ਸਰਕਾਰੀ ਨੌਕਰੀਆਂ ਦੀਆਂ ਚੋਣ ਪ੍ਰੀਖਿਆਵਾਂ ’ਚ ਹੋ ਰਹੇ ਲੱਖਾਂ ‘ਇਧਰ-ਓਧਰ’
Friday, Feb 17, 2023 - 03:17 AM (IST)
ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ਵੱਖ-ਵੱਖ ਪ੍ਰੀਖਿਆਵਾਂ ’ਚ ਵੱਡੇ ਪੱਧਰ ’ਤੇ ਸਮੂਹਿਕ ਨਕਲ, ਫਰਜ਼ੀ ਪ੍ਰੀਖਿਆਰਥੀਆਂ ਵੱਲੋਂ ਦੂਜਿਆਂ ਦੀ ਥਾਂ ’ਤੇ ਪ੍ਰੀਖਿਆ ਦੇਣ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਇਹ ਬੁਰਾਈ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਵੀ ਪਹੁੰਚ ਗਈ ਹੈ ਅਤੇ ਵਧੇਰੇ ਸੂਬੇ ਇਸ ਦੀ ਲਪੇਟ ’ਚ ਆਉਂਦੇ ਜਾ ਰਹੇ ਹਨ।
* 23 ਦਸੰਬਰ, 2022 ਨੂੰ ‘ਹਿਮਾਚਲ ਪ੍ਰਦੇਸ਼ ਕਰਮਚਾਰੀ ਚੋਣ ਕਮਿਸ਼ਨ’ ਹਮੀਰਪੁਰ ’ਚ ‘ਜੂਨੀਅਰ ਆਫਿਸ ਅਸਿਸਟੈਂਟ’ (ਜੇ. ਓ. ਏ.) ਆਈ. ਟੀ. ਦੀ ਲਿਖਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਮੁੱਖ ਦੋਸ਼ੀ ਉਮਾ ਆਜ਼ਾਦ ਤਾਇਨਾਤ ਸੀ।
ਉਸ ਨੂੰ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਉਕਤ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵੇਚਣ ਦੇ ਇਵਜ਼ ’ਚ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਸੀ। ਤਲਾਸ਼ੀ ਦੇ ਦੌਰਾਨ 5000 ਰੁਪਏ ਨਕਦ ਤੇ ਇਤਰਾਜ਼ਯੋਗ ਸਬੂਤ ਬਰਾਮਦ ਕੀਤੇ ਗਏ ਸਨ ਅਤੇ ਇਕ ਪ੍ਰਸ਼ਨ ਪੱਤਰ ਢਾਈ ਲੱਖ ਰੁਪਏ ’ਚ ਵੇਚਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ’ਚ ਹੁਣ ਤੱਕ 8 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।
* 29 ਜਨਵਰੀ, 2023 ਨੂੰ ‘ਗੁਜਰਾਤ ਪੰਚਾਇਤ ਜੂਨੀਅਰ ਕਲਰਕ ਪ੍ਰੀਖਿਆ’ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ’ਚ ਸ਼ਾਮਲ 2 ਵਿਅਕਤੀਆਂ ਨੂੰ 3 ਫਰਵਰੀ ਨੂੰ ਕੋਲਕਾਤਾ ’ਚ ਗ੍ਰਿਫਤਾਰ ਕੀਤਾ ਿਗਆ ਜਿਸ ਦੇ ਬਾਅਦ ਇਸ ਮਾਮਲੇ ’ਚ ਤੇਲੰਗਾਨਾ, ਓਡਿਸ਼ਾ ਅਤੇ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਦੋਸ਼ੀਆਂ ਦੀ ਗਿਣਤੀ 19 ਹੋ ਗਈ। ਗੁਜਰਾਤ ’ਚ 7 ਸਾਲਾਂ ’ਚ 13 ਵਾਰ ਵੱਖ-ਵੱਖ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਏ ਹਨ।
* 7 ਫਰਵਰੀ ਨੂੰ ਮੱਧ ਪ੍ਰਦੇਸ਼ ’ਚ ‘ਰਾਸ਼ਟਰੀ ਸਿਹਤ ਮਿਸ਼ਨ’ (ਐੱਨ. ਐੱਚ. ਐੱਮ.) ਦੇ ‘ਸਟਾਫ ਨਰਸਿੰਗ ਭਰਤੀ ਪ੍ਰੀਖਿਆ’ ਪ੍ਰਸ਼ਨ ਪੱਤਰ ਲੀਕ ਘਪਲੇ ਦੀ ਜਾਂਚ ਦੇ ਦੌਰਾਨ ਸਰਗਣਾ ਪੁਸ਼ਕਰ ਪਾਂਡੇ ਦੇ ਗੁਰਗੇ ਦੇ ਖਾਤੇ ’ਚ 41 ਲੱਖ ਰੁਪਏ ਦੇ ਟ੍ਰਾਂਜੈਕਸ਼ਨ ਦੇ ਸਬੂਤ ਮਿਲੇ।
ਪੁਲਸ ਨੇ ਇਸ ਸਬੰਧ ’ਚ 8 ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਉਕਤ ਪ੍ਰੀਖਿਆ ਦੀ ਦੂਜੀ ਪਾਰੀ ਦਾ ਪ੍ਰਸ਼ਨ ਪੱਤਰ ਬਰਾਮਦ ਕੀਤਾ ਸੀ। ਮੱਧ ਪ੍ਰਦੇਸ਼ ’ਚ ਬੀਤੇ 3 ਸਾਲਾਂ ’ਚ 5 ਵਾਰ ਵੱਖ-ਵੱਖ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਏ ਹਨ।
*14 ਫਰਵਰੀ ਨੂੰ ਅੰਮ੍ਰਿਤਸਰ ’ਚ ਕੇਂਦਰੀ ਵਿਦਿਆਲਿਆ ’ਚ ਅਧਿਆਪਕਾਂ ਦੀ ਭਰਤੀ ਦੇ ਲਈ ਆਯੋਜਿਤ ‘ਟ੍ਰੇਂਡ ਗ੍ਰੈਜੂਏਟ ਟੀਚਰ’ (ਟੀ. ਜੀ. ਟੀ.) ਦੀ ਆਨਲਾਈਨ ਪ੍ਰੀਖਿਆ ਦਾ ਹਰਿਆਣਾ ’ਚ ਸਮਾਲਖਾ ਦੇ ਇਕ ਹੋਟਲ ’ਚ ਬੈਠ ਕੇ ਪ੍ਰਸ਼ਨ ਪੱਤਰ ਹੱਲ ਕੀਤੇ ਜਾਣ ਦੇ ਮਾਮਲੇ ’ਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਨ੍ਹਾਂ ’ਚ ਗਿਰੋਹ ਦੇ ਸਰਗਣਾ ਹਿਸਾਰ ਨਿਵਾਸੀ ਕਪਿਲ ਦੇ ਇਲਾਵਾ 3 ਪੇਪਰ ਸੋਲਵਰ ਅਤੇ 5ਵਾਂ ਦੋਸ਼ੀ ਪੰਜਾਬ ’ਚ ਅੰਮ੍ਰਿਤਸਰ ਦਾ ਮਨਵੀਰ ਸ਼ਾਮਲ ਹੈ। ਹਰਿਆਣਾ ’ਚ ਬੈਠੇ ਦੋਸ਼ੀ ‘ਆਈ. ਟੀ.’ ਦੇ ਰਾਹੀਂ ਪ੍ਰੀਖਿਆਰਥੀਆਂ ਦੇ ਕੰਪਿਊਟਰ ਨਾਜਾਇਜ਼ ਤੌਰ ’ਤੇ ਰਿਮੋਟ ’ਤੇ ਲੈ ਕੇ ਖੋਲ੍ਹਣ ਦੇ ਬਾਅਦ ਪ੍ਰਸ਼ਨ ਪੱਤਰ ਹੱਲ ਕਰਦੇ ਸਨ।
ਕਪਿਲ ਹੀ ਉਮੀਦਵਾਰਾਂ ਨੂੰ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਫਸਾਉਂਦਾ ਸੀ ਅਤੇ ਉਨ੍ਹਾਂ ਨੂੰ ਪ੍ਰੀਖਿਆ ’ਚ ਪਾਸ ਕਰਵਾਉਣ ਲਈ 10 ਤੋਂ 12 ਲੱਖ ਰੁਪਏ ’ਚ ਡੀਲ ਕਰਦਾ ਸੀ। ਛਾਪੇ ਦੇ ਸਮੇਂ 5 ਵਿਅਕਤੀ ਲੈਪਟਾਪ ਲੈ ਕੇ ਪ੍ਰਸ਼ਨ ਪੱਤਰ ਹੱਲ ਕਰਦੇ ਫੜੇ ਗਏ।
ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਕਮਰੇ ’ਚੋਂ 7 ਮੋਬਾਇਲ ਫੋਨ, 1 ਮੋਬਾਇਲ ਚਾਰਜਰ, 2 ਮਾਊਸ, 17 ਲੈਪਟਾਪ, 10 ਲੈਪਟਾਪ ਚਾਰਜਰ, ਇਕ ਇਲੈਕਟ੍ਰਿਕ ਐਕਸਟੈਂਸ਼ਨ ਬੋਰਡ ਬਰਾਮਦ ਕਰਨ ਦੇ ਇਲਾਵਾ ਇਕ ਸਫਾਰੀ ਕਾਰ ਵੀ ਕਬਜ਼ੇ ’ਚ ਲਈ ਹੈ।
‘ਪੇਪਰ ਸੋਲਵਰਾਂ’ ਦਾ ਕਹਿਣਾ ਹੈ ਕਿ ਕਪਿਲ ਅਤੇ ਮਨਵੀਰ ਨੇ ਆਨਲਾਈਨ ਪੇਪਰ ਖੋਲ੍ਹਣ ਲਈ ਪ੍ਰੀਖਿਆਰਥੀਆਂ ਨੂੰ ‘ਲਾਗਿਨ ਆਈ. ਡੀ. ਪਾਸਵਰਡ’ ਦਿੱਤਾ ਸੀ। (ਜਦੋਂ ਤੋਂ ਆਨਲਾਈਨ ਪ੍ਰੀਖਿਆਵਾਂ ਹੋਣ ਲੱਗੀਆਂ ਹਨ ਉਦੋਂ ਤੋਂ ‘ਆਈ. ਟੀ.’ ਦੀ ਮਦਦ ਨਾਲ ਕੰਪਿਊਟਰ ਨੂੰ ਰਿਮੋਟ ’ਤੇ ਲੈ ਕੇ ਜਾਂ ‘ਹੈਕ’ ਕਰ ਕੇ ਪੇਪਰ ਹੱਲ ਕਰਨ ਦੇ ਮਾਮਲੇ ਵਧਣ ਲੱਗੇ ਹਨ)।
* 15 ਫਰਵਰੀ, 2023 ਨੂੰ ਉੱਤਰਾਖੰਡ ਰਾਜ ਲੋਕ ਸੇਵਾ ਕਮਿਸ਼ਨ ਦੇ ਪਟਵਾਰੀ ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕਾਂਡ ’ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ 10 ਸਾਲਾਂ ’ਚ ਵੱਖ-ਵੱਖ ਪ੍ਰੀਖਿਆਵਾਂ ਦੇ 6 ਤੋਂ ਵੱਧ ਪ੍ਰਸ਼ਨ ਪੱਤਰ ਲੀਕ ਹੋ ਚੁੱਕੇ ਹਨ।
ਹੋਰਨਾਂ ਸੂਬਿਆਂ ’ਚ ਵੀ ਪ੍ਰਸ਼ਨ ਪੱਤਰ ਲੀਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰਾਜਸਥਾਨ ’ਚ ਪਿਛਲੇ 10 ਸਾਲਾਂ ’ਚ ਟੀਚਰ ਭਰਤੀ, ਕਾਂਸਟੇਬਲ ਭਰਤੀ, ਲਾਇਬ੍ਰੇਰੀਅਨ, ਜੇ. ਈ. ਐੱਨ. ਸਿਵਲ ਆਦਿ ਦੀਆਂ ਪ੍ਰੀਖਿਆਵਾਂ ਦੇ 29 ਪ੍ਰਸ਼ਨ ਪੱਤਰ ਲੀਕ ਹੋ ਚੁੱਕੇ ਹਨ। ਉੱਤਰ ਪ੍ਰਦੇਸ਼ ’ਚ 10 ਸਾਲਾਂ ’ਚ 12 ਵਾਰ, ਬਿਹਾਰ ’ਚ 2 ਸਾਲਾਂ ’ਚ 8, ਹਰਿਆਣਾ ’ਚ 2 ਸਾਲਾਂ ’ਚ 3 ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਏ ਹਨ।
ਪ੍ਰਸ਼ਨ ਪੱਤਰ ਲੀਕ ਹੋਣ ਤੇ ਨਕਲ ਦੇ ਲਈ ਪ੍ਰੀਖਿਆਰਥੀਆਂ ਵੱਲੋਂ ਨਵੇਂ-ਨਵੇਂ ਢੰਗ ਲੱਭ ਲੈਣ ਦੇ ਕਾਰਨ ਪ੍ਰਸ਼ਾਸਨ ਨਕਲ ਰੋਕਣ ’ਚ ਅਸਫਲ ਹੋ ਰਿਹਾ ਹੈ। ਪ੍ਰੀਖਿਆ ਦਾ ਸੰਚਾਲਨ ਕਰਨ ਵਾਲੇ ਵਿਭਾਗ ਦੇ ਸਟ੍ਰਾਂਗ ਰੂਮ, ਪ੍ਰੀਖਿਆ ਕੇਂਦਰ ਅਤੇ ਪ੍ਰੀਖਿਆ ਕੰਟਰੋਲਰ ਦੇ ਦਫਤਰ ਤੋਂ ਵੀ ਪ੍ਰਸ਼ਨ ਪੱਤਰ ਲੀਕ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਕਈ ਥਾਵਾਂ ’ਤੇ ਅਧਿਆਪਕ ਅਤੇ ਸੁਪਰਵਾਈਜ਼ਰ ਤੇ ਸਿੱਖਿਆ ਸੰਸਥਾਨਾਂ ਦੇ ਹੋਰ ਕਰਮਚਾਰੀ ਹੀ ਪ੍ਰੀਖਿਆ ’ਚ ਨਕਲ ਕਰਵਾਉਂਦੇ ਫੜੇ ਜਾ ਰਹੇ ਹਨ ਜਿਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ। ਜੇਕਰ ਚੋਣ ਕਰਨ ਵਾਲਿਆਂ ’ਚ ਹੀ ਨੈਤਿਕਤਾ ਨਹੀਂ ਰਹੇਗੀ ਤਾਂ ਫਿਰ ਚੁਣੇ ਗਏ ਕਰਮਚਾਰੀਆਂ ’ਚ ਕਿੱਥੋਂ ਨੈਤਿਕਤਾ ਆਵੇਗੀ।
-ਵਿਜੇ ਕੁਮਾਰ