‘ਭਾਰਤੀ ਰੇਲ ਗੱਡੀਆਂ ’ਚ’ ‘ਵਧ ਰਿਹਾ ਅਪਰਾਧ-ਚਿੰਤਾ ਦਾ ਵਿਸ਼ਾ’

04/05/2023 2:49:50 AM

ਦੇਸ਼ ਦੀ ਜੀਵਨ ਰੇਖਾ ਕਹਾਉਣ ਵਾਲੀਆਂ ਭਾਰਤੀ ਰੇਲਾਂ ’ਚ ਹੁਣ ਲੁੱਟ-ਮਾਰ, ਡਕੈਤੀ, ਜਬਰ-ਜ਼ਨਾਹ ਆਦਿ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ’ਚ ਰੇਲਵੇ ਅਤੇ ਸੁਰੱਖਿਆ ਫੋਰਸਾਂ ਦੀ ਲਾਪ੍ਰਵਾਹੀ ਵੀ ਪਾਈ ਜਾ ਰਹੀ ਹੈ।

ਇਕ ਰਿਪੋਰਟ ਮੁਤਾਬਕ ਸਾਲ 2020 ’ਚ ਰੇਲਾਂ ’ਚ ਲੁੱਟ ਦੇ ਲਗਭਗ 373 ਕੇਸ ਦਰਜ ਕੀਤੇ ਗਏ ਜੋ 2021 ’ਚ ਵਧ ਕੇ 571 ਅਤੇ 2022 ’ਚ ਵਧ ਕੇ 699 ਹੋ ਗਏ।

ਅਜਿਹੀਆਂ ਘਟਨਾਵਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 15 ਜਨਵਰੀ ਨੂੰ ਇਟਾਵਾ ਜੰਕਸ਼ਨ ’ਤੇ ਖੜ੍ਹੀ ਇਕ ਰੇਲ ਗੱਡੀ ਦੇ ਡੱਬੇ ’ਚ ਇਕ ਸਫਾਈ ਕਰਮਚਾਰੀ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 16 ਜਨਵਰੀ ਨੂੰ ਸੰਭਲ (ਉੱਤਰ ਪ੍ਰਦੇਸ਼) ’ਚ ਲਿੰਕ ਐਕਸਪ੍ਰੈੱਸ ਟ੍ਰੇਨ ’ਚ ਪ੍ਰਯਾਗਰਾਜ ਜਾ ਰਹੀ ਇਕ ਔਰਤ ਨੂੰ ਟ੍ਰੇਨ ਦੇ ਏ. ਸੀ. ਕੋਚ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਟੀ. ਟੀ. ਨੂੰ ਗ੍ਰਿਫਤਾਰ ਕੀਤਾ ਗਿਆ।

* 23 ਜਨਵਰੀ ਨੂੰ ਪਟਨਾ ’ਚ ਬਾਗੇਸ਼ਵਰੀ ਐਕਸਪ੍ਰੈੱਸ ’ਚ ਯਾਤਰਾ ਕਰ ਰਹੇ ਰਜਿੰਦਰ ਕੁਮਾਰ ਨਾਮਕ ਵਿਅਕਤੀ ਦੀ ਸੀਟ ਤੋਂ 2 ਲੁਟੇਰੇ 1 ਲੱਖ 48 ਹਜ਼ਾਰ ਰੁਪਏ ਨਾਲ ਭਰਿਆ ਬੈਗ ਉਠਾ ਕੇ ਫਰਾਰ ਹੋ ਗਏ।

* 18 ਫਰਵਰੀ ਨੂੰ ਬਿਹਾਰ ਦੇ ਔਰੰਗਾਬਾਦ ਜ਼ਿਲੇ ’ਚ ਨਾਰਾਇਣ ਰੋਡ ਸਟੇਸ਼ਨ ਅਤੇ ਸ਼ੰਕਰਪੁਰ ਰੇਲਵੇ ਗੁਮਟੀ ਦਰਮਿਆਨ ‘ਕੋਲਕਾਤਾ-ਆਗਰਾ ਕੈਂਟ ਐਕਸਪ੍ਰੈੱਸ’ ’ਚ ਲੁਟੇਰਿਆਂ ਨੇ ਖੂਬ ਹੰਗਾਮਾ ਮਚਾਇਆ ਅਤੇ ਇਕ ਯਾਤਰੀ ਦੇ ਵਿਰੋਧ ਕਰਨ ’ਤੇ ਉਸ ਨੂੰ ਚੱਲਦੀ ਟ੍ਰੇਨ ’ਚੋਂ ਬਾਹਰ ਸੁੱਟ ਦਿੱਤਾ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

ਇਸੇ ਦਿਨ ਸਮਸਤੀਪੁਰ ਤੋਂ ਸਹਿਰਸਾ ਜਾ ਰਹੀ ‘ਮੇਮੂ ਸਪੈਸ਼ਲ ਟ੍ਰੇਨ’ ’ਚ ਯਾਤਰੀਆਂ ਦੇ ਨਾਲ ਲੁੱਟ-ਮਾਰ ਦੀ ਘਟਨਾ ਦੌਰਾਨ ਅਪਰਾਧੀਆਂ ਨੇ ਇਕ ਰੇਲ ਯਾਤਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

* 20 ਫਰਵਰੀ ਨੂੰ ਪਟਨਾ ਤੋਂ ਸਾਸਾਰਾਮ ਜਾਣ ਵਾਲੀ ਟ੍ਰੇਨ ’ਚ ਬਦਮਾਸ਼ਾਂ ਨੇ ਇਕ ਯਾਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ।

* 23 ਫਰਵਰੀ ਰਾਤ ਨੂੰ ਭੀਲਵਾੜਾ ਤੋਂ ਅਜਮੇਰ ਜਾ ਰਹੀ ਰੇਲਗੱਡੀ ’ਚ 3 ਸਾਧੂ ਚੁੱਪ-ਚੁਪੀਤੇ ਉਸ ਦੇ ਪਾਰਸਲ ਕੋਚ ’ਚ ਜਾ ਵੜੇ ਜਿੱਥੇ ਕਿਸੇ ਗੱਲ ’ਤੇ ਉਨ੍ਹਾਂ ’ਚ ਲੜਾਈ ਹੋ ਗਈ ਜਿਸ ਤੋਂ ਬਾਅਦ 2 ਸਾਧੂਆਂ ਨੇ ਇਕ ਸਾਧੂ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਪਾਰਸਲ ਕੋਚ ’ਚ ਹੀ ਛੱਡ ਕੇ ਫਰਾਰ ਹੋ ਗਏ।

* 2 ਮਾਰਚ ਨੂੰ ਕਲਿਆਣ ਰੇਲਵੇ ਸਟੇਸ਼ਨ ’ਤੇ ਇਕ ਸਥਾਨਕ ਗੱਡੀ ਦੇ ਲਗੇਜ ਕੋਚ ’ਚ ਕਿਸੇ ਗੱਲ ’ਤੇ ਵਿਵਾਦ ਹੋ ਜਾਣ ’ਤੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ।

* 18 ਮਾਰਚ ਨੂੰ ਹੀ ‘ਰਾਜਧਾਨੀ ਐਕਸਪ੍ਰੈੱਸ’ ਰਾਹੀਂ ਯਾਤਰਾ ਕਰ ਰਹੇ ਇਕ ਫੌਜੀ ਨੇ ਐਰਨਾਕੁਲਮ ਅਤੇ ਅਲਪੁੱਜਾ ਦਰਮਿਆਨ ਉਸੇ ਗੱਡੀ ’ਚ ਯਾਤਰਾ ਕਰ ਰਹੀ ਇਕ ਵਿਦਿਆਰਥਣ ਨੂੰ ਧੋਖੇ ਨਾਲ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਇੱਜ਼ਤ ਲੁੱਟ ਲਈ।

* 22 ਮਾਰਚ ਨੂੰ ‘ਸਾਬਰਮਤੀ ਐਕਸਪ੍ਰੈੱਸ’ ਦੇ ਜਨਰਲ ਕੋਚ ’ਚ ਰਤਲਾਮ ਤੋਂ ਖਾਚਰੌਦ ਦਰਮਿਆਨ ਚਾਰ ਲੁਟੇਰਿਆਂ ਨੇ ਚਾਕੂ ਦੀ ਨੋਕ ’ਤੇ ਇਕ ਯਾਤਰੀ ਕੋਲੋਂ 6 ਹਜ਼ਾਰ ਰੁਪਏ ਲੁੱਟ ਲਏ ਅਤੇ ਵਿਰੋਧ ਕਰਨ ’ਤੇ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ।

* 25 ਮਾਰਚ ਨੂੰ ਸੋਮਨਾਥ ਤੋਂ ਜਬਲਪੁਰ ਦਰਮਿਆਨ ਚੱਲਣ ਵਾਲੀ ‘ਸੋਮਨਾਥ ਐਕਸਪ੍ਰੈੱਸ’ ’ਚ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲੇ ’ਚ ਬਦਮਾਸ਼ਾਂ ਨੇ ਇਕ ਯਾਤਰੀ ਦੀ ਜੇਬ ’ਚੋਂ 3 ਹਜ਼ਾਰ ਲੁੱਟਣ ਤੋਂ ਇਲਾਵਾ ਇਕ ਮਹਿਲਾ ਯਾਤਰੀ ਨੂੰ ਜ਼ਖਮੀ ਕਰ ਦਿੱਤਾ।

* 2 ਅਪ੍ਰੈਲ ਨੂੰ ਝਾਂਸੀ ਰੇਲਵੇ ਸਟੇਸ਼ਨ ਦੇ ਯਾਰਡ ’ਚ ਖੜ੍ਹੇ ਫੌਜ ਦੇ ਇਕ ਕੋਚ ’ਚ ਫੌਜ ਦੇ 3 ਜਵਾਨਾਂ ਨੇ 2 ਔਰਤਾਂ ਨਾਲ ਜਬਰ-ਜ਼ਨਾਹ ਕਰ ਦਿੱਤਾ।

* 2 ਅਪ੍ਰੈਲ ਨੂੰ ਹੀ ‘ਅਲਪੁੱਜਾ-ਕੰਨੂੰਰ ਐਕਸਪ੍ਰੈੱਸ’ ’ਚ ਕੋਝੀਕੋਡ ਨੇੜੇ ਮਾਮੂਲੀ ਤੂੰ-ਤੂੰ, ਮੈਂ-ਮੈਂ ’ਚ ਇਕ ਯਾਤਰੀ ਨੇ ਆਪਣੇ ਬੈਗ ’ਚੋਂ ਪੈਟਰੋਲ ਦੀ ਬੋਤਲ ਕੱਢੀ ਅਤੇ ਇਕ ਸਹਿ-ਯਾਤਰੀ ’ਤੇ ਪਾ ਕੇ ਅੱਗ ਲਗਾ ਦਿੱਤੀ ਜਿਸ ਨਾਲ 8 ਹੋਰ ਯਾਤਰੀ ਵੀ ਉਸ ਦੀ ਲਪੇਟ ’ਚ ਆ ਕੇ ਝੁਲਸ ਗਏ।

ਡੱਬੇ ’ਚ ਮਚੀ ਹਫੜਾ-ਦਫੜੀ ਦਰਮਿਆਨ ਦੋਸ਼ੀ ਫਰਾਰ ਹੋ ਗਿਆ ਜਦਕਿ ਇਸੇ ਰੌਲੇ-ਰੱਪੇ ਦਰਮਿਆਨ ਜਾਨ ਬਚਾਉਣ ਲਈ 3 ਯਾਤਰੀਆਂ ਨੇ ਚੱਲਦੀ ਰੇਲ ਗੱਡੀ ’ਚੋਂ ਹੇਠਾਂ ਛਾਲ ਮਾਰ ਦਿੱਤੀ ਜਿਨ੍ਹਾਂ ਦੀਆਂ ਲਾਸ਼ਾਂ ਬਾਅਦ ’ਚ ਪਟੜੀਆਂ ’ਤੇ ਪਈਆਂ ਮਿਲੀਆਂ।

ਰੇਲਵੇ ’ਚ ਪੁਲਸ ਦੀ ਸੁਰੱਖਿਆ ਵਿਵਸਥਾ ਨੂੰ ਚੁਣੌਤੀ ਦੇਣ ਵਾਲੀਆਂ ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ। ਇਸ ਲਈ ਰੇਲਵੇ ਦੇ ਯਾਰਡਾਂ ਅਤੇ ਰੇਲ ਗੱਡੀਆਂ ’ਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ, ਸੁਰੱਖਿਆ ਫੋਰਸਾਂ ਦੀ ਗਿਣਤੀ ਵਧਾਉਣ ਤੇ ਉਨ੍ਹਾਂ ਨੂੰ ਜ਼ਿਆਦਾ ਚੌਕਸ ਕਰਨ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ


Anmol Tagra

Content Editor

Related News