਬੁਰੀ ਤਰ੍ਹਾਂ ਕੁੱਟਿਆ। 
* 18 ਮਈ ਨੂੰ ਉੱਨਾਵ 'ਚ ਇਕ ਟ੍ਰੈਫਿਕ ਮੁਲਾਜ਼ਮ ਵੱਲੋਂ ਭਾਜਪਾ ਵਿਧਾਇਕ ਆਸ਼ੂਤੋਸ਼ ਸ਼ੁਕਲਾ ਦੇ ਰਿਸ਼ਤੇਦਾਰਾਂ ਨੂੰ ਹੂਟਰ ਵਜਾਉਣ ਤੋਂ ਰੋਕਣ 'ਤੇ ਉਹ ਉਲਟੇ ਟ੍ਰੈਫਿਕ ਮੁਲਾਜ਼ਮ  ਨੂੰ ਹੀ ਫੜ ਕੇ ਥਾਣੇ 'ਚ ਲੈ ਗਏ ਅਤੇ ਉੱਥੇ ਉਸ ਦੇ ਨਾਲ ਇੰਨੀ ਬਦਤਮੀਜ਼ੀ ਕੀਤੀ ਕਿ ਉਹ ਫੁੱਟ-ਫੁੱਟ ਕੇ ਰੋਣ ਲੱਗਾ। 
* 24 ਮਈ ਨੂੰ ਭੋਪਾਲ 'ਚ ਮੱਧ ਪ੍ਰਦੇਸ਼ ਦੇ ਸੀਨੀਅਰ ਕਾਂਗਰਸ ਨੇਤਾ ਤੇ ਸਾਬਕਾ ਮੰਤਰੀ ਅਤੇ ਸ਼ਾਜਾਪੁਰ ਤੋਂ ਮੌਜੂਦਾ ਵਿਧਾਇਕ ਹੁਕਮ ਸਿੰਘ ਕਰਾੜਾ ਦੇ ਸ਼ਰਾਬ ਦੇ ਨਸ਼ੇ 'ਚ ਧੁੱਤ ਪੁੱਤਰ ਰੋਹਿਤਾਪ ਸਿੰਘ ਕਰਾੜਾ ਨੇ ਦੇਰ ਰਾਤ ਭੋਪਾਲ-ਇੰਦੌਰ ਹਾਈਵੇ 'ਤੇ ਆਪਣੀ ਐੱਸ. ਯੂ. ਵੀ. ਗੱਡੀ ਨਾਲ ਇਕ ਵਪਾਰੀ ਦੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। 
ਇੱਥੇ ਹੀ ਬਸ ਨਹੀਂ, ਵਪਾਰੀ ਵੱਲੋਂ ਨਾਰਾਜ਼ਗੀ ਪ੍ਰਗਟਾਉਣ ਅਤੇ ਪੁਲਸ ਸੱਦਣ ਦੀ ਗੱਲ ਕਹਿਣ 'ਤੇ ਉਸ ਦੀ ਕਾਰ ਨੂੰ ਦੁਬਾਰਾ ਟੱਕਰ ਮਾਰ ਕੇ ਉਸ ਨੂੰ 200-300 ਮੀਟਰ ਦੂਰ ਤੱਕ ਧੱਕਦਾ ਲੈ ਗਿਆ ਅਤੇ ਵਪਾਰੀ ਅਤੇ ਉਸ ਦੇ ਸਾਥੀਆਂ ਨੂੰ ਕੁੱਟਿਆ ਵੀ।
* 28 ਮਈ ਨੂੰ ਬਿਹਾਰ ਦੇ ਪੂਰਣੀਆ 'ਚ ਇਕ ਵਿਆਹ ਸਮਾਗਮ ਦੌਰਾਨ ਡੀ. ਜੇ. ਚਲਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਜਦ (ਯੂ) ਦੇ ਨੇਤਾ ਅਮਰੇਂਦਰ ਕੁਸ਼ਵਾਹਾ ਦੇ ਪੁੱਤਰ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਨੌਜਵਾਨ ਨੂੰ ਗੰਭੀਰ ਤੌਰ 'ਤੇ ਜ਼ਖਮੀ ਹੋ ਜਾਣ ਕਾਰਨ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। 
* 2 ਜੂਨ ਨੂੰ ਮੱਧ ਹਰਿਦੁਆਰ 'ਚ ਕਾਰ ਨਾਲ ਇਕ ਬਾਈਕ ਦੀ ਹਲਕੀ ਜਿਹੀ ਟੱਕਰ ਹੋਣ 'ਤੇ ਇਕ ਭਾਜਪਾ ਨੇਤਾ ਦੇ ਪੁੱਤਰ ਅਤੇ ਉਸ ਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਨੇ ਬਾਈਕ ਸਵਾਰ ਨੌਜਵਾਨ ਨੂੰ ਸ਼ਰੇਆਮ ਬੁਰੀ ਤਰ੍ਹਾਂ ਕੁੱਟਿਆ। ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਇਕ ਹੋਰ ਰਾਹਗੀਰ ਨੂੰ ਇਸੇ ਤਰ੍ਹਾਂ ਕੁੱਟਿਆ ਸੀ। 
* 5 ਜੂਨ ਨੂੰ ਬਰੇਲੀ 'ਚ ਦੋਸਤਾਂ ਨਾਲ ਕਾਰ 'ਚ ਬੈਠ ਕੇ ਸ਼ਰਾਬ ਪੀ ਰਹੇ ਉੱਤਰ ਪ੍ਰਦੇਸ਼ ਦੇ ਜੰਗਲਾਤ ਰਾਜ ਮੰਤਰੀ ਅਰੁਣ ਕੁਮਾਰ ਸਕਸੇਨਾ ਦੇ ਭਤੀਜੇ ਅਮਿਤ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਣ 'ਤੇ ਹੋਮਗਾਰਡ ਦੇ ਜਵਾਨ ਓਮੇਂਦਰ ਪਾਲ ਸਿੰਘ ਨੂੰ ਕੁੱਟ ਦਿੱਤਾ ਅਤੇ ਉਸ ਦੀ ਵਰਦੀ ਪਾੜ ਦਿੱਤੀ। ਇਸ ਸਬੰਧ 'ਚ ਥਾਣਾ ਪੁਲਸ ਨੇ ਅੰਕਿਤ ਨੂੰ ਹਿਰਾਸਤ 'ਚ ਲਿਆ ਹੈ। 
* ਅਤੇ ਹੁਣ 10 ਜੂਨ ਨੂੰ ਬੇਂਗਲੁਰੂ 'ਚ ਬਿਨਾਂ ਸੀਟ ਬੈਲਟ  ਲਾਏ ਆਪਣੀ ਬੀ. ਐੱਮ. ਡਬਲਿਊ. ਕਾਰ' 'ਚ ਜਾ ਰਹੀ ਭਾਜਪਾ ਵਿਧਾਇਕ ਅਰਵਿੰਦ ਲਿੰਬਾਵਲੀ ਦੀ ਧੀ ਰਾਜਭਵਨ ਦੇ ਸਾਹਮਣੇ ਚੌਕ 'ਤੇ ਲਾਲ ਬੱਤੀ ਦੀ ਅਣਦੇਖੀ ਕਰ ਕੇ ਨਾ ਸਿਰਫ ਅੱਗੇ ਨਿਕਲ ਗਈ ਸਗੋਂ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਵੱਲੋਂ ਰੋਕਣ 'ਤੇ ਉਸ ਦੇ ਨਾਲ ਵੀ ਉਲਝ ਪਈ ਅਤੇ ਉਸ ਨੂੰ ਬਾਪ ਦਾ ਰੋਅਬ ਦਿਖਾ ਕੇ ਧਮਕਾਉਣ ਲੱਗੀ। 
ਪਰ ਪੁਲਸ ਮੁਲਾਜ਼ਮ ਉਸ ਦੀ ਧੌਂਸ ਦੇ ਅੱਗੇ ਨਹੀਂ ਝੁਕਿਆ ਅਤੇ ਉਹ ਉਸ ਕੋਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ  ਪਿਛਲੇ ਬਕਾਏ ਸਮੇਤ 10,000 ਰੁਪਏ ਵਸੂਲ ਕਰ ਕੇ ਹੀ ਮੰਨਿਆ। ਵਿਧਾਇਕ ਦੀ ਧੀ ਨੇ ਇਸ ਘਟਨਾ ਦੀ ਰਿਕਾਰਡਿੰਗ ਕਰ ਰਹੇ ਇਕ ਪੱਤਰਕਾਰ ਦੇ ਨਾਲ ਵੀ ਬਦਤਮੀਜ਼ੀ ਕੀਤੀ। ਮਾਮਲਾ ਤੂਲ ਫੜਦਾ ਦੇਖ ਕੇ ਭਾਜਪਾ ਵਿਧਾਇਕ ਨੂੰ ਆਪਣੀ ਧੀ ਦੇ ਵਤੀਰੇ ਲਈ ਮੁਆਫੀ ਮੰਗਣੀ ਪਈ। 
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲਗਭਗ ਸਾਰੀਆਂ ਪਾਰਟੀਆਂ  ਦੇ ਸਿਆਸਤਦਾਨਾਂ ਦੇ ਪਰਿਵਾਰਾਂ 'ਚ ਉਨ੍ਹਾਂ ਦੇ ਅਜਿਹੇ ਨਾਤੇ-ਰਿਸ਼ਤੇਦਾਰ ਮੌਜੂਦ ਹਨ ਜੋ ਉਨ੍ਹਾਂ ਦੀ ਪੁਜ਼ੀਸ਼ਨ ਦਾ ਅਣਉਚਿਤ ਲਾਭ  ਉਠਾ ਕੇ ਉਨ੍ਹਾਂ ਦੇ ਲਈ ਸ਼ਰਮਿੰਦਗੀ ਅਤੇ ਉਨ੍ਹਾਂ ਦੇ ਸਿਆਸੀ ਕਰੀਅਰ ਅਤੇ ਉਨ੍ਹਾਂ ਦੀ ਪਾਰਟੀ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। 
ਇੱਥੇ ਸਵਾਲ ਇਹ ਉੱਠਦਾ ਹੈ ਕਿ ਸਿਆਸਤਦਾਨਾਂ ਦੇ ਪਰਿਵਾਰ ਮੈਂਬਰਾਂ ਨੂੰ ਇਸ ਤਰ੍ਹਾਂ ਦੇ ਗਲਤ ਵਤੀਰੇ ਦੀ ਦਲੇਰੀ ਕਿੱਥੋਂ ਮਿਲਦੀ ਹੈ? ਕੀ ਉਹ ਆਪਣੇ ਘਰ ਜਾਂ ਦੋਸਤਾਂ ਕੋਲੋਂ ਸਿੱਖਦੇ ਹਨ ਜਾਂ ਸਾਡੀ ਸ਼ਾਸਨ ਪ੍ਰਣਾਲੀ 'ਚ ਮੌਜੂਦ ਕਮਜ਼ੋਰੀਆਂ ਉਨ੍ਹਾਂ ਨੂੰ ਇਹ ਸਭ ਸਿਖਾਉਂਦੀਆਂ ਹਨ? 
ਕੀ ਇਸ ਦੇ ਲਈ ਮੁਆਫੀ ਕਾਫੀ ਹੈ ਅਤੇ ਕੀ ਇਨ੍ਹਾਂ ਨੂੰ ਵੀ ਹੋਰਨਾਂ ਅਪਰਾਧੀਆਂ ਦੇ ਵਾਂਗ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਜੋ ਸਿਰਫ ਸੱਤਾਧਾਰੀਆਂ ਦੇ ਰਿਸ਼ਤੇਦਾਰ ਹੋਣ ਦੇ ਕਾਰਨ ਕਾਨੂੰਨ ਦੀ ਅਣਦੇਖੀ ਨੂੰ ਇਕ ਖੇਡ ਸਮਝਦੇ ਹਨ? 
ਯਕੀਨਨ ਹੀ ਇਹ ਇਕ ਖਤਰਨਾਕ ਰੁਝਾਨ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਆਮ ਲੋਕ ਵੀ ਪ੍ਰਤੀਕਿਰਿਆ ਵਜੋਂ ਇਨ੍ਹਾਂ ਦੇ ਹੀ ਵਾਂਗ ਕਾਨੂੰਨ ਆਪਣੇ ਹੱਥਾਂ 'ਚ ਲੈਣ ਲਈ ਮਜਬੂਰ ਹੋਣਗੇ ਅਤੇ ਇਸ   ਕਾਰਨ ਬੇਕਾਬੂ ਹੋਈ ਕਾਨੂੰਨ-ਵਿਵਸਥਾ ਨੂੰ ਕਾਬੂ 'ਚ ਕਰਨਾ ਔਖਾ ਹੋ ਜਾਵੇਗਾ, ਜਿਸ ਦਾ ਨਤੀਜਾ ਸਾਰਿਆਂ ਦੇ ਲਈ ਦੁਖਦਾਈ ਹੀ ਹੋਵੇਗਾ। 

ਵਿਜੇ ਕੁਮਾਰ
 


author

Karan Kumar

Content Editor

Related News