ਕੋਰੋਨਾ ਟੈਸਟ, ਇੰਜੈਕਸ਼ਨ ਤੋਂ ਲੈ ਕੇ ਵੈਕਸੀਨੇਸ਼ਨ ਤੱਕ ’ਚ ਫਰਜ਼ੀਵਾੜਾ

06/21/2021 3:14:24 AM

ਦੇਸ਼ ’ਚ ਕੋਰੋਨਾ ਤੋਂ ਪੈਦਾ ਹੋਏ ਸੰਕਟ ਦੇ ਦਰਮਿਆਨ ਜਿੱਥੇ ਕਈ ਲੋਕ ਦੂਸਰਿਆਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ਉੱਥੇ ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਇਸ ਸੰਕਟ ਦੇ ਸਮੇਂ ’ਚ ਵੀ ਇਨਸਾਨੀਅਤ ਨੂੰ ਭੁੱਲ ਹੈਵਾਨਾਂ ਵਰਗੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਬਸ ਪੈਸਾ ਬਣਾਉਣਾ ਹੈ, ਫਿਰ ਭਾਵੇਂ ਇਸ ਦੇ ਨਤੀਜੇ ਵਜੋਂ ਕਿੰਨੀਆਂ ਹੀ ਜਾਨਾਂ ਕਿਉਂ ਨਾ ਚਲੀਆਂ ਜਾਣ।

ਦੇਸ਼ ’ਚ ਕੋਰੋਨਾ ਦੀ ਦੂਸਰੀ ਲਹਿਰ ਦੇ ਦੌਰਾਨ ਕੁੰਭ ਮੇਲੇ ਦੇ ਆਯੋਜਨ ਨੂੰ ਲੈ ਕੇ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ। ਇਸ ਦਰਮਿਆਨ ਪ੍ਰਸ਼ਾਸਨ ਨੇ ਮੇਲੇ ’ਚ ਆਉਣ ਵਾਲਿਆਂ ਦੀ ਕੋਰੋਨਾ ਜਾਂਚ ਦੇ ਲਈ ਵਿਆਪਕ ਪ੍ਰਬੰਧ ਕੀਤੇ ਸਨ ਪਰ ਇਹੀ ਦੇਸ਼ ਦਾ ‘ਸਭ ਤੋਂ ਵੱਡਾ ਫਰਜ਼ੀ ਕੋਵਿਡ ਟੈਸਟ ਘਪਲਾ’ ਬਣ ਗਿਆ।

ਪੰਜਾਬ ਦੇ ਫਰੀਦਕੋਟ ਦੇ ਇਕ ਐੱਲ. ਆਈ. ਸੀ. ਏਜੰਟ ਦੀ ਚੌਕਸੀ ਨਾਲ ਇਸ ਦਾ ਸਭ ਤੋਂ ਪਹਿਲਾਂ ਪਤਾ ਲੱਗਾ। ਐੱਲ. ਆਈ. ਸੀ. ਏਜੰਟ ਵਿਪਿਨ ਮਿੱਤਲ ਨੂੰ 22 ਅਪ੍ਰੈਲ ਨੂੰ ਇਕ ਐੱਸ. ਐੱਮ. ਐੱਸ. ਮਿਲਿਆ ਜਿਸ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਸੈਂਪਲ ਕੋਰੋਨਾ ਟੈਸਟ ਲਈ ਕੁਲੈਕਟ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਸ ਨੂੰ ਪੜ੍ਹ ਕੇ ਉਹ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੇ ਤਾਂ ਕੋਰੋਨਾ ਟੈਸਟ ਕਰਵਾਇਆ ਹੀ ਨਹੀਂ ਸੀ। ਉਹ ਸਥਾਨਕ ਜ਼ਿਲਾ ਅਧਿਕਾਰੀਆਂ ਦੇ ਕੋਲ ਗਏ ਪਰ ਉਨ੍ਹਾਂ ਨੂੰ ਪੁੱਠੇ ਪੈਰੀਂ ਮੋੜ ਦਿੱਤਾ ਗਿਆ ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪਤਾ ਲਗਾਉਣ ’ਚ ਕੋਈ ਦਿਲਚਸਪੀ ਨਹੀਂ ਸੀ ਕਿ ਕੀ ਹੋ ਰਿਹਾ ਸੀ।

ਜ਼ਿਆਦਾਤਰ ਲੋਕ ਇਸ ਮਾਮਲੇ ਨੂੰ ਉੱਥੇ ਛੱਡ ਦਿੰਦੇ ਪਰ ਵਿਪਿਨ ਨੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੂੰ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਭੇਜੀ ਅਤੇ ਇਹ ਜਾਣਨ ਲਈ ਸੂਚਨਾ ਦੇ ਅਧਿਕਾਰ ਦੇ ਤਹਿਤ ਇਕ ਰਿਟ ਦਾਇਰ ਕਰ ਦਿੱਤੀ ਕਿ ਉਨ੍ਹਾਂ ਦੀ ਜਾਂਚ ਕਿੱਥੇ ਹੋਈ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਸੈਂਪਲ ਹਰਿਦੁਆਰ ’ਚ ਲਿਆ ਗਿਆ ਸੀ ਜਿੱਥੇ ਕੁੰਭ ਮੇਲਾ ਚੱਲ ਰਿਹਾ ਸੀ। ਇਸ ਦਰਮਿਆਨ ਮਾਮਲੇ ਨੂੰ ਆਈ. ਸੀ. ਐੱਮ. ਆਰ. ਨੇ ਉੱਤਰਾਖੰਡ ਸਿਹਤ ਵਿਭਾਗ ਨੂੰ ਭੇਜ ਦਿੱਤਾ ਜਿੱਥੇ ਇਸੇ ਤਰ੍ਹਾਂ ਦੇ ਲੱਖਾਂ ਫਰਜ਼ੀ ਕੋਰੋਨਾ ਟੈਸਟਾਂ ਦੇ ਬਾਰੇ ’ਚ ਪਤਾ ਲੱਗਾ। ਇਸ ਘਪਲੇ ਦੇ ਅਧੀਨ ਲਗਭਗ 1 ਲੱਖ ਫਰਜ਼ੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਸਨ।

ਰਿਪੋਰਟ ਦੇ ਅਨੁਸਾਰ ਹਰਿਦੁਆਰ ਦੀ ਇਕ ਲੈਬ ਨੇ 50 ਵਿਅਕਤੀਆਂ ਨੂੰ ਰਜਿਸਟਰਡ ਕਰਨ ਦੇ ਲਈ ਇਕ ਹੀ ਫੋਨ ਨੰਬਰ ਦੀ ਵਰਤੋਂ ਕੀਤੀ, ਉਥੇ ਹੀ ਇਕ ਐਂਟੀਜਨ ਟੈਸਟ ਕਿੱਟ ਨਾਲ 700 ਲੋਕਾਂ ਦਾ ਟੈਸਟ ਕੀਤਾ ਗਿਆ ਸੀ।

ਸਾਰਿਆਂ ਦੇ ਪਤੇ ਅਤੇ ਨਾਂ ਵੀ ਕਾਲਪਨਿਕ ਸਨ। ਹਰਿਦੁਆਰ ’ਚ ‘ਮਕਾਨ ਨੰਬਰ 5’ ਤੋਂ ਲਗਭਗ 530 ਸੈਂਪਲ ਲਏ ਗਏ। ਕੀ ਇਕ ਘਰ ’ਚ 500 ਨਿਵਾਸੀਆਂ ਦਾ ਹੋਣਾ ਸੰਭਵ ਹੈ? ਫੋਨ ਨੰਬਰ ਵੀ ਫਰਜ਼ੀ ਸਨ। ਕਾਨਪੁਰ, ਮੁੰਬਈ, ਅਹਿਮਦਾਬਾਦ ਅਤੇ 18 ਹੋਰਨਾਂ ਥਾਵਾਂ ਦੇ ਵਿਅਕਤੀਆਂ ਨੇ ਟੈਸਟ ਦੇ ਲਈ ਇਕ ਹੀ ਫੋਨ ਨੰਬਰ ਸ਼ੇਅਰ ਕੀਤਾ ਸੀ।

ਕੁੰਭ ’ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਕੋਰੋਨਾ ਜਾਂਚ ਲਈ ਪ੍ਰਸ਼ਾਸਨ ਨੇ 24 ਨਿੱਜੀ ਲੈਬਜ਼ ਨੂੰ ਇਜਾਜ਼ਤ ਦਿੱਤੀ ਸੀ। ਰੌਲਾ ਪੈਣ ’ਤੇ ਮਾਮਲੇ ਦੀ ਜਾਂਚ ਦੇ ਲਈ ਉੱਤਰਾਖੰਡ ਪੁਲਸ ਨੇ ਸਪੈਸ਼ਲ ਟੀਮ ਦਾ ਗਠਨ ਕੀਤਾ ਹੈ।

ਕੁੰਭ ਮੇਲੇ ’ਚ ਫਰਜ਼ੀ ਕੋਰੋਨਾ ਟੈਸਟ ਤਾਂ ਸੰਜੋਗ ਨਾਲ ਸਾਹਮਣੇ ਆ ਗਏ ਪਰ ਹੁਣ ਇਹ ਸਵਾਲ ਜ਼ਰੂਰ ਪੈਦਾ ਹੋ ਗਿਆ ਹੈ ਕਿ ਪਤਾ ਨਹੀਂ ਦੇਸ਼ ਭਰ ’ਚ ਛੋਟੇ ਪੱਧਰ ’ਤੇ ਕਿੰਨੀਆਂ ਥਾਵਾਂ ’ਤੇ ਅੱਜ ਵੀ ਇਸੇ ਤਰ੍ਹਾਂ ਫਰਜ਼ੀ ਕੋਰੋਨਾ ਟੈਸਟ ਰਿਪੋਰਟ ਜਾਰੀ ਕੀਤੀ ਜਾ ਰਹੀ ਹੋਵੇਗੀ?

ਦੂਜੀ ਲਹਿਰ ਦੌਰਾਨ ਜੀਵਨ-ਰੱਖਿਅਕ ਰੇਮਡੇਸਿਵਿਰ ਇੰਜੈਕਸ਼ਨ ਦੀ ਵਧਦੀ ਮੰਗ ਨਾਲ ਪੈਸਾ ਬਣਾਉਣ ਦੇ ਲਈ ਦੇਸ਼ ’ਚ ਕਈ ਥਾਵਾਂ ’ਤੇ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਬਣਾਏ ਅਤੇ ਵੇਚੇ ਜਾਣ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਹਾਲ ਹੀ ’ਚ ਪੰਜਾਬ ਦੇ ਰੋਪੜ ’ਚ ਅਜਿਹੇ ਹੀ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 6 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਨਕਲੀ ਪੈਕੇਜਿੰਗ ਸਮੱਗਰੀ ਦੇ ਨਾਲ ਹੀ 2 ਕਰੋੜ ਰੁਪਏ ਨਕਦ ਵੀ ਬਰਾਮਦ ਹੋਏ ਹਨ।

ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਇਕ ਵਪਾਰੀ ਨੂੰ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਲਗਾਏ ਜਾਣ ਦੇ ਬਾਅਦ ਮੌਤ ਹੋ ਗਈ। ਕਥਿਤ ਤੌਰ ’ਤੇ ਇਕ ਮੈਡੀਕਲ ਸ਼ਾਪ ਤੋਂ ਉਨ੍ਹਾਂ ਨੂੰ ਇਹ ਇੰਜੈਕਸ਼ਨ 90 ਹਜ਼ਾਰ ਰੁਪਏ ’ਚ ਮਿਲਿਆ ਸੀ।

ਜਿਵੇਂ ਫਰਜ਼ੀ ਕੋਰੋਨਾ ਟੈਸਟਿੰਗ ਅਤੇ ਨਕਲੀ ਦਵਾਈਆਂ ਹੀ ਕਾਫੀ ਨਹੀਂ ਸਨ ਕੋਰੋਨਾ ਵੈਕਸੀਨੇਸ਼ਨ ਦੇ ਨਾਂ ’ਤੇ ਫਰਜ਼ੀਵਾੜੇ ਦੇ ਗੰਭੀਰ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਮੁੰਬਈ ’ਚ ਹੀਰਾਨੰਦਾਨੀ ਅਸਟੇਟ ਸੁਸਾਇਟੀ ’ਚ ਰਹਿਣ ਵਾਲੇ 390 ਵਿਅਕਤੀਆਂ ਨੂੰ ਕਥਿਤ ਤੌਰ ’ਤੇ ਲਗਾਈ ਗਈ ਕੋਵਿਸ਼ੀਲਡ ਵੈਕਸੀਨ ਦੇ ਮਾਮਲੇ ’ਚ ਪੁਲਸ ਨੇ ਹਾਲ ਹੀ ’ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਇਸ ਪੂਰੇ ਕਾਂਡ ਦਾ ਮਾਸਟਰਮਾਈਂਡ ਇਕ ਸਕੂਲ ਡ੍ਰਾਪਆਊਟ ਮਹਿੰਦਰ ਕੁਲਦੀਪ ਸਿੰਘ ਹੈ ਜਿਸ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਮਲਾਡ ਮੈਡੀਕਲ ਐਸੋਸੀਏਸ਼ਨ ’ਚ ਕਲਰਕ ਦੇ ਤੌਰ ’ਤੇ ਕੰਮ ਕੀਤਾ। ਕਥਿਤ ਤੌਰ ’ਤੇ ਉਸ ਨੇ ਮਈ ਅਤੇ ਜੂਨ ਦੇ ਦਰਮਿਆਨ ਕੁਝ ਹਸਪਤਾਲਾਂ ਦੇ ਨਾਂ ’ਤੇ ਕਈ ਫਰਜ਼ੀ ਵੈਕਸੀਨੇਸ਼ਨ ਕੈਂਪ ਲਗਵਾਏ ਅਤੇ ਲੱਖਾਂ ਰੁਪਏ ਲੋਕਾਂ ਕੋਲੋਂ ਵਸੂਲ ਕੀਤੇ।

ਜਦੋਂ ਟੀਕਾ ਲਗਵਾਉਣ ਵਾਲਿਆਂ ਨੇ ਕੋ-ਵਿਨ ਪੋਰਟਲ ’ਤੇ ਆਪਣੇ ਨਾਂ ਨਾ ਦਿਸਣ ਅਤੇ ਸਰਟੀਫਿਕੇਟ ਨਾ ਮਿਲਣ ’ਤੇ ਸਬੰਧਤ ਹਸਪਤਾਲਾਂ ਨਾਲ ਸੰਪਰਕ ਕੀਤਾ ਤਾਂ ਹਸਪਤਾਲਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਕੈਂਪ ਨਹੀਂ ਲਗਾਇਆ ਗਿਆ।

ਇਸ ਦੇ ਬਾਅਦ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਗਈ। ਖੁਫੀਆ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਜਾਲ ਵਿਛਾ ਕੇ 4 ਮੁਲਜ਼ਮਾਂ ਮਹਿੰਦਰ ਕੁਲਦੀਪ ਸਿੰਘ, ਸੰਜੇ ਗੁਪਤਾ, ਚੰਦਨ ਸਿੰਘ ਅਤੇ ਨਿਤਿਨ ਮੋਂਡੇ ਨੂੰ ਕਾਬੂ ਕਰ ਲਿਆ। ਪੰਜਵੇਂ ਮੁਲਜ਼ਮ ਕਰੀਮ ਅਲੀ ਨੂੰ ਮੱਧ ਪ੍ਰਦੇਸ਼ ਤੋਂ ਹਿਰਾਸਤ ’ਚ ਲਿਆ ਗਿਆ।

ਕੋਰੋਨਾ ਤੋਂ ਦੇਸ਼ਵਾਸੀਆਂ ਨੂੰ ਬਚਾਉਣ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਦੇ ਨਾਲ-ਨਾਲ ਕੋਰੋਨਾ ਦੇ ਨਾਂ ’ਤੇ ਫਰਜ਼ੀਵਾੜਾ ਕਰਨ ਵਾਲੇ ਗੈਰ-ਮਨੁੱਖੀ ਦੋਸ਼ੀਆਂ ਨੂੰ ਜਿੰਨੀ ਜਲਦੀ ਹੋ ਸਕੇ ਸਖਤ ਤੋਂ ਸਖਤ ਸਜ਼ਾ ਦੇਣੀ ਜ਼ਰੂਰੀ ਹੈ।

ਇਸੇ ਤਰ੍ਹਾਂ ਦੇ ਘਪਲਿਆਂ ਨੂੰ ਸਾਹਮਣੇ ਲਿਆਉਣ ਦੇ ਲਈ ਜਿੱਥੇ ਨਾਗਰਿਕਾਂ ਨੂੰ ਸ਼ੱਕੀ ਮਾਮਲਿਆਂ ਦੀ ਪੁਲਸ ਕੋਲ ਸ਼ਿਕਾਇਤ ਕਰ ਕੇ ਆਪਣੇ ਫਰਜ਼ ਨਿਭਾਉਣ ਦੀ ਲੋੜ ਹੈ ਉੱਥੇ ਜਾਂਚ ਏਜੰਸੀਆਂ ਨੂੰ ਵੀ ਅਜਿਹੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਆਫਤ ’ਚ ਮੌਕਾ ਭਾਲਣ ਵਾਲੇ ਲੋਕਾਂ ਦਾ ਹੌਸਲਾ ਵਧਣ ਦਾ ਇਕ ਕਾਰਨ ਸੁਸਤ ਨਿਆਂ ਪ੍ਰਕਿਰਿਆ ਵੀ ਹੈ ਜਿਸ ਕਾਰਨ ਅਪਰਾਧੀਆਂ ’ਚ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ।


Bharat Thapa

Content Editor

Related News