ਇਹ ਹੈ! ਭਾਰਤ ਦੇਸ਼ ਸਾਡਾ

05/31/2023 4:08:34 AM

ਪ੍ਰਾਚੀਨ ਕਾਲ ਤੋਂ ਆਪਣੇ ਉੱਚ ਆਦਰਸ਼ਾਂ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕਾਂ ਦਾ ਨੈਤਿਕ ਪਤਨ ਸਾਰੀਆਂ ਹੱਦਾਂ ਪਾਰ ਕਰ ਜਾਣ ਕਾਰਨ ਉਨ੍ਹਾਂ ਦੀਆਂ ਸ਼ਰਮਨਾਕ ਕਰਤੂਤਾਂ ਨਾਲ ਸਾਰੀ ਦੁਨੀਆ ’ਚ ਸਾਡੇ ਦੇਸ਼ ਦੀ ਬਦਨਾਮੀ ਹੋ ਰਹੀ ਹੈ। ਅਜੇ ਸਿਰਫ ਇਕ ਹਫਤੇ ਦੇ ਵਕਫੇ ’ਚ 3 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਮਨ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕੀ ਇਹੀ ਹੈ ‘ਭਾਰਤ ਦੇਸ਼ ਸਾਡਾ!’

* 29 ਮਈ, 2023 ਨੂੰ ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ’ਚ ਸਾਕਸ਼ੀ (16) ਨਾਮਕ ਲੜਕੀ ਨੂੰ ਸਾਹਿਲ (20) ਨਾਮਕ ਨੌਜਵਾਨ ਨੇ ਸ਼ਰੇਆਮ ਚਾਕੂ ਨਾਲ 22 ਵਾਰ ਕਰ ਕੇ ਅਤੇ ਪੱਥਰ ਨਾਲ ਕੁਚਲ ਕੇ ਮਾਰ ਦਿੱਤਾ ਤੇ ਲਾਸ਼ ਨੂੰ ਠੋਕਰ ਮਾਰ ਕੇ ਉੱਥੋਂ ਭੱਜ ਨਿਕਲਿਆ। ਉਸ ਨੂੰ ਬੁਲੰਦਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਲੋਕ ਇਸ ਘਟਨਾ ਨੂੰ ਦੇਖਦੇ ਰਹੇ ਪਰ ਕੋਈ ਲੜਕੀ ਨੂੰ ਬਚਾਉਣ ਨਹੀਂ ਆਇਆ।

* 29 ਮਈ, 2023 ਨੂੰ ਹੀ ਪੁਣੇ (ਮਹਾਰਾਸ਼ਟਰ) ’ਚ ਇੰਜੀਨੀਅਰਿੰਗ ਦੀ ਵਿਦਿਆਰਥਣ ਅਨੁਜਾ ਨੇ ਹੋਸਟਲ ਦੇ ਅੰਦਰ ਕਿਸੇ ਗੱਲ ’ਤੇ ਆਪਣੇ ਬੁਆਏਫ੍ਰੈਂਡ ਯਸ਼ਵੰਤ ਦੇ ਨਾਲ ਝਗੜੇ ਤੋਂ ਬਾਅਦ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਉਸ ਦੀ ਛਾਤੀ, ਪੇਟ ਅਤੇ ਸਰੀਰ ਦੇ ਹੋਰਨਾਂ ਅੰਗਾਂ ’ਤੇ ਬੇਤਹਾਸ਼ਾ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 17 ਮਈ, 2023 ਨੂੰ ਹੈਦਰਾਬਾਦ (ਤੇਲੰਗਾਨਾ) ’ਚ ਪੁਲਸ ਨੂੰ ਅਨੁਰਾਧਾ ਰੈੱਡੀ ਨਾਮਕ ਮਹਿਲਾ ਦਾ ਕੱਟਿਆ ਹੋਇਆ ਸਿਰ ਮਿਲਿਆ ਜਿਸ ਦੀ ਜਾਂਚ ਕਰਦੇ ਹੋਏ ਇਕ ਹਫਤੇ ਬਾਅਦ ਪੁਲਸ ਜਦੋਂ ਦੋਸ਼ੀ ਚੰਦਰ ਮੋਹਨ ਤੱਕ ਪੁੱਜੀ ਤਾਂ ਹੈਰਾਨ ਰਹਿ ਗਈ।

ਪਤਾ ਲੱਗਾ ਹੈ ਕਿ ਦੋਸ਼ੀ ਨੇ 15 ਸਾਲਾਂ ਤੋਂ ਆਪਣੇ ਨਾਲ ਰਹਿੰਦੀ ਆ ਰਹੀ ਅਨੁਰਾਧਾ ਰੈੱਡੀ ਦੇ ਸਰੀਰ ਦੇ 12 ਮਈ ਨੂੰ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਕਈ ਟੁਕੜੇ ਕਰ ਕੇ ਉਸ ਦੀਆਂ ਲੱਤਾਂ ਤੇ ਹੱਥਾਂ ਨੂੰ ਫਰਿੱਜ ’ਚ ਅਤੇ ਹੋਰਨਾਂ ਅੰਗਾਂ ਨੂੰ ਇਕ ਸੂਟਕੇਸ ’ਚ ਰੱਖ ਲਿਆ ਸੀ। ਇਨ੍ਹਾਂ ਨੂੰ ਟਿਕਾਣੇ ਲਗਾਉਣ ਲਈ ਉਹ ਵੱਖ-ਵੱਖ ਥਾਵਾਂ ’ਤੇ ਸੁੱਟ ਰਿਹਾ ਸੀ ਤੇ ਬਦਬੂ ਨੂੰ ਦਬਾਉਣ ਲਈ ਘਰ ’ਚ ਸੈਂਟ ਦਾ ਛਿੜਕਾਅ ਕਰਦਾ ਸੀ। ਲਾਸ਼ ਟਿਕਾਣੇ ਲਾਉਣ ਦੇ ਤਰੀਕੇ ਉਹ ਯੂ-ਟਿਊਬ ’ਤੇ ਦੇਖਦਾ ਸੀ।

ਬੀਤੇ ਸਾਲ 17 ਮਈ ਨੂੰ ਦਿੱਲੀ ’ਚ ਸ਼ਰਧਾ ਵਾਲਕਰ ਨਾਮਕ ਲੜਕੀ ਦੇ ਘਿਨੌਣੇ ਹੱਤਿਆਕਾਂਡ ਦੀ ਯਾਦ ਦਿਵਾਉਣ ਵਾਲੀਆਂ ਉਕਤ ਘਟਨਾਵਾਂ ਆਪਣੀ ਕਿਸਮ ਦੀਆਂ ਇਕੱਲੀਆਂ ਨਹੀਂ ਹਨ ਅਤੇ ਪ੍ਰੇਮ ਸਬੰਧਾਂ ’ਚ ਹੀ ਨਹੀਂ ਸਗੋਂ ਪਰਿਵਾਰਕ ਸਬੰਧਾਂ ’ਚ ਵੀ ਵਧ ਰਹੀ ਹਿੰਸਾ ਦੀਆਂ ਉਦਾਹਰਣਾਂ ਸਾਹਮਣੇ ਆ ਰਹੀਆਂ ਹਨ।

ਇਨ੍ਹਾਂ ’ਚੋਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 21 ਮਈ ਨੂੰ ਰੂਪਨਗਰ (ਪੰਜਾਬ) ’ਚ ਇਕ ਕਲਯੁਗੀ ਪਿਤਾ ਨੇ 5 ਤੇ 7 ਸਾਲ ਦੇ ਆਪਣੇ 2 ਬੇਟਿਆਂ ਨੂੰ ਪਾਣੀ ’ਚ ਜ਼ਹਿਰ ਮਿਲਾ ਕੇ ਪਿਆ ਦਿੱਤਾ, ਜਿਸ ਨਾਲ ਇਕ ਬੱਚੇ ਦੀ ਮੌਤ ਅਤੇ ਦੂਜਾ ਗੰਭੀਰ ਰੂਪ ’ਚ ਬੀਮਾਰ ਹੋ ਗਿਆ।

* 22 ਮਈ ਨੂੰ ਮੁੰਬਈ ’ਚ ਪਰਿਵਾਰਕ ਵਿਵਾਦ ਕਾਰਨ ਇਕ ਔਰਤ ਨੇ ਆਪਣੇ ਬੇਟੇ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 23 ਮਈ ਨੂੰ ਬਰਗੜ੍ਹ (ਓਡਿਸ਼ਾ) ਜ਼ਿਲੇ ’ਚ ਜਾਇਦਾਦ ਦੇ ਵਿਵਾਦ ’ਚ ਇਕ ਵਿਅਕਤੀ ਨੇ ਆਪਣੇ ਵੱਡੇ ਭਰਾ ਦੇ ਘਰ ’ਚ ਦਾਖਲ ਹੋ ਕੇ ਭਰਾ ਅਤੇ ਭਰਜਾਈ ਤੋਂ ਇਲਾਵਾ ਉਨ੍ਹਾਂ ਦੇ ਦੋਵਾਂ ਬੱਚਿਆਂ ਦੀ ਹੱਤਿਆ ਕਰ ਕੇ ਪੂਰਾ ਪਰਿਵਾਰ ਹੀ ਖਤਮ ਕਰ ਦਿੱਤਾ।

* 25 ਮਈ ਨੂੰ ਨਵਾਂਸ਼ਹਿਰ (ਪੰਜਾਬ) ਦੇ ਪਿੰਡ ਸਲੇਮਪੁਰ ’ਚ ਜ਼ਮੀਨ ਦੀ ਵੰਡ ਤੋਂ ਨਾਰਾਜ਼ ਇਕ ਨੌਜਵਾਨ ਨੇ ਟ੍ਰੈਕਟਰ ਚੜ੍ਹਾ ਕੇ ਆਪਣੇ ਚਾਚੇ ਨੂੰ ਮਾਰ ਦਿੱਤਾ।

* 26 ਮਈ ਨੂੰ ਵੈਸ਼ਾਲੀ (ਬਿਹਾਰ) ’ਚ ਇਕ 13 ਸਾਲਾ ਬੱਚੀ ਨੇ ਆਪਣੀ ਛੋਟੀ ਭੈਣ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਕੇ ਉਸ ਨੂੰ ਮਾਰ ਦਿੱਤਾ।

* 26 ਮਈ ਨੂੰ ਹੀ ਭਿਵਾਨੀ (ਹਰਿਆਣਾ) ਦੇ ਪਿੰਡ ਹਾਲੂਵਾਸ ’ਚ ਇਕ ਲੜਕੀ ਵੱਲੋਂ ਆਪਣੇ ਡੇਢ ਸਾਲਾ ਭਤੀਜੇ ਨੂੰ ਕਿਸੇ ਗੱਲ ਨੂੰ ਲੈ ਕੇ ਡਾਂਟਣ ’ਤੇ ਲੜਕੀ ਦੇ ਭਰਾ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਭੈਣ ਦੇ ਸਿਰ ’ਤੇ ਡੰਡਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 26 ਮਈ ਨੂੰ ਹੀ ਲੋਪੋਕੇ (ਪੰਜਾਬ) ’ਚ ਸਹੁਰੇ ਵਾਲਿਆਂ ਨੇ ਕਿਸੇ ਵਿਵਾਦ ਕਾਰਨ ਆਪਣੇ ਜਵਾਈ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 28 ਮਈ ਨੂੰ ਪਾਲੀ (ਰਾਜਸਥਾਨ) ’ਚ ਇਕ ਨੌਜਵਾਨ ਨੇ ਇਕ ਬਜ਼ੁਰਗ ਔਰਤ ਦੀ ਪੱਥਰ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਉਸ ਦਾ ਮੂੰਹ ਵੀ ਨੋਚ ਲਿਆ।

* 28 ਮਈ ਨੂੰ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ਦੇ ‘ਨਗਲਾ ਰਮੀਆ’ ਪਿੰਡ ’ਚ ਇਕ ਨੌਜਵਾਨ ਨੇ ਜ਼ਮੀਨ ਪੱਟੇ ’ਤੇ ਦੇਣ ਦੇ ਵਿਵਾਦ ’ਚ ਆਪਣੇ ਸਾਲੇ ਨਾਲ ਮਿਲ ਕੇ ਆਪਣੇ ਮਾਤਾ-ਪਿਤਾ ਦੀ ਹੱਤਿਆ ਕਰ ਦਿੱਤੀ।

* 29 ਮਈ ਨੂੰ ਕਰਨੂਲ (ਆਂਧਰਾ ਪ੍ਰਦੇਸ਼) ਜ਼ਿਲੇ ਦੇ ਪੱਟੀਕੋਡਾ ਸ਼ਹਿਰ ’ਚ ਇਕ ਔਰਤ ਨੇ ਆਪਣੇ ਬੇਟਿਆਂ ਤੋਂ ਆਪਣੇ ਪਤੀ ਦੀ ਮੌਤ ਗੁਪਤ ਰੱਖਣ ਦੇ ਇਰਾਦੇ ਨਾਲ ਘਰ ’ਚ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰ ਘਰੋਂ ਧੂੰਆਂ ਨਿਕਲਣ ’ਤੇ ਗੁਆਂਢੀਆਂ ਨੂੰ ਸ਼ੱਕ ਹੋਣ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਅਤੇ ਉਹ ਫੜੀ ਗਈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਕਿਸੇ ਸਮੇਂ ਸਾਡੀ ਜਿਸ ਪ੍ਰਾਚੀਨ ਸੱਭਿਅਤਾ, ਸੱਭਿਆਚਾਰ ਅਤੇ ਉੱਚ ਸੰਸਕਾਰਾਂ ਕਾਰਨ ਸਮੁੱਚਾ ਵਿਸ਼ਵ ਮਾਰਗਦਰਸ਼ਨ ਲਈ ਭਾਰਤ ਆਉਣ ’ਚ ਮਾਣ ਮਹਿਸੂਸ ਕਰਦਾ ਸੀ, ਅੱਜ ਅਸੀਂ ਆਪਣੇ ਉਨ੍ਹਾਂ ਪ੍ਰਾਚੀਨ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ।

ਇਸ ਬੁਰਾਈ ਨੂੰ ਰੋਕਣ ਲਈ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਅੱਗੇ ਆ ਕੇ ਲੋਕਾਂ ’ਚ ਉੱਚ ਸੰਸਕਾਰ ਭਰਨ ਦੀ ਲੋੜ ਹੈ ਤਾਂ ਜੋ ਇਕ ਸਿਹਤਮੰਦ ਸਮਾਜ ਦੀ ਉਸਾਰੀ ਹੋਵੇ ਅਤੇ ਮਨੁੱਖਤਾ ਸ਼ਰਮਸਾਰ ਨਾ ਹੋਵੇ।

-ਵਿਜੇ ਕੁਮਾਰ


Mukesh

Content Editor

Related News