ਦੇਸ਼ : ਮਾਫੀਆ ਰਾਜ ਦੀ ਗ੍ਰਿਫਤ ’ਚ, ਜਾਰੀ ਹਨ ਇਨ੍ਹਾਂ ਦੀਆਂ ਨਾਜਾਇਜ਼ ਸਰਗਰਮੀਆਂ ਅਤੇ ਹਿੰਸਾ
Wednesday, Nov 15, 2023 - 04:26 AM (IST)
ਅੱਜ ਦੇਸ਼ ’ਚ ਜਿੱਥੇ ਇਕ ਬੰਨੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਿਜਊਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਸਮਾਜ ਵਿਰੋਧੀ ਤੱਤਾਂ ਅਤੇ ਵੱਖ-ਵੱਖ ਮਾਫੀਆ ਵੱਲੋਂ ਹਿੰਸਾ ਅਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ। ਇਨ੍ਹਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਅੜਿੱਕਾ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਕਰਨ ਅਤੇ ਹੋਰ ਤਰੀਕਿਆਂ ਨਾਲ ਉਸ ਨੂੰ ਹਾਨੀ ਪਹੁੰਚਾਉਣ ’ਚ ਸੰਕੋਚ ਨਹੀਂ ਕਰਦੇ।
* 14 ਨਵੰਬਰ ਨੂੰ ਜਮੁਈ (ਬਿਹਾਰ) ’ਚ ਗੜ੍ਹੀ ਥਾਣਾ ਇਲਾਕੇ ’ਚ ਰੇਤ ਮਾਫੀਆ ਦੇ ਗੁੰਡਿਆਂ ਨੇ ਸੜਕ ’ਤੇ ਚੈਕਿੰਗ ਕਰ ਰਹੇ ਪੁਲਸ ਮੁਲਾਜ਼ਮਾਂ ’ਤੇ ਨਾਜਾਇਜ਼ ਢੰਗ ਨਾਲ ਪੁੱਟੀ ਗਈ ਰੇਤ ਨਾਲ ਲੱਦੀ ਹੋਈ ਟ੍ਰੈਕਟਰ-ਟ੍ਰਾਲੀ ਚੜ੍ਹਾ ਦਿੱਤੀ, ਜਿਸ ਨਾਲ ਇਕ ਸਬ-ਇੰਸਪੈਕਟਰ ਪ੍ਰਭਾਤ ਰੰਜਨ ਦੀ ਮੌਤ ਅਤੇ ਇਕ ਹੋਰ ਪੁਲਸ ਮੁਲਾਜ਼ਮ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਉਕਤ ਘਟਨਾ ਬਾਰੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ‘‘ਕੀ ਇਹ ਕੋਈ ਨਵੀਂ ਘਟਨਾ ਹੈ? ਇਹ ਘਟਨਾ ਕੀ ਪਹਿਲੀ ਵਾਰ ਹੋਈ ਹੈ। ਇਸ ਤੋਂ ਪਹਿਲਾਂ ਕਦੀ ਨਹੀਂ ਹੋਈ? ਉੱਤਰ ਪ੍ਰਦੇਸ਼ ’ਚ ਨਹੀਂ ਹੁੰਦਾ ਹੈ? ਮੱਧ ਪ੍ਰਦੇਸ਼ ’ਚ ਨਹੀਂ ਹੁੰਦਾ ਹੈ?’’
* 6 ਨਵੰਬਰ ਨੂੰ ਡੋਡਾਕਲਾਸੰਦ੍ਰਾ (ਕਰਨਾਟਕ) ਦੇ ‘ਕੁਵੇਮਪੂ ਨਗਰ’ ’ਚ ਨਾਜਾਇਜ਼ ਖੋਦਾਈ ਮਾਫੀਆ ਦੇ ਟਿਕਾਣਿਆਂ ’ਤੇ ਛਾਪੇਮਾਰੀ ਅਤੇ ਕਾਰਵਾਈ ਕਰਨ ਵਾਲੀ ਔਰਤ ਅਧਿਕਾਰੀ ਕੇ. ਐੱਸ. ਪ੍ਰਤਿਮਾ ਦੀ ਗਲ਼ ਵੱਢ ਕੇ ਹੱਤਿਆ ਕਰ ਦਿੱਤੀ ਗਈ।
* 1 ਨਵੰਬਰ ਨੂੰ ਔਰੰਗਾਬਾਦ (ਬਿਹਾਰ) ਦੇ ‘ਖੈਰਾ’ ਥਾਣਾ ਖੇਤਰ ’ਚ ਨਾਜਾਇਜ਼ ਰੇਤ ਨਾਲ ਲੱਦੀ ਟ੍ਰੈਕਟਰ-ਟ੍ਰਾਲੀ ਰੋਕਣ ’ਤੇ ਮਾਫੀਆ ਦੇ ਮੈਂਬਰਾਂ ਨੇ ਇਕ ਹੋਮਗਾਰਡ ਰਾਮਰਾਜ ਮਹਤੋ ਨੂੰ ਜਾਨ ਤੋਂ ਮਾਰ ਦਿੱਤਾ ਅਤੇ ਟ੍ਰੈਕਟਰ-ਟ੍ਰਾਲੀ ਲੈ ਕੇ ਫਰਾਰ ਹੋ ਗਏ।
* 26 ਸਤੰਬਰ ਨੂੰ ਕੋਟਾਯਮ (ਕੇਰਲ) ’ਚ ਨਸ਼ੇ ਦੇ ਇਕ ਵਪਾਰੀ ਦੇ ਇੱਥੇ ਛਾਪਾ ਮਾਰਨ ਪਹੁੰਚੇ ਨਸ਼ਾ ਵਿਰੋਧੀ ਟੀਮ ਦੇ ਮੈਂਬਰਾਂ ’ਤੇ ਉਸ ਦੇ ਸਿਖਾਏ ਹੋਏ 13 ਕੁੱਤਿਆਂ ਨੇ ਹਮਲਾ ਕਰ ਦਿੱਤਾ।
* 29 ਅਗਸਤ ਨੂੰ ਚੁਰੂ (ਰਾਜਸਥਾਨ) ਦੇ ਪਿੰਡ ‘ਕੈਲਾਸ’ ’ਚ ਸ਼ਰਾਬ ਮਾਫੀਆ ਦੇ ਗੁਰਗਿਆਂ ਨੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਨੰਗਾ ਕਰਨ ਪਿੱਛੋਂ ਬੈਂਤ ਮਾਰ-ਮਾਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
* 23 ਅਗਸਤ ਨੂੰ ਭੋਪਾਲ (ਮੱਧ ਪ੍ਰਦੇਸ਼) ਦੇ ‘ਅਯੁੱਧਿਆ ਨਗਰ ’ ’ਚ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਮਾਫੀਆ ਨੇ ਦੇਰ ਰਾਤ ਸ਼ਰਾਬ ਦੀ ਖੁੱਲ੍ਹੀ ਦੁਕਾਨ ਬੰਦ ਕਰਵਾਉਣ ਗਏ ਕਲਿਆਣ ਸਿੰਘ ਨਾਂ ਦੇ ਪੁਲਸ ਕਾਂਸਟੇਬਲ ਨੂੰ ਦੌੜਾ-ਦੌੜਾ ਕੇ ਡੰਡਿਆਂ ਨਾਲ ਕੁੱਟਿਆ।
* 25 ਜੁਲਾਈ ਨੂੰ ਮੋਤੀਹਾਰੀ (ਬਿਹਾਰ) ਦੇ ‘ਝਰੋਖਰ’ ਪਿੰਡ ’ਚ ਪੁਲਸ ਚੌਕੀ ਤੋਂ ਸਿਰਫ 500 ਮੀਟਰ ਦੀ ਦੂਰੀ ’ਤੇ ਛਾਪੇਮਾਰੀ ਕਰਨ ਗਈ ਪੁਲਸ ਦੀ ਟੀਮ ’ਤੇ ਸ਼ਰਾਬ ਮਾਫੀਆ ਦੇ ਗੁਰਗਿਆਂ ਨੇ ਲਾਠੀਆਂ-ਡੰਡਿਆਂ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਕੇ ਹਿਰਦੈ ਨਾਰਾਇਣ ਨਾਂ ਦੇ ਇਕ ਹੋਮਗਾਰਡ ਜਵਾਨ ਨੂੰ ਮਾਰ ਦਿੱਤਾ।
* 20 ਜੁਲਾਈ ਨੂੰ ਸਤਲੁਜ ਦਰਿਆ ਕੰਢੇ ਨਾਜਾਇਜ਼ ਖੋਦਾਈ ਰੋਕਣ ਗਈ ਮਾਛੀਵਾੜਾ (ਪੰਜਾਬ) ਪੁਲਸ ਟੀਮ ’ਤੇ ਹਮਲਾ ਕਰ ਕੇ ਉਸ ਦੇ ਕਬਜ਼ੇ ’ਚੋਂ ਰੇਤ ਨਾਲ ਭਰੀ ਟ੍ਰਾਲੀ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਛੁਡਾ ਕੇ ਲਿਜਾਣ ਦੇ ਦੋਸ਼ ’ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 27 ਮਈ ਨੂੰ ਬੀਡ (ਮਹਾਰਾਸ਼ਟਰ) ਜ਼ਿਲੇ ’ਚ ਨਾਜਾਇਜ਼ ਖੋਦਾਈ ਕਰ ਕੇ ਰੇਤ ਲਿਜਾ ਰਹੇ ਇਕ ਬਿਨਾਂ ਨੰਬਰ ਦੇ ਡੰਪਰ ਟਰੱਕ ਦੇ ਡਰਾਈਵਰ ਨੇ ਪਿੱਛਾ ਕਰ ਰਹੀ ਜ਼ਿਲਾ ਕੁਲੈਕਟਰ ‘ਦੀਪਾ ਮੁਦੋਈ-ਮੁੰਡੇ’ ਨੂੰ ਦਰੜਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤਾ।
* 14 ਮਾਰਚ ਨੂੰ ਰਾਜਸਮੰਦ (ਰਾਜਸਥਾਨ) ਜ਼ਿਲੇ ’ਚ ਰੇਤ ਮਾਫੀਆ ਨੇ ਨਾਜਾਇਜ਼ ਖੋਦਾਈ ਦਾ ਵਿਰੋਧ ਕਰਨ ’ਤੇ ਇਕ ਨੌਜਵਾਨ ਦੀ ਟ੍ਰੈਕਟਰ ਨਾਲ ਦਰੜ ਕੇ ਹੱਤਿਆ ਕਰ ਦਿੱਤੀ।
* 1 ਮਾਰਚ ਨੂੰ ਸੂਰਜਪੁਰ (ਰਾਜਸਥਾਨ) ਜ਼ਿਲੇ ਦੇ ‘ਭਯਾਥਾਨ’ ਭਾਜਯੁਮੋ ਮੰਡਲ ਮੁਖੀ ਅਮਨ ਪ੍ਰਤਾਪ ਸਿੰਘ ’ਤੇ ਸਰੀਏ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਰੇਤ ਮਾਫੀਆ ਨੇ ਹਮਲਾ ਕਰ ਕੇ ਉਸ ਦੇ ਦੋਵੇਂ ਪੈਰ ਤੋੜ ਦਿੱਤੇ।
* 6 ਜਨਵਰੀ ਨੂੰ ਨਾਰਾਇਣਗੜ੍ਹ (ਹਰਿਆਣਾ) ’ਚ ਖੋਦਾਈ ਮਾਫੀਆ ਨੇ ਹਮਲਾ ਕਰ ਕੇ ਖੋਦਾਈ ਵਿਭਾਗ ਦੀ ਟੀਮ ਨੂੰ ਦਰੜਣ ਦਾ ਯਤਨ ਕੀਤਾ।
* 1 ਜਨਵਰੀ ਨੂੰ ਮੁਜ਼ੱਫਰਪੁਰ (ਬਿਹਾਰ) ਦੇ ‘ਮੁਰੌਲ’ ’ਚ ਛਾਪੇਮਾਰੀ ਕਰਨ ਪਹੁੰਚੀ ਐਕਸਾਈਜ਼ ਵਿਭਾਗ ਦੀ ਟੀਮ ’ਤੇ ਹਮਲਾ ਕਰ ਕੇ ਸ਼ਰਾਬ ਮਾਫੀਆ ਦੇ ਗੁੰਡਿਆਂ ਨੇ ਇਕ ਸਿਪਾਹੀ ਦੀਪਕ ਕੁਮਾਰ ਨੂੰ ਫੜਨ ਪਿੱਛੋਂ ਉਸ ਨੂੰ ਨਦੀ ’ਚ ਡੋਬ ਕੇ ਮਾਰ ਦਿੱਤਾ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਵੱਖ-ਵੱਖ ਖੇਤਰਾਂ ’ਚ ਸਰਗਰਮ ਮਾਫੀਆ ਦੀਆਂ ਸਰਗਰਮੀਆਂ ਅਤੇ ਹਿੰਮਤ ਇਸ ਕਦਰ ਵਧ ਚੁੱਕੀ ਹੈ ਕਿ ਆਮ ਆਦਮੀ ਹੀ ਨਹੀਂ, ਸਗੋਂ ਪ੍ਰਸ਼ਾਸਨ ਵੀ ਮਾਫੀਆ ਦੇ ਹੱਥੋਂ ਬੰਧੂਆ ਬਣ ਕੇ ਰਹਿ ਗਿਆ ਹੈ।
ਇਸ ਲਈ ਮਾਫੀਆ ਵਿਰੁੱਧ ਸਖਤ ਮੁਹਿੰਮ ਛੇੜਨ ਅਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਗੈਰ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ। - ਵਿਜੇ ਕੁਮਾਰ