ਹੈਲਮੇਟ-ਸੀਟ ਬੈਲਟ ਦੀ ਵਰਤੋਂ ਨਾ ਕਰਨ ਦੇ ਵਿਰੁੱਧ ਦਿੱਲੀ ਸਰਕਾਰ ਕਰੇਗੀ ਸਖਤ ਕਾਰਵਾਈ

03/04/2023 2:40:09 AM

ਸੜਕ ਹਾਦਸਿਆਂ ਬਾਰੇ ਦਿੱਲੀ ਸਰਕਾਰ ਦੇ ਇਕ ਸਰਵੇ ਦੇ ਅਨੁਸਾਰ ਰਾਜਧਾਨੀ ’ਚ ਹੈਲਮੇਟ ਪਹਿਨਣ ਵਾਲੇ 87 ਫੀਸਦੀ ਬਾਈਕ ਸਵਾਰਾਂ ’ਚੋਂ 66 ਫੀਸਦੀ ਹੀ ਸਹੀ ਢੰਗ ਨਾਲ ਹੈਲਮੇਟ ਪਹਿਨਦੇ ਹਨ ਜਦਕਿ ਪਿੱਛੇ ਬੈਠੀਆਂ ਸਵਾਰੀਆਂ ’ਚੋਂ ਤਾਂ 46 ਫੀਸਦੀ ਤੋਂ ਵੀ ਘੱਟ ਸਹੀ ਢੰਗ ਨਾਲ ਹੈਲਮੇਟ ਪਹਿਨਦੀਆਂ ਹਨ।

ਮੋਟਰ ਵਾਹਨ ਸਵਾਰਾਂ ’ਚ ਵੀ 65 ਫੀਸਦੀ ਹੀ ਸੀਟ ਬੈਲਟ ਲਗਾਉਂਦੇ ਹਨ ਅਤੇ ਪਿਛਲੀ ਸੀਟ ਵਾਲੇ ਯਾਤਰੀਆਂ ’ਚ ਇਕ ਫੀਸਦੀ ਨੂੰ ਹੀ ਸੀਟ ਬੈਲਟ ਲਗਾਏ ਪਾਇਆ ਗਿਆ ਹੈ। ਸਪੀਡ ਹੱਦ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਸਾਰੇ ਵਾਹਨਾਂ ਦੀ ਔਸਤ ਸਪੀਡ 44 ਕਿ. ਮੀ. ਪ੍ਰਤੀ ਘੰਟਾ ਹੈ ਪਰ ਲਗਭਗ 21 ਫੀਸਦੀ ਵਾਹਨ ਨਿਰਧਾਰਿਤ ਸਪੀਡ ਦੀ ਹੱਦ ਨਾਲੋਂ ਵੱਧ ਤੇਜ਼ ਸਪੀਡ ਨਾਲ ਚੱਲ ਰਹੇ ਹਨ ਅਤੇ ਹਰ ਦੂਸਰਾ ਮੋਟਰਸਾਈਕਲ ਓਵਰ ਸਪੀਡਿੰਗ ਕਰ ਰਿਹਾ ਹੈ। ਹਲਕੇ ਪਿਕਅਪ ਟਰੱਕਾਂ, ਕਾਰਾਂ, ਆਟੋ ਅਤੇ ਟਰੱਕਾਂ ’ਚੋਂ ਤਾਂ ਲਗਭਗ ਅੱਧੇ ਵੱਧ ਸਪੀਡ ਨਾਲ ਚੱਲ ਰਹੇ ਹਨ।

ਇਸ ਅਧਿਐਨ ਤੋਂ 3 ਪ੍ਰਮੁੱਖ ਸਿੱਟੇ ਨਿਕਲਦੇ ਹਨ। ਇਨ੍ਹਾਂ ਦੇ ਅਨੁਸਾਰ ਹੈਲਮੇਟ ਪਹਿਨਣ ਦੇ ਨਿਯਮ ਅਤੇ ਪਿਛਲੀ ਸੀਟ ਦੇ ਯਾਤਰੀਆਂ ਦੇ ਲਈ ਸੀਟ ਬੈਲਟ ਨਿਯਮ ਅਤੇ ਟਰੱਕਾਂ ਅਤੇ ਹਲਕੇ ਪਿਕਅਪ ਟਰੱਕਾਂ ਦੇ ਲਈ ਸਪੀਡ ਕੰਟਰੋਲ ਦੇ ਨਿਯਮ ਸਖਤੀ ਨਾਲ ਤੁਰੰਤ ਲਾਗੂ ਕਰਨ ਦੀ ਲੋੜ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ ਤਾਂ ਕਿ ਸੜਕਾਂ ’ਤੇ ਹਾਦਸੇ ਘੱਟ ਹੋਣ।

ਸੜਕ ਸੁਰੱਖਿਆ ਦੇ ਲਿਹਾਜ਼ ਨਾਲ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਦੇਸ਼ ਦੇ ਹੋਰਨਾਂ ਸੂਬਿਅਾਂ ’ਚ ਵੀ ਹੈ। ਇਸ ਲਈ ਹੋਰਨਾਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਦਿੱਲੀ ਸਰਕਾਰ ਦੇ ਫੈਸਲੇ ਦੇ ਅਨੁਸਾਰ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ’ਤੇ ਰੋਕ ਲਗਾਉਣ ਦੇ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।

-ਵਿਜੇ ਕੁਮਾਰ


Anmol Tagra

Content Editor

Related News