‘ਦੀਦੀ : ਵੱਡੀ ਜਿੱਤ, ਥੋੜ੍ਹੀ ਹਾਰ’
Monday, May 03, 2021 - 03:51 AM (IST)

27 ਮਾਰਚ ਤੋਂ ਸ਼ੁਰੂ ਹੋ ਕੇ 29 ਅਪ੍ਰੈਲ ਤੱਕ ਦੇ ਲੰਬੇ ਵਕਫੇ ’ਚ ਸੰਪੰਨ 4 ਸੂਬਿਆਂ ਤਾਮਿਲਨਾਡੂ, ਅਸਾਮ, ਕੇਰਲ, ਪੱਛਮੀ ਬੰਗਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ’ਚ ਸਭ ਦੀਆਂ ਨਜ਼ਰਾਂ ਪੱਛਮੀ ਬੰਗਾਲ ’ਤੇ ਹੀ ਕੇਂਦਰਿਤ ਰਹੀਆਂ।
ਜਿੱਥੇ ਬੰਗਾਲ ’ਚ ਸੱਤਾ ਦੀ ਹੈਟ੍ਰਿਕ ਲਗਾਉਣ ਲਈ ਮਮਤਾ ਬੈਨਰਜੀ ਨੇ ਪੂਰਾ ਜ਼ੋਰ ਲਗਾਇਆ ਉੱਥੇ ਸੂਬੇ ’ਚ ਪਹਿਲੀ ਵਾਰ ਕਮਲ ਖਿੜਾਉਣ ਲਈ ਭਾਜਪਾ ਨੇਤਾਵਾਂ ਨੇ ਦਰਜਨਾਂ ਰੈਲੀਆਂ ਕੀਤੀਆਂ।
ਇਨ੍ਹਾਂ ਚੋਣਾਂ ’ਚ ਜਿੱਥੇ 3 ਸੂਬਿਆਂ ਬੰਗਾਲ, ਕੇਰਲ ਅਤੇ ਅਸਾਮ ’ਚ ਸੱਤਾਧਾਰੀ ਪਾਰਟੀਆਂ ਨੇ ਸੱਤਾ ’ਤੇ ਕਬਜ਼ਾ ਬਣਾਈ ਰੱਖਿਆ ਉੱਥੇ ਤਾਮਿਲਨਾਡੂ ’ਚ ਸੱਤਾਧਾਰੀ ਅੰਨਾਦ੍ਰਮੁਕ ਨੂੰ ਸੱਤਾ ਤੋਂ ਲਾਹ ਕੇ 10 ਸਾਲ ਦੇ ਬਨਵਾਸ ਦੇ ਬਾਅਦ ਦ੍ਰਮੁਕ ਸੱਤਾ ’ਚ ਵਾਪਸੀ ਕਰਨ ਜਾ ਰਹੀ ਹੈ ਪਰ ਇਸ ਦੇ ਲਈ ਐੱਮ. ਕੇ. ਸਟਾਲਿਨ ਦੀ ਅਗਵਾਈ ’ਚ ਦ੍ਰਮੁਕ ਨੂੰ ਭਾਰੀ ਮੁਸ਼ੱਕਤ ਕਰਨੀ ਪਈ।
ਜਿਵੇਂ ਕਿ ਕਿਹਾ ਜਾ ਰਿਹਾ ਸੀ ਕਿ ਜੈਲਲਿਤਾ ਦੀ ਮੌਤ ਦੇ ਬਾਅਦ ਦੋਫਾੜ ਹੋਈ ਅੰਨਾਦ੍ਰਮੁਕ ਖਤਮ ਹੋਣ ਦੇ ਕੰਢੇ ’ਤੇ ਪਹੁੰਚ ਗਈ ਹੈ ਪਰ ਮੁੱਖ ਮੰਤਰੀ ਪਲਾਨੀ ਸਵਾਮੀ ਦੀ ਅਗਵਾਈ ’ਚ ਪਾਰਟੀ ਨੇ ਚੰਗੀ ਚੁਣੌਤੀ ਦੇ ਕੇ ਸਿੱਧ ਕਰ ਦਿੱਤਾ ਕਿ ਅੰਨਾਦ੍ਰਮੁਕ ਦੀ ਅਜੇ ਵੀ ਸੂਬੇ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ’ਤੇ ਚੰਗੀ ਪਕੜ ਹੈ।
ਪੁੱਡੂਚੇਰੀ ’ਚ, ਜਿੱਥੇ 22 ਫਰਵਰੀ, 2021 ਨੂੰ ਭਰੋਸੇ ਦੀ ਵੋਟ ’ਤੇ ਵੋਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨਾਰਾਇਣ ਸਾਮੀ ਵੱਲੋਂ ਅਸਤੀਫਾ ਦੇਣ ਨਾਲ ਕਾਂਗਰਸ ਵਾਲੀ ਸਰਕਾਰ ਡਿੱਗ ਗਈ ਇਸ ਵਾਰ ਭਾਜਪਾ ਗਠਜੋੜ ਨੇ ਪਹਿਲੀ ਵਾਰ ਸਰਕਾਰ ਬਣਾਉਣ ’ਚ ਸਫਲਤਾ ਹਾਸਲ ਕਰ ਲਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਸੱਤਾ ’ਚ ਪਰਤਣ ਲਈ ਨਾ ਤਾਂ ਕੋਈ ਖਾਸ ਰਣਨੀਤੀ ਬਣਾਈ ਅਤੇ ਨਾ ਹੀ ਕੋਈ ਖਾਸ ਮਿਹਨਤ ਕੀਤੀ।
ਬੰਗਾਲ ’ਚ ਭਾਜਪਾ ਨੇ ਕਾਫੀ ਜ਼ੋਰ ਲਗਾਇਆ ਅਤੇ ਪਾਰਟੀ ਨੇਤਾਵਾਂ ਨੇ ਤ੍ਰਿਣਮੂਲ ਕਾਂਗਰਸ ਦੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਿਆ ਪਰ ਭਾਜਪਾ ਲੀਡਰਸ਼ਿਪ ਮਮਤਾ ਬੈਨਰਜੀ ਦੇ ਸੂਬੇ ਦੀ ਜਨਤਾ ਦੇ ਨਾਲ ਮਜ਼ਬੂਤ ਸਬੰਧਾਂ ਨੂੰ ਤੋੜਨ ’ਚ ਅਸਫਲ ਰਹੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਹਿਲਾ ਵੋਟ ਅਤੇ ਮਮਤਾ ਵੱਲੋਂ ਕੀਤੇ ਗਏ ਸਮਾਜਿਕ ਕਾਰਜਾਂ ਨੇ ਸੂਬੇ ਦੀ ਸੱਤਾ ’ਤੇ ਕਬਜ਼ਾ ਕਰਨ ਦਾ ਭਾਜਪਾ ਦਾ ਸੁਪਨਾ ਤੋੜ ਦਿੱਤਾ।
ਅਸਾਮ ’ਚ ਭਾਜਪਾ ਨੇ ਆਪਣੀ ਸਰਕਾਰ ’ਤੇ ਕਬਜ਼ਾ ਕਾਇਮ ਰੱਖਿਆ। ਹਾਲਾਂਕਿ ਇੱਥੇ ਕਾਂਗਰਸ ਵਧੀਆ ਪ੍ਰਦਰਸ਼ਨ ਕਰ ਸਕਦੀ ਸੀ ਪਰ ਉੱਥੇ ਵੀ ਪ੍ਰਚਾਰ ਦੀ ਘਾਟ ’ਚ ਪੱਛੜ ਗਈ।
ਕੇਰਲ ਦੇ ਹੁਣ ਤੱਕ ਦੇ ਇਤਿਹਾਸ ਦੇ ਅਨੁਸਾਰ ਇੱਥੇ ਬਦਲ-ਬਦਲ ਕੇ ਹੀ ਸਰਕਾਰਾਂ ਆਉਂਦੀਆਂ ਰਹੀਆਂ ਹਨ ਪਰ ਪਿਛਲੇ 40 ਸਾਲਾਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਇੱਥੇ ਖੱਬੇਪੱਖੀਆਂ ਦੀ ਸਰਕਾਰ ਦੂਸਰੀ ਵਾਰ ਸੱਤਾ ’ਚ ਪਰਤਣ ’ਚ ਸਫਲ ਹੋਈ ਹੈ। ਇਸ ਦਾ ਕਾਰਨ ਕੇਰਲ ਸਰਕਾਰ ਵੱਲੋਂ ਕੋਰੋਨਾ ਨਾਲ ਲੜਨ ਲਈ ਨਿਪੁੰਨਤਾਪੂਰਵਕ ਪ੍ਰਬੰਧ ਕਰਨੇ ਮੰਨਿਆ ਜਾ ਰਿਹਾ ਹੈ।
ਜਿੱਥੋਂ ਤੱਕ ਕਾਂਗਰਸ ਦਾ ਸਬੰਧ ਹੈ, ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਇਸ ਦੇ ਨੇਤਾਵਾਂ ਨੇ ਆਪਣੀਆਂ ਅਤੀਤ ਦੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਿਆ ਹੈ। ਜਿੱਥੇ ਕੇਰਲ ’ਚ ਕਾਂਗਰਸ ਖੱਬੇਪੱਖੀਆਂ ਦਾ ਵਿਰੋਧ ਕਰ ਰਹੀ ਸੀ ਉੱਥੇ ਬੰਗਾਲ ’ਚ ਇਸ ਨੇ ਖੱਬੇਪੱਖੀਆਂ ਦੇ ਨਾਲ ਗਠਜੋੜ ਕਰ ਕੇ ਚੋਣ ਲੜੀ ਜਿਸ ਦਾ ਵੋਟਰਾਂ ’ਚ ਗਲਤ ਸੰਦੇਸ਼ ਗਿਆ।
ਰਾਹੁਲ ਗਾਂਧੀ ਵੱਲੋਂ ਪੱਛਮੀ ਬੰਗਾਲ ’ਚ ਚੋਣ ਪ੍ਰਚਾਰ ਨਾ ਕਰਨ ਦਾ ਵੀ ਉਲਟ ਪ੍ਰਭਾਵ ਪਿਆ। ਬੰਗਾਲ ’ਚ ਖੱਬੇਪੱਖੀਆਂ ਦੇ ਨਾਲ ਗਠਜੋੜ ਕਰਨ ਨਾਲ ਦੋਵਾਂ ਪਾਰਟੀਆਂ ਤੋਂ ਨਾਰਾਜ਼ ਵੋਟਰਾਂ ਦੀਆਂ ਵੋਟਾਂ ਤ੍ਰਿਣਮੂਲ ਕਾਂਗਰਸ ਨੂੰ ਚਲੀਆਂ ਗਈਆਂ।
ਇਨ੍ਹਾਂ ਚੋਣਾਂ ’ਚ 3 ਹੋਰ ਪਹਿਲੂ ਜੋ ਖੁੱਲ੍ਹ ਕੇ ਸਾਹਮਣੇ ਆਏ ਉਹ ਹਨ ਧਰੁਵੀਕਰਨ, ਵੋਟਾਂ ਪੈਣ ਦਾ ਲੰਬਾ ਵਕਫਾ ਅਤੇ ਚੋਣਾਂ ’ਤੇ ਕੀਤਾ ਗਿਆ ਖਰਚ।
ਇਹੀ ਨਹੀਂ ਮਦਰਾਸ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਕੋਰੋਨਾ ਤੋਂ ਬਚਾਅ ਨਿਯਮਾਂ ਦੀ ਪਾਲਣਾ ਕਰਨ ’ਚ ਅਸਫਲ ਰਹਿਣ ਲਈ ਦੋਸ਼ੀ ਠਹਿਰਾਇਆ ਹੈ। ਦੂਸਰੇ ਪਾਸੇ ਮਮਤਾ ਨੇ ਵੀ ਨੰਦੀਗ੍ਰਾਮ ’ਚ ਹਾਰਨ ਦਾ ਭਾਂਡਾ ਈ. ਵੀ. ਐੱਮ. ’ਤੇ ਭੰਨਿਆ। ਉਸੇ ਨੂੰ ਵੇਖਦੇ ਹੋਏ ਵੀ ਇਹ ਚਰਚਾ ਛਿੜ ਗਈ ਹੈ ਕਿ ਕੀ ਸਾਨੂੰ ਵੱਧ ਅਧਿਕਾਰਾਂ ਵਾਲਾ ਚੋਣ ਕਮਿਸ਼ਨ ਚਾਹੀਦਾ ਹੈ ਜਾਂ ਟੀ. ਐੱਨ. ਸ਼ੇਸ਼ਨ ਵਰਗਾ ਸ਼ਕਤੀਸ਼ਾਲੀ ਚੋਣ ਕਮਿਸ਼ਨਰ!
ਮਹਾਨ ਦਾਰਸ਼ਨਿਕ ਅਰਸਤੁ ਨੇ ਲਿਖਿਆ ਸੀ ਕਿ ਚੋਣਾਂ ਨੂੰ 3 ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ। ਪਹਿਲਾ ਅਥਾਰਿਟੀ ਭਾਵ ਆਪਣੀ ਸ਼ਕਤੀ ਨਾਲ, ਦੂਸਰਾ ਤਰਕ ਨਾਲ ਅਤੇ ਤੀਸਰਾ ਵੋਟਰਾਂ ਨੂੰ ਭਾਵਨਾਤਮਕ ਤੌਰ ’ਤੇ ਪ੍ਰਭਾਵਿਤ ਕਰਨ ਨਾਲ। ਇਹੀ ਤੀਸਰਾ ਪਹਿਲੂ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਅਪਣਾਇਆ ਅਤੇ ਫੁੱਟ-ਪਾਊ ਸਿਆਸਤ ਰਾਹੀਂ ਵੋਟਰਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਭਰਪੂਰ ਕੋਸ਼ਿਸ਼ ਕੀਤੀ।
ਜੋ ਵੀ ਹੋਵੇ, ਇਨ੍ਹਾਂ ਚੋਣਾਂ ’ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੰਦੀਗ੍ਰਾਮ ਤੋਂ ਤਾਂ ਮਮਤਾ ਬੈਨਰਜੀ ਕੁਝ ਕੁ ਵੋਟਾਂ ਨਾਲ ਹਾਰ ਗਈ ਹੈ। ਉਧਰ ਪੱਛਮੀ ਬੰਗਾਲ ’ਚ ਚੋਣਾਂ ਦੇ ਦੌਰਾਨ ਸ਼ੁਰੂ ਹੋਈ ਹਿੰਸਾ ਅਜੇ ਤੱਕ ਖਤਮ ਨਹੀਂ ਹੋ ਰਹੀ। ਹਲਦੀਆ ’ਚ ਸ਼ੁਭੇਂਦੂ ਅਧਿਕਾਰੀ ਦੇ ਕਾਫਿਲੇ ’ਤੇ ਜੰਮ ਕੇ ਪੱਥਰਬਾਜ਼ੀ ਹੋਈ। ਬੰਗਾਲ ’ਚ ਆਰਾਮਬਾਗ ’ਚ ਭਾਜਪਾ ਦਫਤਰ ਨੂੰ ਸਾੜ ਦਿੱਤਾ ਗਿਆ। ਮਮਤਾ ਨੂੰ ਹੁਣ ਹਿੰਸਾ ’ਤੇ ਕਾਬੂ ਪਾਉਣ ਲਈ ਜਲਦ ਹੀ ਸਖਤ ਕਾਰਵਾਈ ਕਰਨੀ ਹੋਵੇਗੀ।
ਮਮਤਾ ਦੀ ਇਸ ਜਿੱਤ ’ਤੇ ਵਿਰੋਧੀ ਧਿਰ ਦੇ ਵੱਡੇ ਨੇਤਾ ਜਿਵੇਂ ਕਿ ਸ਼ਰਦ ਪਵਾਰ, ਊਧਵ ਠਾਕਰੇ, ਕੇਜਰੀਵਾਲ, ਐੱਮ. ਕੇ. ਸਟਾਲਿਨ, ਪਿਨਰਈ ਵਿਜਯਨ ਅਤੇ ਹੋਰ ਮਹਾਰਥੀਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਮਮਤਾ ਨੂੰ ਹੁਣ ਵਿਰੋਧੀ ਪਾਰਟੀਆਂ ਸੰਯੁਕਤ ਵਿਰੋਧੀ ਧਿਰ ਦਾ ਨੇਤਾ ਮੰਨ ਰਹੀਆਂ ਹਨ। ਭਵਿੱਖ ’ਚ ਕੀ ਹੋਵੇਗਾ ਇਹ ਕਹਿਣਾ ਤਾਂ ਔਖਾ ਹੈ ਪਰ ਇਸ ਸਮੇਂ ਵਿਰੋਧੀ ਧਿਰ ਦੇ ਲਈ ਇਕ ਭਾਰੀ ਉਮੀਦ ਜ਼ਰੂਰ ਜਾਗੀ ਹੈ।
ਓਧਰ ਮਮਤਾ ਨੇ ਨੰਦੀਗ੍ਰਾਮ ’ਚ ਹੋਈ ਆਪਣੀ ੲਿਸ ਹਾਰ ’ਤੇ ਕਿਹਾ ਹੈ ਕਿ ਉਹ ਇਸ ਮਾਮਲੇ ’ਚ ਅਦਾਲਤ ’ਚ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ, ‘‘ਨੰਦੀਗ੍ਰਾਮ ’ਚ ਜੋ ਹੋਇਆ ਉਸ ਨੂੰ ਭੁੱਲ ਜਾਓ, ਅਸੀਂ ਚੋਣਾਂ ਜਿੱਤੀਆਂ ਹਨ।’’