ਨਿਤੀਸ਼ ਕੁਮਾਰ ਵਲੋਂ ਪੂਰੇ ਦੇਸ਼ ਵਿਚ ਸ਼ਰਾਬਬੰਦੀ ਲਾਗੂ ਕਰਨ ਦੀ ਮੰਗ ਸਹੀ

02/19/2020 1:37:35 AM

ਅੱਜ ਦੇਸ਼ ਵਿਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨਾਲ ਵੱਡੀ ਗਿਣਤੀ ਵਿਚ ਔਰਤਾਂ ਦੇ ਸੁਹਾਗ ਉੱਜੜ ਰਹੇ ਹਨ ਅਤੇ ਬੱਚੇ ਅਨਾਥ ਹੋ ਰਹੇ ਹਨ। ਆਮ ਤੌਰ ’ਤੇ ਲੋਕਾਂ ਨੂੰ ਸ਼ਰਾਬ ਨਾਲ ਨਸ਼ੇ ਦੀ ਆਦਤ ਪੈਂਦੀ ਹੈ ਅਤੇ ਜਦੋਂ ਉਹ ਆਰਥਿਕ ਤੰਗੀ ਦੇ ਕਾਰਣ ਸ਼ਰਾਬ ਨਹੀਂ ਖ੍ਰੀਦ ਸਕਦੇ ਤਾਂ ਹੋਰ ਸਸਤੇ ਨਸ਼ਿਆਂ ਅਤੇ ਨਕਲੀ ਸ਼ਰਾਬ ਦੀ ਵਰਤੋਂ ਸ਼ੁਰੂ ਕਰ ਕੇ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ। ਇਸ ਦੇ ਬਾਵਜੂਦ ਸਰਕਾਰਾਂ ਨੇ ਇਸ ਪਾਸਿਓਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਕਿਉਂਕਿ ਸਾਡੇ ਸ਼ਾਸਕ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਅਤੇ ਇਸਦੀ ਵਿਕਰੀ ਤੋਂ ਹੋਣ ਵਾਲੀ ਭਾਰੀ ਆਮਦਨ ਉਹ ਗਵਾਉਣਾ ਨਹੀਂ ਚਾਹੁੰਦੇ। ਨੇਤਾ ਭਾਵੇਂ ਕੁਝ ਵੀ ਕਹਿਣ, ਇਹ ਅਟੱਲ ਸੱਚਾਈ ਹੈ ਕਿ ਸ਼ਰਾਬ ਇਕ ਨਸ਼ਾ ਅਤੇ ਜ਼ਹਿਰ ਹੈ ਅਤੇ ਇਸ ਦੇ ਪੀਣ ਨਾਲ ਅਨੇਕ ਜਾਨਲੇਵਾ ਬੀਮਾਰੀਆਂ ਵੀ ਹੁੰਦੀਆਂ ਹਨ। ਸ਼ਰਾਬ ਦੇ ਮੰਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਪ੍ਰਾਧੀਨਤਾ ਦੇ ਯੁੱਗ ਵਿਚ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਵੀ ਉਨ੍ਹਾਂ ਦੇ ਹੱਥ ਵਿਚ ਆ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਣਗੇ। ਸ਼ਰਾਬ ਦੇ ਮੰਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਹੀ ਦੇਸ਼ ਦੇ ਕੁਝ ਸੂਬਿਆਂ ਵਿਚ ਸ਼ਰਾਬਬੰਦੀ ਕੀਤੀ ਗਈ ਹੈ ਜਿਨ੍ਹਾਂ ਿਵਚ ਮਿਜ਼ੋਰਮ, ਲਕਸ਼ਦੀਪ, ਨਾਗਾਲੈਂਡ, ਗੁਜਰਾਤ ਅਤੇ ਬਿਹਾਰ ਆਦਿ ਸ਼ਾਮਲ ਹਨ। ਨਿਤੀਸ਼ ਕੁਮਾਰ ਸਰਕਾਰ ਵਲੋਂ 5 ਅਪ੍ਰੈਲ 2016 ਨੂੰ ਬਿਹਾਰ ਵਿਚ ਮੁਕੰਮਲ ਸ਼ਰਾਬਬੰਦੀ ਲਾਗੂ ਕਰਨ ਤੋਂ ਬਾਅਦ ਉੱਥੇ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਿਆ। ਵਿਸ਼ੇਸ਼ ਤੌਰ ’ਤੇ ਗਰੀਬ ਵਰਗ ਦੇ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਸ਼ਰਾਬ ’ਤੇ ਖਰਚ ਕਰ ਦਿੰਦੇ ਸਨ ਅਤੇ ਸ਼ਰਾਬ ਦੇ ਆਦੀ ਹੋ ਕੇ ਆਪਣੀ ਸਿਹਤ ਖਰਾਬ ਕਰ ਰਹੇ ਸਨ। ਸ਼ਰਾਬਬੰਦੀ ਨਾਲ ਜਿਥੇ ਗਰੀਬ ਪਰਿਵਾਰਾਂ ਵਿਚ ਖੁਸ਼ਹਾਲੀ ਆਈ, ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਸੁਧਰੀ , ਔਰਤਾਂ ਨੂੰ ਸਨਮਾਨ ਅਤੇ ਬੱਚਿਅ ਾਂ ਦੀ ਸਥਿਤੀ ਵਿਚ ਸੁਧਾਰ ਵੀ ਹੋਇਆ ਹੈ। ਇੰਨਾ ਹੀ ਨਹੀਂ, ਸੂਬਾਈ ਸਰਕਾਰ ਨੂੰ ਸ਼ਰਾਬਬੰਦੀ ਤੋਂ ਹਾਸਲ ਹੋਣ ਵਾਲੇ 5 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਘਾਟਾ ਹੋਰਨਾਂ ਸੇਵਾਵਾਂ ਤੋਂ 10,000 ਕਰੋੜ ਰੁਪਏ ਦੇ ਲਾਭ ਦੇ ਰੂਪ ਵਿਚ ਪੂਰਾ ਹੋ ਗਿਆ ਹੈ। ਇਸ ਲਈ ਸੂਬੇ ਵਿਚ ਸ਼ਰਾਬਬੰਦੀ ਨਾਲ ਹੋਏ ਲਾਭਾਂ ਨੂੰ ਦੇਖਦੇ ਹੋਏ ਹੀ ਹੁਣ ਨਿਤੀਸ਼ ਕੁਮਾਰ ਨੇ ਪੂਰੇ ਦੇਸ਼ ਵਿਚ ਸ਼ਰਾਬਬੰਦੀ ਦੀ ਮੰਗ ਦੁਹਰਾਈ ਹੈ। ਨਵੀਂ ਦਿੱਲੀ ਵਿਚ ‘ਸ਼ਰਾਬ ਮੁਕਤ ਭਾਰਤ’ ਵਿਸ਼ੇ ’ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪੂਰੇ ਦੇਸ਼ ਵਿਚ ਸ਼ਰਾਬਬੰਦੀ ਲਾਗੂ ਕਰਨ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਮਾਜਿਕ, ਧਾਰਮਿਕ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਵੀ ਜ਼ਰੂਰੀ ਹੈ ਅਤੇ ਇਸ ਦਾ ਮਾਲੀਏ ’ਤੇ ਵੀ ਕੋਈ ਉਲਟ ਪ੍ਰਭਾਵ ਨਹੀਂ ਪੈਂਦਾ । ਨਿਤੀਸ਼ ਕੁਮਾਰ ਅਨੁਸਾਰ ਪਿਛਲੇ 10 ਸਾਲਾਂ ਦੌਰਾਨ ਸੂਬੇ ਨੇ 2 ਅੰਕਾਂ ਵਿਚ ਵਿਕਾਸ ਦਰ ਹਾਸਿਲ ਕੀਤੀ ਅਤੇ ਸੂਬੇ ਦੀ ਪ੍ਰਤੀ ਜੀਅ ਆਮਦਨ ਵਿਚ ਗੁਣਾਤਮਕ ਵਾਧਾ ਹੋਇਆ ਹੈ। ਲਿਹਾਜ਼ਾ, ਖੁਸ਼ਹਾਲੀ ਅਤੇ ਸਿਹਤ ਰੱਖਿਆ ਲਈ ਦੇਸ਼ ਵਿਚ ਸ਼ਰਾਬਬੰਦੀ ਲਾਗੂ ਕਰਨ ਦੀ ਨਿਤੀਸ਼ ਕੁਮਾਰ ਦੀ ਮੰਗ ਬਿਲਕੁਲ ਸਹੀ ਹੈ, ਜਿਸ ’ਤੇ ਅਮਲ ਕਰਨ ਵਿਚ ਹੀ ਦੇਸ਼ ਦਾ ਭਲਾ ਹੈ।

-ਵਿਜੇ ਕੁਮਾਰ


Bharat Thapa

Content Editor

Related News