ਦੇਸ਼ ’ਚ ਸਾਈਬਰ ਧੋਖਾਦੇਹੀ ਜ਼ੋਰਾਂ ’ਤੇ, ਦਿੱਲੀ ’ਚ ਹੀ ਰੋਜ਼ ‘ਲੁੱਟੇ’ ਜਾ ਰਹੇ 200 ਤੋਂ ਵੱਧ ਲੋਕ

Monday, Jan 08, 2024 - 03:12 AM (IST)

ਸਾਈਬਰ ਅਪਰਾਧਾਂ ਦੀ ਜਾਂਚ ਕਰ ਰਹੇ ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਰਾਸ਼ਟਰੀ ਰਾਜਧਾਨੀ ’ਚ ਰੋਜ਼ਾਨਾ ਲਗਭਗ 200 ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਵੱਖ-ਵੱਖ ਢੰਗਾਂ ਨਾਲ ਉਨ੍ਹਾਂ ਦੇ ਪੈਸੇ ਠੱਗ ਰਹੇ ਹਨ।

ਅਧਿਕਾਰੀ ਦੇ ਅਨੁਸਾਰ ਦਿੱਲੀ ਅਤੇ ਉਸ ਦੇ ਆਸ-ਪਾਸ ਜਾਅਲਸਾਜ਼ ਪੀੜਤਾਂ ਨੂੰ ਧੋਖਾ ਦੇਣ ਲਈ ਐਕਸਟਾਰਸ਼ਨ, ਵਰਕ ਫ੍ਰਾਮ ਹੋਮ, ਆਨਲਾਈਨ ਹੋਟਲ ਬੁਕਿੰਗ ਅਤੇ ਆਨਲਾਈਨ ਰੀ-ਸੇਲ ਸਮੇਤ ਹੋਰਨਾਂ ਉਪਾਵਾਂ ਦੀ ਵਰਤੋਂ ਕਰ ਰਹੇ ਹਨ ਜਦਕਿ ਝਾਰਖੰਡ ਦੇ ਜਾਮਤਾੜਾ ਅਤੇ ਬਿਹਾਰ ਦੇ ਪਟਨਾ ਤੋਂ ਸੰਚਾਲਿਤ ਹੋਣ ਵਾਲੇ ਗਿਰੋਹ ਭੋਲੇ-ਭਾਲੇ ਲੋਕਾਂ ਕੋਲੋਂ ਪੈਸਾ ਹੜੱਪਣ ਲਈ ਐਂਡ੍ਰਾਇਡ ਬੈਂਕਿੰਗ ਮੈਲਵੇਅਰ, ਕੇ.ਵਾਈ.ਸੀ. ਐਕਸਪਾਇਰੀ ਆਦਿ ਹੱਥਕੰਡਿਆਂ ਦੀ ਵਰਤੋਂ ਕਰ ਰਹੇ ਹਨ।

ਇਸ ਪੁਲਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਮੇਵਾਤ ਸਥਿਤ ਸਾਈਬਰ ਅਪਰਾਧੀ ਨਿਵੇਸ਼ ਪਯੋਗਾਂ ਅਤੇ ਥੋੜ੍ਹੇ ਸਮੇਂ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੀਆਂ ਵੈੱਬਸਾਈਟਾਂ ਦੀ ਵਰਤੋਂ ਕਰ ਕੇ ਲੋਕਾਂ ਦੀਆਂ ਰਕਮਾਂ ਕੱਢ ਰਹੇ ਹਨ। ਉਹ ਪੀੜਤਾਂ ਦੇ ਸਿਸਟਮ ’ਤੇ ਕੰਟ੍ਰੋਲ ਹਾਸਲ ਕਰਨ ਲਈ ਉਨ੍ਹਾਂ ਤੋਂ ਓ.ਟੀ.ਪੀ. ਮੰਗ ਰਹੇ ਹਨ ਅਤੇ ਐਕਸਟਾਰਸ਼ਨ ਲਈ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਰਹੇ ਹਨ।

ਪੁਲਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਪੁਲਸ ਨੇ ‘ਐਕਸ’ ’ਤੇ ਇਕ ਹਾਲੀਆ ਪੋਸਟ ’ਚ ਰਾਸ਼ਟਰੀ ਰਾਜਧਾਨੀ ਦੇ ਵਾਸੀਆਂ ਨੂੰ ਅਜਿਹੀ ਧੋਖਾਦੇਹੀ ਪ੍ਰਤੀ ਸੁਚੇਤ ਕੀਤਾ ਹੈ। ਸਾਨੂੰ ਦਿੱਲੀ ’ਚ ਸਾਈਬਰ ਧੋਖਾਦੇਹੀ ਦੇ ਸਬੰਧ ’ਚ ਰੋਜ਼ਾਨਾ ਲਗਭਗ 200 ਸ਼ਿਕਾਇਤਾਂ ਮਿਲਦੀਆਂ ਹਨ। ਇਨ੍ਹਾਂ ’ਚੋਂ ਵਧੇਰੇ ਸ਼ਿਕਾਇਤਾਂ ਘਰ ’ਚ ਕੰਮ ਕਰਨ, ਐਕਸਟਾਰਸ਼ਨ, ਓ.ਟੀ.ਪੀ. ਨਾਲ ਸਬੰਧਤ ਮਾਮਲੇ, ਉਤਪਾਦਾਂ ਦੀ ਆਨਲਾਈਨ ਵਿਕਰੀ ਨਾਲ ਸਬੰਧਤ ਹੁੰਦੀਆਂ ਹਨ।

ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੇ ਨਿਰਦੇਸ਼ਕ ਰਾਜੇਸ਼ ਕੁਮਾਰ ਨੇ ਹਾਲ ਹੀ ’ਚ ਕਿਹਾ ਸੀ ਕਿ 1 ਅਪ੍ਰੈਲ, 2021 ਤੋਂ ਸਾਈਬਰ ਅਪਰਾਧੀਆਂ ਵੱਲੋਂ ਦੇਸ਼ ’ਚ 10,300 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕੀਤੀ ਗਈ, ਜਿਨ੍ਹਾਂ ’ਚੋਂ ਏਜੰਸੀਆਂ ਦੇਸ਼ ’ਚ ਲਗਭਗ 1,127 ਕਰੋੜ ਰੁਪਏ ਸਫਲਤਾਪੂਰਵਕ ਬਲਾਕ ਕਰਨ ’ਚ ਸਫਲ ਰਹੀਆਂ।

ਰਾਜੇਸ਼ ਕੁਮਾਰ ਅਨੁਸਾਰ 2021’ਚ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨ.ਸੀ.ਆਰ.ਪੀ.) ’ਤੇ 4.52 ਲੱਖ ਤੋਂ ਵੱਧ ਸਾਈਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਸਨ ਜੋ 2022 ’ਚ 113.7 ਫੀਸਦੀ ਵਧ ਕੇ 9.66 ਲੱਖ ਹੋ ਗਏ। ਇਕ ਹੋਰ ਸੀਨੀਅਰ ਪੁਲਸ ਅਧਿਕਾਰੀ ਦੇ ਅਨੁਸਾਰ ਸਰਕਾਰ ਨੇ ਪ੍ਰੀਖਣ ਦੇ ਆਧਾਰ ’ਤੇ ਇਕ ਨਵਾਂ ਸਾਫਟਵੇਅਰ ਬਣਾਇਆ ਹੈ ਜੋ ਪੁਲਸ ਨੂੰ ਆਪਣੇ ਇਲਾਕੇ ’ਚ ਸਰਗਰਮ ਸਾਈਬਰ ਅਪਰਾਧੀਆਂ ਦਾ ਪਤਾ ਲਾਉਣ ’ਚ ਮਦਦ ਕਰਦਾ ਹੈ। 

ਅਜਿਹੇ ਸਾਈਬਰ ਅਪਰਾਧਾਂ ਤੋਂ ਬਚਣ ਦੇ ਬਾਰੇ ’ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਨਲਾਈਨ ਖਰੀਦਦਾਰੀ ਕਰਨ ਤੋਂ ਪਹਿਲਾਂ ਐਪਲੀਕੇਸ਼ਨ ਜਾਂ ਵੈੱਬਸਾਈਟ ਦੀ ਜਾਂਚ ਅਤੇ ਤਸਦੀਕ ਕਰਨੀ ਚਾਹੀਦੀ ਹੈ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਸਾਮਾਨ ਦਾ ਆਰਡਰ ਕਰ ਰਿਹਾ ਹੈ ਤਾਂ ਉਸ ਨੂੰ ਕੈਸ਼ ਆਨ ਡਲਿਵਰੀ (ਸੀ.ਓ.ਡੀ.) ਭੁਗਤਾਨ ਪ੍ਰਣਾਲੀ ਨੂੰ ਅਪਣਾਉਣਾ ਚਾਹੀਦਾ ਹੈ ਜੋ ਸਾਈਬਰ ਅਪਰਾਧ ਤੋਂ ਬਚਣ ਦਾ ਯਕੀਨੀ ਤਰੀਕਾ ਹੈ।

ਪੁਲਸ ਅਧਿਕਾਰੀ ਦੀ ਇਸ ਚਿਤਾਵਨੀ ਭਰੀ ਸਲਾਹ ਨੂੰ ਮੰਨ ਕੇ ਲੋਕ ਕਾਫੀ ਹੱਦ ਤੱਕ ਸਾਈਬਰ ਠੱਗੀ ਦੀ ਲਪੇਟ ’ਚ ਆਉਣ ਤੋਂ ਬਚ ਸਕਦੇ ਹਨ। ਦੇਸ਼ ’ਚ ਸਾਈਬਰ ਠੱਗਾਂ ਦੇ 2 ਵੱਡੇ ਕੇਂਦਰ ਜਾਮਤਾੜਾ ਅਤੇ ਮੇਵਾਤ ਇਲਾਕੇ ਤੋਂ ਚਲਾਏ ਜਾ ਰਹੇ ਹਨ। ਇਸ ਲਈ ਸਖਤ ਕਾਰਵਾਈ ਕਰ ਕੇ ਇਨ੍ਹਾਂ ਨੂੰ ਦਰੜਨ ਦੀ ਲੋੜ ਹੈ, ਨਹੀਂ ਤਾਂ ਦੇਸ਼ ’ਚ ਇਸੇ ਤਰ੍ਹਾਂ ਦੇ ਹੋਰ ਕੇਂਦਰ ਕਾਇਮ ਹੋਣਗੇ ਅਤੇ ਲੋਕ ਲੁੱਟੇ ਜਾਂਦੇ ਰਹਿਣਗੇ।

-ਵਿਜੈ ਕੁਮਾਰ


Harpreet SIngh

Content Editor

Related News