ਦੇਸ਼ ਦੀ ਅਰਥਵਿਵਸਥਾ ਨੂੰ ਹਾਨੀ ਪਹੁੰਚਾਉਣ ''ਚ ਲੱਗੇ ਨਕਲੀ ਕਰੰਸੀ ਦੇ ਧੰਦੇਬਾਜ਼

Saturday, Mar 16, 2024 - 04:41 AM (IST)

ਦੇਸ਼ ਦੀ ਅਰਥਵਿਵਸਥਾ ਨੂੰ ਹਾਨੀ ਪਹੁੰਚਾਉਣ ''ਚ ਲੱਗੇ ਨਕਲੀ ਕਰੰਸੀ ਦੇ ਧੰਦੇਬਾਜ਼

ਕਾਲੇ ਧਨ ਅਤੇ ਨਕਲੀ ਕਰੰਸੀ ਦੀ ਲਾਹਨਤ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਯਤਨਾਂ ਦੇ ਬਾਵਜੂਦ ਦੇਸ਼ਧ੍ਰੋਹੀ ਤੱਤਾਂ ਵਲੋਂ ਅਜੇ ਵੀ ਦੇਸ਼ 'ਚ ਨਕਲੀ ਕਰੰਸੀ ਬਣਾ ਕੇ ਜਾਂ ਦੂਜੇ ਦੇਸ਼ਾਂ ਤੋਂ ਸਮੱਗਲਿੰਗ ਰਾਹੀਂ ਮੰਗਵਾ ਕੇ ਭਾਰਤੀ ਅਰਥਵਿਵਸਥਾ ਨੂੰ ਹਾਨੀ ਪਹੁੰਚਾਉਣਾ ਜਾਰੀ ਹੈ।ਦੇਸ਼ 'ਚ ਕਿੰਨੀ ਵੱਡੀ ਮਾਤਰਾ 'ਚ ਨਕਲੀ ਕਰੰਸੀ ਫੜੀ ਜਾ ਰਹੀ ਹੈ, ਇਹ ਇਸੇ ਸਾਲ (2024) ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ" 

* 1 ਫਰਵਰੀ ਨੂੰ ਮਹਾਸਮੁੰਦ (ਛੱਤੀਸਗੜ੍ਹ) 'ਚ ‘ਸਰਾਏਪਾਲੀ ਥਾਣੇ ਦੀ ਪੁਲਸ ਨੇ ਸਾੜ੍ਹੀਆਂ 'ਚ ਲੁਕੋ ਕੇ ਅਤੇ ਬੋਰੀਆਂ 'ਚ ਭਰ ਕੇ ਇਕ ਪਿਕਅੱਪ 'ਚ ਰੱਖੇ 3.80 ਕਰੋੜ ਰੁਪਏ ਦੇ ਨਕਲੀ ਨੋਟਾਂ ਦੇ 76 ਪੈਕੇਟ ਬਰਾਮਦ ਕੀਤੇ। 
* 28 ਫਰਵਰੀ ਨੂੰ ਪੁਣੇ (ਮਹਾਰਾਸ਼ਟਰ) ਦੀ ‘ਪਿੰਪਰੀ-ਚਿੰਚਵਾੜ' ਪੁਲਸ ਨੇ ਵੈੱਬ ਸੀਰੀਜ਼ ‘ਫਰਜ਼ੀ' ਦੀ ਤਰਜ਼ ਤੇ 500 ਰੁਪਏ ਮੁੱਲ ਦੇ ਨਕਲੀ ਨੋਟ ਛਾਪਣ ਵਾਲੇ ਇਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 500-500 ਰੁਪਏ ਮੁੱਲ ਵਾਲੇ 540 ਨਕਲੀ ਨੋਟਾਂ ਤੋਂ ਇਲਾਵਾ 24 ਲੱਖ ਰੁਪਏ ਦੇ ਛਾਪੇ ਹੋਏ ਨਕਲੀ ਨੋਟ ਵੀ ਬਰਾਮਦ ਕੀਤੇ ਜਿਨ੍ਹਾਂ ਦੀ ਕਟਿੰਗ ਕਰਨੀ ਹੀ ਬਾਕੀ ਸੀ। 
* 12 ਮਾਰਚ ਨੂੰ ਜਲਾਲਾਬਾਦ (ਪੰਜਾਬ) ਦੀ ਪੁਲਸ ਨੇ ਪਿੰਡ ‘ਪ੍ਰਭਾਤ ਸਿੰਘ ਵਾਲਾ’ ਦੇ ਨੇੜੇ 3 ਲੋਕਾਂ ਨੂੰ 32,000 ਰੁਪਏ ਦੀ ਨਕਲੀ ਕਰੰਸੀ ਨਾਲ ਫੜਿਆ। 
* 12 ਮਾਰਚ ਨੂੰ ਹੀ ਅੰਮ੍ਰਿਤਸਰ (ਪੰਜਾਬ) `ਚ ‘ਤਰਸਿੱਕਾ' ਦੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 17,000 ਰੁਪਏ ਦੀ ਨਕਲੀ ਕਰੰਸੀ ਫੜੀ। 
* 13 ਮਾਰਚ ਨੂੰ ਬਾਂਸਵਾੜਾ (ਰਾਜਸਥਾਨ) 'ਚ ਕੁਸ਼ਲਗੜ੍ਹ ਪੁਲਸ ਨੇ ਨਕਲੀ ਕਰੰਸੀ ਦੇ ਇਕ ਗਿਰੋਹ ਦੇ ਮੁੱਖ ਸਰਗਣੇ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਮਕਾਨ 'ਚੋਂ 2.90 ਕਰੋੜ ਦੇ ਨਕਲੀ ਨੋਟ ਬਰਾਮਦ ਕੀਤੇ। ਇਸ ਗਿਰੋਹ ਦੇ ਮੈਂਬਰ ਤੰਤਰ-ਮੰਤਰ ਦੇ ਸਹਾਰੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਅਸਲੀ ਨੋਟਾਂ ਬਦਲੇ ਨਕਲੀ ਕਰੰਸੀ ਦੇ ਦਿੰਦੇ ਸਨ। 

ਸਥਾਨਕ ਤੌਰ 'ਤੇ ਨਕਲੀ ਨੋਟ ਛਾਪਣ ਤੋਂ ਇਲਾਵਾ ਗੁਆਂਢੀ ਦੇਸ਼ਾਂ ਤੋਂ ਵੀ ਨਕਲੀ ਨੋਟਾਂ ਅਤੇ ਉਨ੍ਹਾਂ ਨੂੰ ਬਣਾਉਣ 'ਚ ਵਰਤੀ ਜਾਣ ਵਾਲੀ ਸਮੱਗਰੀ ਸਮੱਗਲਿੰਗ ਕੀਤੀ ਜਾਂਦੀ ਹੈ ਅਤੇ ਇਸ ਕਾਲੇ ਕਾਰੋਬਾਰ 'ਚ ਕੁੱਝ ਵਿਦੇਸ਼ੀ ਵੀ ਸ਼ਾਮਲ ਪਾਏ ਜਾ ਰਹੇ ਹਨ। 

ਜਾਅਲੀ ਕਰੰਸੀ ਦਾ ਧੰਦਾ ਭਿਆਨਕ ਰੂਪ ਧਾਰਨ ਕਰ ਕੇ ਦੇਸ਼ ਦੀ ਅਰਥਵਿਵਸਥਾ ਨੂੰ ਸੱਟ ਮਾਰ ਰਿਹਾ ਹੈ। ਕਿਉਂਕਿ ਨਕਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ਦੀਆਂ ਜੜ੍ਹਾਂ ਪੁੱਟਣ ਵਰਗਾ ਹੈ, ਇਸ ਲਈ ਇਸ ਨੂੰ ਬਣਾਉਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ 'ਚ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 
-ਵਿਜੇ ਕੁਮਾਰ


author

Inder Prajapati

Content Editor

Related News